ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ
ਪਤਾ ਨਹੀਂ ਕੀ ਸੱਜਣੋ ਰੋਗ ਚੰਦਰਾ,
ਸੰਕਟ ਵੇਲੇ ਹੈ ਸਾਡੀ ਸਰਕਾਰ ਸੌਂਦੀ।
ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਗਿਆਰਾਂ ਸੂਬਿਆਂ ਦੀ ਸੂਚੀ ਤਿਆਰ ਕੀਤੀ ਹੈ ਪਰ ਇਸ ਵਿੱਚ ਪਹਿਲਾਂ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦਕਿ ਪੰਜਾਬ 'ਚ ਮੋਹਲੇਧਾਰ ਮੀਂਹ ਪੈਣ ਕਾਰਨ ਕਈ ਇਲਾਕਿਆਂ 'ਚ ਭਾਰੀ ਹੜ੍ਹ ਆਏ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੁਕਸਾਨ ਦਾ ਮੁਲਾਂਕਣ ਕਰਨ ਲਈ ਗਠਿਤ ਕੀਤੀ ਕਮੇਟੀ ਵਲੋਂ ਸੂਬਿਆਂ ਦੇ ਕੀਤੇ ਜਾ ਰਹੇ ਦੌਰਿਆਂ ਦੀ ਸੂਚੀ 'ਚ ਪੰਜਾਬ ਨੂੰ ਬਾਹਰ ਰੱਖਣ ਤੇ ਹੈਰਾਨੀ ਪ੍ਰਗਟ ਕੀਤੀ ਤਾਂ ਕੇਂਦਰ ਨੇ ਪੰਜਾਬ ਨੂੰ ਵੀ ਹੜ੍ਹ ਪ੍ਰਭਾਵਿਤ ਸਮਝ ਕੇ ਇਸ ਵਿੱਚ ਸ਼ਾਮਲ ਕਰ ਲਿਆ। ਕੈਪਟਨ ਨੇ ਕਿਹਾ ਕਿ ਪੰਜਾਬ 'ਚ ਹੁਣ ਤੱਕ ਹੜ੍ਹ 1700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਵੜ੍ਹਨ ਤੋਂ ਇਲਾਵਾ ਖੜ੍ਹੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ।
ਹੈਲੋ! ਰੌਂਗ ਨੰਬਰ ਡਾਇਲ ਕਰ ਲਿਆ ਤੁਸਾਂ। ਪੰਜਾਬ ਦਾ ਅਰਥ ਪੰਜ+ਆਬ ਜਾਣੀ ਪੰਜ ਦਰਿਆਵਾਂ ਦੀ ਧਰਤੀ। ਜਦ ਪੰਜ ਦਰਿਆ ਹੀ ਨਹੀਂ ਰਹੇ ਤਾਂ ਪੰਜਾਬ ਕਿਥੇ ਰਿਹਾ? ਚਿੜੀ ਦੇ ਪਹੁੰਚੇ ਜਿੰਨਾ ਰਹਿ ਗਿਆ ਹੈ ਪੰਜਾਬ, ਜਿਹੜਾ ਭਾਈ ਕਿਸੇ ਨੂੰ ਯਾਦ ਹੀ ਨਹੀਂ ਰਹਿੰਦਾ, ਇਸਦਾ ਚੇਤਾ ਭੁੱਲ ਹੀ ਜਾਂਦਾ ਹੈ। ਇਥੇ ਜਦੋਂ ਨਸ਼ੇ ਵਿਕਦੇ ਹਨ, ਇਥੇ ਜਦੋਂ ਕੁੜੀਆਂ ਔਰਤਾਂ ਦੇ ਪੇਟ 'ਚ ਮਾਰੀਆਂ ਜਾਂਦੀਆਂ ਹਨ, ਇਥੇ ਜਦੋਂ ''ਗਰਮ ਖਿਆਲੀਆਂ ਦੀਆਂ ਕਾਰਵਾਈਆਂ ਹੁੰਦੀਆਂ ਹਨ, ਇਥੇ ਜਦੋਂ ਸਰਹੱਦਾਂ 'ਤੇ ਜੰਗ ਲੱਗਦੀ ਹੈ। ਉਦੋਂ ਪੰਜਾਬ ਦਾ ਸਹੀ ਨੰਬਰ ਡਾਇਲ ਹੁੰਦਾ ਹੈ। ਤਾਂ ਕਿ ਪੰਜਾਬ ਨਿੰਦਿਆ ਜਾਏ, ਤਾਂ ਕਿ ਪੰਜਾਬ ਦੇ ਗੱਭਰੂ ਸਰਹੱਦਾਂ 'ਤੇ ਧੱਕੇ ਜਾਣ।ਪਰ ਪੰਜਾਬ ਉਦੋਂ ਯਾਦ ਨਹੀਂ ਆਉਂਦਾ, ਜਦੋਂ ਧਰਤੀ ਹੇਠਲਾ ਪੰਜਾਬ ਦਾ ਪਾਣੀ ਮੁੱਕਦਾ ਹੈ। ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰਦਾ ਹੈ। ਪੰਜਾਬ ਦੀ ਜੁਆਨੀ ਪਾਸਪੋਰਟ ਝੋਲੇ ਪਾ ਪ੍ਰਵਾਨ ਕਰਨ ਲਈ ਮਜ਼ਬੂਰ ਕੀਤੀ ਜਾਂਦੀ ਹੈ ਜਾਂ ਫਿਰ ਪੰਜਾਬ ਕੈਂਸਰ ਦੀ ਲਪੇਟ 'ਚ ਆਉਂਦਾ ਹੈ।
ਪੰਜਾਬ ਉਦੋਂ ਵੀ ਯਾਦ ਨਾ ਆਇਆ ਜਦੋਂ ਸੰਤਾਲੀ 'ਚ ਦਸ ਲੱਖ ਪੰਜਾਬੀ ਇਧਰ ਉਧਰ ਮਰੇ, 10 ਲੱਖ ਪੰਜਾਬੀ ਇਧਰ-ਉਧਰ ਉਜੜੇ। ਪੰਜਾਬ ਉਦੋਂ ਵੀ ਯਾਦ ਨਾ ਆਇਆ ਜਦੋਂ ਚੌਰਾਸੀ 'ਚ ਪਤਾ ਨਹੀਂ ਕਿੰਨੇ ਪੰਜਾਬੀ ਜ਼ਮੀਨ ਨਿਗਲ ਗਈ ਕਿ ਅਸਮਾਨ ਖਾ ਗਿਆ, ਕਿਸੇ ਨੂੰ ਚਿੱਤ-ਚੇਤਾ ਹੀ ਨਹੀਂਓ। ਤੇ ਹੁਣ ਵੇਖੋ ਨਾ ਜੀ, ਨਿੱਤ ਪੰਜਾਬੀ ਚੀਕਦੇ ਸੀ ਕਿ ਪਾਣੀ ਧਰਤੀ ਹੇਠ ਘਟ ਗਿਆ ਹੈ। ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ ਵਾਲੇ ਲੈ ਗਏ ਹਨ ਤਦੇ ਤਾਂ ਕਿੰਨੀ ਕਿਰਪਾ ਕੀਤੀ ਭਾਖੜੇ ਵਾਲਿਆਂ ਸਾਰਾ ਪਾਣੀ ਪੰਜਾਬ 'ਚ ਵਗਾ ਦਿੱਤਾ, ਜਿਹਨਾ ਕੀਟ ਨਾਸ਼ਕਾਂ ਨਾਲ ਫ਼ਸਲਾਂ ਹੜ੍ਹਾ ਕੇ ਲੈ ਗਿਆ। ਨਾ ਰਿਹਾ ਬਾਂਸ ਹੁਣ ਨਾ ਵੱਜੂ ਬੰਸਰੀ।
ਉਂਜ ਭਾਈ ਹੜ੍ਹ ਕੰਟਰੋਲ ਕਰਨੇ, ਲੋਕਾਂ ਦੀਆਂ ਤਕਲੀਫ਼ਾਂ ਦੂਰ ਕਰਨੀਆਂ ਉਪਰਲੀ ਹੇਠਲੀ ਸਰਕਾਰ ਦੇ ਕੰਮ ਨਹੀਂਓ। ਸਰਕਾਰ ਰਾਜ ਕਰਨ ਲਈ ਹੁੰਦੀ ਆ, ਕੰਮ ਕਰਨ ਲਈ ਨਹੀਂ।ਲੋਕਾਂ ਨੂੰ ਤਾਂ ਆਪਣੇ ਕੰਮ ਆਪੇ ਹੀ ਕਰਨੇ ਪੈਂਦੇ ਆ। ਤਦੇ ਕਹਿੰਦੇ ਆ, ''ਪਤਾ ਨਹੀਂ ਕੀ ਸੱਜਣੋ ਰੋਗ ਚੰਦਰਾ, ਸੰਕਟ ਵੇਲੇ ਹੈ ਸਾਡੀ ਸਰਕਾਰ ਸੌਂਦੀ''।
ਭਾਰਤ ਉਦੈ ਦਾ ਬਿਗਲ ਵਜਾਉਣ ਖ਼ਾਤਰ,
ਨੇਤਾ ਰੱਥ ਤੇ ਕੋਈ ਅਸਵਾਰ ਹੋਇਆ।
ਖ਼ਬਰ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੇ ਸਾਹਮਣੇ 70 ਸਾਲ ਦੇ ਸਭ ਤੋਂ ਵੱਡੇ ਸੰਕਟ ਦੀ ਗੱਲ ਕਰਦਿਆਂ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਪਿਛਲੇ 70 ਸਾਲਾਂ ਵਿੱਚ ਵਿੱਤੀ ਖੇਤਰ ਦੀ ਅਜਿਹੀ ਹਾਲਤ ਕਦੇ ਨਹੀਂ ਰਹੀ। ਨਿੱਜੀ ਖੇਤਰ ਵਿੱਚ ਅਜੇ ਕੋਈ ਕਿਸੇ ਤੇ ਭਰੋਸਾ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਕਰਜ਼ ਦੇਣ ਨੂੰ ਤਿਆਰ ਹੈ। ਹਰ ਖੇਤਰ ਵਿੱਚ ਨਕਦੀ ਤੇ ਪੈਸਿਆਂ ਨੂੰ ਜਮ੍ਹਾਂ ਕੀਤਾ ਜਾਣ ਲੱਗਾ ਹੈ। ਇਨ੍ਹੇ ਪੈਸਿਆਂ ਨੂੰ ਬਜ਼ਾਰ 'ਚ ਲਿਆਉਣ ਲਈ ਸਰਕਾਰ ਨੂੰ ਵਾਧੂ ਕਦਮ ਚੁੱਕਣੇ ਪੈਣਗੇ। ਉਹਨਾ ਕਿਹਾ ਕਿ ਅਰਥ ਵਿਵਸਥਾ ਵਿੱਚ ਸੁਸਤੀ 2009-04 ਦੌਰਾਨ ਬਿਨ੍ਹਾਂ ਸੋਚੇ ਸਮਝੇ ਦਿੱਤੇ ਗਏ ਕਰਜ਼ੇ ਦਾ ਇਹ ਨਤੀਜਾ ਹੈ। ਇਹ ਕਰਜ਼ੇ ਫ਼ਸਣ ਕਾਰਨ ਬੈਂਕਾਂ ਦੀ ਨਵਾਂ ਕਰਜ਼ਾ ਦੇਣ ਦੀ ਸਮਰੱਥਾ ਘੱਟ ਗਈ ਹੈ।
ਨਵਾਂ ਭਾਰਤ ਸਿਰਜਿਆ ਜਾ ਰਿਹਾ ਹੈ। ਮੰਦੀ ਤਾਂ ਹੋਣੀ ਹੀ ਹੋਈ। ਨਵਾਂ ਦੇਸ਼ ਬਣਾਇਆ ਜਾ ਰਿਹਾ ਹੈ, ਕੁਝ ਤਕਲੀਫ਼ਾਂ ਤਾਂ ਹੋਣੀਆਂ ਹੀ ਹੋਈਆਂ। ਜਦੋਂ ਕੁਝ ਨਵਾਂ ਬਣਦਾ ਹੈ ਤਾਂ ਪੁਰਾਣਾ ਕੁਝ ਢਾਉਣਾ ਪੈਂਦਾ ਹੈ। ਇਹ ਬਨਾਉਣ ਢਾਉਣ ਵਿੱਚ ਕੁਝ ਨੁਕਸਾਨ ਤਾਂ ਹੁੰਦਾ ਹੀ ਆ। ਨੋਟ ਬੰਦੀ ਆਈ, ਕਈਆਂ ਨੂੰ ਉਪਰਲੇ ਦੇਸ਼ ਲੈ ਗਈ। ਜੀ ਐਸ ਟੀ ਆਈ, ਕਈਆਂ ਦੇ ਕਾਰੋਬਾਰ ਸਮੇਟ ਕੇ ਨੌਕਰਾਂ ਵਾਲੇ ਰਾਹ ਉਹਨਾ ਨੂੰ ਪਾ ਗਈ। ਸਾਡੇ ਨੇਤਾ ਲੋਕਾਂ ਨੇ ਉਦੋਂ ਆਮ ਲੋਕਾਂ ਨੂੰ ਇਹ ਫ਼ੈਸਲੇ ਲਾਗੂ ਕਰਕੇ ਇਕੋ ਨਸੀਹਤ ਦਿੱਤੀ, ''ਭਾਈ ਅਕਲ ਨਾਲ ੳਤਨਾ ਹੀ ਵਾਸਤਾ ਰੱਖਣਾ ਚਾਹੀਦਾ ਹੈ ਜਿੰਨਾ ਮੱਖਣ ਦਾ ਮਲਾਈ ਨਾਲ ਹੈ ਅਤੇ ਚੋਰ ਦਾ ਕੋਤਵਾਲ ਨਾਲ ਹੈ''। ਪਰ ਲੋਕ ਆ ਕਿ ਮੰਨਦੇ ਹੀ ਨਹੀਂ ਸਰਕਾਰ ਨੂੰ ਨਿੰਦੀ ਜਾਂਦੇ ਆ। ਜਦ ਨੇਤਾ ਆਖਦਾ ਹੈ, ਭਾਰਤ ਨਵਾਂ ਬਣ ਰਿਹਾ ਹੈ, ਲੋਕ ਆਖਦੇ ਆ, ਸਾਡਾ ਢਿੱਡ ਭੁੱਖਾ ਹੋ ਰਿਹਾ ਹੈ, ਅਸੀਂ ਬੇਰੁਜ਼ਗਾਰ ਹੋ ਰਹੇ ਆ। ਜਦ ਨੇਤਾ ਆਖਦਾ ਆ, ਮੈਂ 370 ਹਟਾਕੇ ਕਸ਼ਮੀਰੀਆਂ ਦਾ ਕਾਇਆ ਕਲਪ ਕਰ ਦਿੱਤਾ ਆ, ਲੋਕ ਆਖਦੇ ਆ, ਕਸ਼ਮੀਰੀਆਂ ਦੀ ਆਜ਼ਾਦੀ ਖੋਹ ਲਈ ਆ। ਨੇਤਾ ਅਖਦਾ ਹੈ ਮੈਂ ਦੁਨੀਆ ਦੇ ਦੌਰੇ ਕਰਦਾ ਹਾਂ, ਭਾਰਤ ਦਾ ਨਾਮ ਚਮਕਾਉਂਦਾ ਆ, ਆਪਣੇ ਨਾਮ ਦੇ ਨਾਹਰੇ ਲੁਆਉਂਦਾ ਹਾਂ, ਲੋਕੀ ਆਖਦੇ ਆ, ਨੇਤਾ ਦੀ ਅਕਲ ਤੇ ਪੱਥਰ ਪੈ ਗਏ ਹਨ। ਇਹ ਕਿਹੋ ਜਿਹੀ ਮਹਾਨਤਾ ਹੈ ਕਿ ਲੋਕ ਭੁੱਖੇ ਮਰਦੇ ਆ, ਲੋਕਾਂ ਨਾਲ ਛੂਆਛਾਤ ਕਾਇਮ ਹੈ, ਲੋਕ ਭੀੜ ਤੰਤਰ ਰਾਹੀਂ ਮਾਰੇ ਜਾ ਰਹੇ ਆ। ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ ਹੈ। ਇੱਕਲੇ ਵਿਚਾਰ ਹੀ ਨਹੀਂ, ਹਰ ਉੱਠਦਾ ਨਵਾਂ ਨੇਤਾ, ਹਰ ਵਿਰੋਧੀ ਧਿਰ ਖ਼ਤਮ ਕਰਨ ਦੀ ਤਿਆਰੀ ਹੋ ਰਹੀ ਹੈ, ਤਦੇ ਤਾਂ ਭਾਈ ਮੰਦੀ ਲਿਆਂਦੀ ਜਾ ਰਹੀ ਆ, ਕਾਰਪੋਰੇਟੀਆਂ ਨੂੰ ਦੇਸ਼ ਵੇਚਿਆ ਜਾ ਰਿਹਾ ਹੈ ਤੇ ਰਹਿੰਦਾ ਖੂੰਹਦਾ ਆਪਣੇ ਬਾਹਰਲੇ ਦੇਸ਼ਾਂ ਨੂੰ ਸੌਂਪਿਆ ਜਾ ਰਿਹਾ ਹੈ। ਤਦੇ ਤਾਂ ਨੇਤਾ ਵਿਦੇਸ਼ੀ ਫੇਰੀ ਤੇ ਆ। ਕਵੀਓ ਵਾਚ, ''ਭਾਰਤ ਉਦੈ ਦਾ ਬਿਗਲ ਵਜਾਉਣ ਖ਼ਾਤਰ, ਨੇਤਾ ਰੱਥ ਤੇ ਕੋਈ ਅਸਵਾਰ ਹੋਇਆ''।
ਹੋ ਰਿਹਾ ਹੈ ਘਾਣ ਹੁਣ ਰਿਸ਼ਤਿਆਂ ਦਾ,
ਸਕਾ ਪੁੱਤ, ਪਿਉ ਨੂੰ ਵੱਢਦਾ ਏ।
ਖ਼ਬਰ ਹੈ ਕਿ ਸਮਰਾਲੇ ਦੇ ਇੱਕ ਪਿੰਡ ਵਿੱਚ ਪਿੰਡ ਦੇ ਹੀ ਨੌਜਵਾਨ ਨੇ ਸੂਏ ਨਾਲ ਦੂਜੇ ਨੌਜਵਾਨ ਨੂੰ ਛਾਤੀ 'ਚ ਸੂਏ ਮਾਰ ਮਾਰਕੇ ਕਤਲ ਕਰ ਦਿੱਤਾ। ਇਸੇ ਤਰ੍ਹਾਂ ਮਲੋਟ ਵਿਖੇ ਜ਼ਮੀਨ ਦੇ ਰੌਲੇ ਨੂੰ ਲੈ ਕੇ ਗੋਲੀ ਚੱਲੀ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਲਹਿਰਾਗਾਗ ਦੇ ਪਿੰਡ ਜਲੂਰ ਵਿਖੇ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ, ਉਸਦੀ ਲਾਸ਼ ਬਰਾਮਦ ਹੋ ਗਈ ਹੈ। ਇੱਕ ਨਸ਼ੇੜੀ ਪੁੱਤਰ ਨੇ ਆਪਣੇ ਪਿਉ ਦਾ ਕਤਲ ਇਸ ਕਰਕੇ ਕਰ ਦਿੱਤਾ ਕਿ ਉਹ ਉਸਨੂੰ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਸੀ।
ਰਿਸ਼ਤੇ ਤਾਂ ਤਾਰ-ਤਾਰ ਹੋ ਰਹੇ ਆ। ਜ਼ਿੰਦਗੀ ਦੇ ਦਰਿਆ ਵਿੱਚ ਤੁਸੀਂ ਸਫ਼ਲ ਤੈਰਾਕ ਰਹੇ ਹੋਵੋ, ਪਰ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਆ, ਜਦ ਤੁਹਾਡੇ ਹੱਥ ਬੱਸ ਕੁਝ ਨਹੀਂ ਰਹਿੰਦਾ। ਨਾ ਰਿਸ਼ਤੇ ਨਾ ਧੰਨ। ਨਾ ਸਬੰਧ, ਨਾ ਪਿਆਰ। ਮਨੁੱਖ ਚੰਗਾ ਭਲਾ ਵੀ ਵੈਰਾਨੀ ਦੀ ਜ਼ਿੰਦਗੀ ਜੀਊਣ 'ਤੇ ਮਜ਼ਬੂਰ ਹੋ ਜਾਂਦਾ ਆ। ਉਸ ਵੇਲੇ ਤਾਂ ਉਹਦਾ ਜੀਅ ਕਰਦਾ ਆ, ''ਕੋਈ ਸਿੱਕਾ ਦਰਖ਼ਤ ਮਿਲੇ ਤਾਂ ਉਹਦੇ ਨਾਲ ਲਿਪਟਕੇ ਰੋ ਲਿਆ ਜਾਵੇ। ਪਰ ਭਾਈ ਸੁੱਕਾ ਦਰਖ਼ਤ ਵੀ ਉਹਨੂੰ ਨਹੀਂ ਮਿਲਦਾ''। ਹੈ ਕਿ ਨਾ?
ਤੂੰ ਕੌਣ, ਮੈਂ ਕੌਣ ਵਾਲੀ ਸਥਿਤੀ ਹੈ! ਕਵੀ ਕੈਲਵੀ ਦੇ ਸ਼ਬਦ ਯਾਦ ਆਉਂਦੇ ਨੇ, ''ਹੋ ਰਿਹਾ ਹੈ ਘਾਣ ਹੁਣ ਰਿਸ਼ਤਿਆਂ ਦਾ, ਸਕਾ ਪੁੱਤ, ਪਿਉ ਨੂੰ ਵੱਢਦਾ ਏ। ਪਤੀ ਮਾਰਦਾ ਗਲ ਘੁੱਟ ਪਤਨੀ ਨੂੰ, ਲਾਸ਼ ਉਸਦੀ ਗਟਰ ਵਿੱਚ ਗੱਡਦਾ ਏ। ਹਵਸ ਵਿੱਚ ਹਵਾਸ ਗਵਾ ਬੰਦਾ, ਮਿੱਧ ਕਲੀਆਂ ਨੂੰ ਅਰਕ ਪਿਆ ਕੱਢਦਾ ਏ। ਹਾਸਿਲ ਏਸ 'ਚੋਂ 'ਕੈਲਵੀ' ਕੀ ਹੋਣਾ? ਪਾਗਲ ਆਪਣੀ ਜੜ੍ਹ ਪਿਆ ਵੱਢਦਾ ਏ''।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ ਵਿੱਚ ਲੈਂਡ ਲਾਈਨ ਟੈਲੀਫੋਨ ਗਾਹਕਾਂ ਦੀ ਗਿਣਤੀ 2.117 ਕਰੋੜ ਹੈ। ਜੂਨ 2019 ਵਿੱਚ 12 ਲੱਖ ਲੋਕਾਂ ਨੇ ਆਪਣੇ ਲੈਂਡਲਾਈਨ ਕੁਨੈਕਸ਼ਨ ਕਟਵਾ ਦਿੱਤੇ।
ਇੱਕ ਵਿਚਾਰ
ਜਦੋਂ ਤੱਕ ਤੁਸੀਂ ਸਮਾਜਿਕ ਆਜ਼ਾਦੀ ਹਾਸਲ ਨਹੀਂ ਕਰ ਲੈਂਦੇ, ਕਨੂੰਨ ਤੁਹਾਨੂੰ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ।...................... ਡਾ: ਭੀਮ ਰਾਓ ਅੰਬੇਦਕਰ
-ਗੁਰਮੀਤ ਪਲਾਹੀ
-ਮੋਬ. ਨੰ: 9815802070
-ਈ-ਮੇਲ: gurmitpalahi@yahoo.com