ਡਾਇਰੀ ਦੇ ਪੰਨੇ : ਚਿੱਟਾ ਚੰਦਰਾ ਜੜਾਂ 'ਚ ਬਹਿ ਗਿਆ - ਨਿੰਦਰ ਘੁਗਿਆਣਵੀ
ਇਹ ਚਿੱਟਾ ਚੰਦਰਾ ਪਤਾ ਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣ ਧੀਆਂ ਨੂੰ ਵੀ ਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰ ਫਨਾਹ ਕਰ ਸੁੱਟੇ ਨੇ ਚਿੱਟੇ ਨੇ। ਮਾਵਾਂ ਨੇ ਸਿਰਾਂ ਉਤੇ ਚਿੱਟੀਆਂ ਚੁੰਨੀਆਂ ਓਹੜ ਲੋਈਆਂ ਤੇ ਪੱਲੇ ਸਾਰੀ ਉਮਰਾਂ ਦਾ ਰੋਣਾ ਪੈ ਗਿਐ। ਚਿੱਟੇ ਦੀ ਓਵਰਡੋਜ਼ ਨਾਲ ਮਰਦੇ ਮੁੰਡਿਆਂ ਦੀਆਂ ਵੀਡੀਓਜ਼ ਦੇਖਦਿਆਂ ਦਿਲ ਨੂੰ ਹੌਲ ਪੈਂਦੇ ਨੇ। ਕੋਈ ਦਿਨ ਸੁੱਕਾ ਨਹੀਂ ਜਾਂਦਾ, ਜਦ ਨਸ਼ੇ ਦੀ ਓਵਰਡੋਜ਼ ਨਾਲ ਮੁੰਡਿਆਂ ਦੇ ਮਰਨ ਦੀਆਂ ਖਬਰਾਂ ਨਾ ਆਉਂਦੀਆਂ ਹੋਣ! ਚਿੱਟੇ ਦੇ ਉਜਾੜੇ ਟੱਬਰਾਂ ਦੇ ਦਿਲਾਂ ਦੀਆਂ ਸੁਣੋਂ, ਹਾਲ ਜਾਣੋ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ।ਮੁੰਡਿਆਂ ਦੇ ਮੁੰਡੇ ਤੁਰ ਗਏ ਜਹਾਨੋ ਤੁਰੀ ਜਾ ਰਹੇ ਨੇ। ਕਾਰਾਂ,ਨਾਰਾਂ, ਹਵੇਲੀਆਂ ਤੇ ਜ਼ਮੀਨਾਂ ਪਿੱਛੇ ਲਾਵਾਰਿਸ ਰਹਿ ਗਈਆਂ ਨੇ। ਐ ਪੰਜਾਬ ਪਿਆਰੇ! ਤੈਂ ਕਦੇ ਇਹ ਸੋਚਿਆ ਸੀ ਕਿ ਨੌਬਤ ਇੱਥੋਂ ਤੱਕ ਆ ਜਾਵੇਗੀ? ਮੈਂ ਸਪੱਸ਼ਟ ਕਹਿੰਦਾ ਕਿ ਚਿੱਟੇ ਦੇ ਸੌਦਾਗਰਾਂ ਨੂੰ ਨਾ ਅਜੇ ਨੱਥ ਪਈ ਹੈ ਤੇ ਨਾ ਪੈਂਦੀ ਦਿਖਦੀ ਹੈ। ਪੰਜਾਬਣ ਮਾਵਾਂ, ਚਿੱਟੇ ਦੇ ਚੱਟੇ ਪੁੱਤਾਂ ਦੀਆਂ ਫੋਟੋਆਂ ਹੱਥਾਂ ਵਿਚ ਲੈਕੇ ਪੱਤਰਕਾਰਾਂ ਅੱਗੇ ਰੋ ਰੋ ਕੇ ਵਿਥਿਆ ਦੱਸਣ ਵਾਲੀਆਂ ਰਹਿ ਗਈਆਂ ਹਨ, ਜਿੰਨ੍ਹਾਂ ਦੇ ਅੱਥਰੂ ਪੂੰਝਣ ਵਾਲੇ ਦੂਰ ਕਿਧਰੇ ਤੁਰ ਗਏ, ਕਦੇ ਨਹੀਂ ਪਰਤਣਾ ਉਹਨਾਂ।
""""""""
ਪੰਜਾਬ ਦੇ ਥਾਣੇ, ਕਚਹਿਰੀਆਂ, ਹਸਪਤਾਲ, ਦਫਤਰ ਤੇ ਇੱਥੋਂ ਤੱਕ ਕਿ ਸਮਸ਼ਾਨਘਾਟ ਵੀ ਨੱਕੋ ਨੱਕ ਭਰੇ ਪਏ ਦਿਸਦੇ ਨੇ। ਜਿੱਧਰ ਮਰਜ਼ੀ ਚਲੇ ਜਾਓ, ਪਿੱਟ ਸਿਆਪਾ ਹੈ, ਘੈਂਸ-ਘੈਸ ਹੈ। ਰੋਸ ਮੁਜ਼ਹਰੇ ਹਨ। ਧਰਨੇ-ਮਰਨੇ ਹਨ। ਗੋਲੀ ਚਲਾਉਣੀ ਤਾਂ ਹੁਣ ਬੜੀ ਛੋਟੀ ਜਿਹੀ ਤੇ ਆਮ ਗੱਲ ਹੋ ਗਈ ਹੋ ਗਈ ਹੈ, ਕੋਈ ਪ੍ਰਵਾਹ ਨਹੀਂ, ਜਦ ਮਰਜ਼ੀ ਤੇ ਜਿੱਥੇ ਮਰਜ਼ੀ, ਗੋਲੀ ਚਲੲਾ। ਪਾਰ ਬੁਲਾਓ। ਹੋਰ ਤਾਂ ਹੋਰ, ਹੁਣੇ ਜਿਹੇ ਦੀ ਗੱਲ, ਹੜਾਂ ਮਾਰੇ ਲੋਕਾਂ ਨੂੰ ਵਸਤਾਂ ਵੰਡਣ ਪਿੱਛੇ ਇੱਕ ਪਿੰਡ ਵਿਚ ਰੌਲਾ ਪੈ ਗਿਆ ਤੇ ਗੋਲੀ ਚਲਾ ਦਿੱਤੀ, ਕਈ ਜਖਮੀ ਕਰ ਸੁੱਟ੍ਹੇ। ਰੱਬ ਦੀ ਕਰੋਪੀ ਦਾ ਸੇਕ ਤਾਂ ਹਾਲੇ ਝੱਲ ਰਹੇ ਸਨ ਤੇ ਨਾਲ ਹੀ ਮਨੁੱਖੀ ਕਰੋਪੀ ਵੀ ਰਲ ਗਈ। ਇਸ ਗੱਲ ਨੂੰ ਸੁੱਟਿਆ ਨਹੀਂ ਜਾ ਸਕਦਾ ਕਿ ਸੜਕ ਹਾਦਸਿਆਂ ਨੇ ਪੰਜਾਬ ਵਿਚ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਹੋਈ ਜਾ ਰਹੇ ਨੇ। ਕੈਂਸਰ ਹਰ ਗਲੀ, ਹਰ ਮੋੜ ਤੇ ਹਰ ਘਰ ਵਿਚ ਖਲੋਤਾ ਮੂੰਹ ਅੱਡੀ ਫਿਰਦਾ ਹੈ। ਕਿਧਰੇ ਪੜਿਆ ਸੀ, ਕਿਸੇ ਸਿਆਣੇ ਨੇ ਲਿਖਿਆ ਸੀ ਕਿ ਜੇਕਰ ਬੰਦੇ ਨੂੰ ਆਪਣੇ ਘਰ ਤੋਂ ਹੀ ਭੈਅ ਆਣ ਲੱਗ ਜਾਵੇ, ਤਾਂ ਉਸ ਘਰ ਵਿਚ ਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਗੱਲ ਕਰਦਾ ਹਾਂ, ਪੰਜਾਬ ਦੀ ਪੜ੍ਹੀ ਲਿਖੀ ਜਵਾਨੀ ਦੀ। ਪਲੱਸ ਟੂ ਕੀਤੀ, ਆਈਲੈਟਸ 'ਚੋਂ ਬੈਂਡ ਲਏ ਤੇ ਜਹਾਜ਼ ਫੜਿਆ, ਪਰਦੇਸ ਵੱਲ ਮੁਹਰਾਂ ਮੋੜ ਲਈਆਂ। ਪੰਜਾਬ ਦੇ ਲੱਖਾਂ ਧੀਆਂ ਤੇ ਪੁੱਤ ਪਰਦੇਸੀ ਜਦ ਬੈਠੇ। ਕਦੇ ਵਾਪਸ ਨਹੀਂ ਪਰਤਣਾ ਤੇ ਨਾ ਹੀ ਉਹ ਵਾਪਸ ਪਰਤਣ ਲਈ ਗਏ ਨੇ। ਸਾਡੇ ਸਿਆਣੇ ਕਿਹਾ ਕਰਦੇ ਸਨ ਕਿ ਦੁੱਧ ਤੇ ਪੁੱਤ ਕਦੇ ਵੇਚੀਦੇ ਨਹੀਂ ਹੁੰਦੇ। ਅਸੀਂ ਪੁੱਤਾਂ ਨਾਲ ਪੈਸੇ ਵੀ ਦਿੱਤੇ ਹਨ ਪਰਦੇਸ ਨੂੰ ਤੋਰਦਿਆਂ। ਇੱਕ ਵਿਦਿਆਰਥੀ ਪਿੱਛੇ ਘੱਟੋ ਘੱਟ ਪੰਦਰਾਂ ਲੱਖ ਰੁਪਏ। ਤੇ ਜੇਕਰ ਸਾਢੇ ਤਿੰਨ ਸਾਲਾਂ ਦਾ ਜੋੜੀਏ, ਤਾਂ ਚਾਰ ਲੱਖ ਤੋਂ ਵੀ ਵੱਧ ਪੰਜਾਬ ਦਾ ਬੱਚਾ ਪਰਦੇਸ ਗਿਆ ਹੈ, ਤਾਂ ਗੱਲ ਅਰਬਾਂ ਰੁਪਈਆਂ ਵਿਚ ਜਾਵੇਗੀ। ਕੀ ਹੁਣ ਪੰਜਾਬ ਦਾ ਇਹ ਗਿਆ ਪੈਸਾ ਕਦੇ ਵਾਪਸ ਆਏਗਾ? ਜੁਆਬ ਨਾਂਹ ਵਿਚ ਮਿਲਦਾ ਹੈ। ਕਿਸੇ ਵੀ ਏਅਰਪੋਰਟ ਉਤੇ ਚਲੇ ਜਾਓ, ਖਾਸ ਕਰ ਦਿੱਲੀ ਜਾਂ ਅੰਮ੍ਰਿਤਸਰ। ਵਿਦਿਆਰਥੀ ਵਿਜ਼ਿਆਂ ਉਤੇ ਜਾ ਰਹੇ ਮੁੰਡੇ ਕੁੜੀਆਂ ਦੀਆਂ ਕਤਾਰਾਂ ਏਨੀਆਂ ਲੰਬੀਆਂ ਨੇ ਕਿ ਇਮੀਗ੍ਰੇਸ਼ਨ ਚੈਕਿੰਗ ਵਾਲੇ ਮੱਥੇ ਫੜੀ ਬੈਠੇ ਖੁਦ ਦੇਖ ਆਇਆ ਹਾਂ। ਐ ਪੰਜਾਬ ਪਿਆਰੇ, ਤੇਰੇ ਕੋਲ ਕੀ ਰਹਿ ਗਿਐ, ਜਦ ਪੜੀ ਲਿਖੀ ਤੇ ਡਿਗਰੀਆਂ ਡਿਪਲੋਮਿਆਂ ਵਾਲੀ ਜੁਆਨੀ ਮੂੰਹ ਫੇਰ ਚੱਲੀ ਹੈ ਤੇਰੇ ਤੋਂ। ਕਾਲਜ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਨਹੀਂ ਹੋਏ। ਖਾਲੀ ਭਾਂ ਭਾਂ ਦੇਖ ਅਧਿਆਪਕ ਵੀ ਭੱਜਣ ਲੱਗੇ ਨੇ। ਕਿਹਾ ਕਰਦੇ ਸਨ ਕਿ ਪੰਜਾਬ ਦਾ ਕਿਰਸਾਨ ਮੁਲਕ ਦਾ ਢਿੱਡ ਭਰਦਾ ਹੈ। ਅੰਨਦਾਤਾ ਹੈ। ਰੱਜਵਾਂ ਅਨਾਜ ਪੈਦਾ ਕਰਦਾ ਹੈ। ਪਰ ਮਾਲਵੇ ਖਿੱਤੇ ਵਿਚ ਲਗਾਤਾਰ ਫਾਹੇ ਲੈ ਰਹੇ ਤੇ ਸਪਰੇਆਂ ਪੀ ਰਹੇ ਅੰਨ ਦਾਤਿਆਂ ਦੇ ਘਰਾਂ 'ਚੋਂ ਵਿਛੇ ਸੱਥਰ ਕੌਣ ਉਠਾਵੇਗਾ? ਕੋਈ ਵੀ ਨਹੀਂ। ਕਿਸਾਨਾਂ ਦੀਆਂ ਆਤਮ ਹਤਿਆਵਾਂ ਨਾ ਕੇਂਦਰ ਰੋਕ ਸਕਿਆ ਤੇ ਨਾ ਸਥਾਨਕ ਸਰਕਾਰਾਂ। ਐ ਪੰਜਾਬ ਪਿਆਰੇ, ਇਹ ਤਾਂ ਕੁਝ ਕੁ ਝਲਕਾਂ ਹੀ ਨੇ ਤੇਰੀ ਉਦਾਸੀ ਮਾਰੀ ਫਿੱਕੀ ਫੋਟੋ 'ਚੋਂ ਤੱਕੀਆਂ। ਹਰੇ ਗੁੜ੍ਹੇ ਰੰਗਾਂ ਵਾਲੀ ਟਹਿਕਦੀ ਤੇ ਸੁੰਦਰਤਾ ਭਰੀ ਤੇਰੀ ਤਸਵੀਰ ਦੇਖਣ ਦੀ ਚਾਹਤ ਲਈ ਕਾਮਨਾ ਹੀ ਕੀਤੀ ਜਾ ਸਕਦੀ ਹੈ।
ਗੱਲ ਚਿੱਟੇ ਦੀ ਕਰ ਰਹੇ ਹਾਂ, ਜਿੰਨ੍ਹਾਂ ਦੋਸਤਾਂ ਨੇ ਇਹ ਮੰਜ਼ਰ ਅੱਖੀਂ ਨਹੀਂ ਦੇਖਿਆ ਹੈ ਕਿ ਚਿੱਟੇ ਦੇ ਉਜਾੜੇ ਘਰਾਂ ਦੀ ਹਾਲਤ ਕੀ ਹੈ? ਉਹ ਸਿਰਫ਼ ਗੱਲਾਂ ਹੀ ਮਾਰ ਸਕਦੇ ਹਨ। ਇੱਕੋ ਹੀ ਘਟਨਾ ਬਹੁਤ ਹੈ, ਇੱਕ ਜਿਲੇ ਦਾ ਐਸ ਐਸ ਪੀ ਇੱਕ ਰਿਟਾਇਰ ਏ ਡੀ ਜੀ ਪੀ ਨਾਲ ਫੋਨ 'ਤੇ ਚੈਟਿੰਗ ਕਰਦਾ ਬਹਿਸ ਵਿਚ ਪੈ ਗਿਆ। ਏ ਡੀ ਜੀ ਪੀ ਨੂੰ ਐਸ ਐਸ ਪੀ ਕਹਿ ਰਿਹਾ ਸੀ ਕਿ ਚਿੱਟਾ ਚਿੱਟਾ ਸਿਰਫ਼ ਰੌਲਾ ਗੌਲਾ ਹੀ ਹੈ, ਗੱਲ ਕੁਝ ਵੀ ਨਹੀਂ ਹੈ। ਜਦੋਂ ਏ ਡੀ ਜੀ ਪੀ ਨੇ ਉਸ ਐਸ ਐਸ ਪੀ ਨੂੰ ਉਸੇ ਦੇ ਜਿਲੇ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਗਿਣਤੀ ਗਿਣਵਾਈ, ਤਾਂ ਅਖਿਰ ਉਸ ਨੂੰ ਚੁੱਪ ਕਰਨਾ ਪਿਆ। ਅਸੀਂ ਹਾਲੇ ਵੀ ਹੱਥ 'ਤੇ ਹੱਥ ਰੱਖੀਂ ਬੈਠੇ ਰਹਿਣਾ ਚਾਹੁੰਨੇ ਹਾਂ। ਪੁਲੀਸ ਆਪਣੀ ਆਲੋਚਨਾ ਸੁਣਨ ਦੀ ਹਾਲੇ ਆਦੀ ਨਹੀਂ ਹੋਈ, ਸਿਰਫ਼ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਦੀ ਇਛੁੱਕ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਾਪਤੀਆਂ ਵੀ ਗਿਣਵਾਓ, ਪਰ ਹਕੀਕਤ ਤੋਂ ਨਾ ਭੱਜੋ, ਤੇ ਆਲੋਚਨਾ ਸੁਣਨ ਦੀ ਆਦਤ ਵੀ ਪਾਓ।