ਬਲਦੇ ਸਿਵਿਆਂ ਦਾ ਸੇਕ - ਅਮਰਜੀਤ ਸਿੰਘ ਸਿੱਧੂ
ਕਿੰਨਾ ਸੌਖਾ ਸ਼ਬਦ ਲਗਦਾ
ਕਿਸੇ ਨੂੰ ਇਹ ਆਖਣਾ।
ਕਿ ਭੁਲ ਜਾਵੋ ਤੁਸੀਂ
ਆਪਣੇ ਬੀਤੇ ਦੀ ਦਾਸਤਾਂ।
ਕਿਵੇਂ ਕਿਸੇ ਮਾਂ ਤੋਂ ਉਹ
ਜਾਊ ਦਰਦ ਭੁਲਾਇਆ।
ਜਿਸ ਦੇ ਜਿਗਰ ਦਾ ਟੁਕੜਾ
ਖੇਤ ਗਿਆ, ਬਜਾਰ ਗਿਆ
ਡਿਉਟੀ ਤੇ ਗਿਆ
ਮੁੜ ਘਰ ਨਾ ਆਇਆ।
ਜਿਸ ਨੂੰ ਫੜ ਕੇ ਜਾਲਮਾਂ
ਨੇ ਮਾਰ ਮੁਕਾਇਆ।
ਲਾਵਾਰਿਸ ਲਾਸ਼ ਆਖਕੇ
ਗਿਆ ਹੋਵੇ ਜਲਾਇਆ।
ਅਖਬਾਰ ਵਿਚ ਮਰੇ ਦਾ
ਜਦ ਫੋਟੋ ਹੋਵੇ ਆਇਆ।
ਕਿਵੇਂ ਜਾਊ ਉਹ ਮਾਂ ਤੋਂ
ਦੱਸੋ ਭੁਲਾਇਆ।
ਤਲੀਆਂ ਤੇ ਲੱਗੀ ਹੋਈ
ਸ਼ਗਨਾਂ ਦੀ ਮਹਿੰਦੀ
ਤੇ ਮਾਂਗ ਵਿੱਚ ਪਏ
ਸੱਜਰੇ ਸੰਧੂਰ ਦਾ ਰੰਗ
ਫਿੱਕਾ ਪੈਣ ਤੋਂ ਪਹਿਲਾਂ
ਸਿਰ ਤੇ ਲਈ ਚੁੰਨੀ ਦਾ
ਰੰਗ ਕਰ ਦਿੱਤਾ ਜਾਵੇ
ਗੁਲਾਬੀ ਤੋਂ ਚਿੱਟਾ।
ਬਚਪਨ ਤੋਂ ਲੈ ਕੇ
ਜਵਾਨੀ ਤੱਕ ਸਿਰਜੇ
ਸੁਨਿਹਰੀ ਸੁਪਨਿਆਂ ਦੀ ਸੇਜ
ਅੱਗ ਦੀ ਜੋ ਭੇਟ ਚੜ੍ਹ ਜਾਵੇ,
ਆਪਣੇ ਸੁਹਾਗ ਨੂੰ ਉਹ
ਦੱਸੋ ਫਿਰ ਕਿਵੇ ਭੁਲਾਵੇ।
ਉਹ ਬਾਪੂ
ਜਿਸਦੀ ਨੌਜਵਾਨ ਧੀ ਦੀ ਆਬਰੂ
ਹਕੂਮਤ ਦੇ ਇਸ਼ਾਰੇ ਤੇ
ਹਾਕਮਾਂ ਦੇ ਪਾਲੇ ਦੱਲਿਆਂ ਹੱਥੋਂ ਅੱਖਾਂ ਦੇ ਸਾਹਮਣੇ
ਤਾਰ ਤਾਰ ਹੋ ਜਾਵੇ।
ਬੇਬੱਸ ਹੋਇਆ ਬਾਪੂ
ਖੂਨ ਦੇ ਹੰਝੂ ਵਹਾਵੇ।
ਜਦ ਉਹ ਦ੍ਰਿਸ਼
ਯਾਦ ਵਿੱਚ ਆਵੇ।
ਪੈਰਾਂ ਵਿੱਚ ਰੁਲੀ ਆਪਣੀ ਪੱਗ
ਦੱਸੋ ਉਹ ਕਿਵੇ ਭੁਲ ਜਾਵੇ।
ਉਹ ਭੈਣ
ਜੀਹਨੇ ਰੱਬ ਅੱਗੇ
ਪੱਲਾ ਅੱਡ ਕੇ ਕਿਹਾ ਸੀ।
ਇੱਕ ਵੀਰ ਦੇਈਂ ਵੇ ਰੱਬਾ
ਸੌਹ ਖਾਣ ਨੂੰ ਕਰੇ ਬੜਾ ਜੀਅ।
ਹੁਣ ਜਦ ਉਹ ਵੀਰ
ਨੌਕਰੀ ਤੇ ਗਿਆ
ਮੁੜ ਘਰ ਨਾਂ ਆਇਆ।
ਰਿਸ਼ਵਤ ਖੋਰਾਂ ਫੀਤੀਆਂ ਦੇ ਭੁੱਖਿਆਂ
ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਅੱਜ ਤੱਕ ਜਿਸ ਦਾ
ਖੁਰਾ ਖੋਜ ਨਹੀਂ ਥਿਆਇਆ।
ਰੱਖੜੀ ਦੇ ਦਿਨ ਬੈਠੀ ਭੈਣ
ਯਾਦਾਂ ਦੇ ਹੰਝੂ ਵਹਾਵੇ।
ਮਾਂ ਜਾਏ ਦੀ ਯਾਦ ਨੂੰ
ਦੱਸੋ ਉਹ ਕਿਵੇਂ ਭੁਲ ਜਾਵੇ।
ਉਹ ਗੱਭਰੂ
ਜੀਹਨੇ ਬਚਪਨ ਚ ਅੱਖੀਂ ਦੇਖਿਆ
ਸੜਦਾ ਆਪਣਾ ਭਵਿੱਖ।
ਜੀਹਦੇ ਗਲ ਵਿੱਚ ਬਲਦਾ ਟਾਇਰ ਪਾ ਕੇ।
ਕੋਹਿਆ ਗਿਆ ਹੋਵੇ ਅੱਧ ਸੜੇ ਨੂੰ
ਸ਼ਬਦਾਂ ਦੀਆਂ ਆਰਾਂ ਲਗਾਕੇ।
ਫਿਰ ਤੜਫਦੇ ਨੂੰ ਸਿਟਿਆ ਗਿਆ ਹੋਵੇ
ਸੀਵਰੇਜ ਦੇ ਗਟਰ ਚ ਲਿਜਾਕੇ।
ਦੱਸੋ ਉਹ ਕਿਵੇਂ ਬੈਠ ਜਾਵੇ
ਬਾਪੂ ਦੀ ਯਾਦ ਨੂੰ ਭੁਲਾਕੇ ।
ਦੱਸੋ ਉਹ ਕਿਵੇਂ ਭੁਲ ਜਾਣ
ਜਿਨ੍ਹਾਂ ਪਿੰਡੇ ਤੇ ਹੰਢਾਇਆ ਹੋਵੇ
ਦੋਜਕ ਭਰਿਆ ਸਮਾਂ।
ਜਿਨ੍ਹਾਂ ਅੱਖਾਂ ਨੇ ਵੇਖਿਆ ਹੋਵੇ
ਮੌਤ ਦਾ ਤਾਂਡਵ ਨਾਚ।
ਕੁੱਤਿਆਂ ਤੇ ਗਿਰਝਾਂ ਨੂੰ ਵੇਖਿਆ
ਖਾਂਦੇ ਮਨੁੱਖਤਾ ਦਾ ਮਾਸ।
ਮਨ ਵਿੱਚ ਚਸਕਦੇ
ਯਾਦਾਂ ਦੇ ਨਸੂਰ ਉਤੇ! ਦੱਸੋ
ਇਨ੍ਹਾਂ ਸ਼ਬਦਾਂ ਦੀ ਮੱਲਮ ਲਾਵੇ।
ਜੋ ਅੱਜ ਵੀ ਨਸ਼ਤਰ ਚਲਾ ਕੇ
ਜਖਮਾਂ ਵਿਚ ਲੂਣ ਪਾ ਕੇ
ਜਖਮਾਂ ਨੂੰ ਰਸਣ ਲਾਵੇ।
ਕਈ ਮੈਂ ਪੁੱਛ ਸਕਦਾਂ!
ਨੇਤਾ ਅਖਵਾਉਦੇ
ਇਨ੍ਹਾਂ ਝੂਠੇ ਮਕਾਰਾਂ ਨੂੰ।
ਮਖੌਟੇ ਪਹਿਨੀ ਬੈਠੀਆਂ
ਧੋਖੇਬਾਜ਼ ਸਰਕਾਰਾਂ ਨੂੰ।
ਇਨ੍ਹਾਂ ਦੇ ਪਾਲਤੂ
ਗੁੰਡੇ ਬਦਕਾਰਾਂ ਨੂੰ।
ਜੇ ਉਪਰੋਕਤ ਵਰਤਾਰਾ
ਝਲਦੇ ਤੁਸੀਂ ਜਾਂ ਤੁਹਾਡਾ ਭਾਈਚਾਰਾ।
ਕੀ ਤੁਸੀਂ ਭੁਲ ਜਾਂਦੇ
ਦਿਲਾਂ ਵਿੱਚ ਬਲਦੇ ਸਿਵਿਆਂ ਦਾ ਸੇਕ।
ਕਿੰਨਾ ਸੌਖਾ ਸ਼ਬਦ ਲਗਦਾ ਹੈ
ਕਿਸੇ ਨੂੰ ਇਹ ਆਖਣਾ।
ਭੁਲ ਜਾਵੋ ਤਸੀਂ
ਆਪਣੇ ਬੀਤੇ ਦੀ ਦਾਸਤਾਂ।
ਅਮਰਜੀਤ ਸਿੰਘ ਸਿੱਧੂ
004917664197996