ਗਾਂਧੀ ਤੇ ਲੈਨਿਨ : ਆਪਣੇ ਤੇ ਸਾਡੇ ਸਮਿਆਂ ਦੌਰਾਨ - ਰਾਮਚੰਦਰ ਗੁਹਾ
ਮੈਂ ਕੂਟਨੀਤਕ ਇਵਾਨ ਮਾਇਸਕੀ ਦੀਆਂ ਡਾਇਰੀਆਂ ਪੜ੍ਹ ਰਿਹਾ ਸਾਂ ਜੋ 1932 ਤੋਂ 1943 ਦੌਰਾਨ ਬਰਤਾਨੀਆ ਵਿਚ ਸੋਵੀਅਤ ਸੰਘ ਦਾ ਸਫ਼ੀਰ ਰਿਹਾ। ਇਤਿਹਾਸ ਤੇ ਭਾਸ਼ਾ ਵਿਗਿਆਨ ਦਾ ਵਿਦਵਾਨ ਮਾਇਸਕੀ ਫਰਾਟੇਦਾਰ ਅੰਗਰੇਜ਼ੀ ਬੋਲ ਲੈਂਦਾ ਸੀ। ਹਿਟਲਰ ਤੇ ਸਟਾਲਿਨ ਦੇ ਸਮੇਂ ਦੌਰਾਨ, ਸੋਵੀਅਤ-ਨਾਜ਼ੀ ਸਮਝੌਤਾ ਹੋਣ ਤੇ ਟੁੱਟਣ ਦੇ ਸਮੇਂ ਦੌਰਾਨ ਅਤੇ ਦੂਜੀ ਆਲਮੀ ਜੰਗ ਦੇ ਮੁੱਢਲੇ ਤੇ ਖ਼ੂੰਖ਼ਾਰ ਸਾਲਾਂ ਦੌਰਾਨ ਉਹ ਬਰਤਾਨੀਆ ਵਿਚ ਇਸ ਅਹਿਮ ਅਹੁਦੇ ਉੱਤੇ ਰਿਹਾ।
'ਮਾਇਸਕੀ'ਜ਼ ਡਾਇਰੀਜ਼' ਸਿਰਲੇਖ ਵਾਲੀ ਕਿਤਾਬ ਨੂੰ ਇਸਰਾਈਲੀ ਵਿਦਵਾਨ ਗੈਬਰੀਅਲ ਗੋਰੋਦੈਤਸਕੀ ਨੇ ਸੰਪਾਦਿਤ ਕੀਤਾ ਹੈ ਜੋ ਸੁਭਾਵਿਕ ਹੀ ਬਰਤਾਨਵੀ ਤੇ ਯੂਰਪੀ ਘਟਨਾਵਾਂ ਤੇ ਸ਼ਖ਼ਸੀਅਤਾਂ ਉੱਤੇ ਕੇਂਦਰਿਤ ਹੈ। ਪਰ ਇਸ ਦੇ ਸਫ਼ਾ 12 ਉੱਤੇ ਇਕ ਭਾਰਤੀ ਸਿਆਸਤਦਾਨ ਬਾਰੇ ਤੇ ਸਿਰਫ਼ ਇਕ ਵਾਰ ਦਿਲਚਸਪ ਜ਼ਿਕਰ ਕੀਤਾ ਗਿਆ ਹੈ। ਇਸ ਸੋਵੀਅਤ ਕੂਟਨੀਤਕ ਨੇ 4 ਨਵੰਬਰ 1934 ਨੂੰ ਜਦੋਂ ਮਹਾਤਮਾ ਗਾਂਧੀ ਦੇ ਕਾਂਗਰਸ ਪਾਰਟੀ ਤੋਂ (ਆਰਜ਼ੀ ਤੌਰ 'ਤੇ) ਰਿਟਾਇਰ ਹੋ ਜਾਣ ਦੀ ਖ਼ਬਰ ਸੁਣੀ ਤਾਂ ਆਪਣੀ ਡਾਇਰੀ ਵਿਚ ਲਿਖਿਆ : 'ਗਾਂਧੀ! ਮੇਰੇ ਕੋਲ ਫੂਲੌਪ ਮਿੱਲਰ ਦੀ ਕਿਤਾਬ 'ਲੈਨਿਨ ਐਂਡ ਗਾਂਧੀ' ਹੈ ਜਿਹੜੀ ਵਿਆਨਾ ਵਿਚ 1927 'ਚ ਛਪੀ ਸੀ। ਲੇਖਕ ਨੇ ਦੋਵਾਂ ਆਗੂਆਂ ਦਾ ਵਧੀਆ ਵਰਨਣ ਕੀਤਾ ਹੈ ਜਿਸ ਵਿਚ ਉਸ ਨੇ ਦੋਵਾਂ ਦੀ ਤੁਲਨਾ ਕਰਦਿਆਂ ਉਨ੍ਹਾਂ ਨੂੰ ਸਾਡੇ ਸਮੇਂ ਦੀਆਂ ਦੋ ਬਰਾਬਰ ਦੀਆਂ 'ਸਿਰਮੌਰ ਸ਼ਖ਼ਸੀਅਤਾਂ' ਕਰਾਰ ਦਿੱਤਾ ਹੈ। ਸੱਤ ਸਾਲ ਪਹਿਲਾਂ ਇਹ ਤੁਲਨਾ ਬੇਤੁਕੀ ਜਾਪਦੀ ਸੀ, ਖ਼ਾਸਕਰ ਕਮਿਉੂਨਿਸਟਾਂ ਨੂੰ ਅਤੇ ਸ਼ਾਇਦ ਯੂਰਪੀ ਬੁਰਜੂਆਵਾਦ ਦੇ ਵਧੇਰੇ ਜ਼ਹੀਨ ਨੁਮਾਇੰਦਿਆਂ ਨੂੰ। ਪਰ ਹੁਣ? ਬੁਰਜੂਆ ਬੁੱਧੀਜੀਵੀਆਂ ਵਿਚੋਂ ਵੀ ਕੌਣ ਹੈ ਜੋ ਲੈਨਿਨ ਤੇ ਗਾਂਧੀ ਨੂੰ ਇੰਝ ਮੇਲਣ ਦਾ ਜੇਰਾ ਕਰੇਗਾ। ਅੱਜ ਕੋਈ ਦੁਸ਼ਮਣ ਵੀ ਲੈਨਿਨ ਨੂੰ ਇਕ ਇਤਿਹਾਸਕ ਮੌਂਟ ਬਲੈਂਕ (ਐਲਪਸ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ) ਵਜੋਂ ਸਿਰ ਕੱਢ ਕੇ ਖੜੋਤਾ ਦੇਖ ਸਕਦਾ ਹੈ ਜੋ ਮਨੁੱਖਤਾ ਦੇ ਹਜ਼ਾਰ-ਸਾਲਾ ਵਿਕਾਸ ਵਿਚ ਸੇਧਗਾਰ ਚੋਟੀ ਵਾਂਗ ਚਮਕਦਾ ਰਹੇਗਾ ਜਦੋਂਕਿ ਦੂਜੇ ਪਾਸੇ ਗਾਂਧੀ ਮਹਿਜ਼ ਕਾਗਜ਼ੀ ਪਹਾੜ ਹੈ ਜਿਹੜਾ ਦਸ ਕੁ ਸਾਲ ਸ਼ੱਕੀ ਰੌਸ਼ਨੀ ਨਾਲ ਚਮਕਣ ਪਿੱਛੋਂ ਤੇਜ਼ੀ ਨਾਲ ਖੇਰੂੰ-ਖੇਰੂੰ ਹੋ ਗਿਆ ਜਿਸ ਨੂੰ ਕੁਝ ਸਾਲਾਂ ਤੱਕ ਭੁੱਲ-ਭੁਲਾ ਕੇ ਇਤਿਹਾਸ ਦੇ ਕੂੜਾਦਾਨ ਵਿਚ ਸੁੱਟ ਦਿੱਤਾ ਜਾਵੇਗਾ। ਦੇਖੋ ਕਿਵੇਂ ਵਕਤ ਤੇ ਘਟਨਾਵਾਂ ਅਸਲੀ ਕੀਮਤੀ ਧਾਤਾਂ ਤੇ ਉਨ੍ਹਾਂ ਦੀਆਂ ਨਕਲਾਂ ਨੂੰ ਨਿਖੇੜਦੀਆਂ ਹਨ।''
ਮਾਇਸਕੀ ਯਕੀਨਨ ਸੋਵੀਅਤ ਸੰਘ, ਜਿਸ ਦਾ ਮੁੱਢ ਲੈਨਿਨ ਨੇ ਬੰਨ੍ਹਿਆ, ਦਾ ਉਤਸ਼ਾਹੀ ਤੇ ਵਫ਼ਾਦਾਰ ਸੇਵਕ ਸੀ। ਇਸ ਦੇ ਬਾਵਜੂਦ ਉਸ ਤੋਂ 13 ਸਾਲ ਪਹਿਲਾਂ, ਇਕ ਭਾਰਤੀ ਨੌਜਵਾਨ ਨੇ ਆਪਣੀ ਕਿਤਾਬ ਰਾਹੀਂ ਗਾਂਧੀ ਦੇ ਮੁਕਾਬਲੇ ਲੈਨਿਨ ਨੂੰ ਉਚਿਆਇਆ ਜਿਸ ਦਾ ਲੈਨਿਨ ਨੂੰ ਖ਼ੁਸ਼ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ ਬਣਦਾ। ਇਹ ਨੌਜਵਾਨ ਬੰਬਈ ਦਾ ਸ੍ਰੀਪਦ ਅਮ੍ਰਿਤ ਡਾਂਗੇ ਸੀ ਜਿਸ ਦੀ 'ਗਾਂਧੀ ਵਰਸਿਜ਼ ਲੈਨਿਨ' (ਗਾਂਧੀ ਬਨਾਮ ਲੈਨਿਨ) ਸਿਰਲੇਖ ਵਾਲੀ ਛੋਟੀ ਜਿਹੀ ਕਿਤਾਬ 1921 ਵਿਚ ਛਪੀ। ਡਾਂਗੇ ਦੀ ਦਲੀਲ ਸੀ ਕਿ ਆਪਣੀ ਜ਼ਾਤੀ ਇਮਾਨਦਾਰੀ ਦੇ ਬਾਵਜੂਦ ਗਾਂਧੀ ਪ੍ਰਤੀਕਿਰਿਆਵਾਦੀ ਚਿੰਤਕ ਸੀ ਜੋ ਧਰਮ ਅਤੇ ਵਿਅਕਤੀਗਤ ਅੰਤਰਆਤਮਾ ਪ੍ਰਤੀ ਜਨੂੰਨੀ ਝੁਕਾਅ ਰੱਖਦਾ ਸੀ। ਦੂਜੇ ਪਾਸੇ ਲੈਨਿਨ ਨੇ ਆਰਥਿਕ ਜ਼ੁਲਮ-ਜ਼ਿਆਦਤੀ ਦੀਆਂ ਢਾਂਚਾਗਤ ਜੜ੍ਹਾਂ ਨੂੰ ਪਛਾਣਿਆ ਤੇ ਸਾਂਝੀ ਜਨਤਕ ਕਾਰਵਾਈ ਰਾਹੀਂ ਇਸ ਦੇ ਖ਼ਾਤਮੇ ਦੀ ਕੋਸ਼ਿਸ਼ ਕੀਤੀ। ਗਾਂਧੀ ਨੇ ਅਤੀਤ ਦੀ ਮੁੜ-ਸੁਰਜੀਤੀ ਦੀ ਕੋਸ਼ਿਸ਼ ਕੀਤੀ ਜਦੋਂਕਿ ਲੈਨਿਨ ਨੇ ਆਧੁਨਿਕ ਸੱਭਿਅਤਾ ਦੀਆਂ 'ਮੌਜੂਦਾ ਪ੍ਰਾਪਤੀਆਂ' ਨੂੰ ਹੀ ਸਾਂਭਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰੋਲੇਤਾਰੀਆਂ ਨੂੰ ਸਮਾਜ ਦੀ ਇਨਕਲਾਬੀ ਤਬਦੀਲੀ ਰਾਹੀਂ ਜਥੇਬੰਦ ਕਰ ਕੇ ਇਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ। ਡਾਂਗੇ ਕਦੇ ਰੂਸ ਨਹੀਂ ਸੀ ਗਿਆ ਤੇ ਨਾ ਹੀ ਕਦੇ ਲੈਨਿਨ ਨੂੰ ਮਿਲਿਆ ਸੀ। ਇਸ ਤਰ੍ਹਾਂ ਆਗੂ ਤੇ ਮੁਲਕ ਦੋਵਾਂ ਨੂੰ ਜਾਣੇ ਬਿਨਾਂ ਵੀ ਉਹ ਭਰੋਸੇ ਨਾਲ ਦਾਅਵਾ ਕਰ ਸਕਦਾ ਸੀ ਕਿ 'ਬੋਲਸ਼ਵਿਕਾਂ ਨੇ ਆਪਣੇ ਵਾਅਦੇ ਪੂਰੇ ਕਰ ਦਿੱਤੇ ਸਨ। ਉਨ੍ਹਾਂ ਰੂਸ ਨੂੰ "ਜ਼ਮੀਨ, ਰੋਟੀ ਤੇ ਅਮਨ'' ਦੇ ਦਿੱਤਾ ਸੀ'।
ਛੇ ਸਾਲਾਂ ਬਾਅਦ ਬਰਤਾਨਵੀ ਸੰਸਦ ਦੇ ਕਮਿਊਨਿਸਟ ਮੈਂਬਰ ਸ਼ਾਪੂਰਜੀ ਦੋਰਾਬਜੀ ਸਕਲਾਤਵਾਲਾ, ਜੋ ਭਾਰਤ ਦਾ ਜੰਮਪਲ ਸੀ, ਨੇ ਗਾਂਧੀ ਨੂੰ 'ਖੁੱਲ੍ਹੀ ਚਿੱਠੀ' ਲਿਖੀ। ਉਸ ਨੇ ਮਹਾਤਮਾ ਨੂੰ 'ਗੁੰਮਰਾਹ ਭਾਵਨਾਤਮਕਤਾ' ਦਾ ਦੋਸ਼ੀ ਕਰਾਰ ਦਿੱਤਾ। ਉਸ ਮੁਤਾਬਿਕ ਗਾਂਧੀ ਆਪਣੀ ਚਰਖਾ ਮੁਹਿੰਮ ਰਾਹੀਂ 'ਮਸ਼ੀਨਰੀ, ਭੌਤਿਕ ਵਿਗਿਆਨਾਂ ਤੇ ਪਦਾਰਥਕ ਤਰੱਕੀ' ਉੱਤੇ ਹਮਲਾ ਕਰ ਰਿਹਾ ਸੀ। ਸਕਲਾਤਵਾਲਾ ਨੇ ਗਾਂਧੀ ਦੀ ਤੁਲਨਾ ਨਾਂਹਪੱਖੀ ਢੰਗ ਨਾਲ ਕਮਾਲ ਅਤਾਤੁਰਕ, ਸੁਨ ਯਾਤ-ਸੇਨ ਅਤੇ ਇਸ ਤੋਂ ਵੀ ਵੱਧ ਲੈਨਿਨ ਨਾਲ ਕੀਤੀ। ਸਕਲਾਤਵਾਲਾ ਦਾ ਕਹਿਣਾ ਸੀ ਕਿ ਇਕ ਪਾਸੇ ਇਨ੍ਹਾਂ ਆਗੂਆਂ ਨੇ 'ਲੋਕਾਂ ਦੀ ਦਬਾਈ ਗਈ ਆਵਾਜ਼ ਨੂੰ ਜ਼ੋਰਦਾਰ ਤੇ ਨਿਡਰ ਢੰਗ ਨਾਲ ਪ੍ਰਗਟਾਇਆ', ਦੂਜੇ ਪਾਸੇ ਗਾਂਧੀ ਨੇ ਭਾਰਤੀਆਂ ਨੂੰ 'ਗ਼ੁਲਾਮਾਂ ਵਾਂਗ ਹੁਕਮਾਂ ਨੂੰ ਮੰਨਣਾ' ਅਤੇ 'ਇਹ ਵਿਸ਼ਵਾਸ' ਕਰਨਾ ਸਿਖਾਇਆ ਕਿ 'ਧਰਤੀ ਉੱਤੇ ਉੱਤਮ ਲੋਕ ਵੀ ਹੁੰਦੇ ਹਨ'।
ਸਕਲਾਤਵਾਲਾ ਨੇ ਆਪਣੀ 'ਖੁੱਲ੍ਹੀ ਚਿੱਠੀ' 1927 ਵਿਚ ਛਪਵਾਈ। ਇਸ ਤੋਂ ਦੋ ਸਾਲਾਂ ਬਾਅਦ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਸ਼ਹੀਦ ਭਗਤ ਸਿੰਘ ਦੀ ਵਾਰੀ ਆਈ। ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣ ਕਾਰਨ ਆਪਣੀ ਗ੍ਰਿਫ਼ਤਾਰੀ ਪਿੱਛੋਂ ਭਗਤ ਸਿੰਘ ਨੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਕਿ ਉਸ ਦੀ ਇਹ ਕਾਰਵਾਈ 'ਕਾਲਪਨਿਕ ਅਹਿੰਸਾ ਦੇ ਦੌਰ ਦੇ ਖ਼ਾਤਮੇ' ਦਾ ਸ਼ੁਭਸ਼ਗਨ ਹੈ ਕਿਉਂਕਿ 'ਇਸ ਅਹਿੰਸਾ ਦੇ ਫ਼ਜ਼ੂਲ ਹੋਣ ਸਬੰਧੀ ਨਵੀਂ ਪੀੜ੍ਹੀ ਦੇ ਮਨ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੀ।' ਇਸ ਇਨਕਲਾਬੀ ਨੇ ਭਾਰਤੀ ਨੌਜਵਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਗਾਂਧੀ ਦੇ ਰਾਹ ਦੀ ਥਾਂ ਹਿੰਸਕ ਇਨਕਲਾਬ ਦੇ ਲੈਨਿਨ ਦੇ ਰਾਹ 'ਤੇ ਤੁਰਨ।
ਸੋਵੀਅਤ ਕੂਟਨੀਤਕ ਇਵਾਨ ਮਾਇਸਕੀ ਵਾਂਗ ਹੀ 1920ਵਿਆਂ ਤੇ 1930ਵਿਆਂ ਦੇ ਭਾਰਤੀ ਕਮਿਊਨਿਸਟ ਵੀ ਲੈਨਿਨ ਦੀ ਪੂਜਾ ਤੇ ਗਾਂਧੀ ਨੂੰ ਨਫ਼ਰਤ ਕਰਦੇ ਸਨ। ਆਪਣੇ ਬਹੁਤ ਹੀ ਪ੍ਰਾਚੀਨ ਤੇ ਕੱਟੜ ਸੋਚ ਵਾਲੇ ਸਮਾਜ ਨੂੰ ਆਧੁਨਿਕ ਸੰਸਾਰ ਵਿਚ ਬਦਲਣ ਲਈ ਜ਼ੋਰ ਲਾ ਰਹੇ ਇਨ੍ਹਾਂ ਭਾਰਤੀ ਕਮਿਊੁਨਿਸਟਾਂ ਨੂੰ ਬੋਲਸ਼ਵਿਕ ਵਿਦਵਾਨ, ਰਹੱਸਵਾਦੀ ਮਹਾਤਮਾ ਨਾਲੋਂ ਵੱਧ ਆਕਰਸ਼ਕ ਤੇ ਸੇਧਗਾਰ ਜਾਪਦੇ ਸਨ। ਸਕਲਾਤਵਾਲਾ ਦਾ ਦਾਅਵਾ ਸੀ ਕਿ ਲੈਨਿਨ ਦੇ ਰੂਸ ਨੇ ਸਮੁੱਚੀ ਇਨਸਾਨੀਅਤ ਨੂੰ ਨਵਾਂ ਰਾਹ ਦਿਖਾਇਆ ਸੀ। ਉਸ ਨੇ ਜ਼ੋਰ ਦੇ ਕੇ ਕਿਹਾ, "ਜਮਾਤੀ ਸੰਘਰਸ਼ ਹੈ, (ਅਤੇ) ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਨਸਾਨੀਅਤ ਦੀ ਕੋਈ ਸਫਲ ਸਕੀਮ ਇਸ ਦਾ ਖ਼ਾਤਮਾ ਨਹੀਂ ਕਰ ਦਿੰਦੀ।'' ਗਾਂਧੀ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣਾ ਪ੍ਰੋਗਰਾਮ ਛੱਡ ਦੇਵੇ ਅਤੇ 'ਆ ਕੇ ਸਾਡੇ ਕਾਮਿਆਂ, ਕਿਸਾਨਾਂ ਅਤੇ ਨੌਜਵਾਨਾਂ ਨਾਲ ਜਥੇਬੰਦ ਹੋਵੇ, ਪਰ ਇਕ ਅਭੌਤਿਕ ਭਾਵਨਾਤਮਕਤਾ ਲਈ ਨਹੀਂ ਸਗੋਂ ਇਕ ਤੈਅ ਟੀਚੇ, ਇਕ ਸਪਸ਼ਟ ਤੇ ਸਹੀ ਤਰ੍ਹਾਂ ਪ੍ਰੀਭਾਸ਼ਿਤ ਮਕਸਦ ਤੇ ਤਰੀਕਿਆਂ ਨਾਲ, ਜਿਵੇਂ ਤਜਰਬੇ ਸਾਰੇ ਮਨੁੱਖਾਂ ਲਈ ਕਾਮਯਾਬੀ ਲਿਆ ਰਹੇ ਹਨ'।
ਪਰ ਜਿਉਂ ਹੀ ਸਮਾਂ ਬਦਲਿਆ, ਲੈਨਿਨ ਦੇ ਉਤਰਾਧਿਕਾਰੀ ਸਟਾਲਿਨ ਨੇ ਜ਼ਾਲਮਾਨਾ ਢੰਗ ਨਾਲ ਕਾਮਿਆਂ ਤੇ ਕਿਸਾਨਾਂ ਦਾ ਹੀ ਨਹੀਂ ਸਗੋਂ ਨੌਜਵਾਨਾਂ ਦਾ ਵੀ ਦਮਨ ਕੀਤਾ। ਇਸ ਤਰ੍ਹਾਂ 1930ਵਿਆਂ ਦੇ ਅਖ਼ੀਰ ਤੱਕ ਨਿਰਪੱਖਤਾ ਨਾਲ ਦੇਖਣ ਵਾਲੇ ਮਾਹਿਰਾਂ ਨੂੰ ਸਾਫ਼ ਹੋ ਗਿਆ ਸੀ ਕਿ ਸੋਵੀਅਤ ਇਨਕਲਾਬ, ਸਿਆਸੀ ਤੇ ਆਰਥਿਕ ਦੋਵੇਂ ਪੱਖਾਂ ਤੋਂ ਇਕ ਤਬਾਹਕੁਨ ਸੀ। ਇਸ ਦੇ ਬਾਵਜੂਦ ਪੱਛਮੀ ਉਦਾਰਵਾਦੀਆਂ ਦੇ ਇਕ ਹਿੱਸੇ ਵਿਚ ਇਨਕਲਾਬ ਦੇ ਇਸ ਬਾਨੀ ਪ੍ਰਤੀ ਇਸ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਅਭੌਤਿਕ ਭਾਵਨਾਤਮਕਤਾ ਬਣੀ ਰਹੀ। ਮੈਂ ਹਾਲ ਹੀ ਦੌਰਾਨ ਇਕ ਲੇਖ ਪੜ੍ਹਿਆ ਜਿਹੜਾ ਜਨਵਰੀ 1972 ਦੇ ਲੰਡਨ ਦੇ 'ਸੰਡੇ ਟਾਈਮਜ਼' ਵਿਚ ਉਦੋਂ ਦੇ ਨਾਮੀ ਸਾਹਿਤਕ ਆਲੋਚਕ ਸਾਈਰਿਲ ਕੌਨੋਲੀ ਨੇ ਲਿਖਿਆ ਸੀ। ਕੌਨੋਲੀ ਨੇ ਲੈਨਿਨ ਤੇ ਗਾਂਧੀ ਬਾਰੇ ਛਪੀਆਂ ਨਵੀਆਂ ਕਿਤਾਬਾਂ ਦੀ ਇਕੱਠੀ ਸਮੀਖਿਆ ਕਰਦਿਆਂ ਕਿਹਾ ਸੀ ਕਿ ਇਹ ਦੋਵੇਂ ਸ਼ਖ਼ਸੀਅਤਾਂ ਆਪੋ-ਆਪਣੀ ਅਹਿਮੀਅਤ ਦੇ ਪੈਮਾਨੇ ਵਿਚ ਹੀ ਤੁਲਨਾਏ ਜਾਣ ਦੇ ਯੋਗ ਹਨ ਕਿਉਂਕਿ 'ਦੋਵਾਂ ਨੇ ਦੋ ਵਿਸ਼ਾਲ ਮੁਲਕਾਂ ਦੇ ਲੋਕਾਂ ਨੂੰ ਇਕ ਨਵੀਂ ਦਿਸ਼ਾ ਦਿੰਦਿਆਂ ਦੁਨੀਆਂ ਨੂੰ ਬਦਲ ਦਿੱਤਾ'। ਇਸ ਦੇ ਬਾਵਜੂਦ ਇਸ ਅੰਗਰੇਜ਼ ਲੇਖਕ ਦਾ ਯਕੀਨ ਸੀ ਕਿ ਲੈਨਿਨ ਵੱਧ ਮਹਾਨ ਸੀ। ਲੈਨਿਨ ਦੀ ਛੇਤੀ ਹੀ 53 ਸਾਲ ਦੀ ਉਮਰ 'ਚ ਮੌਤ ਹੋ ਜਾਣ ਸਬੰਧੀ ਕੌਨੋਲੀ ਨੇ ਲਿਖਿਆ : "ਜੇ ਲੈਨਿਨ ਵੀ ਗਾਂਧੀ ਵਾਂਗ ਲੰਬਾ ਸਮਾਂ ਜਿਉਂਦਾ ਰਹਿੰਦਾ ਤਾਂ ਕੋਈ ਸਟਾਲਿਨ ਸਾਹਮਣੇ ਨਾ ਆਉਂਦਾ। ਕੀ ਕੋਈ ਹਿਟਲਰ ਸਾਹਮਣੇ ਆਉਂਦਾ?'' ਇਸ ਅੰਗਰੇਜ਼ ਲੇਖਕ ਦਾ ਖ਼ਿਆਲ ਸੀ ਕਿ ਲੈਨਿਨ ਨੇ ਆਪਣੇ ਇਰਾਦੇ ਅਤੇ ਵਿਚਾਰਧਾਰਾ ਦੀ ਤਾਕਤ ਨਾਲ ਹਿਟਲਰ ਤੇ ਨਾਜ਼ੀਵਾਦ ਦਾ ਉਭਾਰ ਵੀ ਰੋਕ ਦੇਣਾ ਸੀ।
ਡਾਂਗੇ ਵਾਂਗ ਹੀ ਕੌਨੋਲੀ ਵੀ ਗਾਂਧੀ ਦੀ ਨਿੱਜੀ ਸ਼ਰਾਫ਼ਤ ਲਈ ਤਾਰੀਫ਼ ਕਰਦਾ ਹੈ ਤੇ ਮਹਾਤਮਾ ਦੀ ਮੌਤ 'ਤੇ ਜੌਰਜ ਓਰਵੈਲ ਦੀ ਮਸ਼ਹੂਰ ਟਿੱਪਣੀ ਦਾ ਹਵਾਲਾ ਦਿੰਦਾ ਹੈ, "ਮਹਿਜ਼ ਇਕ ਸਿਆਸਤਦਾਨ ਵਜੋਂ ਜਾਣਿਆ ਜਾਂਦਾ ਅਤੇ ਆਪਣੇ ਸਮੇਂ ਦੇ ਹੋਰ ਸਿਆਸਤਦਾਨਾਂ ਦੇ ਮੁਕਾਬਲੇ ਉਹ ਕਿੰਨੀ ਸਾਫ਼ ਸੁਗੰਧ ਪਿੱਛੇ ਛੱਡਣ ਵਿਚ ਸਫਲ ਰਿਹਾ ਹੈ।' ਇਸ ਦੇ ਬਾਵਜੂਦ (ਡਾਂਗੇ ਵਾਂਗ ਹੀ) ਕੌਨੋਲੀ ਦਾ ਵੀ ਖ਼ਿਆਲ ਸੀ ਕਿ ਆਧੁਨਿਕ ਸੰਸਾਰ ਲਈ ਲੈਨਿਨ ਦੀ ਵਿਰਾਸਤ ਵੱਧ ਢੁਕਵੀਂ ਸੀ। ਉਸ ਦਾ ਸਮੀਖਿਆ ਲੇਖ ਇਉਂ ਸਮਾਪਤ ਹੁੰਦਾ ਹੈ : "ਜੇ ਲੈਨਿਨ ਦੀ ਵਿਰਾਸਤ ਦਾ ਹਿੱਸਾ 'ਬੇਮੇਲਤਾ ਦਾ ਸਿਧਾਂਤਕ ਤੱਤ' ਹੈ ਤਾਂ ਗਾਂਧੀ ਸਮਝੌਤੇ ਦਾ ਹੈ। ਇਸ ਦੇ ਬਾਵਜੂਦ ਜੇ ਅਸੀਂ ਕਿਸੇ ਸਖ਼ਤ ਮਿਹਨਤ ਵਾਲੀ ਸਨਅਤ ਵਿਚ ਦਬਾਏ ਗਏ ਮਜ਼ਦੂਰ ਹੁੰਦੇ ਤਾਂ ਕੀ ਅਸੀਂ ਲੈਨਿਨ ਨੂੰ ਤਰਜੀਹ ਨਾ ਦਿੰਦੇ ਕਿ ਉਹ ਸਾਡੇ ਮਕਸਦ ਨੂੰ ਅੱਗੇ ਵਧਾਵੇ।''
ਇਹ ਲੇਖ 1972 ਵਿਚ ਲਿਖਿਆ ਗਿਆ ਸੀ। ਉਦੋਂ ਤੱਕ ਲੈਨਿਨ ਦੇ ਰੂਸ ਵਿਚ ਬੀਤੇ 50 ਸਾਲਾਂ ਤੋਂ ਮਜ਼ਦੂਰਾਂ ਨੂੰ ਬਿਲਕੁਲ ਕਿਸੇ ਕਿਸਮ ਦਾ ਕੋਈ ਹੱਕ ਹਾਸਲ ਨਹੀਂ ਸੀ। ਦੂਜੇ ਪਾਸੇ ਗਾਂਧੀ ਦੇ ਭਾਰਤ ਵਿਚ ਉਹ ਘੱਟੋ-ਘੱਟ ਵੱਧ ਉਜਰਤਾਂ ਅਤੇ ਬਿਹਤਰ ਕੰਮ ਹਾਲਾਤ ਲਈ ਹੜਤਾਲ ਤਾਂ ਕਰ ਸਕਦੇ ਸਨ। ਇਹ ਵਿਅੰਗ ਹੀ ਹੈ ਕਿ ਡਾਂਗੇ ਤੇ ਮਾਇਸਕੀ ਵਰਗੇ ਤਨਖ਼ਾਹਦਾਰ ਪਾਰਟੀ ਕਾਰਕੁਨਾਂ ਦੇ ਉਲਟ, ਕੌਨੋਲੀ ਖ਼ੁਦ ਉੱਚ-ਵਰਗ ਨਾਲ ਸਬੰਧਤ ਲਿਬਰਲ ਬ੍ਰਿਟਿਸ਼ ਸੀ ਜਿਹੜਾ ਵਧੀਆ ਖਾਣੇ ਤੇ ਵਧੀਆ ਸ਼ਰਾਬ ਦਾ ਸ਼ੌਕੀਨ ਸੀ। ਜੇ ਲੈਨਿਨਵਾਦ ਸੱਚਮੁੱਚ ਉਸ ਦੇ ਮੁਲਕ ਆ ਜਾਂਦਾ ਤਾਂ ਸ਼ਾਇਦ ਉਹ ਖ਼ੁਦ ਲੈਨਿਨਵਾਦ ਦੇ ਪਹਿਲੇ ਸ਼ਿਕਾਰਾਂ ਵਿਚ ਸ਼ਾਮਲ ਹੁੰਦਾ। (ਦਿਲਚਸਪ ਗੱਲ ਹੈ ਕਿ ਲੈਨਿਨ ਖ਼ੁਦ ਵੀ ਵਧੀਆ ਖਾਣੇ ਤੇ ਸ਼ਰਾਬ ਦਾ ਸ਼ੌਕੀਨ ਸੀ। ਭਾਰਤੀ ਕਮਿਊਨਿਸਟਾਂ ਵੱਲੋਂ ਗਾਂਧੀ ਨੂੰ ਨਿੰਦੇ ਜਾਣ ਦੇ ਵਿਅੰਗਾਤਮਕ ਪੱਖ ਦਾ ਇਕ ਤੱਥ ਇਹ ਵੀ ਸੀ ਕਿ ਇਹ ਅਖੌਤੀ ਬੁਰਜੂਆ ਪ੍ਰਤੀਕਿਰਿਆਵਾਦੀ (ਗਾਂਧੀ) ਇਕ ਆਮ ਮਜ਼ਦੂਰ ਜਾਂ ਕਿਸਾਨ ਵਾਂਗ ਰਹਿੰਦਾ ਸੀ ਜਦੋਂਕਿ ਸੋਵੀਅਤ ਰੂਸ ਦੀ ਸੱਤਾ 'ਤੇ ਕਾਬਜ਼ ਕਮਿਊਨਿਸਟ ਆਗੂ ਉਸੇ ਸ਼ਾਹਾਨਾ ਢੰਗ ਨਾਲ ਰਹਿੰਦੇ ਸਨ, ਜਿਵੇਂ ਉਨ੍ਹਾਂ ਤੋਂ ਪਹਿਲਾਂ ਮੁਲਕ ਦੀ ਸੱਤਾ 'ਤੇ ਕਾਬਜ਼ ਤਾਨਾਸ਼ਾਹ ਜ਼ਾਰ ਰਹਿੰਦਾ ਸੀ।)
ਗਾਂਧੀ ਦਾ ਜਨਮ ਅਕਤੂਬਰ 1869 ਵਿਚ ਹੋਇਆ। ਲੈਨਿਨ ਉਸ ਤੋਂ ਛੇ ਮਹੀਨੇ ਬਾਅਦ ਜਨਮਿਆ। ਇਸ ਤਰ੍ਹਾਂ ਉਹ ਕੁੱਲ ਮਿਲਾ ਕੇ ਸਮਕਾਲੀ ਸਨ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਜ਼ਿੰਦਾ ਹੁੰਦਿਆਂ ਤੁਲਨਾਏ ਜਾਣ ਦਾ ਇਕ ਕਾਰਨ ਹੈ। ਦੂਜਾ (ਅਤੇ ਵੱਧ ਅਹਿਮ) ਕਾਰਨ ਇਹ ਹੈ ਕਿ ਉਹ ਅਮੀਰ ਸੱਭਿਅਕ ਇਤਿਹਾਸ ਵਾਲੇ ਦੋ ਵੱਡੇ ਮੁਲਕਾਂ ਦੇ ਵੱਡੇ ਆਗੂ ਸਨ ਤੇ ਇਹ ਦੋਵੇਂ ਮੁਲਕ ਸਿਆਸੀ ਅੱਤਿਆਚਾਰ ਤੇ ਆਰਥਿਕ ਖੜੋਤ ਤੋਂ ਛੁਟਕਾਰਾ ਪਾਉਣ ਲਈ ਜੂਝ ਰਹੇ ਸਨ।
ਭਾਰਤ (ਅਤੇ ਸੰਸਾਰ) ਨੇ ਪਿਛਲੇ ਦਿਨੀਂ ਗਾਂਧੀ ਦਾ 150ਵਾਂ ਜਨਮ ਦਿਹਾੜਾ ਮਨਾਇਆ ਹੈ ਜਿਸ ਦੌਰਾਨ ਗਾਂਧੀ ਦੀਆਂ ਰੱਜ ਕੇ ਤਾਰੀਫ਼ਾਂ ਹੋਈਆਂ। ਇਨ੍ਹਾਂ ਵਿਚੋਂ ਕੁਝ ਸੰਜੀਦਾ ਤੇ ਕੁਝ ਦਿਖਾਵਾ ਸਨ - ਤੇ ਨਾਲ ਹੀ ਵਾਜਬ ਹੱਦ ਤੱਕ ਆਲੋਚਨਾ ਵੀ ਹੋਈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੂਸ (ਅਤੇ ਸੰਸਾਰ) ਲੈਨਿਨ ਦਾ 150ਵਾਂ ਜਨਮ ਦਿਹਾੜਾ ਕਿਵੇਂ ਮਨਾਉਂਦਾ ਹੈ। ਪਰ ਮੈਂ ਇਹ ਕਹਿਣਾ ਵਾਜਬ ਸਮਝਦਾ ਹਾਂ ਕਿ ਕੁੱਲ ਮਿਲਾ ਕੇ ਦੋਵਾਂ ਵਿਦਵਾਨਾਂ ਵਿਚ ਵੀ ਤੇ ਆਮ ਲੋਕਾਂ ਵੀ, ਮੌਤ ਤੋਂ ਬਾਅਦ ਗਾਂਧੀ ਦਾ ਰੁਤਬਾ ਲੈਨਿਨ ਦੇ ਰੁਤਬੇ ਨਾਲੋਂ ਬਹੁਤ ਵਧੀਆ ਹੈ। ਇਵਾਨ ਮਾਇਸਕੀ ਦੇ ਸ਼ਬਦਾਂ ਮੁਤਾਬਿਕ ਆਖਿਆ ਜਾ ਸਕਦਾ ਹੈ ਕਿ 2019 ਵਿਚ - ਹਥਿਆਰਬੰਦ ਇਨਕਲਾਬ ਤੇ ਜਮਾਤੀ ਨਫ਼ਰਤ ਦਾ ਰੂਸੀ ਤਰਫ਼ਦਾਰ ਨਹੀਂ ਸਗੋਂ ਅਹਿੰਸਾ ਤੇ ਫ਼ਿਰਕੂ ਸਦਭਾਵਨਾ ਦਾ ਭਾਰਤੀ ਦੂਤ ਹੀ ਹੋਵੇਗਾ ਜਿਸ ਨੂੰ ਇਕ ਇਖ਼ਲਾਕੀ ਤੇ ਸਿਆਸੀ ਆਦਰਸ਼ ਵਜੋਂ ਦੇਖੇ ਜਾਣ ਦੇ ਵੱਧ ਆਸਾਰ ਹਨ। ਕਿਹਾ ਜਾ ਸਕਦਾ ਹੈ ਕਿ ਉਹੀ ਹੋਵੇਗਾ ਜੋ 'ਮਨੁੱਖਤਾ ਦੇ ਹਜ਼ਾਰ-ਸਾਲਾ ਵਿਕਾਸ ਵਿਚ ਸੇਧਗਾਰ ਚੋਟੀ ਵਾਂਗ ਚਮਕਦਾ ਰਹੇਗਾ'।