ਤੁਲਸੀਦਾਸ ਦਾ "ਧਰਮ ਅਤੇ ਸਮਾਜ" ਪ੍ਰਤੀ ਦ੍ਰਿਸ਼ਟੀਕੋਣ - ਡਾ. ਜਸਵਿੰਦਰ ਸਿੰਘ
ਤੁਲਸੀਦਾਸ ਇੱਕ ਮਹਾਨ ਵਿਦਿਵਾਨ ਅਤੇ ਮਸ਼ਹੂਰ ਧਰਮ ਗ੍ਰੰਥ ''ਰਮਾਇਣ'' ਦੇ ਲਿਖਾਰੀ ਸਨ। ਇਨ੍ਹਾ ਨੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਤਿੰਨ ਕਿਸਮਾਂ ਦੀਆਂ ਪੁਸਤਕਾਂ ਵਿੱਚ ਦਰਸਾਇਆ ਹੈ। ਜਿੰਨ੍ਹਾਂ ਵਿੱਚ ''ਰਾਮ ਚਰਿਤ ਮਾਨਸ'', ''ਵਡੀ ਰਮਾਇਣ'', ਕਵਿਤਾਵਾਲੀ ਰਮਾਇਣ ਅਤੇ ਬਿਨੈ ਪੜਿਕਾ ਆਦਿ ਹਨ। ਪਰ ਇਨ੍ਹਾਂ ਵਿਚੋਂ ''ਰਾਮ ਚਰਿਤ ਮਾਨਸ'' ਸਭ ਤੋਂ ਜਿਆਦਾ ਮਸ਼ਹੂਰ ਹੋ ਚੁੱਕੀ ਹੈ। ਇਸਦਾ ਬਹੁਤ ਸਾਰੇ ਲੋਕਾਂ ਦੇ ਘਰਾਂ-ਮੰਦਰਾ ਵਿੱਚ, ਕਥਾ ਰੂਪ ਵਿੱਚ ਪਾਠ ਕੀਤਾ ਜਾ ਰਿਹਾ ਹੈ। ਇਸ ਰਚਨਾਂ ਦੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋ ਚੁੱਕੇ ਹਨ।
ਅਸਲ ਵਿੱਚ ''ਰਮਾਇਣ'' ਦਾ ਭਾਵ ਤਾਂ ਇਹਨਾਂ ਹੀ ਹੈ ਕਿ ਮਹਾਰਾਜਾ ਦਸਰਥ ਦੇ ਚਾਰ ਪੁੱਤਰਾਂ ਵਿਚੋਂ ਵੱਡੇ ਸ੍ਰੀ ਰਾਮ ਚੰਦਰ ਸਨ। ਜਿੰਨ੍ਹਾਂ ਨੇ ਧਨੁਖ ਤੋੜਿਆ ਤੇ ਸਵੰਬਰ ਜਿੱਤ ਕੇ ਸੀਤਾਂ ਨੂੰ ਵਿਆਹ ਲਿਆਂਦਾ। ਰਾਜ ਵੇਲੇ ਬਨਵਾਸ ਮਿਲਿਆ ਅਤੇ ਮਾਤਾ ਸੀਤਾ ਨੂੰ ਰਾਵਣ ਲੈ ਗਿਆ।ਸ੍ਰ੍ਰੀ ਰਾਮ ਚੰਦਰ ਨੇ ਸਮੁੰਦਰ ਉਤੇ ਪੁੱਲ ਬੰਧਾਂ ਲੰਕਾ ਤੇ ਚੜ੍ਹਾਈ ਕੀਤੀ ਅਤੇ ਲੰਕਾ ਤੇ ਫਤੇ ਕਰਕੇ ਸੀਤਾ ਨੂੰ ਮੋੜ ਲਿਆਂਦਾ ਸੀ। ਇਸ ਵਿੱਚ ਰਾਮ ਚੰਦਰ ਜੀ ਦੀ ਪਾਵਨ ਗਾਥਾ ਰਾਹੀਂ ਪਰਿਵਾਰਿਕ, ਸਮਾਜਿਕ ਅਤੇ ਰਾਸ਼ਟਰੀ ਅਦਰਸ਼ਾਂ ਦਾ ਬੜੇ ਸੁੰਦਰ ਢੰਗ ਨਾਲ ਚਿਤਰਣ ਹੋਇਆ ਹੈ। ਇਹ ਮਹਾਨ ਗ੍ਰੰਥ ਜਿਥੇ ਇੱਕ ਪਾਸੇ ਹਿੰਦੀ ਭਾਸ਼ਾ ਦਾ ਮਹਾਂਕਾਵਿ ਹੈ, ਉਥੇ ਦੂਜੇ ਪਾਸੇ ਇੱਕ ਮਹਾਨ ਧਰਮ ਗ੍ਰੰਥ ਵੀ ਹੈ। ਜਿਸ ਵਿੱਚ ਤੁਲਸੀਦਾਸ ਦੀ ਭਗਤੀ ਭਾਵਨਾ ਸਮੋਈ ਹੋਈ ਹੈ। ਇਸ ਗ੍ਰੰਥ ਦੀ ਧਾਰਮਿਕ ਮਹਾਨਤਾ ਨੂੰ ਸਾਹਮਣੇ ਰੱਖਦੇ ਹੋਇਆ ਪੱਛਮੀ ਵਿਦਵਾਨਾਂ ਨੇ ਇਸਨੂੰ ''ਉਤਰੀ ਭਾਰਤ ਦੀ ਬਾਈਬਲ'' ਕਿਹਾ ਹੈ।
ਤੁਲਸੀਦਾਸ ਦੀ ਜਨਮ ਮਿਤੀ ਅਤੇ ਥਾਂ ਸਬੰਧੀ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਕੁਝ ਵਿਦਵਾਨਾਂ ਦੀਆਂ ਰਚਨਾਵਾਂ ਜਿਵੇ ''ਗੋਸਾਂਈ ਚਰਿੱਤਰ'' ਅਤੇ ਤੁਲਸੀ ਚਰਿੱਤਰ ਅਨੁਸਾਰ ਇੰਨ੍ਹਾ ਦਾ ਜਨਮ 1537 ਈ: ਹੈ।ਕੁਝ ਵਿਦਵਾਨ ਤੁਲਸੀਦਾਸ ਦਾ ਜਨਮ 1526 ਈ: ਸਥਾਨ ਰਾਜਾਪੁਰ ਜਿਲ੍ਹੇ ਦੇ ਬਾਂਦਾ ਨਾਂ ਦੇ ਨਗਰ ਵਿੱਚ ਮੰਨਦੇ ਹਨ। ਤੁਲਸੀਦਾਸ ਦਾ ਬਚਪਨ ਬੜਾ ਹੀ ਸੰਕਟ ਭਰਿਆ ਬੀਤਿਆ। ਗੋਸਾਂਈ ਚਰਿੱਤਰ ਵਿੱਚ ਦਸਿਆ ਹੈ ਕਿ ਜਨਮ ਸਮੇਂ ਹੀ ਇਸ ਦਾ ਚਿਹਰਾ ਮੁਹਰਾ ਪੰਜ ਸਾਲਾਂ ਦੇ ਬੱਚੇ ਦੇ ਬਰਾਬਰ ਸੀ ਅਤੇ ਇਸ ਦੇ ਪੂਰੇ ਦੰਦ ਸਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜਨਮ ਸਮੇਂ ਰੋਣ ਦੀ ਬਜਾਏ ਇਸਦੇ ਮੂੰਹ ਵਿਚੋਂ ''ਰਾਮ' ਸ਼ਬਦ ਹੀ ਸੁਣਿਆਂ ਗਿਆ। ਪਿਤਾ ਨੇ ਇਹ ਸਭ ਕੁਝ ਠੀਕ ਨਾਂ ਸਮਝਦੇ ਹੋਏ, ਇਸ ਤੋਂ ਮੂੰਹ ਮੋੜ ਲਿਆ ਪਰ ਮਾਂ ਦੀ ਮਮਤਾ ਨੇ ਇਸਦਾ ਸਾਥ ਨਾ ਛੱਡਿਆ ਅਤੇ ਉਸਨੇ ਇਸਦਾ ਪਾਲਣ-ਪੋਸ਼ਣ ਆਪਣੀ ਦਾਸੀ ਮੁਨੀਆ ਨੂੰ ਸੌਂਪ ਦਿੱਤਾ। ਥੋੜੇ ਸਮੇਂ ਪਿਛੋਂ ਤੁਲਸੀਦਾਸ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ। ਜਦੋਂ ਤੁਲਸੀਦਾਸ ਪੰਜ ਵਰ੍ਹਿਆ ਦੇ ਹੋਏ ਤਾਂ ਉਨਾਂ ਦੀ ਪਾਲਕ ਦਾਸੀ ਵੀ ਮਰ ਗਈ। ਉਹ ਅਨਾਥ ਹੋ ਕੇ ਦਰ-ਦਰ ਰੁਲਣ ਲੱਗੇ ਅਤੇ ਭਿੱਖਿਆ ਮੰਗ-ਮੰਗ ਕੇ ਦਿਨ ਕੱਟੀ ਕਰਨ ਲੱਗੇ। ਲੱਗਭੱਗ 23-24 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਪੰਡਿਤ ਦੀਨ ਬੰਧੂ ਦੀ ਪੁੱਤਰੀ ''ਰਤਨਾਵਲੀ'' ਨਾਲ ਹੋਇਆ। ਵਿਆਹ ਸਮੇਂ ਰਤਨਾਵਲੀ ਦੀ ਉਮਰ 12 ਵਰਿਆਂ ਦੀ ਦੱਸੀ ਜਾਂਦੀ ਹੈ। ਵਿਆਹ ਪਿਛੋਂ ਰਤਨਾਵਲੀ ਦੇ ਵਿਅੰਗ ਕਰਨ ਤੇ ਇਸ ਦੇ ਮਨ ਵਿੱਚ ਅਜਿਹਾ ਵੈਰਾਗ ਉਤਪੰਨ ਹੋਇਆ ਕਿ ਇਹ ਤੀਰਥ ਯਾਤਰਾ ਉੱਪਰ ਨਿੱਕਲ ਪਿਆ। ਅਯੁਧਿਆ, ਜਗਨ ਨਾਥਪੁਰੀ, ਰਾਮੇਸ਼ਵਰਮ, ਦੁਆਰਕਾ ਆਦਿ ਹੁੰਦੇ ਹੋਇਆ ਕੈਲਾਸ਼ ਅਤੇ ਮਾਨ ਸਰੋਵਰ ਵੱਲ ਨੂੰ ਨਿਕਲ ਪਏ। ਇਸ ਉਪਰੰਤ ਇਹ ਮੁੜ ਅਯੁਧਿਆ ਆ ਗਏ ਸਨ। ਜਿਥੇ ਇਸ ਨੇ 1574 ਈ: ਵਿੱਚ ''ਰਾਮ ਚਰਿਤ ਮਾਨਸ'' ਦੀ ਸ਼ੁਰੂਆਤ ਕੀਤੀ। ਇਸ ਵੱਡਮੁੱਲੇ ਗ੍ਰੰਥ ਨੂੰ ਇਹਨਾਂ ਦੇ ਦੋ ਸਾਲ ਸੱਤ ਮਹੀਨੇ ਵਿੱਚ ਸੰਪੂਰਣ ਕੀਤਾ ਅਤੇ ਇਸ ਅਦੁੱਤੀ ਕਿਰਤ ਦਾ ਸਦਕਾ ਇਸ ਦੀ ਗਿਣਤੀ ਉਚ ਕੋਟੀ ਦੇ ਵਿਦਵਾਨਾਂ ਵਿਚ ਹੋਣ ਲੱਗੀ।
''ਰਾਮ ਚਰਿਤ ਮਾਨਸ'' ਦੀ ਸਮਾਪਤੀ ਤੋਂ ਬਾਅਦ ਇਸ ਦਾ ਸਾਰਾ ਸਮਾਂ ਲੱਗਭੱਗ ਕਾਸ਼ੀ ਵਿੱਚ ਹੀ ਬੀਤਿਆ। ਇਥੇ ਇਨ੍ਹਾਂ ਦੇ ਨਾਲ ਸੰਬੰਧਤ ਚਾਰ ਸਥਾਨ ਹਨ, ਜਿੰਨ੍ਹਾਂ ਦੇ ਨਾਂ ਹਨ ਤੁਲਸੀ ਘਾਟ, ਤੁਲਸੀਦਾਸ ਜੀ ਦੀ ਬੈਠਕ, ਪ੍ਰਹਿਲਾਦ ਘਾਟ ਅਤੇ ਸੰਕਟ ਮੋਚਨ। ਤੁਲਸੀਦਾਸ ਵਧੇਰੇ ਕਰਕੇ ਤੁਲਸੀ ਘਾਟ ਤੇ ਹੀ ਰਿਹਾ ਕਰਦਾ ਸੀ ਅਤੇ ਇਥੇ ਇਸ ਦੁਆਰਾ ਵਰਤੀਆਂ ਗਈਆਂ ਵਸਤਾਂ-ਇੱਕ ਬੇੜੀ ਦਾ ਹਿੱਸਾ, ਖੜਾਵਾਂ ਅਤੇ ''ਰਾਮ ਚਰਿਤ ਮਾਨਸ'' ਦੀ ਹੱਥ ਲਿਖਤ ਦਾ ਇੱਕ ਭਾਗ ਮੌਜੂਦ ਹੈ। ਤੁਲਸੀਦਾਸ ਦੀਆਂ ਹੋਰ ਪ੍ਰਸਿੱਧ ਰਚਨਾਵਾਂ ਦੋਹਾਵਲੀ ਕਵਿੱਤ ਰਾਮਾਇਣ ਗੀਤਾਵਲੀ, ਵਿਨੇ ਪੱਤ੍ਰਿਕਾ, ਰਾਮਾਗਿਆ, ਪ੍ਰਸ਼ਨਾਵਲੀ, ਸੁਗਨਾਤੀ, ਰਾਮ ਮੁਕਤਾਵਲੀ, ਰਸ ਕਲੋਲ, ਆਰਤੀ, ਤੁਲਸੀ ਸਤਮਈ ਆਦਿ ਹਨ।
ਤੁਲਸੀਦਾਸ ਦੀ ''ਰਾਮ ਚਰਿਤਮਾਨਸ'' ਦੀ ਮੁੱਖ ਭਾਸ਼ਾ ਅਵਧੀ ਹੈ। ਸੰਸਕ੍ਰਿਤ ਭਾਸ਼ਾ ਵਿੱਚ ਲਿਖਣ ਦੀ ਮਹਾਂਕਵੀ ਦੀ ਵਿਸ਼ੇਸ਼ ਰੁਚੀ ਨਹੀ ਸੀ। ਉਹ ਆਪਣੇ ਵਿਚਾਰਾਂ ਨੂੰ ਜਨ-ਭਾਸ਼ਾ ਰਾਹੀਂ ਪ੍ਰਗਟ ਕਰਨਾ ਚਾਹੁੰਦੇ ਸਨ, ਤਦੇ ਨਾਂ ਉਨਾਂ ਨੇ ''ਮਾਨਸ'' ਵਿੱਚ ਜਨ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਗ੍ਰੰਥ ਦੀ ਭਾਸ਼ਾ ਨੂੰ ਮੁਖ ਰੂਪ ਵਿੱਚ ਅਵਧੀ ਆਖਿਆ ਜਾਂਦਾ ਹੈ। ਪਰ ਉਸ ਵਿੱਚ ਕਿਤੇ-ਕਿਤੇ ਬ੍ਰਜ਼ ਭਾਸ਼ਾ ਦਾ ਵੀ ਕੁਝ ਅੰਸ ਮਿਲ ਜਾਂਦਾ ਹੈ ਇਸ ਨੂੰ ਬ੍ਰਿਜ-ਭਾਸ਼ਾ ਦਾ ਪ੍ਰਭਾਵ ਆਖਿਆ ਜਾ ਸਕਦਾ ਹੈ। ਤੁਲਸੀਦਾਸ ਦੀ ਰਚਨਾ ਵਿੱਚ ਰਾਜਸਥਾਨੀ, ਪੰਜਾਬੀ, ਬ੍ਰਜੀ, ਅਵਧੀ ਆਦਿ ਦੇ ਨਾਲ-ਨਾਲ ਅਰਬੀ ਫਾਰਸੀ ਦੇ ਵੀ ਅਨੇਕਾਂ ਸ਼ਬਦ ਵੇਖਣ ਨੂੰ ਮਿਲਦੇ ਹਨ। ਭਗਤੀ ਭਾਵਨਾਂ ਦੀ ਚਰਚਾ ਕਰਦੇ ਹੋਇਆਂ, ਤੁਲਸੀਦਾਸ ਨੂੰ ਰਾਮ ਭਗਤ ਮੰਨਿਆ ਜਾਂਦਾ ਹੈ। ਇਹ ਸਹੀ ਹੈ ਪਰ ਉਨ੍ਹਾਂ ਨੇ ਅਨੇਕਾਂ ਥਾਵਾਂ ਤੇ ਭਗਤੀ ਦੇ ਸਾਰਿਆਂ ਰੂਪਾਂ ਨੂੰ ਬਰਾਬਰ ਸਵੀਕਾਰ ਕੀਤਾ ਹੈ। ਨਿਰਗੁਣ ਬ੍ਰਹਮ ਦੀ ਸਗੁਣਮਈ ਸਥਿਤੀ ਨੂੰ ਤੁਲਸੀਦਾਸ ਨੇ ਆਪਣੇ ਮਹਾਂਕਾਵਿ (ਮਾਨਸ) ਵਿੱਚ ਪੇਸ਼ ਕੀਤਾ ਹੈ। ਤੁਲਸੀਦਾਸ ਦੀ ਭਗਤੀ ਭਾਵਨਾ ਚਰਚਾ ਵਿਦਵਾਨਾਂ ਨੇ ਅਨੇਕ ਰੂਪਾਂ ਵਿੱਚ ਕੀਤੀ ਹੈ।
ਤੁਲਸੀਦਾਸ ਦੇ ਘਰ ਅਤੇ ਸਮਾਜ ਸਬੰਧੀ ਵਿਚਾਰ ਵੀ ਬੜੇ ਉਸਾਰੂ ਸਨ। ਧਰਮ ਅਸਲੋਂ ਮਨੁੱਖ ਦੀ ਜੀਵਨ ਯਾਤਰਾ ਦਾ ਸਹਾਰਾ ਹੈ। ਧਰਮ ਨਾਲ ਵਿਅਕਤੀ ਅਤੇ ਸਮਾਜ ਦੇ ਕਲਿਆਣਕਾਰੀ ਸਰੂਪ ਦਾ ਨਿਰਮਾਣ ਹੁੰਦਾ ਹੈ। ਇਸ ਨਾਲ ਮਨੁੱਖ ਦਾ ਜੀਵਨ ਸਨੇਹ ਭਰਿਆ ਅਤੇ ਮੋਹਿਕ ਹੋ ਜਾਂਦਾ ਹੈ ਧਰਮ ਮਨੁੱਖ ਉਸਦੇ ਵਾਸਤਵਿਕ ਕਰਤੱਵਾਂ ਵੱਲ ਪ੍ਰੇਰਦਾ ਹੈ ਅਤੇ ਸਤਿ ਤੇ ਅਸਤਿ ਦੀ ਪਛਾਣ ਕਰਾਂਦਾ ਹੈ। ਧਰਮ ਨਾਲ ਹੀ ਵਿਅਕਤੀ ਅਤੇ ਸਮਾਜ ਜੀਂਦਾ ਹੈ।ਤੁਲਸੀ ਨੇ ਇਸੇ ਵਾਸਤੇ ਧਰਮ ਦੇ ਵਿਆਪਕ ਸਰੂਪ ਦੇ ਅੰਤਰਗਤ ਸਦਾਚਾਰ, ਸਤਿ, ਦਯਾ, ਖਿਮਾ, ਲੋਕ-ਕਲਿਆਣ ਆਦਿ ਸ਼ਾਮਲ ਕੀਤੇ ਹਨ। ਸਮਾਜ ਅਤੇ ਵਿਅਕਤੀ ਦਾ ਬੜਾ ਡੂਘਾ ਸਬੰਧ ਹੈ। ਦੋਵੇਂ ਇੱਕ ਦੂਜੇ ਨੂੰ ਉਤੱਮ ਉਤੇਜਨਾ ਦਿੰਦੇ ਹੋਏ ਸਫਲਤਾ ਦੀ ਸੀਮਾ ਵੱਲ ਵਿਕਾਸ ਕਰਦੇ ਹਨ। ਤੁਲਸੀਦਾਸ ਦਾ ਜੀਵਨ ਕਈ ਪੱਖਾਂ ਤੋਂ ਥੁੜਾ ਨਾਲ ਭਰਪੂਰ ਸੀ। ਸੁੱਖ ਚੈਨ ਦੀਆਂ ਘੜੀਆਂ ਉਨ੍ਹਾਂ ਨੂੰ ਜਨਮ ਤੋਂ ਹੀ ਨਸੀਬ ਨਹੀਂ ਹੋਈਆਂ ਸਨ। ਆਪਣੇ ਅਭਾਵ ਨੂੰ ਸਮਾਜਿਕ ਅਭਾਵ ਦੇ ਪ੍ਰਸੰਗ ਵਿੱਚ ਸੋਚ ਕੇ ਅਤੇ ਮੁਸਲਮਾਨੀ ਆਦਰਸ਼ਾਂ ਉਤੇ ਨਿੱਤ ਹੁੰਦੀ ਚੋਟ ਨੂੰ ਵੇਖ ਕੇ ਉਨ੍ਹਾਂ ਨੇ ਪ੍ਰਾਚੀਨ ਆਦਰਸ਼ਾਂ ਦੀ ਨੀਂਹ ਉਤੇ ਨਵੇਂ ਸਮਾਜ ਦੀ ਕਲਪਨਾ ਕੀਤੀ। ਇਸ ਦ੍ਰਿਸ਼ਟੀ ਤੋਂ ਉਹ ਸਮਾਜਿਕ ਅਦਰਸ਼ਾਂ ਦੇ ਨਵੀਨ ਸੰਸਥਾਪਕ ਕਹੇ ਜਾ ਸਕਦੇ ਹਨ। ''ਰਾਮ ਚਰਿਤ ਮਾਨਸ'' ਵਿੱਚ ਉਨ੍ਹਾਂ ਨੇ ਦਸ਼ਰਥ ਪਰਿਵਾਰ, ਸਮਾਜ ਅਤੇ ਰਾਜ ਦੇ ਸੁੰਦਰ ਆਦਰਸ਼ਾਂ ਨੂੰ ਸਾਹਮਣੇ ਰੱਖਦੇ ਹੋਇਆਂ ਇੱਥੇ ਵਿਵਹਾਰਿਕ ਸਮਾਜ ਅਤੇ ਪਰਿਵਾਰ ਦੀ ਉਤਮਤਾ ਸਿੱਧ ਕੀਤੀ ਹੈ।
ਤੁਲਸੀਦਾਸ ਨੇ ਉਸ ਵੇਲੇ ਦੀ ਮੁਸਲਮਾਨੀ ਸ਼ਾਸਨ ਵਿਵਸਥਾ ਵੇਖ ਕੇ ਹਿੰਦੂ ਜਨਤਾ ਦੇ ਅਧਾਰ ਦੁੱਖਾਂ ਨੂੰ ਨੇੜਿੳ ਅਨੁਭਵ ਕੀਤਾ। ਅਜਿਹੇ ਰਾਜਨੈਤਿਕ ਯੁੱਧ ਹਲੇਰੇ ਵੇਲੇ ਸੰਕਟ ਵਿੱਚ ਫਸੀ ਜਨਤਾ ਨੂੰ ਆਪਣੀ ਮਹਾਨ ਕ੍ਰਿਤੀ ''ਰਾਮਚਰਿਤਮਾਨਸ'' ਰਾਹੀ ਸੇਧ ਦਿੱਤੀ ਸੁਤੰਤਰਤਾ ਪੂਰਵਕ ਜੀਵਨ ਜੀਣ ਲਈ ਹੱਲਾਸ਼ੇਰੀ ਦਿੱਤੀ। ਕਲਯੁੱਗ ਦੇ ਵਰਣਨ ਦੁਆਰਾ ਉਨ੍ਹਾਂ ਨੂੰ ਸਮਕਾਲੀ ਬਾਦਸ਼ਾਹਾਂ ਅਤੇ ਉਨਾਂ ਦੀਆਂ ਸ਼ਾਸਨਿਕ ਵਿਵਸਥਾਵਾਂ ਦੀ ਹੀ ਬੜੀ ਗੰਭੀਰ ਝਾਕੀ ਪੇਸ਼ ਕੀਤੀ ਹੈ। ''ਰਾਮਰਾਜ'' ਦੀ ਕਲਪਨਾ ਵਿੱਚ ਰਾਜਨੈਤਿਕ ਉਨਤੀ ਦੀ ਮੁੱਢ ਬੰਨ੍ਹਿਆਂ ਹੈ। ਤੁਲਸੀਦਾਸ ਦਾ ਰਾਜਨੈਤਿਕ ਦ੍ਰਿਸ਼ਟੀਕੋਣ ਭਾਰਤ ਦੀ ਪ੍ਰਾਚੀਨ ਰਾਜਨੈਤਿਕ ਵਿਵਸਥਾ ਦਾ ਹੀ ਸੁਧਰਿਆ ਹੋਇਆ ਵਿਵਹਾਰਿਕ ਰੂਪ ਹੈ।
ਸਮੁੱਚੇ ਤੋਰ ਤੇ ਅਸੀਂ ਆਖ ਸਕਦੇ ਹਾਂ ਕਿ ਤੁਲਸੀਦਾਸ ਨੇ ਭਗਤੀ ਭਾਵਨਾ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਵਿਭਿਨ ਰਚਨਾਵਾਂ ਦੀ ਰਚਨਾ ਕੀਤੀ। ਇੰਨ੍ਹਾਂ ਰਚਨਾਵਾਂ ਵਿੱਚ ਸਾਂਤ ਰਸਾਂ, ਸਿੰਗਾਰ ਰਸਾਂ, ਭਗਤੀ ਰਸਾਂ ਆਦਿ ਦੀ ਵਰਤੋਂ ਕਰਕੇ ਸਾਹਿਤ ਨੂੰ ਅਮੀਰ ਕੀਤਾ ਹੈ।
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996