ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ, ਹੋਣਹਾਰ ਕਲਮ -ਮਨਜੀਤ ਕੌਰ ਧੀਮਾਨ - ਪ੍ਰੀਤਮ ਲੁਧਿਆਣਵੀ
'ਜਦੋਂ ਮੇਰੀ ਪਹਿਲੀ ਕਹਾਣੀ 'ਖੁਸ਼ੀ ਬਨਾਮ ਰਾਜਨੀਤੀ' ਰੋਜ਼ਾਨਾ ਅਜੀਤ ਪੰਜਾਬੀ ਅਖਬਾਰ ਵਲੋਂ ਛਪੀ ਤਾਂ ਮੈਨੂੰ ਬਹੁਤ ਸਾਰੇ ਪੱਤਰ ਆਏ, ਜਿਨਾਂ ਨੇ ਮੈਨੂੰ ਬਹੁਤ ਹੌਂਸਲਾ ਬਖਸ਼ਿਆ। ਸਮਝੋ ਇਸ ਕਹਾਣੀ ਨੇ ਮੇਰੀ ਕਲਮ ਦਾ ਨੀਂਹ-ਪੱਥਰ ਰੱਖਦਿਆਂ ਮੈਨੂੰ ਕਲਮੀ ਮਾਰਗ ਉਤੇ ਤੋਰ ਲਿਆ।'
ਇਹ ਸ਼ਬਦ ਹਨ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਵਿਚ ਤਨ, ਮਨ, ਧਨ, ਲਗਨ, ਸ਼ੌਕ ਅਤੇ ਦ੍ਰਿੜਤਾ ਨਾਲ ਤੁਰੀ ਹੋਈ ਬੀਬੀ ਮਨਜੀਤ ਕੌਰ ਧੀਮਾਨ ਦੇ। ਜਿਲ੍ਹਾ ਨਵਾ ਸ਼ਹਿਰ ਦੇ ਪਿੰਡ ਕਰਾਵਰ ਵਿਚ 1983 ਨੂੰ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਅਤੇ ਸ਼੍ਰੀ ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਜਨਮੀ ਅਤੇ ਅੱਜ-ਕਲ ਆਪਣੇ ਜੀਵਨ-ਸਾਥੀ ਨਰੇਸ਼ ਕੁਮਾਰ ਧੀਮਾਨ ਨਾਲ ਲੁਧਿਆਣਾ ਸ਼ਹਿਰ ਵਿਚ ਡੇਰੇ ਲਾਈ ਬੈਠੀ ਮਨਜੀਤ ਦੱਸਦੀ ਹੈ ਕਿ ਮੁੱਢਲੀ ਪੜ੍ਹਾਈ ਉਸ ਨੇ ਬੀ. ਏ. ਬੀ. ਸਕੂਲ ਬਲਾਚੌਰ ਤੋਂ ਕੀਤੀ । ਬੀ. ਏ. ਦੀ ਡਿਗਰੀ ਪੰ. ਯੂਨੀ. ਚੰਡੀਗੜ੍ਹ ਤੋਂ : ਐਮ. ਏ. ਸਰਕਾਰੀ ਕਾਲਜ ਰੋਪੜ, (ਪੰ. ਯੂਨੀ. ਪਟਿਆਲਾ) ਤੋਂ ਅਤੇ ਬੀ.- ਐੱਡ ਸਾਈਂ ਕਾਲਜ ਆਫ਼ ਐਜੂਕੇਸ਼ਨ, ਜਾਡਲਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੋਵਾਲ ਗਰਲਜ਼ ਕਾਲਜ਼ ਵਿਖੇ ਤਿੰਨ ਸਾਲ ਉਸ ਨੇ ਰਾਜਨੀਤੀ ਵਿਸ਼ੇ ਲਈ ਲੈਕਚਰਾਰ ਦੀ ਨੌਕਰੀ ਕੀਤੀ। ਉਸ ਨੂੰ ਲਿਖਣ ਦੀ ਚੇਟਕ ਉਸਦੇ ਇੱਕਲੇਪਨ ਤੋਂ ਲੱਗੀ। ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਤੇ ਦਸਵੀਂ ਕਰਨ ਤੋਂ ਬਾਅਦ ਲਿਖਣ ਦੀ ਲਤ ਵੀ ਲੱਗ ਗਈ। ਜਿੱਥੇ ਸਕੂਲ ਵਿੱਚ ਉਸ ਨੇ ਖੋ-ਖੋ ਦੀ ਖੇਡ੍ਹ ਬਹੁਤ ਖੇਡ੍ਹੀ, ਉਥੇ ਕਾਲਜ਼ ਦੀ ਪੜ੍ਹਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਖੁੱਲਕੇ ਭਾਗ ਲੈਂਦੀ ਰਹੀ। ਬੀ ਐੱਡ ਦੌਰਾਨ ਸਾਰੇ ਅਧਿਆਪਕ ਖਾਸ ਕਰ ਸ. ਗੁਰਪ੍ਰੀਤ ਸਿੰਘ ਜੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਹਰ ਹਫ਼ਤੇ ਸਟੇਜ਼ ਤੇ ਕੁਝ ਨਾ ਕੁਝ ਬੋਲਣਾ ਜ਼ਰੂਰੀ ਹੁੰਦਾ ਸੀ। ਨਤੀਜਨ ਕਾਲਜ਼ ਵਿੱਚ ਛਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸ ਨੂੰ ਮੌਕਾ ਮਿਲਿਆ।
ਮਨਜੀਤ ਨੇ ਕਿਹਾ, 'ਜਿੱਥੇ ਮੇਰੀਆਂ ਦੋ ਕਹਾਣੀਆਂ ਅੰਮ੍ਰਿਤਸਰ ਮਿੰਨੀ ਕਹਾਣੀ ਮੁਕਾਬਲੇ ਵਿੱਚ ਉਹਨਾਂ ਦੀ ਕਿਤਾਬ 'ਮਿੰਨੀ' ਵਿੱਚ ਛਪੀਆਂ ਹਨ, ਉਥੇ ਸਾਹਿਤ ਸਭਾ ਪਟਿਆਲਾ ਵਲੋ ਪ੍ਰਕਾਸ਼ਿਤ ਪੁਸਤਕ 'ਕਲਮ ਸ਼ਕਤੀ' ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ । ਹੁਣ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ; ) ਦੇ ਛਪ ਰਹੇ ਸਾਂਝੇ ਕਾਵਿ-ਸੰਗ੍ਰਹਿ ਸਮੇਤ ਹੋਰ ਵੀ ਕਈ ਸਾਹਿਤ ਸਭਾਵਾਂ ਵਲੋ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਸਾਂਝੀਆਂ ਪੁਸਤਕਾਂ ਵਿਚ ਮੇਰੀਆਂ ਕਵਿਤਾਵਾਂ ਛਪਣ ਲਈ ਤਿਆਰੀ ਵਿੱਚ ਹਨ । ਇਸ ਤੋਂ ਇਲਾਵਾ 'ਅਜੀਤ ਪੰਜਾਬੀ', 'ਅਜੀਤ ਹਿੰਦੀ', 'ਸਪੋਕਸਮੈਨ ਰੋਜ਼ਾਨਾ' ਅਤੇ ਮੈਗਜ਼ੀਨ 'ਪੰਜ ਦਰਿਆ', 'ਅਦਬੀ ਸਾਂਝ' ਅਤੇ 'ਸੂਲ਼ ਸੁਰਾਹੀ' ਆਦਿ ਵਿੱਚ ਰਚਨਾਵਾਂ ਲਗਾਤਾਰ ਸ਼ਾਮਿਲ ਹੋਣ ਦਾ ਮਾਣ ਮਿਲ਼ ਰਿਹਾ ਹੈ। ਇਸ ਦੇ ਨਾਲ-ਨਾਲ ਹੁਣ ਆਪਣੀ ਕਿਤਾਬ ਛਪਵਾਉਣ ਦੀ ਤਿਆਰੀ ਵੀ ਕਰ ਰਹੀ ਹਾਂ। ਰੱਬ ਦੀ ਮਿਹਰ ਨਾਲ਼ ਇਹ ਸੁਪਨਾ ਵੀ ਜਲਦੀ ਹੀ ਪੂਰਾ ਕਰਾਂਗੀ।'
'ਸਾਡਾ ਪੰਜਾਬੀ ਸੱਭਿਆਚਾਰ ਅੱਜ ਕਿੱਧਰ ਨੂੰ ਜਾ ਰਿਹਾ ਹੈ । ਇਸ ਬਾਰੇ ਗਾਇਕਾਂ ਅਤੇ ਲੇਖਕਾਂ ਨੂੰ ਕੁਝ ਕਹਿਣਾ ਚਾਹਵੋਂਗੇ ਮਨਜੀਤ ਜੀ?' ਦੇ ਉਤਰ ਵਿਚ ਮਨਜੀਤ ਨੇ ਕਿਹਾ, 'ਸਾਡਾ ਪੰਜਾਬੀ ਸੱਭਿਆਚਾਰ ਬਹੁਤ ਮਹਾਨ ਹੈ, ਪਰ ਅੱਜ-ਕੱਲ ਇਸ ਵਿੱਚ ਅਸ਼ਲੀਲਤਾ ਸ਼ਰੇਆਮ ਨਜ਼ਰ ਆਉਂਦੀ ਹੈ। ਇਸ ਸਬੰਧੀ ਮੈਂ ਇੱਕ ਕਹਾਣੀ 'ਸੱਭਿਆਚਾਰ' ਵੀ ਲਿਖੀ ਸੀ। ਮੈਂ ਤਾਂ ਕਲਾਕਾਰਾਂ ਤੇ ਲੇਖਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਮਹਾਨ ਸਭਿਆਚਾਰ ਨੂੰ ਸੰਭਾਲੋ। ਅਸ਼ਲੀਲਤਾ ਨੂੰ ਛੱਡ ਕੇ ਸਮਾਜਿਕਤਾ ਵੱਲ ਆਓ। ਚੰਗਾ ਲਿਖੋ ਤੇ ਚੰਗਾ ਗਾਓ, ਤਾਂ ਜੋ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੇ।' ਉਸ ਅੱਗੇ ਕਿਹਾ, 'ਮੈਂ ਹਮੇਸ਼ਾ ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਨੂੰ ਸਮਰਪਣ ਰਹਾਂਗੀ।'
ਜਿਸ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਇਹ ਕਲਮ ਪੱਕੇ ਪੈਰੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਣ ਹੈ, ਉਸਤੋਂ ਉਸਦੇ ਆਉਣ ਵਾਲੇ ਕੱਲ੍ਹ ਦੀਆਂ ਖੂਬ ਸੰਭਾਵਨਾਵਾਂ ਅਤੇ ਉਮੀਦਾਂ ਹਨ। ਮੇਰੀਆਂ ਢੇਰ ਦੁਆਵਾਂ ਤੇ ਕਾਮਨਾਵਾਂ ਹਨ, ਇਸ ਹੋਣਹਾਰ ਕਲਮ ਲਈ!
ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ ) 9876428641
ਸੰਪਰਕ: ਮਨਜੀਤ ਕੌਰ ਧੀਮਾਨ, ਲੁਧਿਆਣਾ, (9464633059)