ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
20Aug. 2018
ਆਪ ਪਾਰਟੀ ਦੇ ਮਾਝਾ ਜ਼ੋਨ ਵਲੋਂ ਖਹਿਰਾ ਧੜੇ ਨੂੰ 'ਘਰ ਵਾਪਸੀ ਦੀ ਅਪੀਲ'- ਇਕ ਖ਼ਬਰ
ਮੁੜ ਆ ਚੋਬਰਾ ਘਰ ਨੂੰ , ਰੋਸੇ ਛੱਡ ਦੇ ਵੇ।
ਬੀਬੀ ਜਗੀਰ ਕੌਰ ਵਲੋਂ ਪਿੱਪਲੀ ਰੈਲੀ 'ਚ ਪਹੁੰਚਣ ਦਾ ਸੱਦਾ- ਇਕ ਖ਼ਬਰ
ਪੈੜ ਜਗੀਰੋ ਦੀ ਪਿੱਪਲਾਂ ਹੇਠ ਦੀ ਜਾਵੇ।
ਪੰਚਾਇਤੀ ਚੋਣਾਂ ਵਿਚ ਧੱਕੇ ਨਾਲ਼ ਸਰਪੰਚ ਬਣਾਵਾਂਗੇ- ਕਾਂਗਰਸੀ ਵਿਧਾਇਕ ਸੰਤੋਖ ਸਿੰਘ
ਹੋਰ ਤੁਹਾਡੇ ਕੋਲੋਂ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ।
ਅਕਾਲੀ ਵਫ਼ਦ ਵਲੋਂ ਗ੍ਰਹਿ ਮੰਤਰੀ ਰਾਜਨਾਥ ਨਾਲ਼ ਮੁਲਾਕਾਤ- ਇਕ ਖ਼ਬਰ
ਗ੍ਰਹਿ ਮੰਤਰੀ ਜੀ ਸਾਡੇ ਗ੍ਰਹਿ ਵੀ ਟਾਲ਼ੋ, ਕੋਈ ਹਵਨ ਹੁਵਨ ਦੱਸੋ ਸਾਨੂੰ ਵੀ।
ਰਣਜੀਤ ਸਿੰਘ ਰਿਪੋਰਟ ਜਾਣ-ਬੁਝ ਕੇ 'ਲੀਕ' ਕੀਤੀ ਗਈ- ਇਕ ਖ਼ਬਰ
ਨੰਗਾ ਰੱਖਦੀ ਕਲਿੱਪ ਵਾਲ਼ਾ ਪਾਸਾ, ਛੜਿਆਂ ਦੀ ਹਿੱਕ ਲੂਹਣ ਨੂੰ।
ਹਾਕਮ ਧਿਰ ਵਲੋਂ ਅਕਾਲੀਆਂ 'ਤੇ ਤਿੱਖੇ ਹਮਲੇ ਦੀ ਤਿਆਰੀ- ਇਕ ਖ਼ਬਰ
ਚੁੱਕ ਲਉ ਡਾਂਗਾਂ ਤੇ ਖਿੱਚੋ ਤਿਆਰੀਆਂ ਜੀ, ਸੁੱਕਾ ਜਾਵੇ ਨਾ ਦੁਸ਼ਮਣ ਮੈਦਾਨ ਵਿਚੋਂ।
ਈਸੜੂ ਕਾਨਫਰੰਸ: ਸਿਆਸੀ ਪਾਰਟੀਆਂ ਨੇ ਇਕ ਦੂਜੇ ਖ਼ਿਲਾਫ਼ ਦਾਗ਼ੇ ਸ਼ਬਦੀ ਬਾਣ- ਇਕ ਖ਼ਬਰ
ਰੋਂਦੀਆਂ ਯਾਰਾਂ ਨੂੰ, ਨਾਂ ਲੈ ਲੈ ਕੇ ਭਰਾਵਾਂ ਦੇ।
ਭਾਈ ਲੌਂਗੋਵਾਲ ਵਲੋਂ ਨਾਨਕਸਰ ਸੰਪਰਦਾ ਨਾਲ਼ ਮੀਟਿੰਗ- ਇਕ ਖ਼ਬਰ
ਬਾਬਿਓ, ਕੋਈ ਸੇਵਾ ਹੋਵੇ ਤਾਂ ਦੱਸਿਉ, ਵੋਟਾਂ ਬਾਦਲ ਅਕਾਲੀ ਦਲ ਨੂੰ ਹੀ ਪਾਇਉ ਜੀ।
ਲਾਲ ਕਿਲ੍ਹੇ ਤੋਂ ਮੋਦੀ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਗੱਡੀ 'ਚ ਬਹਿ ਕੇ ਹੈਰੋਇਨ ਦਾ ਨਸ਼ਾ ਕਰਦਾ ਹਵਾਲਦਾਰ ਗ੍ਰਿਫ਼ਤਾਰ- ਇਕ ਖ਼ਬਰ
ਕਿਉਂ! ਲੱਗ ਗਿਐ ਨਾ ਪਤਾ ਪੰਜਾਬ 'ਚੋਂ ਨਸ਼ਾ ਕਿਉਂ ਖ਼ਤਮ ਨਹੀਂ ਹੁੰਦਾ।
ਕੈਪਟਨ ਸਰਕਾਰ ਪੰਜਾਬੀ ਨੂੰ ਵਿਸਾਰ ਕੇ ਅੰਗਰੇਜ਼ੀ ਨੂੰ ਤਰਜੀਹ ਦੇ ਰਹੀ ਹੈ-ਇਕ ਖ਼ਬਰ
ਇਹ ਮਾਂ ਨੂੰ ਧੱਕੇ ਮਾਰਦਾ, ਇਹਨੂੰ ਮਾਸੀ ਨਾਲ਼ ਪਿਆਰ।
ਭਾਜਪਾ ਦੇ ਦੋ ਯੁਵਾ ਨੇਤਾ 195 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ- ਇਕ ਖ਼ਬਰ
ਕੋਇਲਾਂ ਕੂਕਦੀਆਂ, ਖਾਹ ਬਾਗ਼ਾਂ ਦੇ ਮੇਵੇ।