ਲੋਕਤੰਤਰੀ ਰਾਜ ਵਿੱਚ ਵੀ ਕਿਉਂ ਨਫ਼ਰਤ ਦਾ ਜ਼ੋਰ - ਸ਼ਾਮ ਸਿੰਘ ਅੰਗ ਸੰਗ
ਲੋਕਤੰਤਰ ਲੋਕਾਂ ਦਾ ਲੋਕਾਂ ਦੁਆਰਾ, ਲੋਕਾਂ ਲਈ ਰਾਜ ਹੈ, ਜਿਸ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ ਅਤੇ ਸਭ ਦਾ ਯੋਗਦਾਨ। ਯਾਨੀ ਸਾਰਿਆਂ ਦੀ ਮਰਜ਼ੀ ਦਾ ਰਾਜ ਹਰ ਇੱਕ ਦੀ ਸਹੂਲਤ ਵਾਸਤੇ। ਆਜ਼ਾਦ ਫਿਜ਼ਾ ਅੰਦਰ ਜਿੱਧਰ ਮਰਜ਼ੀ ਤੁਰਿਆ ਫਿਰੇ। ਨਾਲ ਹੀ ਬੋਲਣ ਅਤੇ ਲਿਖਣ ਦੀ ਆਜ਼ਾਦੀ। ਇਹ ਕੁਝ ਲਿਖਤੀ ਇਬਾਰਤ ਵਿੱਚ ਗਵਾਹੀ ਹੈ, ਜੋ ਕਿਸੇ ਤਰ੍ਹਾਂ ਵੀ ਮਿਟਾਈ ਨਹੀਂ ਜਾ ਸਕਦੀ। ਯਾਨੀ ਸੰਵਿਧਾਨ ਦੀ ਗਰੰਟੀ ਇੱਕ ਤਰ੍ਹਾਂ ਨਾਲ ਲੰਡਨ ਦਾ ਹਾਈਡ ਪਾਰਕ ਜਿੱਥੇ ਖੜ੍ਹ ਕੇ ਦਿਲ ਦਾ ਗੁਬਾਰ ਕੱਢਣ ਲਈ ਆਜ਼ਾਦੀ ਨਾਲ ਬੋਲਿਆ ਜਾ ਸਕਦੈ। ਅਜਿਹੀ ਆਜ਼ਾਦੀ ਜ਼ਰੂਰੀ ਵੀ ਹੈ ਅਤੇ ਮਨੁੱਖ ਲਈ ਲਾਹੇਵੰਦੀ ਵੀ।
ਜਦ ਜੰਗਲੀ ਅਵਸਥਾ 'ਚੋਂ ਸਿੱਖ-ਸਿਖਾ ਕੇ ਮਨੁੱਖ ਸਭਿਅਕ ਸਮਾਜ ਵੱਲ ਤੁਰਿਆ ਤਾਂ ਭਾਈਚਾਰੇ ਦੀ ਵਿਵਸਥਾ ਕਾਇਮ ਕਰ ਲਈ ਗਈ, ਜਿਸ ਦਾ ਵੱਡਾ ਮਨੋਰਥ ਮੋਹ-ਮੁਹੱਬਤ ਸੀ ਅਤੇ ਨਿੱਘਾ ਮੇਲ-ਜੋਲ। ਇਹ ਹੋਇਆ ਵੀ ਲੋਕ ਪ੍ਰੇਮ ਦੀਆਂ ਨਿੱਘੀਆਂ ਗਲੀਆਂ ਵਿੱਚ ਖੁਸ਼ੀਆਂ ਹਾਸਲ ਕਰਦੇ ਰਹੇ ਅਤੇ ਖੁਸ਼ਹਾਲੀ ਵੀ। ਇਹ ਜੋੜਾ ਵੀ ਕਮਾਲ ਹੈ ਕਿ ਖੁਸ਼ੀ ਬਿਨਾਂ ਖੁਸ਼ਹਾਲੀ ਨਹੀਂ ਅਤੇ ਖੁਸ਼ਹਾਲੀ ਬਿਨਾਂ ਖੁਸ਼ੀ ਨਹੀਂ। ਜੇਕਰ ਦੋਵੇਂ ਸਮਾਜ ਨੂੰ ਪ੍ਰਾਪਤ ਹੋਣ ਤਾਂ ਸਮੁੱਚੇ ਦਾ ਸਮੁੱਚਾ ਸਮਾਜ ਸਿਹਤਮੰਦ ਰਹੇਗਾ ਅਤੇ ਠੀਕ ਦਿਸ਼ਾ ਵੱਲ ਵਿਕਾਸ ਦੇ ਰਸਤੇ ਉਤੇ ਵੀ ਪੈ ਜਾਵੇਗਾ।
ਭਾਰਤ ਲੋਕਤੰਤਰੀ ਦੇਸ਼ ਹੈ, ਜਿੱਥੇ ਹੱਥ-ਘੁਟਣੀਆਂ ਅਤੇ ਗਲਵੱਕੜੀਆਂ ਦਾ ਘਾਟਾ ਨਹੀਂ ਹੋਣਾ ਚਾਹੀਦਾ, ਪਰ ਇੱਥੇ ਬਜਾਏ ਪ੍ਰੇਮ ਵਧਣ ਦੇ ਮੋਹ-ਮੁਹੱਬਤਾਂ ਘਟਣ ਲੱਗ ਪਈਆਂ। ਆਪਸੀ ਰਿਸ਼ਤਿਆਂ ਵਿੱਚ ਤ੍ਰੇੜਾਂ ਪੈ ਗਈਆਂ ਅਤੇ ਟੁੱਟ-ਭੱਜ ਸ਼ੁਰੂ ਹੋ ਗਈ। ਸਮਾਜ ਵਿੱਚ ਕਈ ਤਰ੍ਹਾਂ ਦੀਆਂ ਪੈਦਾ ਹੋਈਆਂ ਵੰਡੀਆਂ ਕਾਰਨ ਬਣੇ ਫਿਰਕਿਆਂ ਵਿੱਚ ਪਤਾ ਨਹੀਂ ਨਫ਼ਰਤ ਕਿੱਥੋਂ ਆ ਕੇ ਦਾਖ਼ਲ ਹੋ ਗਈ। ਮਨੁੱਖਾਂ ਮਨੁੱਖਾਂ ਵਿਚਕਾਰ ਨਫ਼ਰਤ ਏਨੀ ਵਧ ਗਈ ਕਿ ਇੱਕ ਫ਼ਿਰਕਾ ਦੂਜੇ ਦੀ ਕਿਸੇ ਵੀ ਹਰਕਤ ਨੂੰ ਝੱਲਣ ਲਈ ਤਿਆਰ ਨਹੀਂ। ਕਿਤੇ ਵਿਆਹ ਕਰਵਾਉਣ ਵਾਸਤੇ ਘੋੜੀ 'ਤੇ ਸਵਾਰ ਲਾੜੇ ਨੂੰ ਉਤਾਰ ਕੇ ਉਸ ਦੀ ਮਾਰਕੁੱਟ ਕਰਨੀ ਕਿਸੇ ਤਰ੍ਹਾਂ ਵੀ ਮਾਫ਼ੀਯੋਗ ਨਹੀਂ।
ਜਾਤਾਂ ਅਤੇ ਧਰਮਾਂ ਦੇ ਆਧਾਰ 'ਤੇ ਬਣੇ ਹੋਏ ਫਿਰਕਿਆਂ ਵਿਚਕਾਰ ਪ੍ਰੇਮ ਦੀ ਥਾਂ ਨਫ਼ਰਤ ਦੇ ਜ਼ੋਰ ਨੇ ਲੈ ਲਈ, ਜਿਸ ਕਾਰਨ ਮਾਨਵੀ ਭਾਈਚਾਰੇ ਦਾ ਤਾਣਾ-ਬਾਣਾ ਉਲਝ ਵੀ ਗਿਆ ਅਤੇ ਤਹਿਸ-ਨਹਿਸ ਵੀ ਹੋ ਕੇ ਰਹਿ ਗਿਆ। ਇਸ ਵਰਤਾਰੇ ਲਈ ਦੋਸ਼ੀ ਰਹਿਬਰ ਹਨ, ਪਰ ਉਹ ਸਾਰੇ ਲੋਕ ਵੀ ਹਨ, ਜੋ ਅੱਖਾਂ ਬੰਦ ਕਰ ਕੇ ਰਹਿਬਰਾਂ ਦੇ ਪਿਛਲੱਗ ਬਣ ਕੇ ਤੁਰ ਪਏ। ਪੜ੍ਹਨ-ਲਿਖਣ ਨਾਲ ਹੁਣ ਸਮਾਜ ਵਿੱਚ ਰੋਸ਼ਨੀ ਹੋਣ ਲੱਗ ਪਈ ਹੈ ਜਿਸ ਕਾਰਨ ਲੋਕ ਜਾਗ ਕੇ ਜਗਣ ਅਤੇ ਆਪਣੀ ਮਰਜ਼ੀ ਦਾ ਨਵਾਂ ਰਾਹ ਅਖਤਿਆਰ ਕਰਨ।
ਲੋਕਤੰਤਰੀ ਤਰਜ਼ ਵਾਲੀਆਂ ਹਕੂਮਤਾਂ ਦਾ ਫ਼ਰਜ਼ ਹੈ ਕਿ ਉਹ ਭਾਈਚਾਰਿਆਂ ਦੀ ਸਾਂਝ ਕਾਇਮ ਰੱਖਣ ਅਤੇ ਵਧਾਉਣ ਲਈ ਕਦਮ ਉਠਾਉਂਦੀਆਂ ਰਹਿਣ ਤਾਂ ਕਿ ਉਨ੍ਹਾਂ ਵਿੱਚ ਨੇੜਤਾ ਅਤੇ ਪ੍ਰੇਮ ਬਣਿਆ ਰਹੇ। ਜਿੱਥੇ ਕਿਤੇ ਨਫ਼ਰਤ ਹੁੰਦੀ ਦਿਸੇ, ਉਥੇ ਤੁਰਤ ਸੂਝ-ਬੂਝ ਦੇ ਦੀਵਾਨ ਲਗਾਉਣ ਦਾ ਪ੍ਰਬੰਧ ਕਰੇ ਅਤੇ ਮਿਲਵਰਤਨ ਦੀ ਚਾਸ਼ਨੀ ਦਾ ਪ੍ਰਸ਼ਾਦ ਵੰਡੇ ਤਾਂ ਜੋ ਜਨਤਾ ਦਾ ਜੀਵਨ ਖੁਸ਼ ਹੋ ਕੇ ਸਫ਼ਲਾ ਹੋਵੇ। ਨਫ਼ਰਤ ਦੇ ਬੀਜ ਬੀਜਣ ਵਾਲਿਆਂ ਨੂੰ ਕੇਵਲ ਨਿਰਉਤਸ਼ਾਹ ਹੀ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦਾ ਖੁਰਾ-ਖੋਜ ਹੀ ਮਿਟਾਉਣ ਦਾ ਕਾਰਜ ਕੀਤਾ ਜਾਵੇ ਤਾਂ ਕਿ ਨਫ਼ਰਤ ਦੇ ਜ਼ੋਰ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਵੇ।
ਕੁਝ ਦੇਰ ਤੋਂ ਸਮਾਜ ਵਿੱਚ ਬੇਚੈਨੀ ਹੈ, ਜਿਸ ਨੇ ਸੁੱਤੀਆਂ ਕਲਾਂ ਮੁੜ ਜਗਾ ਦਿੱਤੀਆਂ। ਜਿਹੜੀਆਂ ਬੁਰਾਈਆਂ ਹਾਸ਼ੀਏ ਤੋਂ ਬਾਹਰ ਹੋ ਗਈਆਂ ਸਨ, ਉਹ ਮੁੜ ਸਮਾਜ ਦੇ ਸਿਰ 'ਤੇ ਸਵਾਰ ਹੋ ਗਈਆਂ, ਜਿਸ ਕਰਕੇ ਮਨੁੱਖਾਂ ਵਿਚਕਾਰ ਡੂੰਘੀਆਂ ਖੱਡਾਂ ਪੁੱਟੀਆਂ ਗਈਆਂ। ਅਜਿਹਾ ਹੋਣ ਨਾਲ ਲੋਕ ਇੱਕ-ਦੂਜੇ ਤੋਂ ਦੂਰ ਹੋਣ ਲੱਗ ਪਏ। ਕੁਝ ਇੱਕ ਤਾਂ ਹੈਂਕੜ ਨਾਲ ਆਫ਼ਰੇ ਕਮਜ਼ੋਰ ਵਰਗਾਂ ਨੂੰ ਡਰਾਉਣ ਅਤੇ ਦਬਾਉਣ ਲੱਗ ਪਏ। ਕਮਜ਼ੋਰ ਵਰਗ ਸਹਿਮ ਕੇ ਕੁਝ ਵੀ ਕਰਨ ਜੋਗੇ ਨਾ ਰਹੇ।
ਭਾਰਤ ਦੀ ਕੇਂਦਰ ਸਰਕਾਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਨੂੰ ਵਕਤ ਗੁਆਏ ਬਗੈਰ ਨਫ਼ਰਤ ਉੱਤੇ ਠੱਲ੍ਹ ਪਾਉਣ ਲਈ ਸਰਗਰਮੀ ਨਾਲ ਹਰਕਤ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਵੰਡ ਹੁੰਦੇ ਜਾ ਰਹੇ ਸਮਾਜ ਨੂੰ ਟੁੱਟਣ ਦੀ ਥਾਂ ਜੋੜਿਆ ਜਾ ਸਕੇ। ਇਹ ਕੰਮ ਵਿਦਿਅਕ ਅਦਾਰਿਆਂ ਵਿੱਚ ਅਧਿਆਪਕ, ਧਾਰਮਿਕ ਪ੍ਰਚਾਰਕ ਅਤੇ ਸਿਆਸਤਦਾਨ ਤਰਜੀਹੀ ਆਧਾਰ 'ਤੇ ਕਰਨ, ਤਾਂ ਕਿ ਵੇਲਾ ਬੀਤਣ ਤੋਂ ਬਾਅਦ ਮੁਲਕ ਪਛਤਾਉਣ ਜੋਗਾ ਨਾ ਰਹਿ ਜਾਵੇ। ਆਜ਼ਾਦੀ ਦੇ ਏਨੇ ਵਰ੍ਹਿਆਂ ਬਾਅਦ ਵੀ ਜੇ ਮੌਕੇ ਨੂੰ ਸੰਭਾਲਿਆ ਨਾ ਗਿਆ ਤਾਂ ਮਾੜੀ-ਮੋਟੀ ਵਿਰੋਧੀ ਆਵਾਜ਼ ਨੂੰ ਵੀ ਦੇਸ਼ ਧਰੋਹੀ ਗਰਦਾਨਣ ਨਾਲ ਨਹੀਂ ਸਰਨਾ।
ਲੋਕਤੰਤਰ ਵਿੱਚ ਤਾਂ ਹਕੂਮਤ ਸਾਰੇ ਨਾਗਰਿਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਦਾ ਫਿਕਰ ਹੀ ਨਹੀਂ, ਸਗੋਂ ਪ੍ਰਬੰਧ ਕਰੇ। ਜਿਹੜੀਆਂ ਹੁਣ ਤੱਕ ਪੈਦਾ ਹੋ ਚੁੱਕੀਆਂ ਹਨ, ਉਹ ਸਹੂਲਤਾਂ ਦੇਵੇ। ਅਜਿਹਾ ਪ੍ਰਬੰਧ ਕਰੇ, ਅਜਿਹਾ ਪ੍ਰਸ਼ਾਸਨ ਅਤੇ ਸ਼ਾਸਨ ਦੇਵੇ ਕਿ ਲੋਕ ਸੰਤੁਸ਼ਟ ਹੋ ਕੇ ਆਰਾਮ ਅਤੇ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਨੂੰ ਪਹਾੜਾਂ ਦੀਆਂ ਕੁੰਦਰਾਂ ਅਤੇ ਦਰਿਆਵਾਂ ਦੇ ਕਿਨਾਰਿਆਂ ਉੱਤੇ ਸ਼ਾਂਤੀ ਦੀ ਭਾਲ ਕਰਨ ਵਾਸਤੇ ਨਾ ਜਾਣਾ ਪਵੇ। ਸਹੂਲਤਾਂ ਦਿੰਦਿਆਂ ਸਰਕਾਰ ਫਰਜ਼ ਦੀ ਪੂਰਤੀ ਹੀ ਕਰੇ, ਲਾਭ ਲੈਣ ਦੀ ਦੁਕਾਨਦਾਰੀ ਬਿਰਤੀ ਤਿਆਗ ਦੇਵੇ।
ਹਕੂਮਤਾਂ ਯਤਨ ਕਰਨ ਕਿ ਸਮਾਜ ਵਿੱਚੋਂ ਜਿੰਨੇ ਕੁ ਪਾੜੇ ਖ਼ਤਮ ਹੋ ਸਕਣ, ਖ਼ਤਮ ਕਰੇ। ਹਰ ਪੰਜ ਸਾਲਾਂ ਬਾਅਦ ਜਿਹੜੀ ਵੀ ਸਰਕਾਰ ਆਵੇ, ਏਹੀ ਕੰਮ ਕਰਦੀ ਰਵੇ ਤਾਂ ਪਾੜੇ ਵਧਣ ਦੀ ਜਗ੍ਹਾ ਖ਼ਤਮ ਹੁੰਦੇ ਰਹਿਣਗੇ ਅਤੇ ਲੋਕ ਇੱਕ-ਦੂਜੇ ਦੇ ਨੇੜੇ ਆ ਕੇ ਇੱਕ-ਦੂਜੇ ਦੇ ਕੰਮ ਆਉਣਗੇ ਜਿਨ੍ਹਾਂ ਦੇ ਮਿਲਵੇਂ ਯਤਨਾਂ ਨਾਲ ਸਮਾਜ ਤਰੱਕੀ ਕਰੇਗਾ। ਨਫ਼ਰਤਾਂ ਨੂੰ ਥਾਂ ਹੀ ਨਹੀਂ ਮਿਲੇਗੀ। ਮੁਲਕ ਅਤੇ ਸਮਾਜ ਨਫ਼ਰਤ-ਮੁਕਤ ਹੋ ਜਾਣਗੇ। ਜਿਹੜੀਆਂ ਸਿਆਸੀ ਪਾਰਟੀਆਂ ਇੱਕ-ਦੂਜੀ ਤੋਂ ਮੁਕਤ ਹੋਣ ਦੇ ਸੁਫ਼ਨੇ ਲੈ ਰਹੀਆਂ ਹਨ, ਉਹ ਮੁਲਕ ਦੀ ਜਨਤਾ ਨੂੰ ਨਫ਼ਰਤ-ਮੁਕਤ ਕਰ ਦੇਣ ਤਾਂ ਵੱਡਾ ਕੰਮ ਹੋਵੇਗਾ।
ਨਫ਼ਰਤ-ਮੁਕਤ ਹੋਣਾ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀਆਂ ਬੁਸੀਆਂ ਗੱਲਾਂ ਵਿੱਚ ਅਸੀਂ ਵਕਤ ਗੁਆ ਰਹੇ ਹਾਂ, ਉਹ ਬਹੁਤ ਪਿੱਛੇ ਰਹਿ ਗਈਆਂ। ਮੁਲਕ ਦੇ ਲੋਕੋ ਜਾਗੋ ਅਤੇ ਸੰਭਲੋ ਆਪਣੀ ਧਰਤੀ ਮਾਂ ਨੂੰ ਪ੍ਰੇਮ ਕਰੋ, ਆਪਣੀ ਮਾਂ-ਬੋਲੀ ਨੂੰ ਕਿਸੇ ਕੀਮਤ 'ਤੇ ਨਾ ਛੱਡੋ ਅਤੇ ਆਪਣੀ ਹਰ ਮਾਂ ਦੀਆਂ ਲੋਰੀਆਂ ਨੂੰ ਯਾਦ ਰੱਖੋ ਤਾਂ ਕਿ ਮੋਹ-ਮੁਹੱਬਤ ਦੇ ਗੀਤ ਗਾਉਂਦਿਆਂ ਅਸੀਂ ਨਫ਼ਰਤ ਮੁਕਾਈਏ ਅਤੇ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਭਰਵੀਂ ਕੋਸ਼ਿਸ਼ ਕਰੀਏ।
ਕਲਮਕਾਰਾਂ ਕੋਲ ਬੜੀ ਵੱਡੀ ਤਾਕਤ ਹੁੰਦੀ ਹੈ, ਜਿਸ ਨਾਲ ਉਹ ਸਮਾਜ ਵਿੱਚ ਏਕਾ ਪੈਦਾ ਕਰਨ ਲਈ ਅਹਿਮ ਪ੍ਰਭਾਵ ਵੀ ਪਾ ਸਕਦੇ ਹਨ, ਯੋਗਦਾਨ ਵੀੇ। ਜੇ ਉਹ ਸਮਾਜ ਪ੍ਰਤੀ ਸੰਜੀਦਾ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਲੋਕ ਡੇਰਿਆਂ ਵੱਲ ਨਹੀਂ ਭੱਜਣਗੇ, ਜੇਲ੍ਹਾਂ ਵਿੱਚ ਡੱਕੇ ਆਪੇ ਬਣੇ ਭਗਵਾਨਾਂ ਨੂੰ ਨਹੀਂ ਧਿਆਉਣਗੇ, ਸਗੋਂ ਅਕਲ ਦਾ ਇਸਤੇਮਾਲ ਕਰਦਿਆਂ ਆਪਣੇ-ਆਪ ਨੂੰ ਸਮਝਣਗੇ ਅਤੇ ਸਮਾਜ ਦੀ ਭੂਮਿਕਾ ਸਮਝਦਿਆਂ ਉਹ ਕੁਝ ਕਰਨਗੇ, ਜਿਸ ਨਾਲ ਜੀਵਨ ਸਫ਼ਲਾ ਹੋਵੇ।
ਜਿਹੜੇ ਧਰਮ ਦੂਜੇ ਧਰਮੀਆਂ ਨਾਲ ਸਿੱਝਣ, ਟਕਰਾਉਣ ਦੀ ਕਿਰਿਆ ਕਰਨ ਜਾਂ ਸਿਖਾਉਣ, ਲੋਕਾਂ ਨੂੰ ਉਨ੍ਹਾਂ ਦੇ ਰਾਹ ਨਹੀਂ ਪੈਣਾ ਚਾਹੀਦਾ। ਇਹ ਨਫ਼ਰਤ ਦਾ ਰਾਹ ਹੈ ਜਿਸ 'ਤੇ ਤੁਰਨ ਨਾਲ ਘਾਟਾ ਹੀ ਘਾਟਾ ਹੈ, ਮੁਨਾਫ਼ਾ ਨਹੀਂ। ਉਸ ਰਾਹ ਉੱਤੇ ਤੁਰਨਾ ਹੀ ਸਫ਼ਲ ਹੋ ਸਕਦਾ ਹੈ, ਜਿਸ 'ਤੇ ਨਫ਼ਰਤ ਦਾ ਜ਼ੋਰ ਨਾ ਹੋਵੇ, ਸਗੋਂ ਮੋਹ-ਮੁਹੱਬਤ ਦੀਆਂ ਮਹਿਕਾਂ ਹੋਣ ਅਤੇ ਭਾਈਚਾਰਕ ਤੰਦਾਂ ਮਜ਼ਬੂਤ ਹੋਣ। ਆਓ ਲੋਕਤੰਤਰੀ ਰਾਜ 'ਚ ਨਫ਼ਰਤ ਦਾ ਜ਼ੋਰ ਖ਼ਤਮ ਕਰੀਏ ਅਤੇ ਨਜ਼ਦੀਕੀਆਂ ਵਧਾ ਕੇ ਜੀਵਨ ਸਫ਼ਲਾ ਕਰੀਏ।
ਭਾਸ਼ਾਵਾਂ ਦਾ ਆਦਰ
ਭਾਰਤ ਸਰਕਾਰ, ਸੁਪਰੀਮ ਕੋਰਟ ਤੇ ਹੋਰ ਅਦਾਲਤਾਂ ਅਤੇ ਰਾਜ ਸਰਕਾਰਾਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕ ਸੰਤੁਸ਼ਟ ਅਤੇ ਖੁਸ਼ ਹੁੰਦੇ ਹੋਣ। ਸੁਪਰੀਮ ਕੋਰਟ ਦੇ ਫ਼ੈਸਲੇ ਭਾਰਤੀ ਭਾਸ਼ਾਵਾਂ ਵਿੱਚ ਦੱਸੇ ਜਾਣ ਤਾਂ ਠੀਕ ਰਹੇਗਾ। ਜੇ ਸੁਪਰੀਮ ਕੋਰਟ ਨੇ ਅਜਿਹਾ ਕਰਨਾ ਮੰਨ ਲਿਆ ਹੈ ਤਾਂ ਇਹ ਚੰਗੀ ਗੱਲ ਹੈ ਅਤੇ ਭਾਸ਼ਾਵਾਂ ਦਾ ਬਣਦਾ ਆਦਰ। ਪਹਿਲਾਂ ਚਾਰ ਭਾਸ਼ਾਵਾਂ ਨੂੰ ਤਸਲੀਮ ਕੀਤਾ ਗਿਆ ਸੀ, ਪਰ ਮੰਗ ਉਠਾਏ ਜਾਣ 'ਤੇ ਹੋਰ ਭਾਸ਼ਾਵਾਂ ਨੂੰ ਵੀ ਆਦਰ ਦੇ ਦਿੱਤਾ ਗਿਆ ਤਾਂ ਕਿ ਜਨਤਾ ਵਿੱਚ ਵਿਤਕਰੇ ਦੀ ਭਾਵਨਾ ਉਜਾਗਰ ਨਾ ਹੋਵੇ।
ਚੰਗਾ ਹੋਵੇ ਜੇ ਪੰਜਾਬ ਦੇ ਪਾਰਲੀਮੈਂਟ ਮੈਂਬਰ ਵੀ ਤਾਮਿਲਨਾਡੂ ਦੇ ਐਮ ਪੀ ਸਟਾਲਨ ਵਾਂਗਰ ਜਾਗਦੇ ਰਹਿਣ ਅਤੇ ਆਪਣੀ ਮਾਂ-ਬੋਲੀ ਅਤੇ ਹੋਰ ਮਸਲਿਆਂ ਬਾਰੇ ਜ਼ੋਰਦਾਰ ਆਵਾਜ਼ ਉਠਾਉਣ। ਪੰਜਾਬ ਵਿੱਚ ਕਈ ਜਥੇਬੰਦੀਆਂ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਵਿੱਚ ਲੱਗੀਆਂ ਹੋਈਆਂ ਸਰਗਰਮ ਹਨ, ਜਿਨ੍ਹਾਂ 'ਚੋਂ ਕੇਂਦਰੀ ਪੰਜਾਬੀ ਲੇਖਕ ਸਭਾ ਤਾਂ ਹਰ ਦਮ ਹੋਕਾ ਦਿੰਦੀ ਰਹਿੰਦੀ ਹੈ, ਪਰ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਥੋੜ੍ਹੇ ਸਮੇਂ 'ਚ ਵੱਡੇ ਕੰਮ ਕਰ ਗਿਆ। ਮਿਲਵੇਂ ਯਤਨ ਹੁੰਦੇ ਰਹਿਣ ਤਾਂ ਹੀ ਜ਼ਿੰਦਾਬਾਦ।
ਲਤੀਫ਼ੇ ਦਾ ਚਿਹਰਾ-ਮੋਹਰਾ
? ਚੰਦਰਯਾਨ ਦੀ ਯਾਤਰਾ ਦੀ ਬੜੀ ਚਰਚਾ ਹੋ ਰਹੀ ਹੈ। ਭਲਾ ਇਹ ਕੀ ਬਲਾਅ ਹੈ।
- ਇਹ ਬਲਾਅ ਨਹੀਂ, ਵਿਗਿਆਨਕ ਪ੍ਰਾਪਤੀ ਹੋ ਰਹੀ ਹੈ।
? ਕੀ ਹੋ ਜਾਊ ਇਸ ਨਾਲ ਦੇਸ਼ ਦਾ।
- ਹੋਰ ਕੁਝ ਹੋਵੇ ਨਾ ਹੋਵੇ, ਉਸ ਮਾਮੇ 'ਤੇ ਤਿਰੰਗਾ ਝੁੱਲੇਗਾ, ਜੋ ਬੱਚਿਆਂ ਦਾ ਮਾਮਾ ਹੀ ਰਹੇਗਾ।
? ਪਤੇ ਦੀ ਕੋਈ ਗੱਲ ਦੱਸ ਜੇ ਕੋਈ ਹੈ ਤਾਂ?
- ਹਾਂ ਫੇਰ ਅਡਾਨੀ ਅੰਬਾਨੀ ਦਾ ਪੈਸਾ ਝੁੱਲੇਗਾ।
-0-
ਲੜਕੀ - ਮੇਰੇ ਪਾਪਾ ਨੇ ਕਿਹਾ ਕਿ ਜੇ ਇਸ ਵਾਰ ਵੀ ਫੇਲ੍ਹ ਹੋ ਗਈ ਤਾਂ ਆਟੋ ਵਾਲੇ ਨਾਲ ਵਿਆਹ ਦੇਊਂ।
ਲੜਕਾ - ਇਹ ਤਾਂ ਕਮਾਲ ਹੈ। ਮੇਰੇ ਪਾਪਾ ਨੇ ਕਿਹਾ ਕਿ ਪਾਸ ਹੋਵੇ ਜਾਂ ਫੇਲ੍ਹ ਆਟੋ ਲੈ ਦੇਣਾ, ਚਲਾਈ ਜਾਈਂ - ਵਾਹ ਕਿਆ
ਕਮਾਲ ਆਪਣੀ ਜੋੜੀ ਬਣੀ ਲਓ।
ਸੰਪਰਕ : 98141-13338
2019-07-21