ਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ : ਗਗਨ ਕਾਈਨੌਰ (ਮੋਰਿੰਡਾ) - ਪ੍ਰੀਤਮ ਲੁਧਿਆਣਵੀ
ਸੰਗੀਤਕ ਖੇਤਰ ਵਿੱਚ ਆਪਣੀ ਕਲਮ ਦੇ ਨਾਲ ਨਵੇਂ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਸੰਗੀਤਕ-ਦਰਸ਼ਕਾਂ ਦੇ ਰੂਬਰੂ ਕਰਨ ਦੀ ਦਿਲੋਂ ਇੱਛਾਂ ਰੱਖਣ ਵਾਲਾ ਨੌਜ਼ਵਾਨ ਗੀਤਕਾਰ, ਗਗਨ ਕਾਈਨੌਰ (ਮੋਰਿੰਡਾ) ਗੀਤਕਾਰੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਤ ਕਰਨ ਲਈ ਤੱਤਪਰ ਹੈ। ਗਗਨ ਕਾਈਨੌਰ ਦਾ ਜਨਮ ਜ਼ਿਲਾ ਰੂਪਨਗਰ (ਰੋਪੜ) ਦੇ ਪਿੰਡ ਕਾਈਨੌਰ ਵਿੱਚ 24 ਸਤੰਬਰ 1993 ਵਿੱਚ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਦੇ ਵਿਹੜੇ ਵਿੱਚ ਹੋਇਆ। ਇੱਥੇ ਦੱਸਣ ਯੋਗ ਗੱਲ ਹੈ ਕਿ ਗਗਨ ਦੇ ਮਾਤਾ ਜੀ ਆਪਣੇ ਜਨਮ ਤੋਂ ਹੀ ਬੋਲ ਨਹੀਂ ਸਕਦੇ ਸਨ ਅਤੇ ਪਿਤਾ ਦੇ ਵੀ ਆਪਣੇ ਬਚਪਨ ਵਿਚ ਰਾਤ ਨੂੰ ਪੜਦੇ-ਪੜਦੇ ਦੇ ਉੱਤੇ ਦੀਵਾ ਗਿਰ ਗਿਆ ਸੀ ਜਿਸ ਕਰਕੇ ਉਨਾਂ ਦੀ ਇੱਕ ਬਾਂਹ ਬਹੁਤ ਬੁਰੀ ਤਰਾਂ ਜਲ ਗਈ ਸੀ ।
ਗਗਨ ਨੂੰ ਗਾਇਕੀ ਖੇਤਰ ਵਿਚ ਉਹਨਾਂ ਦੇ ਦਾਦਾ ਜੀ ਸਵਰਗਵਾਸੀ ਬਲਵੰਤ ਸਿੰਘ ਪਟਵਾਰੀ ਜੀ ਅਤੇ ਦਾਦੀ ਗੁਰਦਿਆਲ ਕੌਰ ਜੀ ਨੇ ਹਰ ਪਲ ਸਪੋਰਟ ਕੀਤੀ। ਗਗਨ ਦਾ ਬਚਪਨ ਤੋਂ ਹੀ ਮਿਊਜ਼ਿਕ ਲਾਈਨ ਨਾਲ ਬਹੁਤ ਗੂੜਾ ਪਿਆਰ ਪੈ ਗਿਆ ਸੀ। ਜਦੋਂ ਉਹ ਪੰਜਵੀਂ ਜਮਾਤ ਵਿਚ ਪੜਦਾ ਸੀ ਤਾਂ 26 ਜਨਵਾਰੀ ਦੇ ਮੌਕੇ ਤੇ ਸਕੂਲ ਵਿੱਚ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਗੀਤ ਰਾਹੀਂ ਉਸ ਨੇ ਹਾਜ਼ਰੀ ਲਵਾਈ। ਉਸ ਉਪਰੰਤ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਗਗਨ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੇ ਬਾਰਵੀਂ ਤੱਕ ਦੀ ਪੜਾਈ ਆਪਣੇ ਪਿੰਡ ਦੇ ਸਕੂਲ ਇੰਦਰਾ ਹਾਈ ਸਕੂਲ ਕਾਈਨੌਰ ਤੋਂ ਕੀਤੀ। ਇਸ ਦੌਰਾਨ ਉਸ ਨੇ ਹਰ ਪ੍ਰੋਗਰਾਮ ਤੇ ਆਪਣੇ ਸਾਫ਼-ਸੁਥਰੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ਉੱਪਰ ਡੂੰਘਾ ਅਸਰ ਪੈਦਾ ਕੀਤਾ। ਉਸ ਤੋਂ ਬਾਅਦ ਉਸ ਨੇ ਬੱਸੀ ਪਠਾਣਾਂ ਤੋਂ ਆਈ. ਟੀ. ਆਈ. ਪਾਸ ਕੀਤੀ। ਇੱਥੇ ਉਸ ਨੇ ਇੱਕ ਪ੍ਰੋਗਰਾਮ ਵਿੱਚ 'ਬਾਪੂ' ਗੀਤ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਤੇ ਪੂਰੇ ਪੰਜਾਬ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਆਪਣੇ ਨਵੇਂ ਲਿਖੇ ਗੀਤ, 'ਤੇਰੀ ਮੁਟਿਆਰ' ਦੇ ਨਾਲ ਥੋੜੇ ਹੀ ਸਮੇਂ ਵਿੱਚ ਕਾਈਨੌਰ ਨੌਜ਼ਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ। ਇਸ ਗੀਤ ਨੂੰ ਗਾਇਆ ਹੈ, ਸੁਰੀਲੀ ਗਾਇਕਾ ਵੀਰ ਕੌਰ ਨੇ : ਇਸ ਦਾ ਮਿਊਜ਼ਕ ਦਿੱਤਾ ਹੈ, ਮਿਊਜ਼ਕ ਡਾਇਰੈਕਟਰ, ਸੁਖਬੀਰ ਰੈੱਡ ਰੌਕਰਜ਼ ਨੇ ਅਤੇ ਅੱਜ ਦੇ ਦੌਰ ਦੀ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧ ਮਿਊਜ਼ਕ ਕੰਪਨੀ, 'ਜ਼ਸ ਰਿਕਾਰਡਜ਼' ਵੱਲੋਂ ਯੂ-ਟਿਊਬ ਅਤੇ ਇੰਟਰਨੈਟ ਦੀਆਂ ਸਾਰੀਆਂ ਸ਼ੋਸ਼ਲ-ਸਾਇਟਾਂ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਪਹਿਲਾਂ ਗਗਨ ਦੇ ਲਿਖੇ ਗੀਤ, 'ਬਿੱਲੀ ਅੱਖ' (ਗਾਇਕ ਮਨੂੰ ਪ੍ਰੀਤ) ਅਤੇ ਧਾਰਮਿਕ ਗੀਤ, 'ਕੁਰਬਾਨੀ' (ਗਾਇਕ ਭਾਈ ਗੁਰਦੇਵ ਸਿੰਘ ਸੰਤਸਰ) ਵੀ ਮਾਰਕੀਟ ਵਿੱਚ ਆ ਚੁੱਕੇ ਹਨ।
ਗਗਨ ਦੇ ਆਉਣ ਵਾਲੇ ਨਵੇਂ ਗੀਤਾਂ ਵਿਚ ਇੱਕ ਸੂਫ਼ੀ ਗੀਤ, 'ਤੇਰੇ ਦਰ ਦਾ ਮੰਗਤਾ' ਅਤੇ ਹੋਰ ਗੀਤਾਂ ਰਾਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਉਹ ਹਾਜ਼ਰ ਹੋਵੇਗਾ ਅਤੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨਵੀਂਆਂ ਕਹਾਣੀਆ ਵੀ ਬਹੁਤ ਜਲਦੀ ਪੇਸ਼ ਕਰੇਗਾ। ਇਸ ਤੋਂ ਇਲਾਵਾ ਉਸ ਦੀ ਲਿਖੀ ਮੂਵੀ, 'ਜ਼ਿੰਦਗੀ' ਵੀ ਸਰੋਤਿਆਂ ਦੀ ਕਚਹਿਰੀ ਵਿੱਚ ਜਲਦੀ ਹੀ ਪੇਸ਼ ਹੋਵੇਗੀ।
ਗਗਨ ਕਾਈਨੌਰ (ਮੋਰਿੰਡਾ) ਯੂ-ਟਿਊਬ ਅਤੇ ਫ਼ੇਸਬੁੱਕ ਤੇ ਨਵੇਂ ਗਾਇਕਾਂ ਨੂੰ ਵੀ ਆਪਣੇ ਲਿਖੇ ਗੀਤਾਂ ਰਾਹੀਂ ਪੇਸ਼ ਕਰ ਚੁੱਕਿਆਂ ਹੈ ਜਿਨਾਂ ਵਿੱਚ ਗਾਇਕ, ਗੁਰਸੇਵਕ ਨੂੰ 'ਦੁਬਈ', 'ਚਿੱਟਾ', 'ਸਿੰਘ ਸੂਰਮੇਂ', 'ਬੇਬੇ-ਬਾਪੂ', 'ਇੱਕ ਸੱਚ', ਅਤੇ ਗਾਇਕਾ ਗੁਰਲੀਨ ਕੌਰ ਨੂੰ 'ਮਾਂ-ਅੰਮੜੀ', 'ਮੇਰੀ ਕਲਗੀਧਰ', 'ਗੁਰੂ ਰਵਿਦਾਸ ਮਹਾਰਾਜ ਜੀ', 'ਚਾਹ ਦਾ ਗਿਲਾਸ' ਆਦਿ ਵਿਸ਼ੇਸ਼ ਜਿਕਰ ਯੋਗ ਹਨ।
ਰੱਬ ਕਰੇ ਇਹ ਕਲਮ ਤੇ ਅਵਾਜ ਦਰਿਆਵਾਂ ਦੇ ਵਗਦੇ ਪਾਣੀਆਂ ਵਾਂਗ ਇਸੇ ਤਰਾਂ ਨਿਰੰਤਰ ਛੱਲਾਂ ਮਾਰਦੀ ਵਗਦੀ ਰਵੇ ! ਆਮੀਨ !
ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਗਗਨ ਕਾਈਨੌਰ (ਮੋਰਿੰਡਾ),7986626914, 7087725549