ਖਾਲੀ ਹੋਈਆਂ ਵਿਧਾਨ ਸਭਾ ਜਾਂ ਪਾਰਲੀਮੈਂਟ ਸੀਟਾਂ ਦੀ ਉੱਪ ਚੋਣ ਦੀ ਥਾਂ ਕੀਤਾ ਕੀ ਜਾਵੇ! - ਜਤਿੰਦਰ ਪਨੂੰ
ਪੰਜਾਬ ਵਿੱਚ ਇਸ ਵਕਤ ਚਾਰ ਵਿਧਾਨ ਸਭਾ ਸੀਟਾਂ ਲਈ ਉੱਪ ਚੋਣਾਂ ਚੱਲ ਰਹੀਆਂ ਹਨ। ਫਗਵਾੜਾ ਸੀਟ ਭਾਜਪਾ ਆਗੂ ਸੋਮ ਪ੍ਰਕਾਸ਼ ਅਤੇ ਜਲਾਲਾਬਾਦ ਦੀ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈਆਂ ਹਨ। ਬਾਕੀ ਦੋ ਵਿੱਚੋਂ ਦਾਖਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ ਐੱਸ ਫੂਲਕਾ ਦੇ ਅਸਤੀਫਾ ਦੇਣ ਕਾਰਨ ਅਤੇ ਮੁਕੇਰੀਆਂ ਦੀ ਸੀਟ ਕਾਂਗਰਸ ਪਾਰਟੀ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਦੇ ਕਾਰਨ ਵਿਹਲੀਆਂ ਹੋ ਗਈਆਂ। ਇਨ੍ਹਾਂ ਚਾਰਾਂ ਲਈ ਉੱਪ ਚੋਣ ਦਾ ਦੌਰ ਚੱਲਦੇ ਤੋਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇਹ ਕਹਿ ਕੇ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਜਿਸ ਸੀਟ ਤੋਂ ਕਿਸੇ ਚੁਣੇ ਹੋਏ ਆਗੂ ਨੇ ਅਸਤੀਫਾ ਦਿੱਤਾ ਅਤੇ ਉੱਪ ਚੋਣ ਦੇ ਹਾਲਾਤ ਬਣਾਏ ਹੋਣ, ਓਥੇ ਚੋਣ ਲਈ ਹੋਣ ਵਾਲਾ ਸਾਰਾ ਖਰਚਾ ਉਸ ਆਗੂ ਦੇ ਸਿਰ ਪਾ ਦਿੱਤਾ ਜਾਣਾ ਚਾਹੀਦਾ ਹੈ। ਨਾਂਅ ਭਾਵੇਂ ਭਗਵੰਤ ਮਾਨ ਨੇ ਨਹੀਂ ਲਿਆ, ਪਰ ਗੱਲ ਸਾਰਿਆਂ ਦੇ ਸਮਝ ਪੈ ਗਈ ਕਿ ਉਹ ਇਸ ਬਹਾਨੇ ਏਥੋਂ ਅਸਤੀਫਾ ਦੇ ਗਏ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਬਾਰੇ ਕਹਿੰਦਾ ਹੈ। ਫਿਰ ਅਗੋਂ ਫੂਲਕਾ ਦਾ ਜਵਾਬੀ ਮਿਹਣਾ ਵੀ ਅਗਲੇ ਦਿਨ ਆ ਗਿਆ ਹੈ। ਉਸ ਨੇ ਕਹਿ ਦਿੱਤਾ ਕਿ ਹਲਕਾ ਦਾਖਾ ਦੀ ਉੱਪ ਚੋਣ ਇਸ ਕਰ ਕੇ ਹੋਈ ਹੈ ਕਿ ਮੈਂ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀ, ਮੈਂ ਉਸ ਦਾ ਖਰਚਾ ਦੇਣ ਨੂੰ ਤਿਆਰ ਹਾਂ, ਪਰ ਭਗਵੰਤ ਮਾਨ ਦਿੱਲੀ ਜਾ ਕੇ ਕੇਜਰੀਵਾਲ ਨੂੰ ਇਹ ਗੱਲ ਮਨਾਵੇ ਕਿ ਮੈਂ ਏਥੇ ਇੱਕ ਸੀਟ ਛੱਡੀ ਹੈ, ਕੇਜਰੀਵਾਲ ਦੇ ਅਸਤੀਫੇ ਨਾਲ ਸਮੁੱਚੀ ਦਿੱਲੀ ਦੀ ਵਿਧਾਨ ਸਭਾ ਦੋਬਾਰਾ ਚੁਣਨੀ ਪਈ ਸੀ, ਉਹ ਵੀ ਉਸ ਸਮੁੱਚੀ ਚੋਣ ਦਾ ਖਰਚਾ ਦੇ ਦੇਵੇ।
ਕਿਸੇ ਵੀ ਅਕਾਲੀ, ਕਾਂਗਰਸੀ ਜਾਂ ਭਾਜਪਾ ਦੇ ਆਗੂ ਨੂੰ ਏਦਾਂ ਦੀ ਬਹਿਸ ਵਿੱਚ ਪੈਣ ਦੀ ਲੋੜ ਨਹੀਂ ਜਾਪਦੀ ਅਤੇ ਉਹ ਇਨ੍ਹਾਂ ਗੱਲਾਂ ਵਿੱਚ ਵਕਤ ਜ਼ਾਇਆ ਵੀ ਨਹੀਂ ਕਰਨਾ ਚਾਹੁੰਦੇ, ਪਰ ਗੱਲ ਲੋਕਾਂ ਵਿੱਚ ਚਲੀ ਗਈ ਹੈ। ਭਗਵੰਤ ਮਾਨ ਨੇ ਇਸ ਸੰਬੰਧ ਵਿੱਚ ਫੂਲਕਾ ਦੇ ਜਵਾਬੀ ਮਿਹਣੇ ਵਿੱਚ ਫਸਣ ਦੀ ਥਾਂ ਨਵੀਂ ਗੱਲ ਕਹਿ ਦਿੱਤੀ ਹੈ ਕਿ ਜੇ ਕੋਈ ਅਸਤੀਫਾ ਦੇ ਜਾਵੇ ਤਾਂ ਚੋਣ ਨਹੀਂ ਕਰਵਾਉਣੀ ਚਾਹੀਦੀ, ਇਸ ਦਾ ਬਦਲਵਾ ਪ੍ਰਬੰਧ ਹੋਣਾ ਚਾਹੀਦਾ ਹੈ। ਗੱਲ ਉਸ ਨੇ ਖੇਡਾਂ ਦੇ ਖੇਤਰ ਨਾਲ ਜੋੜ ਕੇ ਕੀਤੀ ਹੈ ਕਿ ਓਥੇ ਜਦੋਂ ਕੋਈ ਜਿੱਤ ਚੁੱਕਾ ਖਿਡਾਰੀ ਬਾਅਦ ਵਿੱਚ ਡੋਪ ਟੈੱਸਟ ਦੌਰਾਨ ਦੋਸ਼ੀ ਕਰਾਰ ਦਿੱਤਾ ਜਾਵੇ ਤਾਂ ਮੁਕਾਬਲਾ ਦੋਬਾਰਾ ਨਹੀਂ ਕਰਾਇਆ ਜਾਂਦਾ, ਜਿਹੜਾ ਖਿਡਾਰੀ ਉਸ ਤੋਂ ਅਗਲੇ ਨੰਬਰ ਵਾਲਾ ਹੋਵੇ, ਪਹਿਲੇ ਕੋਲੋਂ ਖੋਹਿਆ ਉਹੀ ਤਮਗਾ ਉਸ ਤੋਂ ਬਾਅਦ ਵਾਲੇ ਨੂੰ ਦੇ ਕੇ ਜੇਤੂ ਐਲਾਨ ਕੀਤਾ ਜਾਂਦਾ ਹੈ। ਭਗਵੰਤ ਮਾਨ ਦੀ ਰਾਏ ਹੈ ਕਿ ਚੋਣ ਵਿੱਚ ਵੀ ਇਹੋ ਹੋਵੇ ਤਾਂ ਇਸ ਤਰ੍ਹਾਂ ਉੱਪ-ਚੋਣ ਲਈ ਹੋਣ ਵਾਲਾ ਖਰਚਾ ਤੇ ਖੇਚਲ ਦੋਵਾਂ ਤੋਂ ਬਚ ਜਾਵਾਂਗੇ।
ਸੁਣਨ ਨੂੰ ਭਗਵੰਤ ਮਾਨ ਦੀ ਇਹ ਤਜਵੀਜ਼ ਕਈ ਲੋਕਾਂ ਨੂੰ ਏਨੀ ਚੰਗੀ ਜਾਪਣ ਲੱਗੀ ਕਿ ਉਨ੍ਹਾਂ ਨੇ ਏਸ ਤਜਵੀਜ਼ ਦੇ ਹੱਕ ਵਿੱਚ ਸਾਡੇ ਫੋਨ ਖੜਕਾ ਦਿਤੇ ਕਿ ਇਹ ਰਾਏ ਬੜੀ ਚੰਗੀ ਹੈ ਤੇ ਅੱਗੇ ਵਧਾਉਣ ਵਾਲੀ ਹੈ। ਅਸੀਂ ਕਿਸੇ ਦੇਸ਼ ਬਾਰੇ ਖੁਦ ਨਹੀਂ ਜਾਣਦੇ, ਪਰ ਕਈ ਸੱਜਣਾਂ ਨੇ ਕਿਹਾ ਹੈ ਕਿ ਫਲਾਣੇ-ਫਲਾਣੇ ਦੇਸ਼ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਜਿੱਤਿਆ ਉਮੀਦਵਾਰ ਕਿਸੇ ਕਾਰਨ ਅਹੁਦਾ ਛੱਡ ਜਾਵੇ ਜਾਂ ਦੁਨੀਆ ਵਿੱਚ ਨਾ ਰਹੇ ਤਾਂ ਉਸ ਦੀ ਸੀਟ ਚੋਣਾਂ ਦੌਰਾਨ ਉਸ ਹਲਕੇ ਤੋਂ ਦੂਸਰੀ ਥਾਂ ਆਏ ਹੋਏ ਉਮੀਦਵਾਰ ਨੂੰ ਦੇ ਦਿੱਤੀ ਜਾਂਦੀ ਹੈ। ਇੱਕ-ਦੋ ਦੇਸ਼ਾਂ ਦੀ ਸਾਨੂੰ ਜਾਣਕਾਰੀ ਹੈ ਕਿ ਜੇ ਅੱਧ ਵਿਚਾਲੇ ਕਿਸੇ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪਵੇ ਜਾਂ ਉਸ ਦੀ ਮੌਤ ਹੋ ਜਾਵੇ ਤਾਂ ਅਹੁਦੇ ਵਾਸਤੇ ਨਵੀਂ ਚੋਣ ਕਰਨ ਦੀ ਥਾਂ ਉਸ ਦੇ ਉੱਪ ਰਾਸ਼ਟਰਪਤੀ ਨੂੰ ਇਹੋ ਅਹੁਦਾ ਦੇ ਦਿੱਤਾ ਜਾਂਦਾ ਹੈ। ਭਾਰਤ ਵਿੱਚ ਏਦਾਂ ਨਹੀਂ ਹੁੰਦਾ। ਏਥੇ ਉੱਪ ਰਾਸ਼ਟਰਪਤੀ ਨੂੰ ਵਕਤੀ ਤੌਰ ਉੱਤੇ ਉਸ ਵਾਲਾ ਕੰਮ ਸੌਂਪਿਆ ਜਾਂਦਾ ਹੈ ਅਤੇ ਮਿੱਥੇ ਸਮੇਂ ਵਿੱਚ ਉਸ ਅਹੁਦੇ ਦੀ ਨਵੀਂ ਚੋਣ ਕਰਾਈ ਜਾਂਦੀ ਹੈ ਤੇ ਇਸ ਨਵੀਂ ਚੋਣ ਵਿੱਚ ਚੁਣੇ ਗਏ ਆਗੂ ਦੇ ਅਹੁਦੇ ਦੀ ਮਿਆਦ ਪਿਛਲੇ ਸੀਟ ਖਾਲੀ ਕਰਨ ਵਾਲੇ ਆਗੂ ਵਾਲਾ ਸਮਾਂ ਕੱਟ ਕੇ ਗਿਣਨ ਦੀ ਥਾਂ ਫਿਰ ਪੂਰੀ ਗਿਣੀ ਜਾਂਦੀ ਹੈ। ਪਾਰਲੀਮੈਂਟ, ਵਿਧਾਨ ਸਭਾਂ ਜਾਂ ਲੋਕਾਂ ਵੱਲੋਂ ਚੁਣੇ ਹੋਏ ਕਿਸੇ ਵੀ ਹੋਰ ਹਾਊਸ ਦੇ ਮੈਂਬਰਾਂ ਦੀਆਂ ਖਾਲੀ ਹੋਈਆਂ ਸੀਟਾਂ ਲਈ ਉੱਪ ਚੋਣ ਵਿੱਚ ਚੁਣੇ ਜਾਣ ਵਾਲਿਆਂ ਦੇ ਮਾਮਲੇ ਵਿੱਚ ਏਦਾਂ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਮਿਆਦ ਉਸ ਹਾਊਸ ਦੀ ਮਿਆਦ ਨਾਲ ਬੱਝੀ ਰਹਿੰਦੀ ਹੈ।
ਜਿਹੜੀ ਗੱਲ ਭਗਵੰਤ ਮਾਨ ਨੇ ਕਹੀ ਅਤੇ ਫਿਰ ਕਈ ਹੋਰਨਾਂ ਨੇ ਸਾਡੇ ਤੱਕ ਪੁਚਾਈ ਹੈ ਕਿ ਜਿੱਤੇ ਹੋਏ ਮੈਂਬਰ ਦੇ ਅਹੁਦਾ ਛੱਡਣ ਜਾਂ ਮੌਤ ਹੋਣ ਦੀ ਸਥਿਤੀ ਵਿੱਚ ਉਹ ਸੀਟ ਉਸ ਕੋਲੋਂ ਹਾਰਨ ਵਾਲਿਆਂ ਵਿੱਚੋਂ ਸਭ ਤੋਂ ਨੇੜਲੇ ਵਿਰੋਧੀ ਨੂੰ ਦੇ ਦੇਣੀ ਚਾਹੀਦੀ ਹੈ, ਉਹ ਏਨੀ ਸਧਾਰਨ ਗੱਲ ਨਹੀਂ, ਉਸ ਨਾਲ ਵੀ ਕਈ ਕਿੰਤੂ ਜੁੜਦੇ ਹਨ। ਸਾਡੇ ਗਵਾਂਢ ਪਾਕਿਸਤਾਨ ਵਿੱਚ ਸ਼ਾਇਦ ਇਹੋ ਜਿਹੀ ਪ੍ਰੰਪਰਾ ਹੈ। ਓਥੋਂ ਦੀ ਇੱਕ ਮਿਸਾਲ ਘੱਟ-ਗਿਣਤੀ ਸੀਟ ਤੋਂ ਚੁਣੇ ਗਏ ਡਾ: ਸੋਰਨ ਸਿੰਘ ਨਾਂਅ ਦੇ ਸਿੱਖ ਆਗੂ ਦੀ ਸਾਨੂੰ ਪਤਾ ਹੈ, ਜਿਹੜਾ ਖੈਬਰ ਪਖਤੂਨਖਵਾ ਅਸੈਂਬਲੀ ਲਈ ਚੁਣਿਆ ਗਿਆ ਤੇ ਫਿਰ ਉਸ ਦਾ ਕਤਲ ਹੋਣ ਨਾਲ ਸੀਟ ਖਾਲੀ ਹੋਈ ਸੀ। ਸੋਰਨ ਸਿੰਘ ਦੀ ਸੀਟ ਘੱਟ-ਗਿਣਤੀ ਭਾਈਚਾਰੇ ਲਈ ਰਿਜ਼ਰਵ ਸੀ ਤੇ ਉਸ ਉੱਤੇ ਓਸੇ ਵਾਂਗ ਕੋਈ ਘੱਟ-ਗਿਣਤੀ ਭਾਈਚਾਰੇ ਦਾ ਆਗੂ ਚੁਣਿਆ ਜਾ ਸਕਦਾ ਸੀ, ਪਰ ਚੋਣ ਕਰਨ ਦੀ ਥਾਂ ਦੇਸ਼ ਦੇ ਚੋਣ ਕਮਿਸ਼ਨ ਨੇ ਸੋਰਨ ਸਿੰਘ ਨਾਲ ਮੁਕਾਬਲੇ ਵਿੱਚ ਦੂਸਰੀ ਥਾਂ ਆਏ ਹਿੰਦੂ ਲੀਡਰ ਬਲਦੇਵ ਕੁਮਾਰ ਨੂੰ ਅਲਾਟ ਕਰ ਦਿੱਤੀ ਸੀ। ਹਾਲੇ ਬਲਦੇਵ ਕੁਮਾਰ ਨੇ ਅਹੁਦਾ ਨਹੀਂ ਸੀ ਸੰਭਾਲਿਆ ਕਿ ਡਾ: ਸੋਰਨ ਸਿੰਘ ਦੇ ਕਤਲ ਦੀ ਜਾਂਚ ਵਿੱਚ ਇਹ ਗੱਲ ਨਿਕਲੀ ਕਿ ਕਤਲ ਹੀ ਬਲਦੇਵ ਕੁਮਾਰ ਨੇ ਕਰਵਾਇਆ ਹੈ ਤੇ ਕਰਵਾਇਆ ਇਸ ਲਈ ਹੈ ਕਿ ਸੋਰਨ ਸਿੰਘ ਵੱਲੋਂ ਖਾਲੀ ਕੀਤੀ ਗਈ ਸੀਟ ਦੀ ਆਮ ਚੋਣ ਦੌਰਾਨ ਦੂਸਰੀ ਥਾਂ ਆਇਆ ਹੋਣ ਕਾਰਨ ਵਿਧਾਇਕ ਬਣ ਸਕੇ। ਪਾਕਿਸਤਾਨ ਦੀ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਬਲਦੇਵ ਕੁਮਾਰ ਨੇ ਜੁਰਮ ਦਾ ਇਕਬਾਲ ਵੀ ਕਰ ਲਿਆ ਹੈ। ਲੋਕਾਂ ਵਿੱਚ ਵੀ ਉਸ ਬਾਰੇ ਇਹੋ ਚਰਚਾ ਸੀ। ਜਦੋਂ ਉਹ ਅਦਾਲਤੀ ਪ੍ਰਕਿਰਿਆ ਦੇ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਤਾਂ ਚੋਣ ਕਮਿਸ਼ਨ ਤੋਂ ਹੁਕਮ ਆ ਗਿਆ ਕਿ ਵਿਧਾਨ ਸਭਾ ਦੀ ਖਾਲੀ ਹੋਈ ਸੀਟ ਉੱਤੇ ਉਸ ਨੂੰ ਵਿਧਾਇਕ ਨਾਮਜ਼ਦ ਕਰ ਦਿੱਤਾ ਹੈ ਤੇ ਉਸ ਨੂੰ ਸਹੁੰ ਚੁਕਾਈ ਜਾਵੇ। ਅਦਾਲਤੀ ਹੁਕਮ ਉੱਤੇ ਉਸ ਨੂੰ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਤਾਂ ਹਾਕਮ ਪਾਰਟੀ ਤੇ ਵਿਰੋਧੀ ਧਿਰ ਦੋਵਾਂ ਦੇ ਮੈਂਬਰਾਂ ਨੇ ਰੌਲਾ ਪਾ ਦਿੱਤਾ, ਹੰਗਾਮਾ ਹੋਇਆ ਤੇ ਉਸ ਨੂੰ ਸਹੁੰ ਨਹੀਂ ਸੀ ਚੁੱਕਣ ਦਿੱਤੀ ਗਈ, ਕਿਉਂਕਿ ਦੋਵਾਂ ਧਿਰਾਂ ਦੇ ਮੈਂਬਰ ਸੋਚਦੇ ਸਨ ਕਿ ਕਤਲ ਏਸੇ ਬੰਦੇ ਨੇ ਕਰਵਾਇਆ ਹੈ ਤੇ ਜਿਸ ਦਾ ਕਤਲ ਹੋਇਆ ਹੈ, ਉਹ ਉਸ ਪਾਸੇ ਲੋਕਾਂ ਵਿੱਚ ਬਹੁਤ ਨੇਕ-ਨਾਮ ਵਿਅਕਤੀ ਗਿਣਿਆ ਜਾਂਦਾ ਸੀ। ਨਾਲ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਅੱਜ ਇਸ ਨੂੰ ਏਦਾਂ ਖਾਲੀ ਕਰਵਾਈ ਸੀਟ ਤੋਂ ਸਹੁੰ ਚੁਕਾਈ ਗਈ ਤਾਂ ਫਿਰ ਇਸ ਤਰ੍ਹਾਂ ਸੀਟਾਂ ਖਾਲੀ ਕਰਵਾਉਣ ਦਾ ਇੱਕ ਪੂਰਾ ਦੌਰ ਸ਼ੁਰੂ ਹੋ ਸਕਦਾ ਹੈ। ਉਸ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਤੇ ਵਿਧਾਨ ਸਭਾ ਦੀ ਮਿਆਦ ਮੁੱਕਣ ਤੋਂ ਦੋ ਦਿਨ ਪਹਿਲਾਂ ਛੁੱਟ ਸਕਿਆ ਸੀ। ਬਲਦੇਵ ਕੁਮਾਰ ਨੇ ਸਿੱਖਾਂ ਦਾ ਗੁੱਸਾ ਦੂਰ ਕਰਨ ਲਈ ਧਰਮ ਬਦਲਿਆ ਤੇ ਬਲਦੇਵ ਸਿੰਘ ਵੀ ਬਣ ਗਿਆ, ਪਰ ਲੋਕ ਖੁਸ਼ ਨਹੀਂ ਸੀ ਹੋਏ ਤੇ ਆਖਰ ਦੇਸ਼ ਛੱਡਣਾ ਪਿਆ ਹੈ। ਅੱਜ ਕੱਲ੍ਹ ਤੀਰਥ ਯਾਤਰਾ ਦੇ ਬਹਾਨੇ ਨਾਲ ਭਾਰਤ ਆ ਉਹ ਕੇ ਸਿਆਸੀ ਸ਼ਰਣ ਦੇ ਯਤਨ ਕਰ ਰਿਹਾ ਹੈ ਤੇ ਉਸ ਦੇ ਇਲਾਕੇ ਦੇ ਹਿੰਦੂ ਤੇ ਸਿੱਖ ਇੱਕ ਆਵਾਜ਼ ਵਿੱਚ ਇਸ ਬੇਨਤੀ ਦਾ ਵਿਰੋਧ ਕਰਦੇ ਪਏ ਹਨ।
ਭਾਰਤ ਵਿੱਚ ਪਾਕਿਸਤਾਨ ਵਾਲੇ ਹਾਲਾਤ ਨਹੀਂ, ਪਰ ਸਿਆਸੀ ਕਤਲ ਤਾਂ ਏਥੇ ਵੀ ਬਹੁਤ ਹੁੰਦੇ ਤੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਕਈ ਵਾਰ ਇਹ ਵੀ ਚਰਚਾ ਸੁਣੀ ਗਈ ਹੈ ਕਿ ਫਲਾਣੇ ਆਗੂ ਦਾ ਕਤਲ ਫਲਾਣੇ ਬਾਹੂ-ਬਲੀ ਆਗੂ ਨੇ ਇਸ ਲਈ ਕਰਾਇਆ ਹੈ ਕਿ ਉਸ ਸੀਟ ਉੱਤੇ ਉਸ ਬਾਹੂ-ਬਲੀ ਆਗੂ ਦੀ ਅੱਖ ਸੀ। ਭਗਵੰਤ ਮਾਨ ਨੇ ਮੁੱਦਾ ਛੇੜਿਆ ਹੈ, ਉਸ ਉੱਤੇ ਵਿਚਾਰ ਕਰਨ ਦੀ ਲੋੜ ਆਪਣੀ ਥਾਂ ਹੈ, ਕਿਉਂਕਿ ਏਥੇ ਨਰਿੰਦਰ ਮੋਦੀ, ਸੋਨੀਆ ਗਾਂਧੀ ਜਾਂ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਜਾਂ ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਵੀ ਜਿੱਤੀ ਸੀਟ ਛੱਡੀ ਹੋਈ ਹੈ। ਇਸ ਤਰ੍ਹਾਂ ਸੀਟਾਂ ਜਿੱਤ ਕੇ ਛੱਡਣ ਦਾ ਰਿਵਾਜ ਬੜੇ ਚਿਰ ਤੋਂ ਚੱਲਦਾ ਆ ਰਿਹਾ ਹੋਣ ਕਾਰਨ ਇਸ ਦਾ ਹੱਲ ਤਾਂ ਕੋਈ ਲੱਭਿਆ ਜਾਣਾ ਚਾਹੀਦਾ ਹੈ, ਪਰ ਲੋਕਤੰਤਰੀ ਪ੍ਰਕਿਰਿਆ ਨੂੰ ਖਿਡਾਰੀਆਂ ਦੇ ਡੋਪ ਟੈੱਸਟ ਜਾਂ ਕਿਸੇ ਦੂਸਰੇ ਦੇਸ਼ ਦੀ ਇਹੋ ਜਿਹੀ ਪ੍ਰਕਿਰਿਆ ਨਾਲ ਨਹੀਂ ਜੋੜਿਆ ਜਾ ਸਕਦਾ। ਜਦੋਂ ਇਹ ਪ੍ਰਕਿਰਿਆ ਸਾਡੇ ਪੰਜਾਬ ਦੀ ਹੱਦ ਵਿੱਚ ਆ ਗਈ, ਏਥੇ ਵੀ ਚੁਣੇ ਹੋਏ ਲੀਡਰ ਮੰਤਰੀ ਦਾ ਅਹੁਦਾ ਮੰਗਣ ਦੀ ਥਾਂ ਪੰਜ ਸਾਲ ਪੂਰੇ ਕਰ ਸਕਣ ਜੋਗੇ ਸਾਹਾਂ ਦੀ ਅਰਦਾਸ ਕਰਦੇ ਮਿਲਿਆ ਕਰਨਗੇ। ਅੜਾਉਣੀ ਬਹੁਤ ਗੁੰਝਲਦਾਰ ਹੈ, ਇਸ ਦਾ ਹੱਲ ਏਨਾ ਸੁਖਾਲਾ ਨਹੀਂ ਹੋ ਸਕਦਾ।