ਸ਼ੇਰਾ ਸ਼ਰਾਬੀ - ਅਮਰ ਮੀਨੀਆਂ (ਗਲਾਸਗੋ)
ਸ਼ਰਾਬ ਦੇ ਦੋ ਸਟੋਰਾਂ ਤੇ ਅਸੀਂ ਚਾਰ ਪੰਜਾਬੀ ਕੰਮ ਕਰਦੇ ਸੀ। ਕਹਿੰਦੇ ਹੁੰਦੇ ਆ, "ਇਕ ਸੀ ਕਮਲੀ ਤੇ ਦੂਜਾ ਪੈ ਗਈ ਸਿਵਿਆਂ ਦੇ ਰਾਹ, ਇਕ ਤਾਂ ਪੰਜਾਬੀ ਦੂਜਾ ਠੇਕੇ ਘਰ ਪਾ ਲਿਆ। ਸ਼ਾਮ ਅੱਠ ਵਜੇ ਸਟੋਰ ਬੰਦ ਕਰਕੇ, ਬੌਸ ਸਾਨੂੰ ਘਰ ਛੱਡਣ ਜਾਂਦਾ। ਵੱਡੀ ਵੈਨ ਵਿੱਚ ਪਿੱਛੇ ਹੀ ਬੀਅਰਾਂ ਦੀਆਂ ਬੋਤਲਾਂ ਦੇ ਡੱਟ ਖੁੱਲ੍ਹ ਜਾਂਦੇ। ਵੀਰਵਾਰ ਤੇ ਮੰਗਲਵਾਰ ਤੋਂ ਬਿਨਾਂ ਵਹਿਮੀਂ ਬੌਸ ਵੀ ਸਾਡੀ ਮਹਿਫਲ ਚ ਸ਼ਾਮਲ ਹੁੰਦਾ। ਵੱਡਾ ਪਿਆਕੜ ਸੀ, "ਸ਼ੇਰਾ ਸ਼ਰਾਬੀ" ਜਿਸ ਨਾਲ ਸਾਂਝ ਭਿਆਲੀ ਨਿਭਣੀ ਔਖੀ ਸੀ ਤੇ ਮਹੀਨੇ ਕੁ ਬਾਅਦ ਹੀ ਉਸਦਾ ਕੱਟਾ ਵੱਛਾ ਵੰਡ ਦਿੱਤਾ। ਉਹ ਰੋਜ਼ਾਨਾ ਪੂਰੀ ਬੋਤਲ ਤਿੱਤਰ ਮਾਰਕਾ ਨੂੰ ਫੂਕ ਮਾਰ ਦਿੰਦਾ, ਪਾਣੀ ਦੇ ਥਾਂ ਬੀਅਰ ਪਾਉਂਦਾ, ਉਹ ਵੀ ਬੁੱਡਵਾਈਜਰ ਦੇ ਦੋ ਤਿੰਨ ਡੱਬੇ ਹੋ ਜਾਂਦੇ। ਸਾਂਝੇ ਥਾਂ ਉਸਦੀ ਝਾਲ ਝੱਲਣੀ ਮੁਸ਼ਕਿਲ ਸੀ। ਐਤਵਾਰ ਦੀ ਛੁੱਟੀ ਹੁੰਦੀ, ਛੁੱਟੀ ਵਾਲੇ ਦਿਨ ਉਹ ਸਵੇਰੇ ਹੀ ਸ਼ੁਰੂ ਹੋ ਜਾਂਦਾ ਰਾਤ ਤੱਕ ਦੋ ਕੁ ਬੋਤਲਾਂ ਖਾਲੀ ਕਰ ਦਿੰਦਾ, ਸਵੇਰੇ ਉਠ ਕੇ ਬਚੀ ਖੁਚੀ ਖਿੱਚ ਕੇ ਕੰਮ ਤੇ ਤੁਰਦਾ। ਮੈਂ ਦਸ ਵਜੇ ਸਟੋਰ ਖੋਲ੍ਹ ਲੈਦਾ ਤੇ ਸ਼ੇਰਾ ਬਾਰਾਂ ਕੁ ਵਜੇ, ਮੂੰਹ ਦੇ ਬਾਰਾਂ ਵੱਜਿਆਂ ਨਾਲ ਡਿੱਕ ਡੋਲੇ ਖਾਂਦਾ ਕੰਮ ਤੇ ਪਹੁੰਚਦਾ। ਮੂੰਹ ਦੀ ਬਦਬੂ ਨੂੰ ਮਾਉਥਵਾਸ਼ ਤੇ ਚਿੰਗਮਾਂ ਵੀ ਡੱਕਣ ਤੋਂ ਤੌਬਾ ਕਰਦੀਆਂ। ਕੰਮ ਤੇ ਪੀਣ ਦੀ ਮਨਾਹੀ ਸੀ ਪਰ ਸ਼ੇਰਾ ਕੈਮਰੇ ਦੀ ਅੱਖ ਨੂੰ ਝਕਾਨੀ ਦੇਕੇ, ਪਉਆ, ਬੀਅਰ ਦੀ ਕੈਨ ਜਾਂ ਵਾਈਨ ਦੀ ਛੋਟੀ ਬੋਤਲ ਜੇਬ ਚ ਥੁੰਨ ਕੇ ਟੌਲਿਟ ਵਿੱਚ ਵੜ ਜਾਂਦਾ। ਸ਼ਰਾਬ ਚੋਰੀ ਦੀ ਆਦਤ ਕਰਕੇ ਸ਼ੇਰੇ ਨੂੰ ਬਹੁਤ ਥਾਵਾਂ ਤੇ ਕੰਮ ਤੋਂ ਕੱਢ ਦਿੱਤਾ ਗਿਆ। ਜਿੰਨੇ ਕੁ ਪੈਸੇ ਹਫਤੇ ਦੇ ਕਮਾਉਂਦਾ, ਉਸ ਦੇ ਅੱਧ ਤੋਂ ਜਿਆਦਾ ਤਾਂ ਸ਼ਰਾਬ, ਸਿਗਰਟ ਤੇ ਜ਼ਰਦੇ ਤੇ ਖਰਚ ਹੋ ਜਾਂਦੇ ਤੇ ਬਾਕੀ ਘਰ ਦਾ ਕਿਰਾਇਆ ਤੇ ਰੋਟੀ ਪਾਣੀ ਤੇ ਲੱਗ ਜਾਂਦਾ। ਦੋ ਤਿੰਨ ਮਹੀਨੇ ਬਾਅਦ ਦਸ ਪੰਦਰਾਂ ਹਜ਼ਾਰ ਇਧਰੋਂ ਉਧਰੋਂ ਫੜ ਦੜ ਕੇ ਇੰਡੀਆ ਭੇਜ ਦਿੰਦਾ। ਜਿਵੇਂ ਸਾਡੇ ਸਾਧ ਬਾਬੇ ਕਹਿੰਦੇ ਹੁੰਦੇ ਆ ਕਿ, "ਖਾਲੀ ਹੱਥ ਆਇਆ ਸੀ ਬੰਦਿਆ ਖਾਲੀ ਹੱਥ ਜਾਣਾ, ਵਾਂਗੂੰ ਸ਼ੇਰਾ ਵੀ ਇੰਗਲੈਂਡ ਚ ਦਸ ਬਾਰਾਂ ਸਾਲ ਲਾ ਕੇ ਖਾਲੀ ਹੱਥ ਹੀ ਗਿਆ। ਬੱਸ " ਸੰਤਰੇ" ਤੋਂ ਸਕੌਚ ਦਾ ਸਫਰ ਹੀ ਤਹਿ ਕੀਤਾ।
ਸਾਡਾ ਵਹਿਮੀਂ ਬੌਸ ਟੇਵੇ ਪੱਤਰੀਆਂ ਤੇ ਬਹੁਤ ਵਿਸ਼ਵਾਸ ਕਰਦਾ ਸੀ। ਉਹ ਰਾਤ ਨੂੰ ਆਏ ਆਪਣੇ ਸੁਪਨੇ ਸਾਨੂੰ ਸੁਣਾਉਂਦਾ ਤੇ ਸਾਥੋਂ ਵੀ ਸੁਣਦਾ, ਫਿਰ ਉਹਨਾਂ ਦੀ ਲੱਤ ਬਾਂਹ ਫੜ ਕੇ, ਊਟ ਪਟਾਂਗ ਕਹਾਣੀਆਂ ਘੜਦਾ।ਪਰ ਸ਼ੇਰਾ ਹਮੇਸ਼ਾ ਇਕ ਹੀ ਸੁਪਨਾ ਸੁਣਾਉਂਦਾ, "ਮੈਂ ਤੁਰਿਆ ਜਾਨਾਂ, ਤੁਰਿਆ ਜਾਨਾਂ, ਜੇਬ ਖਾਲੀ ਤੇ ਸ਼ਰਾਬ ਦੀ ਲੱਗੀ ਤਲਬ । ਅੱਗੇ ਕੀ ਵੇਖਦਾਂ, ਕੋਕ ਵਰਗੇ ਪਾਣੀ ਦੀ ਨਹਿਰ ਵਗੇ, ਨੇੜੇ ਜਾਨਾ ਤਾਂ ਉਹ ਤਾਂ ਵਿਸਕੀ ਦੀ ਨਹਿਰ, ਜਮਾਂ ਆਪਣੀ ਫੇਮਸ ਗਰਾਉਸ ਵਰਗਾ ਰੰਗ। ਗੋਰੇ ਗੋਰੀਆਂ ਜੱਗ ਭਰ ਭਰ ਪੀਈ ਜਾਂਦੇ ਆ। ਹੁਣ ਨਾ ਮੇਰੇ ਕੋਲ ਕੋਈ ਜੱਗ ਨਾ ਗਲਾਸ।ਸੋਚਿਆ ਬਾਪੂ ਹੋਣੀ ਕਹਾਵਤ ਪਾਉਂਦੇ ਹੁੰਦੇ ਸੀ, "ਬੀ ਪਾਣੀ ਓਕ ਦਾ ਤੇ ਸੌਦਾ ਰੋਕ ਦਾ"। ਜਿਉਂ ਹੀ ਮੈਂ ਬੁੱਕ ਭਰਕੇ ਮੂੰਹ ਕੋਲ ਲੈ ਕੇ ਗਿਆ ਤਾਂ ਸਾਲੀ ਪਟੱਕ ਦੇਣੇ ਅੱਖ ਖੁੱਲ੍ਹ ਗਈ"। ਬਾਕੀ ਥਾਵਾਂ ਤੇ ਤਾਂ ਉਹ ਸ਼ਰਾਬ ਦਾ ਕਰਕੇ ਕੰਮ ਤੋਂ ਨਿਕਲਿਆ, ਪਰ ਸਾਡੇ ਭਾਣਾ ਹੋਰ ਵਰਤਿਆ। ਸ਼ੇਰਾ ਸਿਗਰਟ ਪੀਣ ਲਈ ਬਾਹਰ ਗਿਆ, ਜੋ ਅਕਸਰ ਹੀ ਘੰਟੇ ਡੇਢ ਬਾਅਦ ਜਾਂਦਾ ਸੀ। ਦਸ ਕੁ ਮਿੰਟ ਬਾਅਦ ਮੈਨੂੰ ਇਕ ਗੋਰੇ ਨੇ ਦੱਸਿਆ ਕਿ ਬਾਹਰ ਇਕ ਕੁੜੀ ਬੇਹੋਸ਼ ਪਈ ਆ। ਮੈਂ ਜਾਕੇ ਵੇਖਿਆ, ਸਾਡੀ ਗਾਹਕ ਪੱਚੀ ਕੁ ਵਰਿਆਂ ਦੀ ਗੋਰੀ," ਲੀਸਾ" ਡਿੱਗੀ ਹੋਈ ਸੀ। ਲੀਸਾ ਦਾ ਸਾਹ ਚੱਲ ਰਿਹਾ ਸੀ ਤੇ ਉਸਦੇ ਮੂੰਹ ਚੋਂ ਘਸਮੈਲੇ ਜੇ ਰੰਗ ਦੀ ਕੋਈ ਚੀਜ਼ ਨਿਕਲਕੇ ਨੱਕ ਬੁੱਲ ਲਿਬੜੇ ਪਏ ਸਨ। ਮੈਂ ਐਂਬੂਲੈਂਸ ਨੂੰ ਫੋਨ ਕੀਤਾ, ਦੋ ਤਿੰਨ ਮਿੰਟਾਂ ਚ ਹੀ ਉਹ ਉਸਨੂੰ ਚੁੱਕ ਕੇ ਲੈ ਗਏ। ਸਾਰੇ ਕਾਸੇ ਤੋਂ ਵਿਹਲੇ ਹੋ ਕੇ, ਮੈਨੂੰ ਸ਼ੇਰੇ ਦਾ ਖਿਆਲ ਆਇਆ ਕਿ ਉਹ ਤਾਂ ਬਾਹਰ ਸਿਗਰਟ ਪੀਣ ਗਿਆ ਸੀ, ਉਹ ਕਿੱਧਰ ਗਿਆ? ਅੰਦਰ ਬਾਹਰ ਚਾਰ ਚੁਫੇਰੇ ਵੇਖਿਆ, ਕਿਤੇ ਨਹੀਂ ਦਿਸਿਆ। ਉਸਦਾ ਫੋਨ ਮਿਲਾਇਆ ਤਾਂ ਉਹ ਵੀ ਚਾਰਜ ਤੇ ਲੱਗਾ ਮੇਰੇ ਕੋਲ ਹੀ ਖੜਕਿਆ। ਸ਼ਾਮ ਨੂੰ ਕੰਮ ਬਿਜੀ ਹੋ ਜਾਂਦਾ ਸੀ ਤੇ ਇਕੱਲੇ ਬੰਦੇ ਨੂੰ ਸੰਭਾਲਣਾ ਮੁਸ਼ਕਿਲ ਸੀ। ਬੌਸ ਨੂੰ ਫੋਨ ਕਰਕੇ ਦੱਸਿਆ ਤੇ ਉਹ ਕੰਮ ਤੇ ਆ ਗਿਆ।ਕੰਮ ਬੰਦ ਕਰਕੇ, ਅਸੀਂ cctv ਵੇਖਣ ਲੱਗ ਪਏ। ਬਾਹਰਲੇ ਕੈਮਰੇ ਦੀ ਅਵਾਜ਼ ਬੰਦ ਸੀ ਸਿਰਫ ਹਰਕਤਾਂ ਹੀ ਨਜ਼ਰ ਆ ਰਹੀਆਂ ਸਨ। ਸ਼ੇਰਾ ਬਾਹਰ ਖੜ੍ਹਾ, ਸਿਗਰਟ ਪੀ ਰਿਹਾ ਹੈ, ਉਸਦੇ ਕੋਲ ਲੀਸਾ ਆਉੰਦੀ ਹੈ। ਸ਼ਾਇਦ ਉਹ ਉਸ ਤੋਂ ਸਿਗਰਟ ਮੰਗ ਰਹੀ ਸੀ। ਨੌਜਵਾਨ ਕੁੜੀਆਂ ਅਕਸਰ ਹੀ ਸ਼ੇਰੇ ਕੋਲੋਂ ਸੂਟੇ ਲਾ ਜਾਂਦੀਆਂ ਸਨ ਤੇ ਬਦਲੇ ਵਿੱਚ ਉਸਨੂੰ ਜੱਫੀ ਪੱਪੀ ਦੇ ਜਾਂਦੀਆਂ। ਇਹ ਰੋਜ਼ਾਨਾ ਦਾ ਹੀ ਕੰਮ ਸੀ, ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸੀ। ਲੀਸਾ ਡਰੱਗ ਦੀ ਵੀ ਆਦੀ ਸੀ। ਉਹ ਸ਼ੇਰੇ ਨੂੰ ਭੰਗ ਦੇ ਸੂਟੇ ਵੀ ਲੁਆ ਜਾਂਦੀ ਸੀ। ਸ਼ੇਰੇ ਨੇ ਆਪਣੀ ਸਿਗਰਟ ਲੀਸਾ ਨੂੰ ਦੇ ਦਿੱਤੀ ਤੇ ਆਪ ਜ਼ਰਦਾ ਮਲਣ ਲੱਗ ਪਿਆ। ਅਗਲੇ ਸੀਨ ਵਿੱਚ ਸ਼ੇਰੇ ਦੀ ਕੈਮਰੇ ਵੱਲ ਪਿੱਠ ਹੋ ਗਈ ਤੇ ਇੰਞ ਲੱਗਾ ਕਿ ਜਿਵੇਂ ਉਹ ਲੀਸਾ ਦੀ ਚੁੰਮੀ ਲੈ ਰਿਹਾ ਹੈ। ਉਸੇ ਵੇਲੇ ਹੀ ਲੀਸਾ ਗੇੜੇ ਜੇ ਖਾਂਦੀ ਥੱਲੇ ਡਿੱਗ ਪਈ ਤੇ ਸ਼ੇਰਾ ਅੱਡੀਆਂ ਨੂੰ ਥੁੱਕ ਲਾ ਕੇ ਦੌੜ ਗਿਆ। ਅਸੀਂ ਵਾਰ-ਵਾਰ ਰੀਪੀਟ ਕਰਕੇ ਵੇਖਿਆ ਪਰ ਅਸਲੀਅਤ ਕੋਈ ਸਮਝ ਨਾ ਆਈ। ਸੋਚ ਰਹੇ ਸੀ ਕਿ ਇਸ ਕੰਜਰ ਨੇ ਐਸਾ ਕਿਹੜਾ ਕੋਬਰੇ ਦਾ ਜ਼ਹਿਰ ਉਸਦੇ ਮੂੰਹ ਨੂੰ ਲਾ ਦਿੱਤਾ, ਜਿਹੜੀ ਅੱਖ ਦੇ ਫੋਰੇ ਵਿੱਚ ਧੜੱਮ ਕਰਦੀ ਡਿੱਗ ਪਈ।
ਬੌਸ ਗੁੱਸੇ ਤੇ ਡਰ ਨਾਲ ਕੰਬ ਰਿਹਾ ਸੀ। ਕੱਚੇ ਬੰਦੇ ਨੂੰ ਕੰਮ ਤੇ ਰੱਖਣ ਵਾਲੇ ਨੂੰ ਦਸ ਹਜ਼ਾਰ ਪੌੰਡ ਦਾ ਜ਼ੁਰਮਾਨਾ ਪੈਣ ਦਾ ਕਨੂੰਨ ਪਾਸ ਹੋ ਚੁੱਕਾ ਸੀ। ਜੇ ਕੋਈ ਪੁਲਸ ਕੇਸ ਬਣ ਗਿਆ ਤਾਂ ਉਹ ਵੀ ਕਨੂੰਨੀ ਸ਼ਿਕੰਜੇ ਵਿੱਚ ਫਸ ਸਕਦਾ ਸੀ। ਪਤੰਦਰ ਡ੍ਰਿੰਕ ਡਰਾਇਵ ਦੀ ਪਰਵਾਹ ਕੀਤੇ ਬਿਨਾਂ ਹੀ ਅੱਧੀ ਬੋਤਲ ਖਿੱਚ ਗਿਆ। ਸਵੇਰ ਨੂੰ ਲੀਸਾ ਦੀ ਮਾਂ ਨੇ ਆਕੇ, ਐਬੂਲੈਂਸ ਬੁਲਾਉਣ ਲਈ ਧੰਨਵਾਦ ਕੀਤਾ ਤਾਂ ਮੇਰੀ ਵੀ ਧੜਕਦੀ ਕੌਡੀ ਨੂੰ ਰੋਕ ਲੱਗੀ। ਉਹ ਕਹਿੰਦੀ, "ਹਰਾਮਯਾਦੀ ਕੁੱਤੀ ਡਰੱਗ ਬਹੁਤ ਲੈਣ ਲੱਗ ਪਈ, ਕੱਲ੍ਹ ਵੀ ਡਰੱਗ ਦੀ ਓਵਰਡੋਜ਼ ਨਾਲ ਬੇਹੋਸ਼ ਹੋਈ ਸੀ। ਹੁਣ ਉਹ ਠੀਕ ਹੈ ਤੇ ਉਸ ਨੂੰ (Rehabilitation Centre) ਨਸ਼ਾ ਮੁਕਤ ਕੇਂਦਰ ਚ ਭੇਜ ਦਿੱਤਾ ਹੈ। ਤੀਜੇ ਦਿਨ ਸ਼ੇਰਾ ਕੰਮ ਤੇ ਹਾਜ਼ਰ ਹੋ ਗਿਆ। ਪਰ ਵਿਚਾਰੇ ਦੀ ਬੌਸ ਨੇ ਇਕ ਨਹੀਂ ਸੁਣੀ ਤੇ ਹਫਤੇ ਦੀ ਤਨਖਾਹ ਦੇ ਕੇ ਮੱਥਾ ਟੇਕ ਦਿੱਤਾ। ਰਾਤ ਨੂੰ ਦੋ ਕੁ ਹਾੜੇ ਲਾ ਕੇ ਸ਼ੇਰਾ ਦੱਸ ਰਿਹਾ ਸੀ, "ਯਾਰ ਮੈਂ ਤਾਂ ਸਿਗਟ ਪੀਣ ਗਿਆ ਸੀ, ਉੱਥੇ ਗੋਰੀ ਆ ਗਈ। ਅੱਖਾਂ ਚੜ੍ਹੀਆਂ ਹੋਈਆਂ, ਲੱਗਦਾ ਸੀ ਨਸ਼ੇ ਪੱਤੇ ਪੂਰੇ ਬੁਲੰਦ ਸੀ। ਕਹਿੰਦੀ ਸਿਗਟ ਦੇ, ਮੇਰੇ ਕੋਲ ਇਕ ਹੀ ਸੀ। ਮੈਂ ਦੋ ਕੁ ਲੰਮੇ ਸੂਟੇ ਮਾਰ ਕੇ ਸਿਗਟ ਉਹਨੂੰ ਫੜਾ ਦਿੱਤੀ ਤੇ ਆਪ ਜ਼ਰਦਾ ਮਲਣ ਲੱਗ ਪਿਆ। ਉਹ ਕਹਿੰਦੀ ਇਹ ਕੀ ਆ? ਹੁਣ ਤੈਨੂੰ ਤਾਂ ਪਤਾ ਹੀ ਆ ਆਪਣੀ ਅੰਗਰੇਜ਼ੀ ਬਾਰੇ, ਫਿਰ ਵੀ ਮੈਂ ਕਿਹਾ ਕਿ, ਦਿੱਸ ਇਜ ਈਟਿੰਗ ਤਮਾਂਕੂ। ਉਹ ਕਹਿੰਦੀ ਮੈਨੂੰ ਵੀ ਖੁਆ। ਜਿਹੜਾ ਉਹ ਵਹਿਮੀ ਸਾਹਬ ਆਖੀ ਜਾਂਦਾ ਸੀ ਨਾ ਕਿ ਤੂੰ ਚੁੰਮਣ ਚੱਟਣ ਕਰਦਾ ਸੀ। ਉਹ ਬਾਈ, ਮੈਂ ਤਾਂ ਉਸ ਦਾ ਬੁੱਲ੍ਹ ਖੋਲ੍ਹ ਕੇ ਜ਼ਰਦਾ ਉਹਦੇ ਬੁੱਲ੍ਹਾਂ ਚ ਰੱਖ ਰਿਹਾ ਸੀ। ਪਤਾ ਨਹੀਂ ਤਾਂ ਸਾਲੀ ਅੰਦਰ ਲੰਘਾ ਗਈ ਜਾਂ ਕੁੱਝ ਹੋਰ ਹੋਇਆ, ਬੱਸ ਮੇਰੇ ਹੱਥਾਂ ਚ ਹੀ ਲੁੜਕ ਗਈ।