ਖਤਰਨਾਕ ਪਾਸੇ ਵੱਲ ਵਧ ਰਹੀ ਸੰਸਾਰ ਦੀ ਕਤਾਰਬੰਦੀ ਤੇ ਭਾਰਤ ਲਈ ਮਾੜੇ ਸੰਕੇਤ - ਜਤਿੰਦਰ ਪਨੂੰ
ਇੱਕ ਬੰਦੇ ਦੇ ਸਿਰ ਵਿੱਚ ਇਹ ਭੈੜਾ ਫਤੂਰ ਆਇਆ ਸੀ ਕਿ ਮੇਰੀ ਜਰਮਨ ਕੌਮ ਸੰਸਾਰ ਦੀਆਂ ਬਾਕੀ ਸਾਰੀਆਂ ਕੌਮਾਂ ਅਤੇ ਨਸਲਾਂ ਦੇ ਲੋਕਾਂ ਤੋਂ ਚੰਗੇਰੀ ਹੈ ਅਤੇ ਇਸ ਨੂੰ ਸਾਰੀ ਦੁਨੀਆ ਉੱਤੇ ਰਾਜ ਕਰਨਾ ਚਾਹੀਦਾ ਹੈ। ਨਤੀਜਾ ਉਸ ਦੇ ਆਪਣੇ ਦੇਸ਼ ਵਿੱਚ ਲੋਕਤੰਤਰੀ ਤਰੀਕੇ ਦੀਆਂ ਖਾਮੀਆਂ ਵਰਤ ਕੇ ਹੌਲੀ-ਹੌਲੀ ਉਹ ਰਾਜ ਕਾਇਮ ਕਰਨ ਵਿੱਚ ਨਿਕਲਿਆ ਸੀ, ਜਿਸ ਨੂੰ ਇੱਕ-ਅਧਿਕਾਰਵਾਦ ਕਹਿੰਦੇ ਹਨ। ਫਿਰ ਉਹ ਆਗੂ ਉਸ ਦੇਸ਼ ਦੀ ਜਨਤਾ ਨੂੰ ਜਨੂੰਨ ਦੀ ਪੁੱਠ ਚਾੜ੍ਹ ਕੇ ਤੇ ਸਾਰੀ ਦੁਨੀਆ ਉੱਤੇ ਰਾਜ ਕਰਨ ਦਾ ਸੁਫਨਾ ਵਿਖਾ ਕੇ ਤੁਰਿਆ ਤੇ ਇਹੋ ਜਿਹੀ ਜੰਗ ਵਿੱਚ ਉਲਝ ਗਿਆ, ਜਿਸ ਦੇ ਅੰਤ ਤੱਕ ਸੰਸਾਰ ਦੇ ਸੱਤ ਕਰੋੜ ਲੋਕ ਅਣਿਆਈ ਮੌਤੇ ਮਾਰੇ ਗਏ ਸਨ, ਜਿਨ੍ਹਾਂ ਵਿੱਚ ਸਤਵੰਜਾ ਲੱਖ ਲੋਕ ਜਰਮਨੀ ਦੇ ਆਪਣੇ ਵੀ ਸ਼ਾਮਲ ਸਨ। ਜਿਹੜੇ ਅਡੌਲਫ ਹਿਟਲਰ ਦੇ ਸਿਰ ਨੂੰ ਇਹ ਫਤੂਰ ਚੜ੍ਹਿਆ ਸੀ ਅਤੇ ਏਨੇ ਲੋਕ ਮਾਰੇ ਜਾਣ ਦਾ ਕਾਰਨ ਬਣਿਆ ਸੀ, ਉਸ ਦੇ ਸਬਕ ਸੰਸਾਰ ਨੂੰ ਯਾਦ ਰੱਖਣ ਦੀ ਲੋੜ ਸੀ, ਪਰ ਰੱਖੇ ਨਹੀਂ ਗਏ ਜਾਪਦੇ।
ਅੱਜ ਉਸ ਮਹਾਂ-ਜੰਗ ਦੀ ਸ਼ੁਰੂਆਤ ਦੇ ਅੱਸੀ ਸਾਲ ਬਾਅਦ, ਕਿਉਂਕਿ ਉਹ ਸੰਸਾਰ ਜੰਗ 1939 ਵਿੱਚ ਛਿੜੀ ਸੀ ਤੇ 1945 ਤੱਕ ਚੱਲਦੀ ਰਹੀ ਸੀ, ਇੱਕ ਵਾਰ ਫਿਰ ਇਸ ਸੰਸਾਰ ਦੇ ਹਾਲਾਤ ਇਤਹਾਸ ਨੂੰ ਦੁਹਰਾਉਣ ਵਾਲੇ ਪਾਸੇ ਨੂੰ ਜਾ ਰਹੇ ਹਨ ਤੇ ਇਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਧਿਆਨ ਜਾਂਦਾ ਹੈ ਤਾਂ ਉਸ ਆਈ ਐੱਸ ਵਾਲੀ ਧਾੜ ਤੱਕ ਜਾਂਦਾ ਹੈ, ਜਿਸ ਦਾ ਇੱਕ ਮੁਖੀਆ ਅਬੂ ਬਕਰ ਅਲ ਬਗਦਾਦੀ ਬੀਤੇ ਹਫਤੇ ਮਾਰਿਆ ਗਿਆ ਤੇ ਉਸ ਦੀ ਜਗ੍ਹਾ ਉਸ ਖੂੰਖਾਰ ਟੋਲੀ ਨੇ ਨਵਾਂ ਮੁਖੀ ਚੁਣ ਲਿਆ ਹੈ, ਬਾਕੀ ਦੇਸ਼ਾਂ ਅੰਦਰਲੇ ਹਾਲਾਤ ਕਿਸੇ ਨੂੰ ਚਿੰਤਤ ਨਹੀਂ ਕਰਦੇ। ਸੰਸਾਰ ਜੰਗ ਦਾ ਮੁੱਢ ਬੱਝਣ ਵੇਲੇ ਜਿਹੜੀ ਸੋਚ ਨੇ ਜਰਮਨੀ ਦੇ ਲੋਕਾਂ ਨੂੰ ਮਰਨ ਅਤੇ ਮਾਰਨ ਦੇ ਰਾਹ ਪਾਇਆ ਸੀ, ਉਸ ਕਿਸਮ ਦੀ ਸੋਚ ਇਸ ਵੇਲੇ ਕਈ ਦੇਸ਼ਾਂ ਵਿੱਚ ਹਰ ਨਵੇਂ ਦਿਨ ਅੱਗੇ ਵਧੀ ਜਾਂਦੀ ਹੈ। ਸਾਧਾਰਨ ਚੋਣ ਲਾਭਾਂ ਲਈ ਇਸ ਤਰ੍ਹਾਂ ਦੇ ਜਨੂੰਨ ਨੂੰ ਆਪਣਾ ਪਲੇਟਫਾਰਮ ਬਣਾਉਣ ਵਾਲਿਆਂ ਨੂੰ ਉਸ ਤਜਰਬੇ ਦੀ ਚੌਖਟ ਵਿੱਚੋਂ ਝਾਤੀਆਂ ਮਾਰਦੇ ਭਵਿੱਖ ਬਾਰੇ ਸੋਚਣ ਦੀ ਲੋੜ ਹੀ ਨਹੀਂ ਜਾਪਦੀ। ਮੱਧ ਯੁੱਗ ਵਿੱਚ ਜਿਵੇਂ ਰਾਜਿਆਂ ਨੂੰ ਰਾਜ ਹਾਸਲ ਕਰਨ ਲਈ ਲੋਕਾਂ ਦਾ ਮਰਨਾ ਬਹੁਤ ਸਾਧਾਰਨ ਗੱਲ ਜਾਪਦਾ ਸੀ, ਅੱਜ ਉਹ ਸਥਿਤੀ ਇੱਕੋ ਵਕਤ ਕਈ ਦੇਸ਼ਾਂ ਵਿੱਚ ਫਿਰ ਪੈਦਾ ਹੋਣ ਲੱਗ ਪਈ ਹੈ।
ਜਦੋਂ ਜਨੂੰਨ ਸਿਰਾਂ ਨੂੰ ਚੜ੍ਹਦਾ ਹੈ, ਅਕਲ ਦੀ ਗੱਲ ਕੋਈ ਸੁਣਦਾ ਹੀ ਨਹੀਂ ਹੁੰਦਾ। ਜਰਮਨ ਲੋਕਾਂ ਨੇ ਨਹੀਂ ਸੁਣੀ ਤੇ ਮੜ੍ਹੀਆਂ ਦੇ ਰਾਹ ਪੈ ਗਏ ਸਨ। ਇਸ ਵੇਲੇ ਏਸੇ ਤਰ੍ਹਾਂ ਦੀ ਹਾਲਤ ਉਨ੍ਹਾਂ ਦੇਸ਼ਾਂ ਵਿੱਚ ਬਣੀ ਜਾਂਦੀ ਹੈ, ਜਿੱਥੇ ਚੋਣਾਂ ਦੇ ਵਕਤ ਸਿਰੇ ਦੀ ਸਨਕੀ ਸੋਚ ਦੇ ਪਿੱਛੇ ਵੋਟਾਂ ਪਾਈਆਂ ਜਾਣ ਲੱਗ ਪਈਆਂ ਹਨ। ਡੋਨਾਲਡ ਟਰੰਪ ਨੂੰ ਕੋਈ ਹਿਟਲਰ ਕਹਿਣ ਲਈ ਤਿਆਰ ਨਹੀਂ ਹੋਵੇਗਾ, ਅਸੀਂ ਵੀ ਨਹੀਂ ਕਹਿੰਦੇ, ਪਰ ਉਸ ਨੇ ਆਪਣੀ ਪਹਿਲੀ ਚੋਣ ਮੁਹਿੰਮ ਵਿੱਚ ਜਿਹੜੇ ਨਸਲਵਾਦ ਦੀ ਹਵਾ ਅਸਿੱਧੇ ਤੌਰ ਉੱਤੇ ਵਗਾਈ ਸੀ, ਉਸ ਤੋਂ ਬਾਅਦ ਦੇ ਚਾਰ ਸਾਲਾਂ ਵਿੱਚ ਕਿਸੇ ਥਾਂ ਰੰਗ ਕਾਲਾ ਹੋਣ ਕਰ ਕੇ ਜਾਂ ਕਿਸੇ ਥਾਂ ਸਿਰਫ ਪਰਵਾਸੀ ਹੋਣ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਇਹ ਸਿਲਸਿਲਾ ਹਾਲੇ ਤੱਕ ਚੱਲੀ ਜਾਂਦਾ ਹੈ ਤੇ ਅਗਲੇ ਸਾਲ ਦੀਆਂ ਚੋਣਾਂ ਲਈ ਜਦੋਂ ਪ੍ਰਚਾਰ ਵਿੱਚ ਤੇਜ਼ੀ ਆਵੇਗੀ, ਉਸ ਦੇ ਨਾਲੋ-ਨਾਲ ਇਸ ਪੱਖੋਂ ਵੀ ਤੇਜ਼ੀ ਆਉਣੀ ਸੁਭਾਵਕ ਜਾਪਦੀ ਹੈ। ਇਸਰਾਈਲ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਵਰਗਾ ਭ੍ਰਿਸ਼ਟਾਚਾਰ ਦਾ ਭੜੋਲਾ ਮੰਨਿਆ ਜਾਂਦਾ ਬੰਦਾ ਆਪਣੇ ਲੋਕਾਂ ਨੂੰ ਨਸਲੀ ਜਨੂੰਨ ਲਈ ਉਕਸਾ ਰਿਹਾ ਹੈ। ਬ੍ਰਿਟੇਨ ਵਿਚਲੇ ਜਿਹੜੇ ਲੀਡਰਾਂ ਨੇ ਯੂਰਪ ਤੋਂ ਆਪਣਾ ਦੇਸ਼ ਵੱਖ ਕਰਨ ਦੀ ਮੁਹਿੰਮ ਵਿੱਢੀ ਤੇ ਕਈ ਅੜਿੱਕਿਆਂ ਦੇ ਬਾਵਜੂਦ ਬ੍ਰੈਗਜ਼ਿਟ ਦੇ ਨਾਂਅ ਹੇਠ ਅੰਤਲੇ ਹਮਲੇ ਦੀ ਤਿਆਰੀ ਕਰਦੇ ਪਏ ਹਨ, ਉਨ੍ਹਾਂ ਵਿੱਚੋਂ ਕੁਝ ਲੋਕ ਵੀ ਆਪਣੇ ਦੇਸ਼ ਵਿੱਚ ਇਸ ਨਾਲ ਨਸਲਵਾਦ ਨੂੰ ਮਿਲਦੀ ਸ਼ਹਿ ਨੂੰ ਨਹੀਂ ਵੇਖਦੇ ਤੇ ਕੁਝ ਹੋਰ ਲੋਕ ਵੇਖ ਕੇ ਅਣਡਿੱਠ ਕਰਦੇ ਪਏ ਹਨ। ਨਤੀਜਾ ਇਹ ਨਿਕਲਿਆ ਹੈ ਕਿ ਸੰਸਾਰ ਭਰ ਵਿੱਚ ਕਈ ਦੇਸ਼ਾਂ ਅੰਦਰ ਲੋਕਾਂ ਦੇ ਮਨਾਂ ਵਿੱਚ ਆਪਣੀ ਨਸਲ ਦੇ ਸਭ ਤੋਂ ਉੱਤਮ ਹੋਣ ਦਾ ਵਿਚਾਰ ਵਧਦਾ ਮਹਿਸੂਸ ਹੋ ਰਿਹਾ ਹੈ। ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ। ਜਦੋਂ ਇਸ ਕਿਸਮ ਦਾ ਖਤਰਨਾਕ ਵਿਚਾਰ ਕੁਝ ਲੋਕਾਂ ਦੇ ਮਨਾਂ ਵਿੱਚ ਭਰ ਰਿਹਾ ਅਤੇ ਉਬਾਲੇ ਮਾਰਨ ਲਈ ਰਿੱਝਦਾ ਪਿਆ ਮਹਿਸੂਸ ਹੁੰਦਾ ਹੈ, ਇਸ ਦੇ ਉਲਟੇ ਅਸਰ ਵਜੋਂ ਕਈ ਹੋਰ ਦੇਸ਼ਾਂ ਤੇ ਨਸਲਾਂ ਵਿੱਚ ਐਨ ਉਲਟਾ ਵਿਚਾਰ ਵੀ ਭਰਦਾ ਜਾਂਦਾ ਹੈ ਕਿ ਇੱਕ ਲੜਾਈ ਲੜਨੀ ਪੈਣੀ ਹੈ। ਕੋਈ ਕਿਸੇ ਵੀ ਕਿਸਮ ਦਾ ਭਾਈਚਾਰਾ ਹੋਵੇ, ਉਸ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਅਸੀਂ ਕਿਸੇ ਤੋਂ ਘੱਟ ਹਾਂ, ਬਲਕਿ ਇਹ ਸਾਬਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਸਕਦੇ ਹਨ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।
ਸਾਡੇ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਪਾਕਿਸਤਾਨ ਵਿੱਚ ਇਸਲਾਮੀ ਜਨੂੰਨ ਦੇ ਬਹੁਤ ਭੜਕਾਊ ਉਬਾਲੇ ਪਹਿਲਾਂ ਵੀ ਆ ਚੁੱਕੇ ਹਨ, ਇੱਕ ਵਾਰ ਫਿਰ ਇੱਕ ਹੋਰ ਉਬਾਲੇ ਲਈ ਤਿਆਰ ਹੋ ਰਿਹਾ ਹੈ। ਅਫਗਾਨਿਸਤਾਨ ਤੋਂ ਖਹਿੜਾ ਛੁਡਾਉਣ ਲਈ ਅਮਰੀਕੀ ਸਰਕਾਰ, ਤੇ ਸਰਕਾਰ ਸਿਰਫ ਰਾਸ਼ਟਰਪਤੀ ਨਹੀਂ ਹੁੰਦਾ, ਅਮਰੀਕਾ ਦੇਸ਼ ਦੀ ਸਮੁੱਚੀ ਰਾਜਕੀ ਮਸ਼ੀਨਰੀ ਮਨ ਬਣਾਈ ਬੈਠੀ ਹੈ। ਉਸ ਦੇਸ਼ ਦੀ ਤਾਕਤ ਇੱਕ ਵਾਰ ਫਿਰ ਉਨ੍ਹਾਂ ਹੀ ਤਾਲਿਬਾਨ ਨੂੰ ਸੌਂਪਣ ਵਾਸਤੇ ਸਮਝੌਤਾ ਹੁੰਦਾ ਪਿਆ ਹੈ, ਜਿਹੜੇ ਸਾਰੀ ਦੁਨੀਆ ਉੱਤੇ ਇਸਲਾਮ ਦਾ ਝੰਡਾ ਝੁਲਾਉਣ ਦਾ ਐਲਾਨ ਕਰਦੇ ਰਹੇ ਹਨ। ਇਸ ਮੌਕੇ ਅਮਰੀਕਾ ਦੇ ਨਾਟੋ ਗੱਠਜੋੜ ਦਾ ਸਹਿਯੋਗੀ ਦੇਸ਼ ਤੁਰਕੀ ਵੀ ਰਣਨੀਤਕ ਤੌਰ ਉੱਤੇ ਹੌਲੀ-ਹੌਲੀ ਜਿਸ ਪਾਸੇ ਖਿਸਕ ਰਿਹਾ ਹੈ, ਉਸ ਦੇ ਨਾਲ ਮਲੇਸ਼ੀਆ ਦਾ ਹੱਥ ਮਿਲਾਉਣਾ ਕੋਈ ਅਰਥ ਰੱਖਦਾ ਹੈ। ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਹੁਸੀਨਾ ਬੇਸ਼ੱਕ ਧਰਮ ਨਿਰਪੱਖਤਾ ਦਾ ਝੰਡਾ ਚੁੱਕੀ ਰੱਖਣਾ ਚਾਹੁੰਦੀ ਹੈ, ਪਰ ਵਿਚਲੇ ਸਮੇਂ ਵਿੱਚ ਜਦੋਂ ਉਸ ਦੇਸ਼ ਨੂੰ ਇਸਲਾਮਕ ਰਿਪਬਲਿਕ ਐਲਾਨਿਆ ਗਿਆ ਸੀ, ਧਰਮ ਨਿਰਪੱਖਤਾ ਦੀ ਥਾਂ ਅੰਦਰੋ-ਅੰਦਰ ਇੱਕ ਜਨੂੰਨੀ ਕਿਸਮ ਦੇ ਰਾਹ ਉੱਤੇ ਚੱਲਣ ਦਾ ਮੁੱਢ ਉਸ ਵਕਤ ਹੀ ਬੱਝ ਗਿਆ ਸੀ। ਇਸ ਵਕਤ ਓਥੇ ਦਹਿਸ਼ਤਗਰਦੀ ਮਜ਼ਬੂਤ ਹੋ ਰਹੀ ਹੈ। ਇੱਕ ਪਾਸੇ ਉਸ ਦੇਸ਼ ਵਿੱਚ ਪਾਕਿਸਤਾਨ ਤੋਂ ਵੱਖ ਹੋਣ ਤੇ ਵੱਖਰਾ ਬੰਗਲਾ ਦੇਸ਼ ਬਣਨ ਵੇਲੇ ਦੇ ਪਾਕਿਸਤਾਨੀ ਫੌਜ ਦੇ ਏਜੰਟਾਂ ਨੂੰ ਫਾਂਸੀ ਦੇ ਹੁਕਮ ਸੁਣਾਏ ਜਾ ਰਹੇ ਹਨ ਤੇ ਦੂਸਰੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀ ਦਾ ਤਾਣਾ ਅੰਦਰੋ-ਅੰਦਰ ਵਧ ਰਿਹਾ ਹੈ।
ਸਾਡੇ ਭਾਰਤੀਆਂ ਲਈ ਚਿੰਤਾ ਦੀ ਗੱਲ ਦੋ ਪੱਖਾਂ ਤੋਂ ਹੈ। ਇੱਕ ਇਹ ਕਿ ਇੱਕੋ ਲੀਡਰ ਦਾ ਉਭਾਰ ਹੋਣ ਨਾਲ ਦੇਸ਼ ਵਿੱਚ ਸਮੂਹਿਕਤਾ ਖਤਮ ਹੁੰਦੀ ਜਾਂਦੀ ਤੇ ਸਿਰਫ ਅਤੇ ਸਿਰਫ ਇੱਕੋ ਹੱਥ ਵਿੱਚ ਸਾਰੀ ਤਾਕਤ ਇਕੱਠੀ ਹੋਣ ਵਾਲਾ ਅਮਲ ਅੱਗੇ ਵਧੀ ਜਾ ਰਿਹਾ ਹੈ। ਨਾਲ ਦੀ ਨਾਲ ਭੜਕੀਆਂ ਭੀੜਾਂ ਵੱਲੋਂ ਰਾਹ ਜਾਂਦੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਕਿਸੇ ਤਰ੍ਹਾਂ ਦਾ ਹਮਲਾ ਕਰਨ ਅਤੇ ਕੁੱਟ ਕੇ ਮਾਰ ਦੇਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੋਈ ਜਾਂਦਾ ਹੈ। ਇਹ ਉਸੇ ਜਨੂੰਨ ਨਾਲ ਜੁੜੀ ਹੋਈ ਇੱਕ ਮਿਸਾਲ ਸਮਝਣਾ ਚਾਹੀਦਾ ਹੈ, ਜਿਹੜਾ ਜਨੂੰਨ ਸਮਾਂ ਪਾ ਕੇ ਉਸ ਪਾਸੇ ਲੈ ਜਾਇਆ ਕਰਦਾ ਹੈ ਕਿ ਫਿਰ ਪਿੱਛੇ ਹਟਣ ਦਾ ਰਾਹ ਹੀ ਨਹੀਂ ਰਹਿੰਦਾ ਹੁੰਦਾ। ਹੇਠਲੀ ਤਹਿ ਵਿੱਚ ਚੱਲਦਾ ਇਹ ਅਮਲ ਮਹਿਸੂਸ ਹੋ ਰਿਹਾ ਹੈ।
ਚਿੰਤਾ ਦਾ ਦੂਸਰਾ ਪੱਖ ਇਹ ਹੈ ਕਿ ਸੁਚੇਤ ਜਾਂ ਅਚੇਤ ਤੌਰ ਉੱਤੇ ਭਾਰਤ ਇਸ ਵੇਲੇ ਸੰਸਾਰ ਭਰ ਵਿੱਚ ਹੋਣ ਵਾਲੀ ਇੱਕ ਨਵੀਂ ਕਤਾਰਬੰਦੀ ਵਿੱਚ ਨਿਰਲੇਪ ਨਹੀਂ ਰਿਹਾ, ਇੱਕ ਖਾਸ ਧਿਰ ਨਾਲ ਜੁੜਦਾ ਜਾ ਰਿਹਾ ਹੈ। ਇਸ ਧਿਰ ਦਾ ਅਸਲੀ ਆਗੂ ਕੌਣ ਹੈ, ਸਾਰਿਆਂ ਨੂੰ ਪਤਾ ਹੈ, ਪਰ ਅਮਲ ਵਿੱਚ ਇਜ਼ਰਾਈਲ ਦੇ ਨੇਤਾਨਯਾਹੂ ਨੂੰ ਇੱਕ ਮੋਰਚੇ ਦਾ ਲੀਡਰ ਬਣਾ ਕੇ ਉਭਾਰਿਆ ਜਾ ਰਿਹਾ ਹੈ, ਜਿਸ ਨਾਲ ਸੰਸਾਰ ਨਕਸ਼ੇ ਉੱਤੇ ਇਸਲਾਮੀ ਦੇਸ਼ਾਂ ਦੇ ਵਿਚਾਲੇ ਸਥਿਤ ਸਾਡਾ ਦੇਸ਼ ਵੀ ਕੁਝ ਖਾਸ ਧਾਰਨਾਵਾਂ ਦੇ ਵਹਿਣ ਵਿੱਚ ਵਹਿੰਦਾ ਜਾਂਦਾ ਜਾਪਣ ਲੱਗਾ ਹੈ। ਜਦੋਂ ਦੂਸਰੀ ਸੰਸਾਰ ਜੰਗ ਹੋਈ ਤਾਂ ਉਸ ਦੇ ਨਾਲ ਭਾਰਤ ਦਾ ਕੋਈ ਸਿੱਧਾ ਵਾਸਤਾ ਨਹੀਂ ਸੀ, ਇਸ ਦੇਸ਼ ਉੱਤੇ ਰਾਜ ਕਰਨ ਵਾਲੇ ਬ੍ਰਿਟਿਸ਼ ਸਾਮਰਾਜ ਦਾ ਸੰਸਾਰ ਜੰਗ ਦੇ ਵਿੱਚ ਕੁੱਦਣਾ ਭਾਰਤ ਨੂੰ ਭੁਗਤਣਾ ਪਿਆ ਸੀ। ਸੰਸਾਰ ਜੰਗ ਵਿੱਚ ਭਾਰਤ ਦੇ ਸਤਾਸੀ ਹਜ਼ਾਰ ਲੋਕ ਜੰਗ ਲੜਦੇ ਮੌਤ ਦੀ ਝੋਲੀ ਜਾ ਪਏ ਸਨ ਅਤੇ ਇਸ ਦੌਰਾਨ ਜੰਗ ਦੇ ਨਾਲ ਸਿਰ ਪਈਆਂ ਹੋਰ ਮੁਸ਼ਕਲਾਂ ਕਾਰਨ ਕੁੱਲ ਮੌਤਾਂ ਦੀ ਗਿਣਤੀ ਇਕੱਤੀ ਲੱਖ ਨੂੰ ਟੱਪ ਗਈ ਸੀ। ਪੰਜਾਬੀ ਦਾ ਮੁਹਾਵਰਾ ਹੈ: ਗਧੇ ਨੂੰ ਸੋਟਾ ਤੇ ਰਾਕੀ ਨੂੰ ਸੈਨਤ। ਜਿਹੜੀਆਂ ਕੌਮਾਂ ਗਧੇ ਵਾਂਗ ਸੋਟੇ ਖਾਣ ਹੀ ਗਿੱਝ ਜਾਂਦੀਆਂ ਹਨ ਤੇ ਰਾਕੀ (ਘੋੜੇ) ਵਾਂਗ ਸਮੇਂ ਦੀ ਸੈਨਤ ਨਹੀਂ ਸਮਝ ਸਕਦੀਆਂ, ਉਨ੍ਹਾਂ ਨੰ ਮੁੜ-ਮੁੜ ਸੰਤਾਪ ਹੰਢਾਉਣਾ ਪੈ ਜਾਂਦਾ ਹੈ। ਭਾਰਤ ਇਸ ਵਕਤ ਉਸੇ ਸੰਤਾਪ ਦੀ ਸੜਕੇ ਪੈਂਦਾ ਜਾਪਦਾ ਹੈ। ਬਦਕਿਸਮਤੀ ਇਸ ਪੱਖ ਦੀ ਵੀ ਹੈ ਕਿ ਨਵੀਂ ਹੋ ਰਹੀ ਜਿਹੜੀ ਸੰਸਾਰ ਕਤਾਰਬੰਦੀ ਦੌਰਾਨ ਜਿਸ ਭਾਰਤ ਦਾ ਨਾਂਅ ਇੱਕ ਧਿਰ ਨਾਲ ਜੋੜਿਆ ਜਾਂਦਾ ਹੈ, ਉਸ ਦਾ ਅਜੋਕਾ ਲੀਡਰ ਦੇਸ਼ ਬੇਸ਼ੱਕ ਇਜ਼ਰਾਈਲ ਹੈ ਅਤੇ ਕਤਾਰਬੰਦੀ ਦਾ ਆਗੂ ਓਥੋਂ ਦਾ ਪ੍ਰਧਾਨ ਮੰਤਰੀ ਯੇਤਨਯਾਹੂ ਜਾਪਦਾ ਹੈ, ਪਰ ਇਹ ਅਗਵਾਈ ਪੱਕੀ ਨਹੀਂ, ਅੱਗੋਂ ਇਸ ਅਗਵਾਈ ਦਾ ਛੱਜ ਖਿਸਕਦਾ ਹੋਇਆ ਭਾਰਤ ਦੇ ਵਿਹੜੇ ਵੱਲ ਆ ਰਿਹਾ ਹੈ।
ਸਿਆਣੇ ਕਹਿੰਦੇ ਹੁੰਦੇ ਸਨ ਕਿ ਸੁੱਤੇ ਨੂੰ ਹਲੂਣ ਕੇ ਜਗਾਇਆ ਜਾ ਸਕਦਾ ਹੈ, ਪਰ ਜਿਹੜਾ ਘੇਸਲ ਮਾਰ ਕੇ ਪਿਆ ਹੋਵੇ, ਉਸ ਬੰਦੇ ਨੂੰ ਉਠਾਉਣਾ ਔਖਾ ਹੁੰਦਾ ਹੈ। ਅੱਜ ਦੇ ਹਾਲਾਤ ਵਿੱਚ ਵੀ ਕਈ ਲੋਕਾਂ ਨੇ ਘੇਸਲ ਮਾਰੀ ਪਈ ਹੈ।