ਮੇਰਾ ਡਾਇਰੀਨਾਮਾ : ਸਮਾਂ ਕਹਿੰਦੈ ਕਿ ਮੇਰੇ ਨਾਲ-ਨਾਲ ਚੱਲੋ! - ਨਿੰਦਰ ਘੁਗਿਆਣਵੀ
ਇਹ ਅਕਸਰ ਹੀ ਸੁਣਨ ਵਿਚ ਆਉਂਦਾ ਰਿਹਾ ਹੈ ਕਿ 'ਜ਼ਿੰਮੀਦਾਰ' ਅਤੇ 'ਆੜਤੀਏ' ਦਾ ਰਿਸ਼ਤਾ ਨਹੁੰ ਤੇ ਮਾਸ ਦੇ ਰਿਸ਼ਤੇ ਵਾਂਗ ਸੀ। ਜ਼ਿੰਮੀਦਾਰ ਦੀ ਦੁੱਖਾਂ ਭਰੀ ਹੂੰਘਰ ਦਾ ਦਰਦ ਆੜਤੀਆ ਭਲੀਭਾਂਤ ਜਾਣਦਾ ਸੀ ਤੇ ਜ਼ਿੰਮੀਦਾਰ ਵੀ ਆਪਣੇ 'ਦਿਲ ਦੀ ਗੱਲ' ਆੜਤੀਏ ਅੱਗੇ ਖੁੱਲ੍ਹ ਕੇ ਕਹਿ ਸਕਦਾ ਸੀ। ਪੰਜਾਬੀ ਸਭਿਆਚਾਰ ਵਿਚ 'ਆੜਤੀਆ' ਤੇ 'ਜ਼ਿੰਮੀਦਾਰ' ਦੇ ਰਿਸ਼ਤੇ ਦੀ ਗੱਲ ਕਰੀਏ ਤਾਂ 'ਨਾਂਹ' ਵਾਚਕ ਇਸ਼ਾਰੇ ਹੀ ਬਹੁਤੇ ਲੱਭਦੇ ਹਨ ਪਰ ਇਹਨਾਂ ਦੇ ਜਜ਼ਬਾਤਾਂ ਤੇ 'ਸਾਂਝ' ਦੀ ਗੱਲ ਘੱਟ ਕੀਤੀ ਗਈ ਹੈ। ਆੜਤੀਏ ਨਾਲੋਂ ਜ਼ਿੰਮੀਦਾਰ ਦੇ ਸੀਰੀ(ਕਾਮੇ)ਨੂੰ ਜ਼ਿੰਮੀਦਾਰ ਦੇ ਬਹੁਤ ਨੇੜੇ ਦਿਖਾਇਆ ਗਿਆ ਮਿਲਦਾ ਹੈ, ਉਦਾਹਰਣ ਦੇ ਤੌਰ 'ਤੇ ਇੱਕੋ ਗੀਤ ਦੀਆਂ ਸਤਰਾਂ ਹੀ ਬਹੁਤ ਹਨ:
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲ ਵਿਚੋਂ ਨੀਰ ਵਗਿਆ...
ਅੱਜ ਦਾ 'ਡਾਇਰੀਨਾਮਾ' ਲਿਖਦਾ ਮੈਂ ਸੋਚ ਰਿਹਾ ਸਾਂ, ਜਦੋਂ ਮੈਂ ਇੱਕ ਬੈਂਕ ਵਿਚੋਂ ਵਾਪਸ ਘਰ ਪਰਤਿਆ। ਮੇਰੇ ਬੈਠੇ ਬੈਠੇ ਬੈਂਕ ਮੈਨੇਜਰ ਨੂੰ ਇੱਕ ਜ਼ਿੰਮੀਦਾਰ ਦਾ ਫੋਨ ਆਉਂਦਾ ਹੈ ਕਿ ਉਸਨੇ ਪੰਜ ਲੱਖ ਦਾ ਕਰਜ਼ ਲੈਣਾ ਹੈ, ਤਾਂ ਅੱਗੋ ਬੈਂਕ ਮੈਨੇਜਰ ਕਹਿੰਦਾ ਹੈ ਕਿ ਪੰਜ ਨਹੀਂ...ਪੰਦਰਾਂ ਲੱਖ ਦਾ ਲਓ ਮਾਲਕੋ, ਬੈਂਕ ਹੀ ਤੁਹਾਡੀ ਆਪਣੀ ਹੈ ਸੰਗਦੇ ਕਿਉਂ ਹੋ? ਰਸਤੇ ਵਿਚ ਮੈਨੂੰ ਆਪਣਾ ਤਾਇਆ ਰਾਮ ਬਹੁਤ ਚੇਤੇ ਆਇਆ। ਮੇਰੇ ਬਚਪਨ ਦੇ ਦਿਨ ਸਨ ਕਿ ਅਸੀਂ ਆੜਤੀਏ ਦੇ ਫਿਰੋਜ਼ਪੁਰ ਗਏ ਸਾਂ ਤੇ ਤਾਏ ਨੇ ਆੜਤੀਏ ਤੋਂ ਦੋ ਹਜ਼ਾਰ ਰੁਪਏ ਮੰਗੇ ਸਨ। ਆੜਤੀਏ ਨੇ ਮਸਾਂ ਤੇ ਔਖੇ ਜਿਹੇ ਹੋ ਕੇ ਇੱਕ ਹਜ਼ਾਰ ਰੁਪਏ ਹੀ ਦਿੱਤੇ ਸਨ। ਰਸਤੇ ਵਿਚ ਆ ਰਿਹਾ ਮੇਰਾ ਤਾਇਆ 'ਉਦਾਸ' ਜਾਂ ਨਿਰਾਸ ਨਹੀਂ ਸੀ, ਸਗੋਂ ਪੂਰਾ ਸੰਤੁਸ਼ਟ ਸੀ ਤੇ ਆਖ ਰਿਹਾ ਸੀ ਕਿ ਚਲੋ...ਏਨੇ ਨਾਲ ਹੀ ਵੇਲਾ ਲੰਘ ਜਾਵੇਗਾ। ਹੁਣ ਸੋਚ ਆਉਂਦੀ ਹੈ ਕਿ ਉਨ੍ਹਾਂ ਵੇਲਿਆਂ ਵਿਚ ਆੜਤੀਏ ਸਗੋਂ ਮੱਦਦਗਾਰ ਸਾਬਤ ਹੁੰਦੇ ਸਨ। ਜਿੰਨਾ ਜ਼ਿੰਮੀਦਾਰ ਨੇ ਮੰਗਣਾ, ਉਸ ਤੋਂ ਵੀ ਅੱਧਾ ਦੇਣਾ। ਦੋਵੇਂ ਪਾਸਿਓਂ ਫਾਇਦਾ ਹੋਣ ਵਾਲੀ ਗੱਲ ਹੁੰਦੀ ਸੀ ਤੇ ਫਾਹੇ ਲੈ ਕੇ ਜਾਂ ਜ਼ਹਿਰ ਪੀ ਕੇ ਕੋਈ ਨਹੀਂ ਸੀ ਮਰਦਾ ਉਦੋਂ। ਏਨੇ ਨੂੰ ਵਕਤ ਲੰਘ ਜਾਣਾ ਤੇ ਲੋੜਵੰਦ ਦਾ ਵੇਲਾ ਸਰ ਜਾਣਾ। ਹੁਣ ਜਦ ਬੈਂਕਾਂ (ਕਿਸੇ ਇੱਕ ਦਾ ਨਾਂ ਨਹੀਂ ਲੈਂਦੇ) ਵੰਨ-ਸੁਵੰਨੀਆਂ ਆ ਗਈਆਂ ਨੇ ਤਾਂ ਬੰਦਾ ਬੁਰੀ ਤਰਾਂ ਖਿੰਡ ਗਿਆ ਹੈ। ਲਾਲਚ ਵਧ ਗਿਆ ਹੈ। ਲਾਚਾਰੀ ਮੂੰਹ ਅੱਡੀ ਖਲੋਤੀ ਹੈ। ਮੇਰੇ ਪਿੰਡ ਦੇ ਪੁਰਾਣੀ ਉਮਰ ਦੇ ਬੰਦੇ ਕਹਿੰਦੇ ਨੇ ਕਿ ਆੜਤੀਏ ਉਹਨਾਂ ਵੇਲਿਆਂ ਵਿਚ ਜ਼ਿੰਮੀਦਾਰ ਦੇ ਦੁੱਖਾਂ-ਸੁੱਖਾਂ ਦੇ ਸਾਥੀ ਸਨ। ਜ਼ਿੰਮੀਦਾਰ ਦੇ ਘਰ ਚਾਹੇ ਉਸਦਾ ਘਰ ਅੱਧਾ ਹੈ ਜਾਂ ਸਬੂਤਾ ਹੈ,ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਫਰਕ ਨਹੀਂ ਸੀ ਤੇ ਹਰ ਵੇਲੇ ਬਹੁੜਦੇ ਸਨ। ਮੈਂ ਸੁਆਲ ਕਰਦਾ ਹਾਂ ਕਿ ਤਾਇਆ ਹੁਣ ਤਾਂ ਜ਼ਿੰਮੀਦਾਰ ਖੁਦ ਹੀ ਆੜਤੀਏ ਬਣੀ ਜਾ ਰਹੇ ਨੇ? ਅੱਗੋਂ ਜੁਆਬ ਮਿਲਦਾ ਹੈ, ''ਓ ਕਾਕਾ, ਚਾਹੇ ਲੱਖ ਬਣੀ ਜਾਣ... ਪਰ ਓਹ ਗੱਲ ਕਦੇ ਨਹੀਂ ਬਣਨੀ...ਹਾਂ ਏਨਾ ਜ਼ਰੂਰ ਐ ਕਿ ਸਮਾਂ ਬਦਲ ਗਿਆ ਐ ਭਾਈ ਤੇ ਸਮੇਂ ਨਾਲ ਹਰੇਕ ਨੂੰ ਬਦਲਣਾ ਪੈਂਦਾ ਐ।"
ਬੈਂਸ ਬਾਈ ਸੰਭਲ ਕੇ...!
ਨਾ ਮੈਂ ਬੈਂਸ ਦੀ ਹਾਮੀ ਭਰਾਂਗਾ ਤੇ ਨਾ ਡੀ ਸੀ ਵਿਪੁਲ ਉਜਵਲ ਦੀ। ਗੱਲ ਏਨੀ ਹੈ ਕਿ ਦੋਵਾਂ ਦੀ ਤਲਖੀ ਕੋਈ ਚੰਗਾ ਸੁਨੇਹਾ ਦੇਣ ਵਾਲੀ ਨਹੀਂ। ਬੀਤੇ ਵੇਲੇ ਫਰੀਦਕੋਟ ਵੀ ਇਵੇਂ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਕਿ ਜਿਲੇ ਦੇ ਏ ਡੀ ਸੀ ਨਾਲ ਬੁਰੀ ਤਰਾਂ ਖਹਿਬੜਿਆ ਸੀ। ਵੀਡੀਓ ਲੱਖਾਂ ਲੋਕਾਂ ਵਿਚ ਫੈਲੀ ਸੀ। ਚਾਹੇ ਅਫਸਰ ਹੈ ਤੇ ਚਾਹੇ ਨੇਤਾ ਹੈ, ਹੈਨ ਦੋਵੇਂ ਲੋਕਾਂ ਦੇ ਸੇਵਾਦਰ! ਇਕੱਲੇ ਨੇਤਾ ਹੀ ਇਹ ਨਾ ਆਖਣ ਕਿ ਸਿਰਫ਼ ਅਫਸਰ ਹੀ 'ਪਬਲਿਕ ਸਰਵੈਂਟ' ਹਨ। ਬੈਂਸ ਬਾਈ ਜੀ, ਪੰਜਾਬ ਵਾਸੀਆਂ ਨੂੰ ਥੋਡੇ ਉਤੋਂ ਬਹੁਤ ਉਮੀਦਾਂ ਹਨ ਤੇ ਬਣੀਆਂ ਰਹਿਣਗੀਆਂ ਪਰ ਜੇਕਰ ਆਪਾਂ ਇਹ ਮਨੋਂ ਧਾਰ ਕੇ ਹੀ ਜਾਣਾ ਹੈ ਤੇ ਬਾਹਰੋਂ ਹੀ ਵੀਡੀਓ ਕੈਮਰਾ ਆਨ ਕਰ ਲੈਣਾ ਹੈ ਕਿ ਇਸ ਅਫਸਰ ਦੀ ਬੇਇਜ਼ਤੀ ਕਰ ਕੇ ਲੋਕਾਂ ਨੂੰ ਵਿਖਾਉਣੀ ਹੈ, ਤਾਂ ਇਸ ਨਾਲ ਕੱਖ ਨਹੀਂ ਸੰਵਰਨਾਂ! ਜਿੱਥੇ ਵੀਡੀਓ ਬਣਾਉਣੀ ਬਣਦੀ ਹੈ, ਬਣਾਓ, ਹਰ ਥਾਂ ਨਹੀਂ। ਤੁਹਾਨੂੰ ਵੀ ਲੋਕਾਂ ਨੇ ਚੁਣਿਆ ਹੈ। ਲੋਕਾਂ ਵਾਸਤੇ ਹੋ, ਲੜਦੇ ਹੋ, ਖੜਦੇ ਹੋ। ਸੱਚ ਕਹਿੰਦੇ ਹੋ,ਝੂਠ ਸੁਣਦੇ ਹੋ। ਸਮਾਂ ਕਹਿੰਦਾ ਹੈ ਕਿ ਮੇਰੇ ਨਾਲ ਚੱਲਣਾ ਸਿੱਖੋ। ਜਿੱਤ ਸੱਚ ਦੀ ਹੀ ਹੋਵੇਗੀ!