ਸਾਧਾਰਨ ਨਹੀਂ, ਬਹੁਤ ਡੂੰਘੇ ਅਰਥ ਹਨ ਇਨ੍ਹਾਂ ਚੋਣ ਨਤੀਜਿਆਂ ਦੇ - ਜਤਿੰਦਰ ਪਨੂੰ
ਅਸੀਂ ਇਸੇ ਹਫਤੇ ਇੱਕ ਹੋਰ ਚੋਣ ਘੋਲ ਦਾ ਨਤੀਜਾ ਆਇਆ ਵੇਖ ਲਿਆ ਹੈ। ਇਸ ਦੇ ਕੁਝ ਅਰਥ ਸਾਰੇ ਭਾਰਤ ਦੇ ਲੋਕਾਂ ਲਈ ਹਨ ਅਤੇ ਕੁਝ ਸਾਡੇ ਪੰਜਾਬੀਆਂ ਲਈ। ਦੋਵਾਂ ਦਾ ਆਪੋ ਆਪਣਾ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰਾ ਤਾਣ ਲਾਏ ਜਾਣ ਦੇ ਬਾਵਜੂਦ ਜਦੋਂ ਨਤੀਜੇ ਉਸ ਦੀ ਆਸ ਮੁਤਾਬਕ ਨਹੀਂ ਨਿਕਲੇ ਤਾਂ ਆਪਣੀ ਭਾਸ਼ਣ ਕਲਾ ਨਾਲ ਉਹ ਫਿਰ ਵੀ ਇਹ ਵਜ੍ਹਕਾ ਬਣਾਉਣ ਤੋਂ ਨਹੀਂ ਝਿਜਕੇ ਕਿ ਮਹਾਰਾਸ਼ਟਰ ਤੇ ਹਰਿਆਣੇ ਦੇ ਲੋਕਾਂ ਨੇ ਭਾਜਪਾ ਦੇ ਪੱਖ ਵਿੱਚ ਆਪਣਾ ਫਤਵਾ ਦਿੱਤਾ ਹੈ। ਸੱਚਾਈ ਇਹ ਹੈ ਕਿ ਦੋਵੇਂ ਥਾਂ ਭਾਜਪਾ ਨੂੰ ਠੇਡਾ ਲੱਗਾ ਹੈ। ਸਰਕਾਰਾਂ ਸਾਜਣ ਦਾ ਪ੍ਰਬੰਧ ਬਿਨਾਂ ਸ਼ੱਕ ਦੋਵਾਂ ਰਾਜਾਂ ਵਿੱਚ ਹੋ ਗਿਆ ਹੈ, ਪਰ ਇਹ ਜਿੱਤ ਨਾਲ ਨਹੀਂ ਹੋਇਆ, ਰਾਜਨੀਤਕ ਜੋੜ-ਤੋੜ ਵਾਸਤੇ ਪ੍ਰਸਿੱਧ ਖਾਸ ਸੱਜਣਾਂ ਦਾ ਕੀਤਾ ਜੁਗਾੜ ਹੈ, ਲੋਕਾਂ ਦਾ ਫਤਵਾ ਨਹੀਂ ਕਿਹਾ ਜਾ ਸਕਦਾ। ਫਤਵੇ ਦੀ ਪਛਾਣ ਕਰਨੀ ਹੋਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਅੰਕੜੇ ਪੜ੍ਹਨ ਦੀ ਲੋੜ ਹੈ, ਜਿਹੜੇ ਆਪ ਮੂੰਹੋਂ ਬੋਲਦੇ ਹਨ। ਇਹੋ ਲੋੜ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ, ਜਿਹੜੇ ਚਾਰ ਹਲਕਿਆਂ ਵਿੱਚੋਂ ਜਿੱਤਣ ਦਾ ਚਾਅ ਨਹੀਂ ਕਰ ਸਕੇ, ਕਿਉਂਕਿ ਚੌਥੀ ਸੀਟ ਤੋਂ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਉਮੀਦਵਾਰ ਹਾਰ ਗਿਆ ਹੈ। ਦਾਖੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਜਿੱਤ ਗਿਆ ਹੈ ਤੇ ਇਹ ਉਹ ਵਿਧਾਨ ਸਭਾ ਸੀਟ ਹੈ, ਜਿਹੜੀ ਬਰਗਾੜੀ ਵਾਲੇ ਬੇਅਦਬੀ ਮੁੱਦੇ ਕਾਰਨ ਐੱਚ ਐੱਸ ਫੂਲਕਾ ਵੱਲੋਂ ਦਿੱਤੇ ਅਸਤੀਫੇ ਨਾਲ ਖਾਲੀ ਹੋਈ ਅਤੇ ਚੋਣ ਕਰਾਉਣੀ ਪਈ ਹੈ। ਵੱਡਾ ਮੁੱਦਾ ਉਸ ਸੀਟ ਦੇ ਲੋਕਾਂ ਵਿੱਚ ਫਿਰ ਉਹੋ ਬਰਗਾੜੀ ਦਾ ਬਣ ਸਕਦਾ ਸੀ, ਪਰ ਉਹ ਨਹੀਂ ਬਣ ਸਕਿਆ ਤੇ ਉਹੀ ਪਾਰਟੀ ਜਿੱਤ ਗਈ ਹੈ, ਜਿਹੜੀ ਆਪਣੇ ਰਾਜ ਦੌਰਾਨ ਹੋਏ ਬਰਗਾੜੀ ਦੇ ਬੇਅਦਬੀ ਕਾਂਡ ਸਮੇਤ ਕਈ ਗੱਲਾਂ ਦੀ ਦੋਸ਼ੀ ਸਮਝੀ ਜਾ ਰਹੀ ਸੀ। ਇਸ ਦੇ ਨਾਲ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਨੂੰ ਇਹ ਦਾਅਵਾ ਕਰ ਸਕਦਾ ਹੈ ਕਿ ਉਹ ਮੁੱਦਾ ਹੀ ਨਹੀਂ ਸੀ, ਐਵੇਂ ਵਾਧੂ ਪ੍ਰਚਾਰ ਕਰ ਕੇ ਸਾਡੀ ਬਦਨਾਮੀ ਕੀਤੀ ਗਈ ਸੀ, ਪਰ ਏਨੇ ਨਾਲ ਉਹ ਪੱਲਾ ਨਹੀਂ ਛੁਡਾ ਸਕਦਾ।
ਅਸੀਂ ਮਹਾਰਾਸ਼ਟਰ ਤੋਂ ਸ਼ੁਰੂ ਕਰੀਏ ਤਾਂ ਭਾਜਪਾ ਅਤੇ ਸ਼ਿਵ ਸੈਨਾ ਕੁੱਲ ਮਿਲਾ ਕੇ ਇੱਕ ਸੌ ਇਕਾਹਠ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜੋਗੀਆਂ ਹੋ ਗਈਆਂ ਹਨ, ਪਰ ਤਸਵੀਰ ਦਾ ਦੂਸਰਾ ਪਾਸਾ ਉਨ੍ਹਾਂ ਲਈ ਚੰਗਾ ਨਹੀਂ। ਪਿਛਲੀ ਵਾਰੀ ਜਦੋਂ ਇਨ੍ਹਾਂ ਦੋਵਾਂ ਦਾ ਸਮਝੌਤਾ ਨਹੀਂ ਸੀ ਹੋਇਆ ਤੇ ਵੱਖੋ-ਵੱਖ ਚੋਣ ਲੜੀ ਸੀ, ਓਦੋਂ ਭਾਜਪਾ ਨੇ ਇੱਕ ਸੌ ਬਾਈ ਅਤੇ ਸ਼ਿਵ ਸੈਨਾ ਨੇ ਤਰੇਹਠ ਸੀਟਾਂ ਜਿੱਤੀਆਂ ਸਨ ਅਤੇ ਪਿੱਛੋਂ ਪਈ ਸਾਂਝ ਨਾਲ ਜੋੜ ਇੱਕ ਸੌ ਪਚਾਸੀ ਸੀਟਾਂ ਬਣਦਾ ਸੀ। ਇਸ ਵਾਰੀ ਦੋਵੇਂ ਮਿਲ ਕੇ ਲੜੀਆਂ ਤੇ ਦੋਵਾਂ ਦੀਆਂ ਕੁੱਲ ਇੱਕ ਸੌ ਇਕਾਹਠ ਸੀਟਾਂ ਹਨ। ਕਾਂਗਰਸ ਅਤੇ ਐੱਨ ਸੀ ਪੀ ਵਾਲਿਆਂ ਦਾ ਸਾਂਝਾ ਜੋੜ ਪੰਜ ਸਾਲ ਪਹਿਲਾਂ ਤਿਰਾਸੀ ਸੀਟਾਂ ਸੀ, ਇਸ ਵਾਰੀ ਉਹ ਇੱਕ ਸੌ ਅੱਠ ਹੋ ਗਈਆਂ ਅਤੇ ਭਾਜਪਾ ਨੂੰ ਇਸ ਵਾਰੀ ਕਈ ਵੱਡੇ ਆਗੂ ਹਾਰ ਜਾਣ ਦੀ ਸੱਟ ਵੀ ਖਾਣੀ ਪਈ ਹੈ। ਅਗਲੀ ਗੱਲ ਇਹ ਕਿ ਇਸ ਵਾਰੀ ਸ਼ਿਵ ਸੈਨਾ ਵੀ ਅੱਗੇ ਤੋਂ ਵੱਧ ਹਮਲਾਵਰੀ ਰੁਖ ਧਾਰਨ ਕਰਨ ਲੱਗ ਪਈ ਹੈ, ਜਿਸ ਨੂੰ ਸੰਭਾਲਣਾ ਭਾਜਪਾ ਲਈ ਔਖਾ ਹੋ ਸਕਦਾ ਹੈ।
ਹਰਿਆਣੇ ਵਿੱਚ ਭਾਜਪਾ ਜਿੱਤੀ ਨਹੀਂ, ਉਹ ਲੋਕਾਂ ਦੇ ਫਤਵੇ ਦੀਆਂ ਜਿੰਨੀਆਂ ਵੀ ਗੱਲਾਂ ਕਰੇ, ਸੱਚਾਈ ਇਹੋ ਹੈ ਕਿ ਪਿਛਲੀ ਵਾਰ ਪੈਂਤੀ ਕੁ ਸੀਟਾਂ ਦੀ ਆਸ ਰੱਖ ਕੇ ਚੱਲੀ ਭਾਜਪਾ ਦੀਆਂ ਸੰਤਾਲੀ ਸੀਟਾਂ ਸਨ, ਪਰ ਇਸ ਵਾਰੀ ਉਹ ਪੰਝੱਤਰ ਸੀਟਾਂ ਜਿੱਤਣ ਦੇ ਨਾਅਰੇ ਨਾਲ ਤੁਰੀ ਤੇ ਚਾਲੀ ਸੀਟਾਂ ਟੱਪ ਨਹੀਂ ਸਕੀ। ਉਸ ਨੂੰ ਇਸ ਵਾਰੀ ਵੱਡੀ ਸੱਟ ਉਸ ਦੇ ਖਜ਼ਾਨਾ ਮੰਤਰੀ ਕੈਪਟਨ ਅਭਿਮੰਨੂ ਦੀ ਹਾਰ ਨਾਲ ਵੱਜੀ ਅਤੇ ਸੂਬਾ ਪ੍ਰਧਾਨ ਵੀ ਜਿੱਤ ਨਹੀਂ ਸਕਿਆ। ਜਿਸ ਦੰਗਲ ਗਰਲ ਬਬੀਤਾ ਫੋਗਾਟ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਬੜੇ ਧੂਮ-ਧੜੱਕੇ ਨਾਲ ਲਿਆਂਦਾ ਸੀ, ਉਹ ਵੀ ਨਹੀਂ ਜਿੱਤੇ। ਆਖਰ ਨੂੰ ਓਮ ਪ੍ਰਕਾਸ਼ ਚੌਟਾਲਾ ਦੇ ਬਾਗੀ ਹੋਏ ਪੋਤਰੇ ਦੁਸ਼ਅੰਤ ਨਾਲ ਸੌਦਾ ਮਾਰਨਾ ਪਿਆ ਹੈ। ਇੱਕ ਸਾਲ ਤੋਂ ਛੋਟੀ ਉਮਰ ਦੀ ਪਾਰਟੀ ਦਾ ਉਹ ਆਗੂ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਧੜੱਲੇਦਾਰ ਆਗੂਆਂ ਨੂੰ ਮਜਬੂਰ ਕਰਨ ਜੋਗਾ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਆਪਣੀ ਪਾਰਟੀ ਲਈ ਲੋਕਾਂ ਦਾ ਫਤਵਾ ਦੱਸ ਰਿਹਾ ਹੈ।
ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਸੱਟ ਦੋਵਾਂ ਮੁੱਖ ਧਿਰਾਂ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਤਕੜੀ ਪਈ ਹੈ, ਪਰ ਜ਼ਿਆਦਾ ਸੋਚਣ ਦੀ ਲੋੜ ਰਾਜ ਚਲਾ ਰਹੀ ਪਾਰਟੀ ਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਚਾਰ ਸੀਟਾਂ ਦੀਆਂ ਉੱਪ ਚੋਣਾਂ ਵਿੱਚ ਕੁੱਦਣ ਵੇਲੇ ਕਾਂਗਰਸ ਦੀ ਇੱਕ ਸੀਟ ਮੁਕੇਰੀਆਂ ਦਾਅ ਉੱਤੇ ਲੱਗੀ ਹੋਈ ਸੀ, ਹੋਰ ਤਿੰਨਾਂ ਵਿੱਚੋਂ ਦਾਖੇ ਵਾਲੀ ਸੀਟ ਆਮ ਆਦਮੀ ਪਾਰਟੀ ਦੇ ਐੱਚ ਐੱਸ ਫੂਲਕਾ ਨੇ ਛੱਡੀ ਸੀ, ਜਲਾਲਾਬਾਦ ਤੇ ਫਗਵਾੜਾ ਵਾਲੀਆਂ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਖਾਲੀ ਹੋਈਆਂ ਸਨ। ਕਾਂਗਰਸ ਨੇ ਮੁਕੇਰੀਆਂ ਵਾਲੀ ਆਪਣੀ ਸੀਟ ਮਸਾਂ ਬਚਾਈ ਹੈ, ਜਿੱਥੇ ਉਹ ਸੌਖੀ ਲੜਾਈ ਸਮਝਦੀ ਸੀ। ਹਾਰਦੀ ਜਾਪਦੀ ਫਗਵਾੜਾ ਸੀਟ ਉਸ ਦਾ ਉਮੀਦਵਾਰ ਇਸ ਲਈ ਜਿੱਤ ਗਿਆ ਕਿ ਹਰਿਆਣੇ ਦੀ ਕੌੜ ਕੱਢਣ ਲਈ ਅਕਾਲੀਆਂ ਨੇ ਏਥੇ ਭਾਜਪਾ ਉਮੀਦਵਾਰ ਨੂੰ ਵੋਟਾਂ ਦੇਣ ਦੀ ਥਾਂ ਅੰਦਰੋ-ਅੰਦਰੀ ਕਾਂਗਰਸ ਨੂੰ ਪਾਈਆਂ ਸਨ। ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਨੇ ਰਮਿੰਦਰ ਆਂਵਲਾ ਨੂੰ ਜਦੋਂ ਉਮੀਦਵਾਰ ਬਣਾਇਆ ਸੀ, ਓਸੇ ਵੇਲੇ ਸੁਖਬੀਰ ਸਿੰਘ ਬਾਦਲ ਨੇ ਓਥੇ ਜਾਣਾ ਛੱਡ ਦਿੱਤਾ ਅਤੇ ਜਿਸ ਆਗੂ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ, ਉਹ ਇਕੱਲਾ ਜਿਹਾ ਘੁੰਮਦਾ ਜਾਪਦਾ ਸੀ। ਸੁਖਬੀਰ ਸਿੰਘ ਬਾਦਲ ਨੇ ਹਰਿਆਣੇ ਵਿਚਲੀ ਕਾਲਾਂਵਾਲੀ ਸੀਟ ਨੂੰ ਨੱਕ ਦਾ ਸਵਾਲ ਬਣਾ ਕੇ ਲੜਿਆ ਤੇ ਬਹੁਤ ਸਮਾਂ ਓਥੇ ਲਾਇਆ ਤੇ ਜਿਹੜਾ ਬਚਦਾ ਸੀ, ਉਹ ਦਾਖੇ ਵਾਲੀ ਸੀਟ ਉੱਤੇ ਲਾਇਆ ਸੀ, ਜਿਸ ਦੇ ਵਿਚਲੀ ਗੁੰਝਲ ਨੂੰ ਮੁੱਖ ਮੰਤਰੀ ਦੀ ਟੀਮ ਸਮਝ ਨਹੀਂ ਸੀ ਸਕੀ।
ਅਸਲ ਵਿੱਚ ਦਾਖੇ ਦੀ ਲੜਾਈ ਸਿਰਫ ਇੱਕ ਵਿਧਾਨ ਸਭਾ ਸੀਟ ਦੀ ਨਹੀਂ, ਮੁੱਖ ਮੰਤਰੀ ਦੀ ਟੀਮ ਦੇ ਇੱਕ ਹੱਦੋਂ ਵੱਧ ਖਾਸ ਪ੍ਰਤੀਨਿਧ ਨੂੰ ਹਰਾਉਣ ਦੀ ਬਣੀ ਹੋਈ ਸੀ। ਕਾਂਗਰਸ ਦੇ ਆਪਣੇ ਕਈ ਆਗੂ ਅੰਦਰੋ-ਅੰਦਰ ਇਹ ਚਾਹੁੰਦੇ ਸਨ ਕਿ ਕਾਂਗਰਸ ਦਾ ਉਮੀਦਵਾਰ ਹਾਰ ਜਾਵੇ ਅਤੇ ਇਸ ਦੇ ਨਾਲ ਮੁੱਖ ਮੰਤਰੀ ਨੂੰ ਇਹ ਪਤਾ ਲੱਗ ਜਾਵੇ ਕਿ ਉਸ ਨਾਲ ਜੁੜੀ ਹੋਈ ਖਾਸ ਲੋਕਾਂ ਦੀ ਟੀਮ ਦਾ ਪ੍ਰਭਾਵ ਆਮ ਲੋਕਾਂ ਵਿੱਚ ਚੰਗਾ ਨਹੀਂ। ਮੁੱਖ ਮੰਤਰੀ ਨੇ ਇਹ ਖੇਡ ਸਮਝਣ ਲਈ ਸੋਚਿਆ ਤੱਕ ਨਹੀਂ ਅਤੇ ਇਸ ਨੂੰ ਜਿੱਤੀ ਹੋਈ ਸੀਟ ਮੰਨ ਕੇ ਚੱਲਦੇ ਰਹੇ, ਜਿਸ ਨਾਲ ਸੀਟ ਹਾਰ ਗਈ ਹੈ। ਪਾਰਟੀ ਅੰਦਰਲੀਆਂ ਕਈ ਖੇਡਾਂ ਇਸ ਹਾਰ ਲਈ ਜ਼ਿਮੇਵਾਰ ਹਨ। ਅਕਾਲੀ ਉਮੀਦਵਾਰ ਏਥੋਂ ਦੇ ਹਰ ਪਿੰਡ ਤੇ ਹਰ ਗਲੀ ਤੱਕ ਸਿੱਧੇ ਸੰਪਰਕ ਵਾਲਾ ਸੀ ਤੇ ਕਾਂਗਰਸ ਉਮੀਦਵਾਰ ਅਖੀਰ ਤੱਕ ਓਪਰਾ ਹੀ ਰਿਹਾ ਸੀ। ਜਿਨ੍ਹਾਂ ਕਾਂਗਰਸੀ ਲੀਡਰਾਂ ਨੇ ਆਪ ਲਿਆਂਦਾ ਸੀ, ਉਹੀ ਉਸ ਦੇ ਖਿਲਾਫ ਚੱਲਦੇ ਰਹੇ। ਕਹਿਣ ਵਾਲੇ ਇਹ ਵੀ ਕਹਿੰਦੇ ਸਨ ਕਿ ਸੁਖਬੀਰ ਸਿੰਘ ਬਾਦਲ ਏਥੇ ਆਪਣਾ ਵਕਤ ਜ਼ਾਇਆ ਕਰਨ ਦੀ ਥਾਂ ਹਰਿਆਣੇ ਵਿੱਚ ਕਾਲਾਂਵਾਲੀ ਸੀਟ ਨੂੰ ਦੇ ਸਕਦਾ ਹੈ, ਏਥੇ ਉਹਦਾ ਕੰਮ ਕਾਂਗਰਸ ਦੇ ਕੁਝ ਆਗੂ ਖੁਦ ਕਰੀ ਜਾਂਦੇ ਨੇ। ਇਹ ਗੱਲ ਚਰਚਾ ਦਾ ਵਿਸ਼ਾ ਕਾਹਤੋਂ ਬਣੀ, ਇਸ ਦੀ ਘੋਖ ਕੀਤੀ ਵਿੱਚੋਂ ਕਈ ਕੁਝ ਨਿਕਲਦਾ ਹੈ ਤੇ ਉਸ ਖੇਡ ਨੂੰ ਜਿਹੜੇ ਪੱਤਰਕਾਰਾਂ ਨੇ ਨੇੜਿਉਂ ਜਾਣਿਆ ਤੇ ਵੇਖਿਆ ਹੈ, ਉਨ੍ਹਾਂ ਦੀਆਂ ਗੱਲਾਂ ਵਿੱਚ ਗੰਭੀਰਤਾ ਬਹੁਤ ਹੈ।
ਇਹੀ ਉਹ ਗੰਭੀਰਤਾ ਹੈ, ਜਿਸ ਨੂੰ ਸਮਝ ਲਿਆ ਜਾਵੇ ਤਾਂ ਇਸ ਗੱਲ ਦੀ ਸਮਝ ਵੀ ਪੈ ਸਕਦੀ ਹੈ ਕਿ ਢਾਈ ਕੁ ਸਾਲ ਬਾਅਦ ਪੰਜਾਬ ਦੀ ਰਾਜਨੀਤੀ ਕਿਹੜੇ ਪਾਸੇ ਨੂੰ ਜਾ ਸਕਦੀ ਹੈ ਅਤੇ ਇਹ ਵੀ ਕਿ ਕਿਉਂ ਜਾ ਸਕਦੀ ਹੈ!