ਰਜਿਸਟਰੀ----ਦੁਨਿਆਵੀ ਕਹਾਣੀ------ਭੱਟੀ ਦੀ ਕਲਮ ਤੋਂ।
ਨੋਟ-ਲੇਖਕ ਅਤੇ ਉਸਦੇ ਸਾਥੀਆਂ ਵੱਲੋਂ ਇਸ ਕਹਾਣੀ ਵਿੱਚ ਸਾਰਾ ਕੁਝ ਪਿੰਡੇ ਤੇ ਹੰਢਾਇਆ ਹੋਇਆ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਬੁਰਾ ਲੱਗੇ ਤਾਂ ਖਿਮਾਂ ਦੇ ਜਾਚਕ ਹਾਂ---ਲੇਖਕ।
ਆਪਣੇਪਨ ਦੀ ਆਸ ਨਾਲ ਇੱਕ ਦਿਨ ਮੈਂ ਆਪਣੇ ਕਿਸੇ ਨਜਦੀਕੀ ਯਾਰ ਨੂੰ,ਗੱਲਾਂ ਹੀ ਗੱਲਾਂ ਵਿੱਚ ਪੁੱਛ ਬੈਠਾ
ਯਾਰਾ ਆਹ ਬੰਦਾ ਮਰ ਗਿਆ ਆ
ਇਸ ਦਾ ਪ੍ਰਾਥਿਕ ਸਰੀਰ ਭਾਰਤ ਭੇਜਣ ਵਾਸਤੇ
ਥੋੜੀ ਮਾਇਆ ਦੀ ਲੋੜ ਆ, ਮਦਦ ਕਰ ਦਿਉ।
ਜਿਤਨੀ ਹੋ ਸਕਦੀ ਆ,ਉਹ ਵੀ ਆਪਣੀ ਖੁਸ਼ੀ ਨਾਲ ਬੰਦਿਸ਼ ਕੋਈ ਨਹੀਂ,
ਮੇਰਾ ਉਹ ਜਿਗਰੀ ਯਾਰ ਬੋਲਿਆ, ਵਈ ਮਦਦ ਤਾਂ ਮੈਂ ਕਰ ਦਿਆਂ, ਕੋਈ ਮੁਸ਼ਕਿਲ ਨਹੀਂ, ਪਰ ਫਿਲਹਾਲ ਮੈਂ ਪ੍ਰਮਾਤਮਾਂ ਦੇ ਨਾਲ ਇੱਕ ਸੌਦਾ ਕੀਤਾ ਹੋਇਐ ਕਿ ਜਦ ਮੈਂ ਮਰ ਗਿਆ ਤਾਂ ਮੈਂ ਜਾਣ ਲੱਗਾ ਘੱਟੋ ਘੱਟ ਪੰਜ ਕਰੋੜ ਰੁਪਿਆ ਨਾਲ ਲੈ ਕੇ ਜਾਣਾਂ ਬੱਸ ਉਹ ਪੂਰਾ ਹੋ ਲੈਣ ਦੇ, ਉਸਤੋਂ ਬਾਅਦ ਜਿਵੇਂ ਕਹੇਂਗਾ ਮਦਦ ਕਰ ਦਿਆਂਗਾ, ਕਿਉਂਕਿ ਗਰੀਬ ਤਾਂ ਨਿੱਤ ਦਿਨ ਮਰਦੇ ਹੀ ਰਹਿੰਦੇ ਹਨ,ਇਸ ਲਈ ਜਦੋਂ ਕੋਈ ਹੋਰ ਮਰੇਗਾ ਉਸ ਵਕਤ ਬਣਦਾ ਸਰਦਾ ਹਿੱਸਾ ਪਾ ਦੇਵਾਂਗਾ, ਬੱਸ ਮੇਰਾ ਸੌਦਾ ਸਿਰੇ ਚੜ ਜਾਵੇ, ਇਹ ਨਾ ਹੋਵੇ ਕਿ ਕਿਧਰੇ ਤੇਰੇ ਇਸ ਮਰੇ ਹੋਏ ਆਦਮੀ ਕਰਕੇ ਰੱਬ ਮੁੱਕਰ ਜਾਵੇ ਕਿ ਵਈ ਤੇਰੀ ਰਜਿਸਟਰੀ ਦਾ ਵਕਤ ਪੂਰਾ ਹੋ ਗਿਆ ਹੁਣ ਤੂੰ ਵੀ ਖਾਲੀ ਜਾਵੇਂਗਾ, ਇਸ ਕਰਕੇ ਮਿਹਰਬਾਨੀ ਕਰਕੇ ਮੇਰੀ ਸੱਧਰ ਪੂਰੀ ਹੋ ਲੈਣ ਦੇ
ਮੈਂ ਜਵਾਬ ਦਿੱਤਾ ਗੱਲ ਸੁਣ ਵਈ ਮੇਰੇ ਜਿਗਰੀਆ ਯਾਰਾ ਦਿਲ ਦੇ ਕੋਹੜੀਆ, ਦੇਖ, ਮੈਂ ਅਤੇ ਮੇਰੇ ਦੋਸਤਾਂ ਨੇ ਰਲ ਮਿਲ ਕੇ ਇੱਕ ਸੌਅ ਇੱਕਵੰਜਾਂ ਮ੍ਰਿਤਕ ਦੇਹਾਂ ਦੋ ਹਜਾਰ ਤਿੰਨ ਤੋਂ ਲੈ ਕੇ ਹੁਣ ਤੱਕ ਭਾਰਤ ਉਨਾਂ ਦੇ ਮਾਪਿਆਂ ਕੋਲ ਭੇਜੀਆ ਹਨ, ਉਹ ਤਾਂ ਸਾਰੇ ਖਾਲੀ ਹੱਥ ਗਏ ਹਨ, ਅਸੀਂ ਹਰ ਇੱਕ ਨੂੰ ਆਪਣੇ ਹੱਥੀਂ ਪੇਟੀ ਵਿੱਚ ਬੰਦ ਕਰਕੇ ਭੇਜਦੇ ਹਾਂ, ਉਨਾਂ ਕੋਲ ਤਾਂ ਦੁਨੀਆਂ ਛੱਡਦੇ ਵਕਤ ਕੁਝ ਨਹੀਂ ਹੁੰਦਾ ਅਤੇ ਨਾਂ ਹੀ ਅਸੀਂ ਦੇਖਿਆ ਹੈ।
ਮੇਰਾ ਯਾਰ ਬੋਲਿਆ, ਛੱਡ ਯਾਰ ਇਨਾਂ ਬੇਫਜੂਲ ਗੱਲਾਂ ਨੂੰ, ਗਰੀਬ ਨੂੰ ਨਾਂ ਕੋਈ ਇੱਥੇ ਪੁੱਛਦਾ ਨਾਂ ਅੱਗੇ।ਸਾਡਾ ਇੱਥੇ ਵੀ ਬੋਲ ਬਾਲਾ ਤੇ ਦਰਗਾਹੇ ਵੀ।ਬੱਸ ਰੱਬ ਨਾਲ ਲੈਣ ਦੇਣ ਦਾ ਤਰੀਕਾ ਆਉਣਾ ਚਾਹੀਦਾ ਆ। ਆ ਦੇਖ ਖਾਂ ਹੁਣ ਮੇਰਾ ਸੌਦਾ (ਰੱਬ ਨਾਲ) ਪੰਜ ਕਰੋੜ ਨਾਲ ਲਿਜਾਣ ਦਾ ਹੋਇਆ, ਉਹ ਹੁਣ ਮੈਂ ਲੈ ਵੀ ਜਾਣੇ ਆ।
ਮੇਰੀ ਆਤਮਾਂ ਫਿਰ ਨਾ ਮੰਨੀ, ਮੈਂ ਫਿਰ ਕਿਹਾ ਕਿ ਸਾਡੇ ਗੁਰੂ ਸਾਹਿਬੁ ਤਾਂ ਕਹਿੰਦੇ ਆਏ ਹਨ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ, ਲਾਚਾਰ ਅਤੇ ਦੁਨੀਆਂ ਛੱਡ ਕੇ ਜਾ ਰਹੇ ਇਨਸਾਨਾਂ ਦੀ ਕਿਰਿਆ ਕਰਮ ਵਾਸਤੇ ਮਾਇਆ ਲਾਉਂਦੇ ਰਹਿਣਾ ਚਾਹੀਦਾ ਹੈ।
ਅੱਗੋਂ ਉਹ ਕਹਿਣ ਲੱਗਾ, ਛੱਡ ਯਾਰਾ ਇਨਾਂ ਬੇਤੁੱਕੀਆਂ ਗੱਲਾਂ ਨੂੰ ਮੈਂ ਨਹੀਂ ਮੰਨਦਾ, ਨਾਲੇ ਐਵੇਂ ਈ ਨਾਂ ਮੈਨੂੰ ਇਹੋ ਜਿਹੀਆਂ ਮਨਘੜਤ ਕਹਾਵਤਾਂ ਸੁਣਾ ਸੁਣਾ ਕੇ ਮੇਰੀ ਰਜਿਸਟਰੀ ਅੱਧ ਵਿਚਾਲੇ ਰੁਕਵਾ।ਇੱਕ ਹੋਰ ਗੱਲ ਸੁਣ ਧਿਆਨ ਨਾਲ ਅਜੇ ਪਿਛਲੇ ਮਹੀਨੇ ਹੀ ,ਮੇਰੇ ਵਰਗੇ ਅਮੀਰਾਂ ਦੀ ਰੱਬ ਨਾਲ ਹੋਈ ਮੀਟਿੰਗ ਦੌਰਾਨ,ਸਾਡੀ ਸਾਰਿਆਂ ਦੀ ਲਿਖਤੀ ਗੱਲਬਾਤ ਹੋ ਚੁੱਕੀ ਹੈ ਕਿ ਅਸੀਂ ਜਿਤਨਾਂ ਚਾਹੀਏ, ਆਪਣੇ ਨਾਲ ਲਿਜਾ ਸਕਦੇ ਹਾਂ, ਪਰ ਨਾਲ ਲਿਜਾਣ ਵਾਲੀ ਜਾਇਦਾਦ ਵਿੱਚੋਂ ਅੱਧਾ ਹਿੱਸਾ ਰੱਬ ਦਾ ਹੋਵੇਗਾ, ਇਸ ਗੱਲ ਦੀ ਸਾਡੀ ਆਪਸੀ ਸਹਿਮਤੀ ਬਣ ਚੁੱਕੀ ਹੈ।
ਦੂਸਰਾ ਮੇਰਾ ਤਾਂ ਪੰਜ ਕਰੋੜ ਦਾ ਹੀ ਸੌਦਾ ਹੋਇਆ ਹੈ, ਕਿਉਂਕਿ ਤੇਰੇ ਵਰਗੇ ਦੀਆਂ ਹਦਾਇਤਾਂ ਕਾਰਨ ਕਿ ਜੇ ਤੂੰ ਆਹ ਕਰੇਂਗਾ ਜਾਂ ਔਹ ਤਾਂ ਨਰਕਾਂ ਨੂੰ ਜਾਵੇਂਗਾ, ਆਦਿ ਆਦਿ ਸੁਣਦਾ ਹੋਇਆ ਬਹੁਤ ਨਹੀਂ ਕਮਾ ਸਕਿਆ, ਵਰਨਾਂ ਕਈਆਂ ਦਾ ਤਾਂ ਅਰਬਾਂ ਖਰਬਾਂ ਦਾ ਵੀ ਸੌਦਾ ਹੋਇਆ ਪਿਆ ਹੈ।ਇਸ ਕਰਕੇ ਸਾਡੇ ਕੋਲੋਂ ਤਾਂ ਰੱਬ ਵੀ ਨਹੀਂ ਮੁੱਕਰ ਸਕਦਾ, ਨਾਂ ਹੀ ਉਹ ਸਹਿਜੇ ਕੀਤੇ ਸਾਨੂੰ ਮਾਰ ਸਕਦਾ ਹੈ, ਕੀ ਡਾਕਟਰ ਤੇ ਕੀ ਸਰਕਾਰਾਂ ਸਾਰਾ ਕੁਝ ਸਾਡਾ ਖਰੀਦਿਆ ਹੋਇਆ ਹੁੰਦਾ ਹੈ, ਅਸੀਂ ਮਰਦੇ ਮਰਦੇ ਵੀ ਪੈਸੇ ਦੇ ਜੋਰ ਨਾਲ ਬਚ ਜਾਂਦੇ ਹਾਂ।ਦੂਜੇ ਪਾਸੇ ਤੁਸੀਂ ਜਿਹੜੇ ਆਪਣੇ ਆਪ ਨੂੰ ਧਰਮੀਂ ਸਮਝਦੇ ਹੋ, ਕੀੜੇ ਮਕੌੜੇ ਦੀ ਤਰਾਂ ਹਾਕਮਾਂ ਅਤੇ ਰੱਬ ਕੋਲੋਂ ਜਲੀਲ ਹੋ ਕੇ ਮਾਰੇ ਜਾਂਦੇ ਹੋ।
ਅੱਛਾ ਨਾ ਮੰਨ ਤੇਰੀ ਮਰਜੀ ਆ, ਅਸੀਂ ਤਾਂ ਜਿਤਨਾਂ ਕੁਝ ਸਾਡੇ ਹੱਥ ਵੱਸ ਆ ਕਰੀ ਜਾ ਰਹੇ ਹਾਂ, ਬੱਸ ਤੇਰੇ ਕੋਲੋਂ ਤਾਂ ਦੋਸਤ ਸਮਝ ਕੇ ਪੁੱਛ ਲਿਆ, ਜੇਕਰ ਤੂੰ ਨਹੀਂ ਕੁਝ ਕਰ ਸਕਦਾ ਤਾਂ ਨਾਂ ਕਰ, ਘੱਟੋ ਘੱਟ ਮੇਰੇ ਵਰਗੇ ਗਰੀਬ ਦਾ ਇਤਨਾਂ ਕੁ ਭਲਾ ਤਾਂ ਜਰੂਰ ਕਰਦੇ ਕਿ ਜੇਕਰ ਤੇਰੇ ਵਰਗੇ ਕਰੋੜਾਂ ਰੁਪਏ ਜਮਾ ਕਰ ਰਹੇ ਹਨ, ਨਾਲ ਲਿਜਾਣ ਵਾਸਤੇ ਤਾਂ, ਯਾਰ ਬਣਕੇ ਮੈਨੂੰ ਵੀ ਇਜਾਜਤ ਦਿਵਾ ਦੇ ਕੇ ਮੈਂ ਵੀ ਜਾਂਦੇ ਵਕਤ ਸਿਰਫ ਸੌਅ ਰੁਪਏ ਦਾ ਨੋਟ ਹੀ ਲੁਕਾ ਕੇ ਨਾਲ ਲੈ ਜਾਵਾਂ।
ਉਹ ਤੱਤਾ ਹੁੰਦਾ ਹੋਇਆ ਬੋਲਿਆ, ਕਹਿਣ ਲੱਗਾ ਕੀ ਤੇਰੇ ਵਰਗੇ ਦਾ ਕੰਮ ਕਰਵਾ ਕੇ ਮੈਂ ਵੀ ਆਪਣੇ ਸੌਦੇ ਤੋਂ ਹੱਥ ਧੋ ਬੈਠਾਂ, ਨਾਲੇ ਤੇਰੇ ਕੋਲ ਤਾਂ ਕਿਸੇ ਨੂੰ ਰੋਟੀ ਖੁਆਉਣ ਜੋਗੇ ਪੈਸੇ ਨਹੀਂ ਹੁੰਦੇ ਰੱਬ ਨੂੰ ਸੌਅ ਦਾ ਨੋਟ ਨਾਲ ਲਿਜਾਣ ਬਦਲੇ ਪੈਸੇ ਕਿੱਥੋਂ ਦੇਵੇਂਗਾ।ਦੂਸਰੀ ਗੱਲ ਤੁਸੀਂ ਗਰੀਿਬੋ ਗੁਰਬਿਉ ਉਤਨੀ ਕੁ ਹੀ ਆਸ ਰੱਖਿਆ ਕਰੋ ਜਿਤਨੀ ਤੁਹਾਡੀ ਔਕਾਤ ਹੁੰਦੀ ਹੈ।ਪੈਸੇ ਜਾਇਦਾਦਾਂ ਨਾਲ ਲਿਜਾਣ ਦੀ ਪਹੁੰਚ ਸਿਰਫ ਤੇ ਸਿਰਫ ਅਮੀਰਾਂ ਕੋਲ ਹੁੰਦੀ ਹੈ, ਤੁਹਾਡੇ ਜੋ ਮਿੰਮੇ ਲੱਗਾ ਹੋਇਆ ਹੈ, ਉਹ ਕਰੀ ਜਾਵੋ ਮਰਿਆਂ ਨੂੰ ਸੰਭਾਲੋ ਜਾਂ ਮਰ ਰਹਿਆਂ ਨੂੰ? ਤੁਹਾਡੀ ਮਰਜੀ, ਪਰ ਮੇਰੇ ਕੋਲੋਂ ਭਵਿੱਖ ਵਿੱਚ ਵੀ ਕਿਸੇ ਮਰੇ ਹੋਏ ਗਰੀਬ ਦੀ ਅਰਥੀ ਦੀ ਸਾਂਭ ਸੰਭਾਲ ਵਾਸਤੇ ਫਰਿਆਦ ਲੈ ਕੇ ਨਹੀਂ ਆਉਣਾ।
ਠੀਕ ਆ ਵੀਰ ਜੀ, ਤੁਸੀਂ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ, ਹੁਣ ਅਸੀਂ ਕਿਸੇ ਧਰਮੀਂ ਬੰਦੇ ਨੂੰ ਤਾਂ ਭਾਵੇਂ ਫੋਨ ਕਰਕੇ ਜਾਂ ਮਿਲ ਕੇ ਮਦਦ ਮੰਗ ਲਵਾਂਗੇ, ਪਰ ਤੇਰੇ ਵਰਗੇ ਮਾਇਆਧਾਰੀ ਕੋਲੋਂ ਕੋਈ ਆਸ ਨਹੀਂ ਰੱਖਾਂਗੇ।
ਮੈਨੂੰ ਟੋਕਦਾ ਹੋਇਆ ਉਹ ਬੋਲਿਆ, ਬਹੁਤ ਚੰਗੀ ਗੱਲ ਆ ਕਿ ਤੂੰ ਜਲਦੀ ਹੀ ਸਮਝ ਗਿਆ ਆਂ।ਵੈਸੇ ਵੀ ਗਰੀਬ ਨੂੰ ਗਰੀਬ, ਧਰਮੀ ਨੂੰ ਧਰਮੀਂ, ਹੰਕਾਰੀ ਨੂੰ ਹੰਕਾਰੀ ਤੇ ਅਮੀਰ ਨੂੰ ਅਮੀਰ ਹੀ ਸਮਝਦਾ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੈਨੂੰ ਸਮਝਾਉਣ ਵਾਸਤੇ ਮੈਨੂੰ ਮਿਹਨਤ ਨਹੀਂ ਕਰਨੀ ਪਈ, ਇਸ ਕਰਕੇ ਜਾ ਹੁਣ ਆਪਣਾ ਕੰਮ ਕਰ ਤੇ ਮੈਨੂੰ ਆਪਣੀ ਰਜਿਸਟਰੀ ਦੀ ਰਕਮ ਪੂਰੀ ਕਰਨ ਵਾਸਤੇ ਸੋਚਣ ਦੇ।
ਮੈਂ ਨਿੰਮੋਝੂਣਾ ਜਿਹਾ ਹੋ ਕੇ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ, ਕੀ ? ਸਾਡੇ ਗੁਰੂ ਸਾਹਿਬਾਨ, ਕਥਾਵਾਚਕ, ਰਾਗੀ ਢਾਡੀ ਜਾਂ ਵੱਡੇ ਵਢੇਰੇ ਅੱਜ ਤੱਕ ਜੋ ਕਹਿੰਦੇ ਜਾਂ ਸਿੱਖਿਆ ਦੇਣੋਂ ਨਹੀਂ ਸਨ ਥੱਕਦੇ ਕਿ ਵੰਡ ਕੇ ਛਕੋ, ਦਸਵੰਧ ਕੱਢੋ, ਕਿਸੇ ਗਰੀਬ ਦਾ ਭਲਾ ਜਰੂਰ ਕਰਿਆ ਕਰੋ, ਆਦਿ ਸਾਰਾ ਕੁਝ, ਕੀ ਇਹ ਸਾਰਾ ਕੁਝ ਅਸੀਂ ਝੂਠ ਹੀ ਸੁਣਦੇ ਆਏ ਹਾਂ, ਜਾਂ ਆਹ ਰੱਬ ਨਾਲ ਸੌਦੇਬਾਜੀ ਵਾਲੀ ਗੱਲ ਸੱਚੀ ਹੈ ਮੈਂ ਸੋਚੀਂ ਪੈ ਗਿਆ ਕਿ ਇਨਾਂ ਦੋਹਾਂ 'ਚੋਂ' ਕਿਹੜੀ ਸੱਚੀ ਹੈ ਤੇ ਕਿਹੜੀ ਝੂਠੀ, ਇਹ ਸੋਚਦਾ ਸੋਚਦਾ ਹੀ ਆਪ ਮੁਹਾਰੇ ਦਿਲ ਹੀ ਦਿਲ, ਔਰਰ-ਡਾਨ ਦੇ ਸੇਵਾਦਾਰਾਂ ਚੀਮਾਂ ਬੇਗੋਵਾਲ, ਹਰਿੰਦਰਪਾਲ ਸਿੰਘ ਸੇਠੀ, ਬਲਵਿੰਦਰ ਸਿੰਘ ਥਿੰਦ, ਕੁਲਵਿੰਦਰ ਸਿੰਘ ਫਰਾਂਸ, ਸੁਰਜੀਤ ਸਿੰਘ ਮਾਣਾ, ਸੁਰਜੀਤ ਸਰਪੰਚ, ਅਜੀਤ ਲੰਬੜ, ਜੈਲਦਾਰ ਬੂਟਾ ਸਿੰਘ, ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰਗ, ਬਿੱਟੂ ਬੰਗੜ, ਕੁਲਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਹਰਿਆਣਾ, ਬਲਕਾਰ ਸਿੰਘ ਹਰਿਆਣਾ, ਕੁਲਵਿੰਦਰ ਸਿੰਘ ਰੰਗਾ ਸਮੇਤ ਕਈ ਹੋਰਨਾਂ ਬਾਰੇ ਵੀ ਸੋਚਣ ਲੱਗ ਪਿਆ ਕਿ ਮੇਰੇ ਇਸ ਨਜਦੀਕੀ ਅਤੇ ਘੁਮੰਡੀ ਦੋਸਤ ਨਾਲੋਂ ਤਾਂ ਇਹ ਸਾਰੇ ਹੀ ਕਿਧਰੇ ਚੰਗੇ ਹਨ ਜਿਹੜੇ ਹਰ ਮਰੇ ਹੋਏ ਪ੍ਰਾਣੀ ਦੀ ਕਿਰਿਆ ਕਰਮ ਵਾਸਤੇ ਭਾਰਤੀ ਅੰਬੈਸੀ (ਫਰਾਂਸ ਦੇ ਅਧਿਕਾਰੀਆਂ) ਵਾਂਗ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਹਰ ਗੁਰਦਵਾਰੇ ਵਿੱਚੋਂ ਜਾਂ ਜਾਣ ਪਛਾਣ ਦੇ ਦੋਸਤਾਂ ਕੋਲੋਂ ਅਪੀਲਾਂ ਕਰ ਕਰ ਕੇ ਮਾਇਆ ਇਕੱਠੀ ਕਰਦੇ ਹਨ ਸਿਰਫ ਤੇ ਸਿਰਫ ਇਸ ਕਰਕੇ ਕਿ ਕਿਧਰੇ ਕੋਈ ਮਾਈ ਦਾ ਲਾਲ, ਮਰਨ ਉਪਰੰਤ, ਆਪਣੇ ਮਾਪਿਆਂ ਦੇ ਆਖਰੀ ਦਰਸ਼ਨ ਕਰਨ ਤੋਂ ਵਾਂਝਾ ਰਹਿ ਨਾ ਜਾਵੇ, ਜਾਂ ਆਪਣੇ ਕਿਸੇ ਨਿੱਜੀ ਮੁਫਾਦ ਵਾਸਤੇ।
ਇਨਾਂ ਸਾਰੇ ਹਾਲਾਤਾਂ ਨੂੰ ਸਮਝਣ ਉਪਰੰਤ ਜਦ ਮੈਨੂੰ.ਆਪਣੇ ਦੋਸਤ ਦੀਆਂ ਆਨਾ ਕਾਨੀ ਕਰਨ ਵਾਲੀਆਂ ਵਕਤ ਟਪਾਊ ਗੱਲਾਂ ਨਿਰਅਧਾਰ ਜਾਪੀਆਂ ਅਤੇ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਅਤੇ ਸੇਧ ਹੀ ਭਾਰੂ ਦਿਖਾਈ ਦਿੱਤੀ ਤਾਂ ਮੈਂ ਆਪਣੇ ਵਿਚਾਰਾਂ ਦੀ ਲੜੀ ਨੂੰ ਫਿਰ ਉਸੇ ਤਰਾਂ ਹੀ ਮਨ ਹੀ ਮਨ ਜੋੜ ਲਿਆ, ਜਿਸ ਜਗਾਹ ਤੋਂ ਟੁੱਟ ਕੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਸੀ ਕਿ ਦੁਖ ਦਰਦ ਵੰਡਾਉਣ ਵਾਲੇ ਯਾਰਾਂ ਦੋਸਤਾਂ ਦੇ ਨਾਲ ਨਾਲ ਜੇਕਰ ਦੁਨਿਆਵੀ ਮਾਇਆਧਾਰੀਆਂ ਦੀ ਵੀ ਮਦਦ ਲਈ ਜਾਵੇ,ਤਾਂ ਸ਼ਾਇਦ ਠੀਕ ਰਹੇਗਾ ਪਰ ਮੇਰੇ ਯਾਰ ਨੇ ਰੱਬ ਨਾਲ ਰਜਿਸਟਰੀ ਵਾਲੀ ਗੱਲ ਦੱਸ ਕੇ ਮੇਰੀਆਂ ਅੱਖਾਂ ਖੋਲ ਕੇ ਗਰੀਬੀ ਅਤੇ ਦੁਨਿਆਵੀ ਸਚਾਈ ਦੀ ਲਾਜ ਰੱਖ ਲਈ।