ਇਮਰਾਨ ਖਾਨ ਭਾਰਤੀ ਲੋਕਾਂ ਦੇ ਗੁੱਸੇ ਦਾ ਪਾਤਰ ਹੋਣਾ ਚਾਹੀਦੈ ਕਿ ਤਰਸ ਦਾ... - ਜਤਿੰਦਰ ਪਨੂੰ
ਭਾਰਤ ਵਰਗੇ ਵੱਡੇ ਦੇਸ਼ ਨੰ ਦੋ ਥਾਂਈਂ ਵੰਡ ਕੇ ਅੰਗਰੇਜ਼ਾਂ ਨੇ ਇੱਕ ਵੱਖਰਾ ਦੇਸ਼ ਪਾਕਿਸਤਾਨ ਸਿਰਜਿਆ ਸੀ। ਉਸ ਨੂੰ ਵੀ ਇੱਕੋ ਥਾਂ ਨਹੀਂ ਸੀ ਰੱਖਿਆ ਅਤੇ ਦੋ ਥਾਂਈਂ ਵੰਡ ਕੇ ਪੂਰਬੀ ਅਤੇ ਪੱਛਮੀ ਪਾਕਿਸਤਾਨ ਬਣਾ ਕੇ ਦੋਵਾਂ ਦੀ ਸਰਕਾਰ ਇੱਕੋ ਥਾਂ ਕਰਾਚੀ ਤੋਂ ਚਲਾਉਣ ਲਈ ਕਿਹਾ ਸੀ। ਏਧਰ ਪੰਜਾਬ ਵੰਡ ਕੇ ਦੋ ਥਾਂਈ ਕੀਤਾ ਗਿਆ ਅਤੇ ਦੂਸਰੇ ਪਾਸੇ ਬੰਗਾਲ ਦੋ ਥਾਂਈਂ ਵੰਡ ਕੇ ਇਸ ਵਿੱਚੋਂ ਪੂਰਬੀ ਪਾਕਿਸਤਾਨ ਬਣਾਇਆ ਗਿਆ, ਜਿਹੜਾ ਫਿਰ ਪਾਕਿਸਤਾਨ ਨਾਲੋਂ ਟੁੱਟ ਕੇ ਵੱਖਰਾ ਬੰਗਲਾ ਦੇਸ਼ ਬਣਨ ਦੀ ਘਟਨਾ ਵਾਪਰੀ ਸੀ। ਇਸ ਦਾ ਕਾਰਨ ਇਹ ਸੀ ਕਿ ਪੂਰਬੀ ਪਾਕਿਸਤਾਨ ਦੀ ਜਨਤਾ ਦੇ ਹਰਮਨ ਪਿਆਰੇ ਆਗੂ ਸ਼ੇਖ ਮੁਜੀਬ ਉਰ ਰਹਿਮਾਨ ਨੂੰ ਜਦੋਂ ਪੂਰਬੀ ਅਤੇ ਪੱਛਮੀ ਸਾਂਝੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਚੋਣਾਂ ਦੌਰਾਨ ਤਿੰਨ ਸੌ ਕੁੱਲ ਸੀਟਾਂ ਵਿੱਚੋਂ ਇੱਕ ਸੌ ਸੱਠ ਦੀ ਬਹੁ-ਸੰਮਤੀ ਮਿਲ ਗਈ ਤਾਂ ਉਸ ਨੂੰ ਸਹੁੰ ਚੁੱਕਣ ਤੋਂ ਰੋਕ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਤੋਂ ਹਾਲਾਤ ਵਿਗੜੇ ਅਤੇ ਬੰਗਲਾ ਦੇਸ਼ ਵੱਖਰਾ ਹੋਣ ਦੀ ਨੌਬਤ ਆਈ ਸੀ।
ਜਦੋਂ ਹਾਲੇ ਇੱਕ ਦੇਸ਼ ਤੋੜ ਕੇ ਦੋ ਬਣਾਏ ਗਏ ਅਤੇ ਦੋਂਹ ਥਾਂਈਂ ਵੰਡਿਆ ਪਾਕਿਸਤਾਨ ਬਣਿਆ ਹੀ ਸੀ, ਦੋਵਾਂ ਦੀ ਪਹਿਲੀ ਜੰਗ ਛਿਮਾਹੀ ਦੇ ਅੰਦਰ ਹੀ ਹੋ ਗਈ ਸੀ। ਉਹ ਜੰਗ ਕਸ਼ਮੀਰ ਦੀ ਰਿਆਸਤ ਬਾਰੇ ਸੀ। ਉਸ ਪਿੱਛੋਂ ਭਾਰਤ ਅਤੇ ਪਾਕਿਸਤਾਨ ਦੀਆਂ ਅੱਜ ਤੱਕ ਚਾਰ ਜੰਗਾਂ ਹੋ ਚੁੱਕੀਆਂ ਹਨ, ਚਾਰੇ ਜੰਗਾਂ ਭਾਵੇਂ ਹੇਠਾਂ ਧਰਤੀ ਉੱਤੇ ਲੜੀਆਂ ਗਈਆਂ ਅਤੇ ਭਾਵੇਂ ਆਕਾਸ਼ ਵਿੱਚ, ਪਰ ਆਪਣੇ ਇਲਾਕੇ ਵਿੱਚ ਲੜੀਆਂ ਗਈਆਂ ਸਨ। ਇਸ ਵੇਲੇ ਇੱਕ ਜੰਗ ਦੁਨੀਆ ਦੇ ਦੂਸਰੇ ਸਿਰੇ ਅਮਰੀਕਾ ਵਿੱਚ ਜਾ ਕੇ ਫੌਜਾਂ ਦੀ ਬਜਾਏ ਡਿਪਲੋਮੈਟਿਕ ਪੱਧਰ ਉੱਤੇ ਲੜੀ ਜਾ ਰਹੀ ਹੈ ਅਤੇ ਇਸ ਜੰਗ ਵਿੱਚ ਹਰ ਰੋਜ਼ ਨਵੀਂ ਖਬਰ ਸੁਣਨ ਨੂੰ ਮਿਲਦੀ ਹੈ। ਦੋਵਾਂ ਦੇਸ਼ਾਂ ਦੇ ਮੁਖੀਆਂ ਦਾ ਸਾਰਾ ਜ਼ੋਰ ਇਸ ਜੰਗ ਉੱਤੇ ਲੱਗਾ ਪਿਆ ਹੈ।
ਭਾਰਤ ਦਾ ਪ੍ਰਧਾਨ ਮੰਤਰੀ ਇੱਕ ਧੜੱਲੇਦਾਰ ਬੁਲਾਰਾ ਅਤੇ ਲਾਮਬੰਦੀ ਕਰਨ ਦੀਆਂ ਮੁਹਿੰਮਾਂ ਦਾ ਮਾਹਰ ਸਮਝਿਆ ਜਾਂਦਾ ਹੈ ਤੇ ਉਸ ਦੀ ਇਹੋ ਜਿਹੀ ਮੁਹਾਰਤ ਦੇਸ਼ ਤੋਂ ਨਿਕਲ ਕੇ ਸੰਸਾਰ ਪਿੜ ਵਿੱਚ ਪਹੁੰਚ ਗਈ ਹੈ। ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਉਸ ਲਈ ਕੀਤੇ ਗਏ ਵੱਡੇ ਸ਼ੋਅ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆਇਆ ਅਤੇ ਇਸ ਬਹਾਨੇ ਜਿਸ ਅਮਰੀਕੀ ਮੀਡੀਏ ਨੇ ਨਰਿੰਦਰ ਮੋਦੀ ਦੇ ਸ਼ੋਅ ਨੂੰ ਸਿਰਫ ਭਾਰਤੀਆਂ ਦਾ ਇਕੱਠ ਮੰਨਣਾ ਤੇ ਖਾਸ ਥਾਂ ਨਹੀਂ ਸੀ ਦੇਣਾ, ਉਸ ਨੇ ਵੀ ਆਪਣੇ ਰਾਸ਼ਟਰਪਤੀ ਦੇ ਕਾਰਨ ਇਸ ਨੂੰ ਪੂਰੀ ਕਵਰੇਜ ਦਿੱਤੀ। ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਦਿੱਤੇ ਭਾਸ਼ਣ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਅਗਲੇ ਸਾਲ ਹੋਣ ਵਾਲੀ ਚੋਣ ਦਾ ਚੱਕਾ ਬੰਨ੍ਹਣ ਦੇ ਲਈ ਭਾਰਤੀ ਚੋਣ ਮੁਹਿੰਮ ਦੇ 'ਅਬ ਕੀ ਬਾਰ, ਮੋਦੀ ਸਰਕਾਰ' ਦੇ ਨਾਅਰੇ ਵਾਂਗ ਅਮਰੀਕਾ ਲਈ 'ਅਬ ਕੀ ਬਾਰ, ਟਰੰਪ ਸਰਕਾਰ' ਦਾ ਨਾਅਰਾ ਦੇਣ ਤੱਕ ਵੀ ਪਹੁੰਚ ਗਿਆ। ਇਹ ਗੱਲ ਚੰਗੀ ਨਹੀਂ ਹੋਈ। ਭਾਰਤ ਦੀ ਨੀਤੀ ਕਿਸੇ ਦੇਸ਼ ਵਿੱਚ ਚੋਣ ਦੌਰਾਨ ਦਖਲ ਦੇਣ ਦੀ ਕਦੇ ਨਹੀਂ ਸੀ ਰਹੀ। ਪ੍ਰਧਾਨ ਮੰਤਰੀ ਮੋਦੀ ਦਾ ਇਹ ਕਦਮ ਅਮਰੀਕੀ ਚੋਣਾਂ ਵਿੱਚ ਦਖਲ ਸੀ। ਰਾਸ਼ਟਰਪਤੀ ਦੀ ਪਿਛਲੀ ਚੋਣ ਦੌਰਾਨ ਓਥੇ ਰੂਸ ਵੱਲੋਂ ਦਿੱਤੇ ਕਿਸੇ ਦਖਲ ਦੀ ਚਰਚਾ ਅਜੇ ਤੱਕ ਕਿਸੇ ਸਿਰੇ ਨਹੀਂ ਲੱਗੀ ਤੇ ਨਰਿੰਦਰ ਮੋਦੀ ਦੇ ਇਸ ਭਾਸ਼ਣ ਨਾਲ ਅਗਲੀ ਚੋਣ ਵਿੱਚ ਭਾਰਤ ਦੇ ਦਖਲ ਦਾ ਅਗੇਤਾ ਦੋਸ਼ ਲੱਗਣ ਦਾ ਪਿੜ ਬੰਨ੍ਹ ਦਿੱਤਾ ਗਿਆ ਹੈ।
ਅਸੀਂ ਇਹ ਗੱਲ ਨਹੀਂ ਕਹਿਣਾ ਚਾਹੁੰਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਭਾਸ਼ਣ ਦੇ ਅਸਰ ਹੇਠ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਡਿਪਲੋਮੇਟਿਕ ਪੈਂਤੜੇ ਦਾ ਸਾਥ ਦਿੱਤਾ ਜਾਂ ਭਾਰਤ ਦੀ ਜਾਇਜ਼ ਸਮਝ ਨਾਲ ਖੜੋਣ ਦਾ ਫਰਜ਼ ਨਿਭਾਇਆ ਹੈ, ਪਰ ਏਨੀ ਗੱਲ ਸਾਫ ਹੈ ਕਿ ਉਹ ਭਾਰਤ ਨਾਲ ਖੜਾ ਹੈ। ਪਾਕਿਸਤਾਨ ਤੋਂ ਆਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੈਰ-ਪੈਰ ਉੱਤੇ ਏਨੀ ਬੇਇੱਜ਼ਤੀ ਹੁੰਦੀ ਦਿਖਾਈ ਦਿੱਤੀ, ਜਿੰਨੀ ਅੱਜ ਤੱਕ ਕਿਸੇ ਹੋਰ ਪ੍ਰਧਾਨ ਮੰਤਰੀ ਦੀ ਨਹੀਂ ਸੀ ਹੋਈ। ਹਵਾਈ ਅੱਡੇ ਉੱਤੇ ਕੋਈ ਲੈਣ ਨਹੀਂ ਗਿਆ ਤਾਂ ਖਾਸ ਫਰਕ ਨਹੀਂ, ਪਰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਉਸ ਨਾਲ ਲਾਈ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਜਿਹੜਾ ਵਿਹਾਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਸਵਾਲ ਕਰਨ ਵਾਲੇ ਪੱਤਰਕਾਰ ਬਾਰੇ ਡੋਨਾਲਡ ਟਰੰਪ ਨੇ ਇਮਰਾਨ ਖਾਨ ਨੂੰ ਜਿਵੇਂ ਕਿਹਾ ਕਿ ਏਦਾਂ ਦੇ ਪੱਤਰਕਾਰ ਕਿੱਥੋਂ ਲੈ ਆਉਂਦੇ ਹੋ, ਉਹ ਸਾਰਿਆਂ ਲਈ ਹੈਰਾਨ ਕਰਨ ਵਾਲੀ ਘਟਨਾ ਸੀ। ਫਿਰ ਅਗਲਾ ਮੌਕਾ ਯੂ ਐੱਨ ਸੈਸ਼ਨ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੇ ਭਾਸ਼ਣਾਂ ਦਾ ਸੀ, ਜਿਸ ਵਿੱਚ ਕਿਹੜਾ ਕੀ ਕਹਿੰਦਾ ਹੈ, ਇਸ ਵੱਲ ਦੁਨੀਆ ਭਰ ਦੇ ਲੋਕਾਂ ਦੇ ਕੰਨ ਲੱਗੇ ਹੋਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਪੱਕੇ ਰੌਂਅ ਮੁਤਾਬਕ ਅੱਤਵਾਦ ਦਾ ਮੁੱਦਾ ਚੁੱਕਿਆ ਅਤੇ ਨਾਲ ਭਾਰਤ ਦੇ ਵਿਕਾਸ ਦੀਆਂ ਗੱਲਾਂ ਦਾ ਗੁਤਾਵਾ ਕਰ ਕੇ ਇੱਕ ਏਦਾਂ ਦਾ ਮਾਹੌਲ ਸਿਰਜ ਲਿਆ ਕਿ ਅਗਲੀ ਗੱਲ ਵੀ ਕਹਿੰਦਾ ਹੋਇਆ ਪਾਕਿਸਤਾਨ ਦਾ ਨਾਂਅ ਲਏ ਬਿਨਾ ਉਸ ਉੱਤੇ ਚੋਟ ਕਰਦਾ ਗਿਆ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਸ ਕਲਾ ਦਾ ਏਨਾ ਮਾਹਰ ਵੀ ਨਹੀਂ ਅਤੇ ਇਸ ਪੱਖੋਂ ਉਸ ਕੋਲ ਬਹੁਤਾ ਕੁਝ ਕਹਿਣ ਲਈ ਵੀ ਨਹੀਂ, ਇਸ ਕਾਰਨ ਬੜੇ ਥੋੜ੍ਹੇ ਹੋਰ ਮੁੱਦੇ ਛੇੜ ਕੇ ਬਾਅਦ ਵਿੱਚ ਸਿੱਧੇ ਭਾਰਤ ਵਿਰੋਧੀ ਨੁਕਤਿਆਂ ਉੱਤੇ ਬੋਲਣ ਲੱਗ ਪਿਆ। ਕਸ਼ਮੀਰ ਦਾ ਮੁੱਦਾ ਤਾਂ ਉਸ ਨੇ ਚੁੱਕਣਾ ਹੀ ਸੀ, ਉਹ ਇਹ ਵੀ ਸਮਝਾਉਣ ਲੱਗਾ ਰਿਹਾ ਕਿ ਇਸਲਾਮ ਅਤੇ ਅੱਤਵਾਦ ਨੂੰ ਆਪੋ ਵਿੱਚ ਰਲਗੱਡ ਕਰਨ ਨਾਲ ਨੁਕਸਾਨ ਹੁੰਦਾ ਹੈ, ਪਰ ਅੰਤ ਵਿੱਚ ਇਸ ਗੱਲ ਉੱਤੇ ਆ ਗਿਆ ਕਿ ਜੇ ਭਾਰਤ ਨਾਲ ਜੰਗ ਹੋਣ ਦੀ ਸਥਿਤੀ ਬਣੀ ਤਾਂ ਸਾਰੀ ਦੁਨੀਆ ਭੁਗਤੇਗੀ। ਉਸ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਸ ਦਾ ਦੇਸ਼ ਭਾਰਤ ਵਾਂਗ ਐਟਮੀ ਤਾਕਤ ਹੈ ਅਤੇ ਲੜਾਈ ਵਿੱਚ ਉਹ ਜਾਂ ਹਾਰ ਮੰਨਣਗੇ ਜਾਂ ਆਖਰੀ ਸਾਹ ਤੱਕ ਲੜਨਗੇ ਤੇ ਇਸ ਸਥਿਤੀ ਵਿੱਚ ਜਿਹੜੀ ਨੌਬਤ ਆ ਸਕਦੀ ਹੈ, ਬਾਕੀ ਦੁਨੀਆ ਉਸ ਦੇ ਅਸਰ ਤੋਂ ਬਚੀ ਰਹਿਣ ਦੀ ਆਸ ਬਿਲਕੁਲ ਨਹੀਂ ਕਰ ਸਕਦੀ। ਦਹਿਸ਼ਤਗਰਦੀ ਦੇ ਮੁੱਦੇ ਉੱਤੇ ਆਪਣੇ ਦੇਸ਼ ਦੀ ਸਫਾਈ ਦੇਣ ਦੀ ਕੋਸ਼ਿਸ਼ ਵੀ ਉਸ ਨੇ ਬੜੀ ਕੀਤੀ, ਪਰ ਕੰਮ ਪਹਿਲਾਂ ਹੀ ਵਿਗੜ ਚੁੱਕਾ ਸੀ।
ਪਹਿਲਾਂ ਵਿਗੜ ਚੁੱਕੇ ਕੰਮ ਦੀ ਗੱਲ ਅਸੀਂ ਇਸ ਲਈ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਯੂ ਐੱਨ ਓ ਦੇ ਮੰਚ ਤੋਂ ਬੋਲਣ ਦੇ ਇੱਕ ਦਿਨ ਪਹਿਲਾਂ ਇਹ ਗੱਲ ਕਹਿ ਚੁੱਕਾ ਸੀ ਕਿ ਅਮਰੀਕਾ ਦੇ ਕਹਿਣ ਉੱਤੇ ਤਾਲਿਬਾਨ ਤੇ ਅਲ ਕਾਇਦਾ ਨੂੰ ਟਰੇਨਿੰਗ ਦੇ ਕੇ ਉਸ ਦੇ ਦੇਸ਼ ਦੀ ਫੌਜ ਨੇ ਖੜੇ ਕੀਤਾ ਸੀ। ਨਾਂਅ ਭਾਵੇਂ ਅਮਰੀਕਾ ਦਾ ਲਿਆ ਕਿ ਉਸ ਦੇ ਕਹੇ ਉੱਤੇ ਇਹ ਕੰਮ ਕੀਤਾ ਸੀ, ਪਰ ਅਸਲ ਵਿੱਚ ਉਸ ਨੇ ਇਹ ਗੱਲ ਮੰਨ ਲਈ ਕਿ ਦਹਿਸ਼ਤਗਰਦਾਂ ਨੂੰ ਟਰੇਨਿੰਗ ਦੇਣ ਅਤੇ ਦੂਸਰੇ ਦੇਸ਼ਾਂ ਵਿੱਚ ਭੇਜਣ ਦਾ ਗੁਨਾਹ ਉਸ ਦੇ ਦੇਸ਼ ਦੀ ਫੌਜ ਕਰਦੀ ਰਹੀ ਸੀ। ਜੇ ਅਮਰੀਕਾ ਦੇ ਕਹਿਣ ਉੱਤੇ ਵੀ ਕੀਤਾ ਸੀ ਤਾਂ ਇਸ ਬਹਾਨੇ ਇਮਰਾਨ ਖਾਨ ਨੇ ਇਹ ਗੱਲ ਮੰਨ ਲਈ ਕਿ ਜਦੋਂ ਭਾਰਤ ਪੁਲਾੜ ਵੱਲ ਉਡਾਰੀ ਲਾਉਣ ਸਮੇਤ ਕਈ ਕਦਮ ਵਿਕਾਸ ਵੱਲ ਵਧਾਉਣ ਲੱਗਾ ਪਿਆ ਸੀ, ਓਦੋਂ ਇਮਰਾਨ ਖਾਨ ਦਾ ਦੇਸ਼ ਕਦੇ ਅਮਰੀਕਾ ਅਤੇ ਕਦੇ ਕਿਸੇ ਹੋਰ ਦੇਸ਼ ਵਾਲਿਆਂ ਲਈ ਭਾੜੇ ਦੇ ਕਾਰਿੰਦੇ ਵਾਂਗ ਗੰਦੇ ਤੋਂ ਗੰਦਾ ਕੰਮ ਕਰਦਾ ਰਿਹਾ ਸੀ। ਦੋਸ਼ ਭਾਵੇਂ ਪਿਛਲੀਆਂ ਸਰਕਾਰਾਂ ਸਿਰ ਥੱਪ ਦਿੱਤਾ ਜਾਵੇ, ਪਰ ਇਸ ਨਾਲ ਭੰਡੀ ਤਾਂ ਪਾਕਿਸਤਾਨ ਦੇਸ਼, ਉਸ ਦੀ ਫੌਜ ਅਤੇ ਉਸ ਕੌਮ ਦੀ ਹੀ ਹੁੰਦੀ ਸੀ। ਇਸ ਕਾਰਨ ਜਦੋਂ ਉਹ ਅਮਰੀਕਾ ਵਿੱਚ ਏਦਾਂ ਦੇ ਥਿੜਕਣਾਂ ਭਰਪੂਰ ਪੈਂਤੜੇ ਵਰਤ ਰਿਹਾ ਸੀ ਤੇ ਏਥੋਂ ਤੱਕ ਕਹੀ ਜਾਂਦਾ ਸੀ ਕਿ ਜਿਹੜੇ ਦਬਾਅ ਹੇਠ ਮੈਂ ਕੰਮ ਕਰਦਾ ਪਿਆ ਹਾਂ, ਕੋਈ ਹੋਰ ਆਗੂ ਹੁੰਦਾ ਤਾਂ ਉਸ ਨੂੰ ਹਾਰਟ ਅਟੈਕ ਹੋ ਜਾਂਦਾ ਤਾਂ ਉਸ ਦੀ ਬੇਵੱਸੀ ਵੀ ਜ਼ਾਹਰ ਹੁੰਦੀ ਸੀ ਅਤੇ ਕੂਟਨੀਤੀ ਦਾ ਅਨਾੜੀਪੁਣਾ ਵੀ। ਉਸ ਦੇ ਲੋਕ ਵੀ ਇਸ ਤੋਂ ਖੁਸ਼ ਨਹੀਂ ਹੋ ਸਕਦੇ।
ਅਸੀਂ ਭਾਰਤੀ ਲੋਕ ਜਦੋਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਤਰੱਕੀ ਬਹੁਤ ਕੀਤੀ ਹੈ ਤਾਂ ਅਗਲੀ ਗੱਲ ਕਹਿਣ ਲਈ ਯੋਗ ਆਧਾਰ ਨਹੀਂ ਦੱਸ ਸਕਦੇ ਕਿ ਤਰੱਕੀ ਦਾ ਲਾਭ ਹਰ ਭਾਰਤੀ ਨੂੰ ਸਾਵਾਂ ਮਿਲਿਆ ਹੈ, ਪਰ ਪਾਕਿਸਤਾਨ ਦਾ ਆਜ਼ਾਦੀ ਦੇ ਬਾਅਦ ਸਾਰਾ ਧਿਆਨ ਹੀ ਭਾਰਤ ਦੇ ਵਿਰੋਧ ਵਾਸਤੇ ਲੱਗਾ ਰਿਹਾ ਹੈ। ਉਨ੍ਹਾਂ ਨੇ ਇੱਕੋ ਗੱਲ ਇਹੋ ਜਿਹੀ ਕੀਤੀ, ਜਿਸ ਦੇ ਨਾਲ ਸੰਸਾਰ ਦਾ ਧਿਆਨ ਖਿੱਚਣ ਦਾ ਯਤਨ ਕਰਦੇ ਹਨ ਤੇ ਉਹ ਗੱਲ ਐਟਮੀ ਸ਼ਕਤੀ ਹਾਸਲ ਕਰਨਾ ਹੈ, ਪਰ ਇਸ ਕੰਮ ਵਿੱਚ ਵੀ ਉਨ੍ਹਾਂ ਦਾ ਓਨਾ ਯੋਗਦਾਨ ਆਪਣਾ ਨਹੀਂ, ਜਿੰਨਾ ਇਸਲਾਮੀ ਦੇਸ਼ਾਂ ਦਾ ਹੈ, ਜਿਨ੍ਹਾਂ ਤੋਂ ਇਹ ਕਹਿ ਕੇ ਪੈਸਾ ਲਿਆ ਸੀ ਕਿ ਇਹ ਬੰਬ ਪਾਕਿਸਤਾਨ ਵਾਸਤੇ ਨਹੀਂ, ਅਸੀਂ ਇਸਲਾਮੀ ਬੰਬ ਬਣਾਉਣਾ ਹੈ। ਅੱਜ ਜਦੋਂ ਪਾਕਿਸਤਾਨ ਸਰਕਾਰ ਦਾ ਮੁਖੀ ਇਹ ਗੱਲ ਮੰਨ ਰਿਹਾ ਹੈ ਕਿ ਉਸ ਦੇ ਦੇਸ਼ ਦੀਆਂ ਸਰਕਾਰਾਂ ਤੇ ਫੌਜਾਂ ਨੇ ਅਲ ਕਾਇਦਾ ਤੇ ਤਾਲਿਬਾਨ ਵਰਗੇ ਗਰੁੱਪਾਂ ਨੂੰ ਤਿਆਰ ਕਰਨ ਦਾ ਗੁਨਾਹ ਕੀਤਾ ਹੋਇਆ ਹੈ ਤਾਂ ਇਹ ਦੂਸਰਾ ਮੁੱਦਾ ਹੈ, ਜਿਸ ਨਾਲ ਉਹ ਸਾਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਹੈ, ਪਰ ਇਹ ਮੁੱਦਾ ਕੋਈ ਇੱਜ਼ਤ ਬਣਾਉਣ ਵਾਲਾ ਤਾਂ ਨਹੀਂ, ਹੋਰ ਵੀ ਬੱਦੂ ਕਰਨ ਵਾਲਾ ਹੈ।
ਆਪੋ ਵਿੱਚ ਚਾਰ ਜੰਗਾਂ ਦੋਵਾਂ ਦੇਸ਼ਾਂ ਦੀ ਆਪਣੀ ਧਰਤੀ ਅਤੇ ਆਪਣੇ ਆਕਾਸ਼ ਵਿੱਚ ਲੜ ਚੁੱਕੇ ਦੋਵੇਂ ਦੇਸ਼ ਇਸ ਵੇਲੇ ਜਦੋਂ ਸੰਸਾਰ ਦੀ ਸੱਥ ਮੂਹਰੇ ਇੱਕ ਡਿਪਲੋਮੇਟਿਕ ਜੰਗ ਲੜਦੇ ਪਏ ਹਨ, ਇਸ ਵਿੱਚ ਵੀ ਭਾਰਤੀ ਪੱਖ ਦੀ ਗੱਲ ਹੋਵੇ ਜਾਂ ਨਾ, ਪਾਕਿਸਤਾਨ ਦੇ ਹੱਕ ਵਿੱਚ ਹੁੰਗਾਰਾ ਦੇਣ ਵਾਲਾ ਕੋਈ ਨਹੀਂ ਲੱਭਾ। ਏਥੋਂ ਤੱਕ ਕਿ ਚੀਨ ਵਰਗਾ ਉਸ ਦੀ ਚਿਰਾਂ ਤੋਂ ਸਰਪ੍ਰਸਤੀ ਕਰਦਾ ਆਇਆ ਦੇਸ਼, ਜਿਸ ਦੀ ਬਹੁਤ ਸਾਰੀ ਪੂੰਜੀ ਪਾਕਿਸਤਾਨ ਵਿਚਲੇ ਪ੍ਰਾਜੈਕਟਾਂ ਉੱਤੇ ਲੱਗੀ ਹੋਣ ਕਰ ਕੇ ਉਸ ਲਈ ਪਾਕਿਸਤਾਨ ਦੀ ਮਦਦ ਕਰਨਾ ਇੱਕ ਮਜਬੂਰੀ ਵੀ ਹੈ, ਉਹ ਵੀ ਇਸ ਵੇਲੇ ਪਾਕਿਸਤਾਨ ਲਈ ਇੱਕ ਖਾਸ ਹੱਦ ਤੋਂ ਅੱਗੇ ਜਾਣ ਵਾਸਤੇ ਤਿਆਰ ਨਹੀਂ। ਪਾਕਿਸਤਾਨ ਬੁਰੀ ਤਰ੍ਹਾਂ ਨਿੱਖੜ ਚੁੱਕਾ ਹੈ। ਸਾਨੂੰ ਇਹੋ ਜਿਹੀ ਕੋਈ ਚਿੰਤਾ ਨਹੀਂ ਕਿ ਇਸ ਜੰਗ ਵਿੱਚ ਦੋਵਾਂ ਵਿੱਚੋਂ ਕੌਣ ਜਿੱਤੇਗਾ, ਸਗੋਂ ਇਸ ਗੱਲ ਬਾਰੇ ਚਿੰਤਾ ਹੈ ਕਿ ਜੋ ਕੁਝ ਇਮਰਾਨ ਖਾਨ ਸੰਸਾਰ ਦੀ ਸੱਥ ਮੂਹਰੇ ਕਹਿ ਆਇਆ ਹੈ, ਇਸ ਨਾਲ ਉਹ ਹੀਰੋ ਤਾਂ ਬਣਿਆ ਨਹੀਂ, ਪਰ ਆਪਣੀ ਬੇਇੱਜ਼ਤੀ ਮੰਨ ਕੇ ਪਾਕਿਸਤਾਨੀ ਫੌਜ ਕੋਈ ਇਹੋ ਜਿਹਾ ਚੰਦ ਚਾੜ੍ਹ ਸਕਦੀ ਹੈ, ਜਿਹੜਾ ਉਸ ਨੇ ਕਈ ਵਾਰ ਚਾੜ੍ਹਿਆ ਹੈ। ਇਮਰਾਨ ਖਾਨ ਇਸ ਵਕਤ ਭਾਰਤ ਦੇ ਲੋਕਾਂ ਦੇ ਗੁੱਸੇ ਦਾ ਪਾਤਰ ਹੋਣਾ ਚਾਹੀਦਾ ਹੈ ਕਿ ਤਰਸ ਦਾ, ਇਹ ਫੈਸਲਾ ਕਰਨਾ ਬੜਾ ਔਖਾ ਹੈ।