ਨਹਿਰੂ ਦੀ ਸੋਚ ਨੂੰ ਤਿਲਾਂਜਲੀ ਨੇ ਕਾਂਗਰਸ ਨੂੰ ਦਿਖਾਏ ਆਹ ਦਿਨ - ਜਤਿੰਦਰ ਪਨੂੰ
ਕਾਂਗਰਸ ਸਵਾ ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ, ਇਹ ਕਦੇ ਡੁੱਬਣ ਨਹੀਂ ਲੱਗੀ। ਜਿਹੜੇ ਲੋਕ ਪਹਿਲਾਂ ਏਦਾਂ ਦਾ ਦਾਅਵਾ ਹਿੱਕ ਠੋਕ ਕੇ ਕਰਿਆ ਕਰਦੇ ਸਨ, ਅੱਜ ਉਹ ਦੱਬਵੀਂ ਜ਼ਬਾਨ ਨਾਲ ਕਹਿੰਦੇ ਹਨ ਕਿ ਜੋ ਵੀ ਹੁੰਦਾ ਰਹੇ, ਕਾਂਗਰਸ ਪਾਰਟੀ ਇਸ ਦੇਸ਼ ਦੀ ਰਾਜਨੀਤੀ ਤੋਂ ਮਨਫੀ ਨਹੀਂ ਹੋ ਸਕਦੀ। ਇਸ ਤਰ੍ਹਾਂ ਦੀ ਗੱਲ ਕਹਿਣ ਦੇ ਵਕਤ ਉਨ੍ਹਾਂ ਸੱਜਣਾਂ ਦੀ ਜ਼ਬਾਨ ਥਿੜਕਣ ਲੱਗਦੀ ਹੈ, ਪਹਿਲਾਂ ਵਾਲੀ ਸਾਬਤ-ਕਦਮੀ ਉਨ੍ਹਾਂ ਸੱਜਣਾਂ ਵਿੱਚ ਨਹੀਂ ਲੱਭਦੀ ਤੇ ਉਨ੍ਹਾਂ ਦੇ ਉਲਟ ਬੋਲਣ ਵਾਲੇ ਸੱਜਣ ਪਹਿਲਾਂ ਨਾਲੋਂ ਦੁੱਗਣੇ ਖੜਾਕ ਨਾਲ ਬੋਲਦੇ ਹਨ। ਕਾਰਨ ਸਾਫ ਹੈ ਕਿ ਭਾਜਪਾ ਦੇ ਪਾਸੇ ਨੂੰ ਉਲਾਰ ਹੋਏ ਸੱਜਣ ਇਸ ਵਕਤ 'ਮੋਦੀ ਹੈ ਤਾਂ ਮੁਮਕਿਨ ਹੈ' ਵਾਲੀ ਧਾਰਨਾ ਉੱਤੇ ਅਮਲ ਹੁੰਦਾ ਵੇਖ ਰਹੇ ਹਨ ਤੇ ਉਸ ਘੜੀ ਦੀ ਉਡੀਕ ਵਿੱਚ ਹਨ, ਜਦੋਂ ਉਨ੍ਹਾਂ ਦੇ ਇਸ ਆਗੂ ਦੀ ਕਾਂਗਰਸ ਬਾਰੇ ਕਹੀ ਗਈ ਗੱਲ ਸੱਚੀ ਸਾਬਤ ਹੋਵੇਗੀ। ਮੋਦੀ ਦੀ ਇਹ ਗੱਲ ਕੱਟਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ ਤੇ ਆਵਾਜ਼ ਵੀ ਮੱਠੀ ਪੈਂਦੀ ਜਾ ਰਹੀ ਹੈ।
ਭਾਰਤ ਇਸ ਵਕਤ ਉਸ ਪਾਸੇ ਵੱਲ ਵਧ ਰਿਹਾ ਹੈ, ਜਿੱਥੇ ਬਹੁ-ਗਿਣਤੀ ਦੀ ਫਿਰਕਾਪ੍ਰਸਤੀ ਆਪਣੇ ਅਸਲੀ ਰੰਗ ਵਿੱਚ ਆ ਕੇ ਉਸ ਧੱਕੜਸ਼ਾਹੀ ਤੱਕ ਜਾ ਸਕਦੀ ਹੈ, ਜਿਸ ਦੇ ਝਲਕਾਰੇ ਵੇਖੇ ਜਣ ਲੱਗੇ ਹਨ। ਕਿਸੇ ਥਾਂ ਕੋਈ ਝਗੜਾ ਹੋਵੇ ਤਾਂ ਕਾਰਨ ਭਾਵੇਂ ਕ੍ਰਿਕਟ ਦੇ ਮੈਚ ਵਿੱਚ ਸਾਧਾਰਨ ਅੱਲ੍ਹੜਪੁਣੇ ਦੀ ਖਹਿਬਾਜ਼ੀ ਦਾ ਹੋਵੇ, ਪਰ ਫਿਰਕੂ ਰੰਗ ਚੜ੍ਹਨ ਨੂੰ ਦੇਰ ਨਹੀਂ ਲੱਗਦੀ। ਬੱਸ ਜਾਂ ਰੇਲ ਗੱਡੀ ਵਿੱਚ ਸੀਟ ਦਾ ਝਗੜਾ ਵੀ ਇਹੋ ਰੰਗ ਫੜ ਲੈਂਦਾ ਹੈ। ਕੁਝ ਲਫੰਡਰ ਕਿਸਮ ਵਾਲੇ ਲੋਕ ਇਹੋ ਜਿਹੇ ਮਾਹੌਲ ਵਿੱਚ ਬਦੋ-ਬਦੀ ਵਾਲੇ ਘੜੰਮ ਚੌਧਰੀ ਕਿਸ ਤਰ੍ਹਾਂ ਬਣ ਜਾਂਦੇ ਹਨ, ਇਹ ਅਸੀਂ ਕਈ ਵਾਰ ਵੇਖ ਚੁੱਕੇ ਹਾਂ ਅਤੇ ਅੱਜ ਕੱਲ੍ਹ ਦੇਸ਼ ਦੇ ਲਗਭਗ ਹਰ ਰਾਜ ਵਿੱਚੋਂ ਏਦਾਂ ਦੀਆਂ ਖਬਰਾਂ ਆ ਰਹੀਆਂ ਹਨ। ਲਹਿਰ ਕੋਈ ਵੀ ਹੋਵੇ, ਉਹ ਆਪੇ ਬਣੇ ਇਹੋ ਜਿਹੇ ਘੜੰਮ ਚੌਧਰੀਆਂ ਨੂੰ ਕਦੇ ਰੋਕਦੀ ਨਹੀਂ ਹੁੰਦੀ, ਕਿਉਂਕਿ ਇਹ ਅੰਤਲੇ ਮੋੜ ਵੱਲ ਜਾਣ ਲਈ ਉਸ ਲਹਿਰ ਦੀ ਚੜ੍ਹਤ ਵਧਾਉਣ ਦਾ ਕੰਮ ਕਰਿਆ ਕਰਦੇ ਹਨ ਤੇ ਜਦੋਂ ਖਤਰਾ ਬਣ ਸਕਦੇ ਹੋਣ ਤਾਂ ਉਹੋ ਲਹਿਰਾਂ ਇਨ੍ਹਾਂ ਨੂੰ ਝਟਕਾ ਦੇ ਸਕਦੀਆਂ ਹਨ, ਪਰ ਬਹੁਤੀ ਵਾਰ ਓਦੋਂ ਵੀ ਝਟਕਾ ਨਹੀਂ ਦੇਂਦੀਆਂ। ਜਿਹੜਾ ਗੁੰਡਾ ਅਨਸਰ ਆਜ਼ਾਦ ਦੇਸ਼ ਦੇ ਮੁੱਢਲੇ ਸਾਲਾਂ ਵਿੱਚ ਕਾਂਗਰਸ ਨਾਲ ਹੁੰਦਾ ਸੀ, ਫਿਰ ਕਾਂਗਰਸ ਵਿਰੋਧ ਦਾ ਝੰਡਾ ਚੁੱਕਣ ਵਾਲੀ ਹਰ ਕਿਸੇ ਹੋਰ ਪਾਰਟੀ ਨਾਲ ਜੁੜ ਜਾਂਦਾ ਰਿਹਾ ਸੀ, ਉਹ ਇਸ ਵੇਲੇ ਇਸ ਨਵੇਂ ਕਿਸਮ ਦੀ ਫਿਰਕਾ ਪ੍ਰਸਤੀ ਦੇ ਨੇਜ਼ੇ ਦੀ ਨੋਕ ਬਣਿਆ ਦਿੱਸਦਾ ਹੈ। ਕਾਂਗਰਸ ਦੀ ਗੋਦ ਵਿੱਚ ਖੇਡਦਾ ਹੋਇਆ ਏਥੋਂ ਤੱਕ ਪੁੱਜਾ ਇਹ ਅਨਸਰ ਅੱਜ ਰੰਗ ਵਿਖਾ ਰਿਹਾ ਹੈ।
ਅੱਜ ਦੀ ਤਰੀਕ ਵਿੱਚ ਜਿਹੜਾ ਆਗੂ ਸਭ ਤੋਂ ਵੱਧ ਘਿਰਿਆ ਪਿਆ ਹੈ, ਉਹ ਕਾਂਗਰਸ ਦੀ ਪ੍ਰਧਾਨਗੀ ਛੱਡ ਚੁੱਕਾ ਰਾਹੁਲ ਗਾਂਧੀ ਹੈ, ਜਿਹੜਾ ਹਰ ਤੀਸਰੇ ਦਿਨ ਕਿਸੇ ਅਦਾਲਤ ਦੇ ਕਟਹਿਰੇ ਵਿੱਚ ਜਾ ਖੜੋਂਦਾ ਹੈ, ਪਰ ਜਿਹੜੇ ਮਾਹੌਲ ਵਿੱਚ ਉਹ ਫਸਿਆ ਪਿਆ ਹੈ, ਉਸ ਦੀ ਸ਼ੁਰੂਆਤ ਉਸ ਦੇ ਆਪਣੇ ਬਾਪ ਨੇ ਕੀਤੀ ਸੀ। ਅਯੁੱਧਿਆ ਵਾਲੀ ਬਾਬਰੀ ਮਸਜਿਦ ਨੂੰ ਬੜੇ ਚਿਰ ਤੋਂ ਅਦਾਲਤ ਦੇ ਹੁਕਮ ਨਾਲ ਤਾਲਾ ਲੱਗਾ ਪਿਆ ਸੀ, ਚੋਣ ਮੁਹਿੰਮ ਲਈ ਚੜ੍ਹਨ ਵਾਸਤੇ ਉਹ ਤਾਲਾ ਖੁੱਲ੍ਹਵਾ ਕੇ ਪੂਜਾ ਕਰਨ ਲਈ ਜਦੋਂ ਰਾਜੀਵ ਗਾਂਧੀ ਓਥੇ ਉਚੇਚਾ ਗਿਆ, ਸੈਕੂਲਰ ਸੋਚ ਵਾਲੇ ਕਾਂਗਰਸੀਆਂ ਨੇ ਇਸ ਨੂੰ ਗਲਤ ਬੇਸ਼ੱਕ ਕਿਹਾ ਸੀ, ਪਰ ਇਸ ਦਾ ਵਿਰੋਧ ਨਹੀਂ ਸੀ ਕੀਤਾ। ਤਾਲਾ ਰਾਜੀਵ ਗਾਂਧੀ ਖੁੱਲ੍ਹਵਾ ਗਿਆ, ਅਗਲੀ ਮੁਹਿੰਮ ਚਲਾਉਣ ਲਈ ਉਹ ਲੋਕ ਅੱਗੇ ਆ ਗਏ, ਜਿਹੜੇ ਮੁੱਢਾਂ ਤੋਂ ਕਾਂਗਰਸ ਅਤੇ ਨਹਿਰੂ-ਗਾਂਧੀ ਪਰਵਾਰ ਦੇ ਵਿਰੋਧੀ ਸਨ। ਫਿਰ ਰਾਜੀਵ ਗਾਂਧੀ ਦਾ ਅਚਾਨਕ ਕਤਲ ਹੋ ਗਿਆ ਤਾਂ ਜਿਹੜੇ ਨਰਸਿਮਹਾ ਰਾਓ ਦੇ ਹੱਥ ਕਮਾਨ ਆਈ, ਉਸ ਨੇ ਨਵਾਂ ਪੁੱਠਾ ਕੰਮ ਇਹ ਕੀਤਾ ਕਿ ਬਾਹਰੋਂ ਧਰਮ ਨਿਰਪੱਖ ਬਣਦਾ ਰਿਹਾ, ਪਰ ਅੰਦਰ-ਖਾਤੇ ਬਾਬਰੀ ਮਸਜਿਦ ਢਾਹੁਣ ਵਾਲਿਆਂ ਨਾਲ ਸੈਨਤ ਮਿਲਾ ਕੇ ਚੱਲਦਾ ਰਿਹਾ। ਬਾਬਰੀ ਮਸਜਿਦ ਢਾਹੇ ਜਾਣ ਤੋਂ ਇੱਕ ਦਿਨ ਪਹਿਲਾਂ ਰਾਓ ਨੇ ਖੱਬੇ ਪੱਖੀ ਆਗੂਆਂ ਨੂੰ ਵੀ ਸੱਦਿਆ ਤੇ ਕੁਝ ਹੋਰ ਧਰਮ ਨਿਰਪੱਖ ਧਿਰਾਂ ਦੇ ਆਗੂਆਂ ਨੂੰ ਵੀ, ਪਰ ਜਦੋਂ ਉਹ ਉਸ ਦੇ ਘਰ ਗਏ ਤਾਂ ਨਰਸਮਿਹਾ ਰਾਓ ਅਗੇਤੇ ਆ ਚੁੱਕੇ ਭਾਜਪਾ ਆਗੂਆਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਅੰਦਰਲੇ ਕਮਰੇ ਵਿੱਚ ਮੀਟਿੰਗ ਲਾਈ ਬੈਠਾ ਸੀ। ਧਰਮ ਨਿਰਪੱਖ ਮੰਨੇ ਜਾਂਦੇ ਆਗੂ ਓਥੇ ਕਈ ਘੰਟੇ ਬਾਹਰਲੇ ਕਮਰੇ ਵਿੱਚ ਬੈਠੇ ਚਾਹ ਪੀਂਦੇ ਤੇ ਉਬਾਸੀਆਂ ਲੈਂਦੇ ਰਹੇ ਤੇ ਅੰਦਰਲੀ ਮੀਟਿੰਗ ਨਿਰਵਿਘਨ ਚੱਲੀ ਗਈ। ਜਦੋਂ ਅੱਕ ਕੇ ਕਾਮਰੇਡ ਇੰਦਰਜੀਤ ਗੁਪਤਾ ਨੇ ਕਹਿ ਦਿੱਤਾ ਕਿ ਕਾਮਰੇਡ ਸੁਰਜੀਤ ਜੀ, ਆਉ ਚੱਲੀਏ, ਏਦਾਂ ਦੀ ਚਾਹ ਅਤੇ ਬਿਸਕੁਟ ਆਪਣੇ ਦਫਤਰ ਵੀ ਮਿਲ ਜਾਣਗੇ ਤਾਂ ਕਾਹਲੀ ਵਿੱਚ ਬਾਹਰ ਆਏ ਨਰਸਿਮਹਾ ਰਾਓ ਨੇ ਚਿੰਤਾ ਦਾ ਚਲਿੱਤਰ ਆਰੰਭ ਕਰ ਦਿੱਤਾ ਸੀ। ਇਹ ਸਾਰਾ ਕੁਝ ਜਦੋਂ ਹੋ ਰਿਹਾ ਸੀ, ਕਾਂਗਰਸ ਦੇ ਬਾਕੀ ਲੀਡਰ ਰੋਕਣ ਨੂੰ ਅੱਗੇ ਨਹੀਂ ਸਨ ਆਏ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਧਿਆਨ ਭਵਿੱਖ ਵਿੱਚ ਉੱਭਰ ਸਕਣ ਵਾਲੀ ਜਾਪਦੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਸੰਪਰਕ ਕਰਨ ਉੱਤੇ ਲੱਗਾ ਹੋਇਆ ਸੀ।
ਅੱਜ ਦੀ ਨਰਿੰਦਰ ਮੋਦੀ ਸਰਕਾਰ ਦਾ ਮੰਤਰੀ ਬਣਿਆ ਰਾਓ ਇੰਦਰਜੀਤ ਸਿੰਘ ਪਹਿਲਾਂ ਹਰਿਆਣੇ ਤੋਂ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਹੁੰਦਾ ਸੀ। ਸੁਰਿੰਦਰ ਸਿੰਘ ਆਹਲੂਵਾਲੀਆ ਵੀ ਨਰਸਿਮਹਾ ਰਾਓ ਵਾਲੀ ਕਾਂਗਰਸੀ ਸਰਕਾਰ ਵਿੱਚ ਮੰਤਰੀ ਹੁੰਦਾ ਸੀ। ਫੋਲਣ ਲੱਗੋ ਤਾਂ ਏਦਾਂ ਦੇ ਕਈ ਮਿਲ ਜਾਣਗੇ। ਬਾਬਰੀ ਮਸਜਿਦ ਢਾਹੇ ਜਾਣ ਮਗਰੋਂ ਪਾਰਲੀਮੈਂਟ ਵਿੱਚ ਭਾਜਪਾ ਦਾ ਤਿੱਖਾ ਵਿਰੋਧ ਕਰਨ ਵਾਲੇ ਮੈਂਬਰਾਂ ਵਿੱਚ ਆਹਲੂਵਾਲੀਆ ਵੀ ਸ਼ਾਮਲ ਸੀ। ਆਜ਼ਾਦੀ ਲਹਿਰ ਵਾਲੇ ਦਿਨਾਂ ਵਿੱਚ ਕਾਫੀ ਹੱਦ ਤੱਕ ਕਾਂਗਰਸ ਪਾਰਟੀ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਸੰਤੁਲਨ ਬਣਾ ਕੇ ਚੱਲਦੀ ਰਹੀ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂਅ ਨਾਲ 'ਪੰਡਿਤ' ਭਾਵੇਂ ਪੱਕਾ ਲੱਗਾ ਪਿਆ ਸੀ, ਫਿਰ ਵੀ ਉਹ ਆਗੂ ਧਰਮਾਂ ਦੇ ਪੱਖ ਤੋਂ ਆਮ ਕਰ ਕੇ ਨਿਰਲੇਪ ਰਹਿੰਦਾ ਸੀ। ਉਸ ਦੇ ਬਾਅਦ ਉਸ ਦੀ ਧੀ ਇੰਦਰਾ ਗਾਂਧੀ ਨੇ ਥਿੜਕਣ ਵਿਖਾਈ ਸੀ। ਜਿਹੜੇ ਵੀ ਹਾਲਾਤ ਹੋਣ, ਜਿਹੜੀ ਥਿੜਕਣ ਇੰਦਰਾ ਗਾਂਧੀ ਦੇ ਵਕਤ ਸ਼ੁਰੂ ਹੋਈ, ਉਹ ਅੱਜ ਇੰਦਰਾ ਗਾਂਧੀ ਦੇ ਪੋਤੇ ਨੂੰ ਭੁਗਤਣੀ ਪਈ ਹੈ। ਪਾਰਟੀ ਦੀ ਅੰਦਰੂਨੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹ ਕਿਸੇ ਉੱਤੇ ਜ਼ਰਾ ਜਿੰਨਾ ਵੀ ਭਰੋਸਾ ਕਰਨ ਲਈ ਦਿਲੋਂ ਤਿਆਰ ਨਹੀਂ ਹੋ ਸਕਦਾ ਹੋਣਾ। ਬਾਹਰੀ ਪਾਸਿਆਂ ਤੋਂ ਉਸ ਨੂੰ ਚੁਫੇਰਿਓਂ ਸਿਆਸੀ ਤੇ ਕਾਨੂੰਨੀ ਪੱਖ ਤੋਂ ਘੇਰਿਆ ਜਾ ਰਿਹਾ ਹੈ।
ਕਦੇ-ਕਦੇ ਇਹੋ ਜਿਹੇ ਦਿਨ ਆ ਜਾਂਦੇ ਹਨ, ਜਦੋਂ ਬੜੇ ਨੇੜਲੇ ਵੀ ਸਾਥ ਛੱਡ ਖੜੋਂਦੇ ਅਤੇ 'ਘਰ ਦਾ ਭੇਤੀ, ਲੰਕਾ ਢਾਹੇ' ਵਾਲੀ ਗੱਲ ਬਣ ਜਾਂਦੀ ਹੈ। ਇੰਦਰਾ ਗਾਂਧੀ ਦੇ ਮਾੜੇ ਵਕਤ ਵਿੱਚ ਉਸ ਦੀ ਭੂਆ ਵਿਜੇ ਲਕਸ਼ਮੀ ਉਸ ਨੂੰ ਛੱਡ ਕੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਾਲੀ ਲਹਿਰ ਵਿੱਚ ਜਾ ਖੜੋਤੀ ਸੀ। ਨਹਿਰੂ ਪਰਵਾਰ ਦਾ ਨੇੜਲਾ ਰਿਸ਼ਤੇਦਾਰ ਅਰੁਣ ਨਹਿਰੂ, ਜਿਹੜਾ ਇੰਦਰਾ ਗਾਂਧੀ ਦੇ ਵਕਤ ਤੋਂ ਰਾਜ-ਭਾਗ ਮਾਣਦਾ ਰਿਹਾ ਸੀ, ਇੰਦਰਾ ਗਾਂਧੀ ਦਾ ਕਤਲ ਹੋਣ ਪਿੱਛੋਂ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਵਿੱਚ ਆਪਣੀ ਮੁੱਖ ਭੂਮਿਕਾ ਲਈ ਚਰਚਾ ਰਿਹਾ ਸੀ। ਉਹ ਰਾਜੀਵ ਗਾਂਧੀ ਦੇ ਰਾਜ ਵਾਲੇ ਦਿਨਾਂ ਤੱਕ ਮਜ਼ੇ ਮਾਣਦਾ ਰਿਹਾ, ਪਰ ਜਦੋਂ ਮਾੜੇ ਦਿਨ ਆਏ ਤਾਂ ਰਾਜੀਵ ਗਾਂਧੀ ਨੂੰ ਛੱਡ ਗਿਆ। ਫਿਰ ਉਹ ਰਾਜੀਵ ਗਾਂਧੀ ਦੇ ਵਿਰੁੱਧ ਰਾਜਾ ਵੀ ਪੀ ਸਿੰਘ ਨਾਲ ਜਾ ਜੁੜਿਆ ਸੀ ਤੇ ਜਨਤਾ ਦਲ ਦੀ ਟਿਕਟ ਉੱਤੇ ਪਾਰਲੀਮੈਂਟ ਮੈਂਬਰ ਬਣ ਕੇ ਕੇਂਦਰੀ ਮੰਤਰੀ ਬਣ ਗਿਆ ਸੀ। ਬੜੇ ਲੋਕਾਂ ਨੂੰ ਪਤਾ ਨਹੀਂ ਕਿ ਨਹਿਰੂ-ਗਾਂਧੀ ਖਾਨਦਾਨ ਨਾਲ ਅਰੁਣ ਨਹਿਰੂ ਦਾ ਸੰਬੰਧ ਬੜਾ ਨੇੜੇ ਦਾ ਸੀ। ਉਸ ਦਾ ਬਾਪ ਆਨੰਦ ਕੁਮਾਰ ਸੀ ਤੇ ਆਨੰਦ ਕੁਮਾਰ ਦਾ ਬਾਪ ਸ਼ਾਮ ਲਾਲ ਅੱਗੋਂ ਨੰਦ ਲਾਲ ਨਹਿਰੂ ਦਾ ਪੁੱਤਰ ਸੀ। ਇਹ ਨੰਦ ਲਾਲ ਕੋਈ ਓਪਰਾ ਨਹੀਂ, ਪੰਡਿਤ ਜਵਾਹਰ ਲਾਲ ਨਹਿਰੂ ਦਾ ਸਕਾ ਤਾਇਆ ਤੇ ਮੋਤੀ ਲਾਲ ਨਹਿਰੂ ਦਾ ਵੱਡਾ ਭਰਾ ਸੀ। ਇਸ ਪਰਵਾਰ ਨੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਰਾਜ ਤੱਕ ਮੌਜ ਮਾਣੀ, ਮਾਲ ਵੀ ਕਮਾਇਆ ਸੀ ਤੇ ਰਾਜੀਵ ਗਾਂਧੀ ਵੇਲੇ ਜਿਹੜਾ ਚੈੱਕੋਸਲੋਵਾਕੀਆ ਤੋਂ ਪਿਸਤੌਲ ਮੰਗਵਾਉਣ ਦਾ ਵੱਡਾ ਘਪਲਾ ਹੋਇਆ, ਉਸ ਖੇਡ ਦਾ ਮੁੱਖ ਖਿਡਾਰੀ ਵੀ ਇਹੋ ਅਰੁਣ ਨਹਿਰੂ ਕਿਹਾ ਜਾਂਦਾ ਸੀ, ਜਿਹੜਾ ਬਾਅਦ ਵਿੱਚ ਵੀ ਪੀ ਸਿੰਘ ਨਾਲ ਜੁੜ ਗਿਆ ਸੀ ਅਤੇ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰੀਆ ਕਹਿ ਕੇ ਭੰਡਦਾ ਫਿਰਦਾ ਸੀ। ਜਿਹੜੇ ਲੋਕ ਉਸ ਵਕਤ ਪਾਰਟੀ ਵਿੱਚ ਰਹਿ ਗਏ ਸਨ ਤੇ ਬਾਅਦ ਵਿੱਚ ਕਾਂਗਰਸੀ ਸਰਕਾਰਾਂ ਵੇਲੇ ਸੁਖ ਮਾਣਦੇ ਰਹੇ ਸਨ, ਉਹ ਅੱਜ ਰਾਹੁਲ ਗਾਂਧੀ ਦੇ ਖਿਲਾਫ ਨਰਿੰਦਰ ਮੋਦੀ ਦੇ 'ਕਾਂਗਰਸ ਮੁਕਤ ਭਾਰਤ' ਵਾਲੇ ਨਾਅਰੇ ਨੂੰ ਸਿਰੇ ਚਾੜ੍ਹਨ ਲਈ ਕਮਰਾਂ ਕੱਸੀ ਫਿਰਦੇ ਹਨ।
ਇਹ ਸਾਰਾ ਕੁਝ ਜਦੋਂ ਕਾਂਗਰਸ ਪਾਰਟੀ ਨੂੰ ਵੇਖਣਾ ਚਾਹੀਦਾ ਸੀ, ਪੰਡਿਤ ਜਵਾਹਰ ਲਾਲ ਨਹਿਰੂ ਵਾਲੀ ਲੀਹ ਛੱਡੇ ਬਿਨਾਂ ਰਾਜਨੀਤੀ ਕਰਨੀ ਚਾਹੀਦੀ ਸੀ, ਓਦੋਂ ਕਾਂਗਰਸ ਦੀ ਲੀਡਰਸ਼ਿਪ ਇਸ ਤੋਂ ਖੁੰਝ ਗਈ ਸੀ। ਸਿਧਾਂਤਕ ਪੱਖੋਂ ਸਭ ਤੋਂ ਵੱਧ ਨੁਕਸਾਨ ਜਵਾਹਰ ਲਾਲ ਨਹਿਰੂ ਦੀ ਧੀ ਇੰਦਰਾ ਗਾਂਧੀ ਨੇ ਕੀਤਾ ਸੀ, ਜਿਹੜੀ ਧੀਰੇਂਦਰ ਬ੍ਰਹਮਚਾਰੀ ਵਰਗਿਆਂ ਨੂੰ ਮਾਣ-ਤਾਣ ਦੇਣ ਵਾਲੇ ਰਾਹੇ ਪੈ ਤੁਰੀ ਸੀ। ਰਹੀ ਕਸਰ ਉਸ ਦੇ ਪੁੱਤਰ ਰਾਜੀਵ ਗਾਂਧੀ ਨੇ ਕੱਢ ਦਿੱਤੀ। ਪੰਜਾਬੀ ਦਾ ਇੱਕ ਮੁਹਾਵਰਾ ਇਹ ਹੈ ਕਿ ਦਾਦੇ ਦੀਆਂ ਕੀਤੀਆਂ ਪੋਤੇ ਨੂੰ ਭੁਗਤਣੀਆਂ ਪੈਂਦੀਆਂ ਹਨ। ਲੱਗਦਾ ਹੈ ਕਿ ਇਸ ਵਾਰ ਦਾਦੇ ਦੀਆਂ ਨਹੀਂ, ਇੰਦਰਾ ਗਾਂਧੀ ਵਰਗੀ ਦਾਦੀ ਦੀਆਂ ਕੀਤੀਆਂ ਰਾਹੁਲ ਗਾਂਧੀ ਵਰਗੇ ਪੋਤੇ ਨੂੰ ਭੁਗਤਣੀਆਂ ਪੈ ਰਹੀਆਂ ਹਨ।