ਕੈਨੇਡਾ ਅੰਦਰ ਮੂਲਵਾਸੀ ਇਸਤਰੀਆਂ ਦੀ ਨਸਲਕੁਸ਼ੀ ! - ਰਾਜਿੰਦਰ ਕੌਰ ਚੋਹਕਾ
''ਇਹ ਨਸਲਕੁਸ਼ੀ ਹੈ ! ਅਤੇ ਸਾਰੇ ਹੀ ਕੈਨੇਡੀਅਨਾਂ ਨੂੰ ਹਿੰਸਾਂ ਖਤਮ ਕਰਨ ਲਈ, ਆਪਣੀ-ਆਪਣੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ'' ਇਹ ਸ਼ਬਦ ਕੈਨੇਡਾ ਦੇ ਮੂਲਵਾਸੀਆਂ ਦੀਆਂ ''ਇਸਤਰੀਆਂ ਅਤੇ ਲੜਕੀਆਂ ਦੇ ਕਾਤਲਾਂ ਗੁਮਸ਼ੁਦਗੀ ਸੰਬੰਧੀ ਪੇਸ਼ ਕੀਤੀ ਗਈ'' ''ਕੋਮੀ ਕਮਿਸ਼ਨ ਦੀ ਇਨਕੁਆਰੀ ਰਿਪੋਰਟ'' ਸਬੰਧੀ, 'ਕਮਿਸ਼ਨ ਦੀ ਪ੍ਰਧਾਨ, ਸਾਬਕਾ ਬੀ.ਸੀ. ਦੀ ਜੱਜ 'ਮੇਰੀਅਨ-ਬੂਲਰ, ਨੇ ਕਹੇ ? ਉਸਨੇ ਇਹ ਵੀ ਕਿਹਾ, 'ਕਿ ''ਇਹ ਨਸਲਕੁਸ਼ੀ, 'ਪ੍ਰਣਾਲੀ- ਗੱਤ, ਨਸਲੀ ਅਤੇ ਲਿੰਗਕ ਅਨੁਪਾਤ ਤੇ ਸਥਾਈ ਹਮਲੇ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਹੈ ? '' ਇਨ੍ਹਾਂ ਦੁਰਵਿਵਹਾਰਾਂ ਦੇ ਚੱਲਦੇ ਹੋਏ ਨਤੀਜੇ ਵਜੋਂ, ਅੱਜ ! ਜੋ ਕੈਨੇਡਾ ਅੰਦਰ ਇਤਿਹਾਸ ਰੱਚਿਆ ਗਿਆ ਹੈ, 'ਉਸ ਦਾ ਸਿੱਟਾ ਮੂਲਵਾਸੀਆਂ ਨੂੰ ਉਹਨਾਂ ਦੀਆਂ ਜਮੀਨਾਂ, ਸਮਾਜਕ ਸਰੋਕਾਰ ਅਤੇ ਸਭਿਆਚਾਰ ਤੋਂ ਮਰਹੂਮ ਕਰਨਾ ਹੈ ? ਮੂਲਵਾਸੀ ਆਪਣੀ ਪ੍ਰਭੂਸੱਤਾ ਚਾਹੁੰਦੇ ਹਨ ?
''ਪਾਰਲੀਮੈਂਟ-ਹਿੱਲ'' ਦੇ ਸਾਹਮਣੇ ਕੈਨੇਡੀਅਨ ਮਿਊਜੀਅਮ ਆਫ ਹਿਸਟਰੀ ਦੇ ਗ੍ਰੇਡ ਹਾਲ ਵਿੱਚ ਮੂਲਵਾਸੀ ਲੋਕਾਂ ਦੇ ਇੱਕ ਵੱਡੇ ਇੱਕਠ ਦੌਰਾਨ ਇਨਕੁਆਰੀ ਰਿਪੋਰਟ ਸੰਬੰਧੀ ਚੀਫ ਕਮਿਸ਼ਨਰ ਸਾਬਕਾ ਜੱਜ ਬੀ ਸੀ ਮੇਰੀਅਨ ਬੂਲਰ ਨੇ ਇਹ ਵੀ ਕਿਹਾ ਕਿ ''ਸਰਕਾਰ ਨੂੰ ਸਾਰੇ ਪੱਧਰਾਂ ਅਤੇ ਪਬਲਿਕ ਸੰਸਥਾਵਾਂ ਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ! ਬੂਲਰ ਨੇ ਮੂਲਵਾਸੀ ਇਸਤਰੀਆਂ ਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀ ਨੂੰ ਨਸਲਕੁਸ਼ੀ ਦਾ ਦਰਜਾ ਦਿੰਦੇ ਹੋਏ, ਇਸ ਨੂੰ ਨਿਯਮ-ਬੱਧ ਢੰਗ ਲਈ ਜਿੰਮੇਵਾਰ ਠਹਿਰਾਉਦੇ ਹੋਏ ਇਸ ਸਾਰੀ ਕੌਮ ਨੂੰ ਖਤਮ ਕਰਨ ਦਾ ਮੰਤਵ ਦੱਸਿਆ ?'' ਭਾਵੇ ! ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਧੇ ਤੋਰ 'ਤੇ ਇਸ ਨੂੰ ਨਸਲਕੁਸ਼ੀ ਦਾ ਨਾਂ ਤਾਂ ਨਹੀਂ ਦਿੱਤਾ, ਪਰ ! ਮੂਲਵਾਸੀ ਇਸਤਰੀਆਂ ਤੇ ਲੜਕੀਆਂ ਪ੍ਰਤੀ ਹਿੰਸਾ ਨੂੰ ਕੈਨੇਡਾ 'ਦੇ ਇਤਿਹਾਸਕ ਪਿਛੋਕੜ ਦੀ ਰਹਿੰਦ-ਖੂੰਹਦ ਐਲਾਨਣ ਦੀ ਥਾਂ, ਸਗੋਂ ਇਨ੍ਹਾਂ ਨੂੰ ਮੌਜੂਦਾ ਹਾਲਾਤਾਂ ਦਾ ਨਤੀਜਾ ਹੀ ਦੱਸਿਆ ? ਜਿਸ ਨੂੰ ਨਿਆਂ ਪ੍ਰਬੰਧ ਨੇ ਇਸ ਨੂੰ ਫੇਲ ਕਰ ਦਿੱਤਾ ਹੈ ? ਟਰੂਡੋ ਨੇ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਤੇ ਪੜ੍ਹਦਾ ਪਾਉਂਦੇ ਹੋਏ, ਮੂਲਵਾਸੀ ਇਸਤਰੀਆਂ ਅਤੇ ਲੜਕੀਆਂ ਦੇ ਕਤਲਾਂ ਤੇ ਗੁੰਮਸ਼ਦਗੀ ਅਤੇ ਹਿੰਸਾਂ ਨੂੰ ਅਖੋਂ ਪਰੋਖੇ ਕਰਦੇ ਹੋਏ, 'ਅਜਿਹੇ ਮੱਸਲਿਆ 'ਚ ਘੱਟ ਤਰਜੀਹ ਦੇਣ ਦੀ ਗੱਲ ਕਰਕੇ ਹੀ ਪਿੱਛਾ ਛੁਡਾ ਲਿਆ ਹੈ ! ਰਸਮੀ ਰਿਪੋਰਟ ਨੂੰ ਇੱਕਠ ਵਿੱਚ ਦੱਸਣ ਉਪਰੰਤ ਕਮਿਸ਼ਨਰ ਵਲੋਂ ਇਹ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੋਂਪ ਦਿੱਤੀ ਗਈ !
ਮੂਲਵਾਸੀ ਜਿਹੜੇ ਕੈਨੇਡਾ ਦੇ ਅਸਲੀ ਵਸਨੀਕ ਅਤੇ ਮਾਲਕ ਹਨ, ਉਹ ਕੈਨੇਡਾ ਦੀ ਕੁੱਲ-ਆਬਾਦੀ ਦਾ ਕੇਵਲ 4.3 ਫੀਸਦ ਹਿੱਸਾ ਹੀ ਬਣਦੇ ਹਨ ! ਗਰੀਬੀ, ਅਨਪੜ੍ਹਤਾ ਅਤੇ ਬਿਮਾਰੀਆਂ ਦੇ ਆਲਮ ਵਿੱਚ ਰਹਿੰਦੇ ਇਸ ਭਾਈਚਾਰੇ ਦੇ ਲੋਕ ਪਿਛਲੇ 400-500 (ਚਾਰ ਸੌ-ਪੰਜ ਸੌ-ਸਾਲਾਂ) ਤੋਂ ਜ਼ਬਰ ਅਤੇ ਹਿੰਸਾ ਦਾ ਸ਼ਿਕਾਰ ਬਣੇ ਹੋਏ ਹਨ। ਅੱਜ ! ਵੀ 21-ਵੀਂ ਸਦੀ, ਦੇ ਦੂਸਰੇ ਦਹਾਕੇ ਦੇ ਬੀਤ ਜਾਣ ਬਾਦ ਵੀ ਉਨ੍ਹਾਂ ਦੀਆਂ ਦੁਸ਼ਵਾਰੀਆਂ ਉਨ੍ਹਾਂ ਦਾ ਪਿੱਛਾ ਹੀ ਨਹੀਂ ਛੱਡ ਰਹੀਆਂ ਹਨ ? ਪਿਛਲੇ 160 ਸਾਲਾਂ ਤੋਂ ਪਹਿਲਾਂ ਇਸ ਭਾਈਚਾਰੇ ਦੇ 5000 (ਪੰਜ ਹਜ਼ਾਰ) ਤੋਂ ਵੱਧ ਬੱਚਿਆਂ ਨੇ ਸਿੱਖਿਆਂ ਦੇਣ, ਪਰਵਰਿਸ਼ ਅਤੇ ਰੁਜ਼ਗਾਰ ਮੁੱਖੀ ਬਨਾਉਣ ਦੇ ਨਾਂ ਹੇਠਾਂ ਉਨ੍ਹਾਂ ਦਾ ਨਸਲ-ਘਾਤ ਕੀਤਾ ਗਿਆ ਸੀ, ''ਸੱਚ ਅਤੇ ਸੁਲਾਹ-ਸਫਾਈ ਕਮਿਸ਼ਨ ਦੀ ਰਿਪੋਰਟ 'ਜੋ ਸਾਲ 2017 'ਚ ਜਾਰੀ ਹੋਈ ਸੀ, ਉਸ ਦੀਆਂ ਸਿਫਾਰਸ਼ਾਂ ਅਜੇ ਤੱਕ ਵੀ ਲਾਗੂ ਨਹੀਂ ਹੋਈਆਂ ਹਨ। ਹੁਣ ਲੱਗ-ਪੱਗ ਪਿਛਲੇ 30 ਸਾਲਾਂ ਤੋਂ ਮੂਲਵਾਸੀ ਲੋਕਾਂ ਦੀਆਂ 2000 ਤੋਂ ਵੱਧ ਇਸਤਰੀਆਂ ਅਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀਆਂ ਸੰਬੰਧੀ, '' ਜੋ ਇਨਕੁਆਰੀ ਰਿਪੋਰਟ ਸਾਹਮਣੇ ਆਈ ਹੈ, ''ਕਰਾਊਨ ਇੰਡਜ਼ੀਨਸ ਰਿਲੇਸ਼ਨਜ਼ ਮੰਤਰੀ ਕੈਰੋਲਿਨ ਬੈਨੇਟ'' ਨੇ ਤਾਂ ! ਇਨ੍ਹਾਂ ਕਤਲਾਂ ਅਤੇ ਗੁੰਮਸ਼ੁਦਗੀਆਂ, ਜਿਸ ਨਾਲ ਇਸ ਭਾਈਚਾਰੇ ਦੇ ਪਹਿਲਾ ਬੱਚਿਆਂ ਦੀ, ਅਤੇ ਹੁਣ ਇਸਤਰੀਆਂ ਦੀ ਨਸਲਕੁਸ਼ੀ ਹੋਈ ਲਈ ਸ਼ਬਦ ਨਸਲਕੁਸ਼ੀ ਤੇ ਕੋਈ ਵੀ ਸਹਿਮਤੀ ''ਤੋਂ ਪਲਾ ਝਾੜ ਦੇ ਹੋਏ, ਕੇਵਲ ਇਹ ਹੀ ਕਿਹਾ, 'ਕਿ ''ਲਿਬਰਲ ਸਰਕਾਰ ਨੇ ਕਮਿਸ਼ਨ ਦੀਆਂ 'ਲਭਤਾਂ' ਸਵੀਕਾਰ ਕਰ ਲਈਆਂ ਹਨ ? '' ਨਿਆਂ ਮੰਤਰੀ ''ਡੇਵਿਡ ਕਮੇਟੀ ਨੇ ਤਾਂ ਇਹ ਕਹਿ ਕੇ ਪਿੱਛਾ ਛੁਡਾ ਲਿਆ 'ਕਿ '' ਇਸ ਟਰਮ ਵਾਰੇ ਫੈਸਲਾ ਸਰਕਾਰ ਦੇ ਸਿੱਖਿਆ ਮਾਹਿਰ ਕਰਨਗੇ ?'' ਭਾਵ ! 1867 ਤੋਂ ਲੈ ਕੇ ਕੈਨੇਡਾ ਹੁਣ ਤੱਕ ਰਾਜ ਕਰ ਰਹੇ, ''ਟੋਰੀ ਤੇ ਲਿਬਰਲ ਜਿਨ੍ਹਾਂ ਦੇ ਰਾਜ ਭਾਗ ਅੰਦਰ ਮੂਲਵਾਸੀਆਂ ਦੇ ਪਹਿਲਾ ਬੱਚਿਆਂ ਅਤੇ ਹੁਣ ਇਸਤਰੀਆਂ ਦਾ ਨਸਲਘਾਤ ਹੋਇਆ ਹੈ, ਦੇ ਦੋਸ਼ਾਂ ਤੋਂ ਉਹ ਖੁਦ ਹੀ 'ਬਰੀ' ਹੋ ਰਹੇ ਹਨ ? ਕੀ ! ਇਹ ਨਸਲਘਾਤ ਨਹੀਂ ਜਾਂ ਮੌਤਾਂ ਹਨ ? ਬਸਤੀਵਾਦ ਨਸਲਪ੍ਰਸਤੀ ਨਫ਼ਰਤ ਅਤੇ ਵਿਤਕਰਾ ਅਜੇ ਵੀ ਖਤਮ ਨਹੀਂ ਹੋ ਰਿਹਾ ਹੈ, ਅਤੇ ਨਾ ਹੀ ਪਿੱਛਾ ਛੱਡ ਰਿਹਾ ਹੈ ? ''
3 ਜੂਨ 2019 ਨੂੰ ''ਕਿਊਬੇਕ'' ਸੂਬੇ ਦੇ ਇੱਕ ਛੋਟੇ ਜਿਹੇ ਕਸਬੇ ਗੈਟਿਨਿਊ'' ਵਿਖੇ ਕੈਨੇਡਾ ਦੇ ਮੂਲਵਾਸੀ (ਫਸਟ ਨੇਸ਼ਨ) ਲੋਕਾਂ ਦੀਆਂ ਕਤਲ ਹੋਈਆਂ ਅਤੇ ਗੁੰਮਸ਼ੁਦਾ ਇਸਤਰੀਆਂ ਅਤੇ ਲੜਕੀਆਂ ਸੰਬੰਧੀ ਕਾਇਮ ਕੀਤਾ ਗਏ ਕੌਮੀ ਇਨਕੁਆਰੀ ਕਮਿਸ਼ਨ ਦੀ ਪੜਤਾਲੀਆਂ ਇਨਕੁਆਰੀ ਰਿਪੋਰਟ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀ ਜਨਤਕ ਕੀਤੀ ਗਈ ! ਪਿਛਲੇ ਤਿੰਨ ਦਾਹਕਿਆਂ ਦੇ ਵੱਧ ਸਮੇਂ ਤੋਂ ਕੈਨੇਡਾ ਦੇ ਮੂਲਵਾਸੀਆਂ, ਸਾਰੇ ਭਾਈਚਾਰੇ ਇਸਤਰੀ ਜੱਥੇਬੰਦੀਆਂ, ਵਾਰਸਾਂ ਅਤੇ ਕੌਮਾਂਤਰੀ ਜੱਥੇਬੰਦੀਆਂ ਵੱਲੋਂ 25000 ਤੋਂ ਵੱਧ ਪੀੜਤ, ਕਤਲਾਂ ਅਤੇ ਗੁੰਮ ਹੋਈਆਂ ਇਸਤਰੀਆਂ ਅਤੇ ਲੜਕੀਆਂ ਸੰਬੰਧੀ, 'ਸੰਸਾਰ ਪੱਧਰ ਤੇ ਗੁਹਾਰ ਲਾ ਕੇ ਸਾਰੀਆਂ ਘਟਨਾਵਾਂ ਸੰਬੰਧੀ ਜਾਣਕਾਰੀ ਦੇਣ ਲਈ ਅਤੇ ਸਰਕਾਰੀ ਜਵਾਬ ਦੇਹੀ ਦੀ ਮੁੱਖ ਮੰਗ ਕੀਤੀ ਜਾ ਰਹੀ ਸੀ ? ''ਆਖਰਕਾਰ ਸਰਕਾਰ 3 ਜੂਨ 2019 ਨੂੰ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਧਾਨ-ਮੰਤਰੀ ਜਸਟਿਨ ਟਰੂਡੋ ਨੇ ਕਮਿਸ਼ਨ ਦੀ ਰਿਪੋਰਟ ਜਨਤਕ ਕਰਦੇ ਹੋਏ, 'ਪੀੜਤ ਪਰਿਵਾਰਾਂ, ਲੋਕਾਂ ਅਤੇ ਭਾਈਚਾਰੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ! ਪ੍ਰੰਤੂ ! ਪ੍ਰਧਾਨ ਮੰਤਰੀ ਟਰੂਡੋ ਨੇ ਇਸ ਤਰਾਸਦੀ ਲਈ ਸ਼ਬਦ ਨਸਲਘਾਤ '' (GENOCIDE) ਵਰਤਣ ਤੋਂ ਪੂਰਾ-ਪੂਰਾ ਗੁਰੇਜ਼ ਕੀਤਾ ! ਇਸੇ ਤਰ੍ਹਾਂ ਹੀ ਕੈਨੇਡਾ ਅੰਦਰ 'ਵਿਰੋਧੀ-ਧਿਰ ਕਨਜ਼ਰਵੇਿ ਟਵ (ਟੋਰੀ) ਪਾਰਟੀ ਦੇ ਆਗੂ ਐਡਰੀਓ ਸ਼ੀਅਰ ਨੇ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਵਾਪਰ ਰਹੇ ਇਨ੍ਹਾਂ ਦੁੱਖਦਾਈ ਦੁਖਾਤਾਂ ਨੂੰ ਨਸਲਘਾਤ ਨਹੀਂ ਕਿਹਾ ? ਹਾਂ ! ਐਨ.ਡੀ.ਪੀ. ਕਮਿਊਨਿਸਟ ਪਾਰਟੀ ਆਫ ਕੈਨੇਡਾ ਨੇ ਇਸ ਸਾਰੇ ਹੀ ਦੁਖਾਂਤ ਨੂੰ ਨਸਲਘਾਤ ਕਿਹਾ ! ਕਮਿਊਨਿਸਟ ਪਾਰਟੀ ਆਫ ਕੈਨੇਡਾ ਨੇ ਆਪਣੀ ਪਾਰਟੀ ਦੇ ਅਦਾਰੇ 'ਲੋਕ ਅਵਾਜ਼' (PEOPLE VOICE) ਅੰਦਰ ਮੂਲਵਾਸੀ ਲੋਕਾਂ ਦੀਆਂ ਦੁਸ਼ਵਾਰੀਆਂ, ਦੁਖਾਂਤ ਅਤੇ ਇਸ ਨਸਲਘਾਤ ਲਈ ਹਾਕਮਾਂ ਨੂੰ ਦੋਸ਼ੀ ਠਹਿਰਾਇਆ।
ਕਮਿਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ, 'ਕਿ ਕੈਨੇਡਾ ਅੰਦਰ ਮੂਲਵਾਸੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਇਹ ਖੁਲ੍ਹੀ ਉਲੰਘਣਾ ਹੈ ? ਉਨ੍ਹਾਂ ਨਾਲ ਦੁਰ-ਵਰਤਾਓ, ਜਿਸ ਦਾ ਕਾਰਨ ਗਰੀਬੀ, ਪੱਛੜਾ-ਪਣ ਅਤੇ ਸਦੀਆਂ ਤੋਂ ਹੁੰਦੀ ਬਸਤੀਵਾਦੀਆਂ ਰਾਹੀ, ਜਾਰੀ ਰਹਿ ਰਹੀ ਨਫ਼ਰਤ ਮੁੱਖ ਜਿੰਮੇਵਾਰ ਹੈ ! ਰਿਪੋਰਟ 'ਚ ਇਹ ਵੀ ਕਿਹਾ ਹੈ, 'ਕਿ ਕੈਨੇਡਾ ਵਰਗੇ ਵਿਕਸਤ ਦੇਸ਼ ਅੰਦਰ ਮੂਲਵਾਸੀ ਇਸਤਰੀਆਂ, ਲੜਕੀਆਂ ਅਤੇ ''ਟੂ-ਐਸ.ਐਲ.ਜੀ.ਬੀ.ਟੀ.ਕਿਊ.ਕਿਊ. ਵਨ-ਏ'' ਨਾਲ ਹੋਇਆ ਇਹ ਅਮਾਨਵੀ ਵਰਤਾਉ ਅਤੇ ਹਿੰਸਾ, ਸਦੀਆਂ ਤੋਂ ਹੋ ਰਹੇ ਮਾੜੇ ਵਰਤਾਉ ਦਾ ਹੀ ਸਿੱਟਾ ਹੈ ? ਦੋ ਜਿਲਦਾ 'ਚ ਛਾਈ ਕਮਿਸ਼ਨ ਦੀ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ, 'ਕਿ ਮੂਲਵਾਸੀ ਲੋਕਾਂ ਦੀ ਕਾਇਆ ਕਲਪ ਲਈ ਜਿੱਥੇ ਕਾਨੂੰਨੀ ਚਾਰਾ ਜੋ ਵੀ ਹੋਵੇ, ਉੱਥੇ ਸਮਾਜਿਕ ਬਦਲਾਓ ਵੀ ਜਰੂਰੀ ਹੈ। ਜਿਸ ਰਾਹੀਂ ਮੂਲਵਾਸੀ ਭਾਈਚਾਰੇ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਇਸ ਕਮਿਸ਼ਨ ਵਲੋਂ ਸਚਾਈ ਜਾਨਣ ਲਈ 2380 ਮੂਲਵਾਸੀ ਪ੍ਰੀਵਾਰਾਂ, ਜਿਊਂਦੇ ਗਵਾਹਾਂ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ 'ਚ ਕਤਲ ਹੋਈਆਂ, ਜਾਂ ਗੁੰਮ ਹੋਈਆਂ ਇਸਤਰੀਆਂ ਅਤੇ ਲੜਕੀਆਂ, ਮਾਹਿਰਾਂ, ਗਿਆਨਵਾਨਾਂ ਸਰਕਾਰੀ ਅੰਕੜੇ ਤੇ ਰਿਪੋਰਟਾਂ, ਦੇਸ਼ ਦੇ ਹਰ ਥਾਂ ਤੇ ਮੌਕੇ ਤੇ ਜਾ ਕੇ, ਜਿੱਥੋਂ ਵੀ ਕੋਈ ਜਾਣਕਾਰੀ ਮਿਲ ਸਕਦੀ ਸੀ, ਪੂਰੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ। ਸਤੰਬਰ 2016 ਤੋਂ, 3 ਜੂਨ 2019 ਤੱਕ ਪੂਰੀ ਮੁਸ਼ੱਕਤ ਬਾਦ, ਇਹ ਰਿਪੋਰਟ ਤਿਆਰ ਕੀਤੀ ਗਈ। 231 ਵਿਅਕਤੀਆਂ 2386 ਮੈਂਬਰਾਂ, 1486-ਪ੍ਰੀਵਾਰਾਂ ਤੇ 819 ਵਿਅਕਤੀਆਂ ਨੇ ਮਿਲ ਕੇ, ਸੁਨੇਹੇ ਦੇ ਕੇ, ਸਰਕਾਰੀ ਸੰਸਥਾਵਾਂ ਸਮਾਜਕ ਸੇਵਾਵਾਂ ਵਾਲੇ ਅਦਾਰਿਆਂ, ਸਨਅਤਾਂ ਅਤੇ ਕੈਨੇਡੀਅਨ ਲੋਕਾਂ ਤੱਕ ਪਹੁੰਚ ਕੀਤੀ ਗਈ। ''ਇਸ ਕਮਿਸ਼ਨ ਦੀ ਮੁੱਖੀ ਬੀ.ਸੀ. ਦੀ ਸਾਬਕਾ ਜੱਜ ਮੇਰੀਅਨ ਬੂਲਰ ਅਤੇ ਉਸ ਦੀਆਂ ਤਿੰਨ ਹੋਰ ਸਾਥਣਾਂ ਵੀ ਕਮਿਸ਼ਨ ਦੀਆਂ ਮੈਂਬਰ ਸਨ !
ਇਸ ਰਿਪੋਰਟ ਨੂੰ ਤਿਆਰ ਕਰਨ ਲਈ, ਪੀੜ੍ਹਤ ਇਸਤਰੀਆਂ ਅਤੇ ਲੜਕੀਆਂ ਦੇ ਪ੍ਰੀਵਾਰਾਂ ਦੇ ਬਿਆਨ, ਜਿੱਥੇ ਇਹ ਘਟਨਾਵਾਂ ਵਾਪਰੀਆਂ ਆਲਾ-ਦੁਆਲਾ, ਅਗਲੇ-ਪਿਛਲੇ ਰੀਕਾਰਡ ਕਾਰਨ ਗਰੀਬੀ, ਘਰੇਲੂ, ਬੇ-ਘਰੇ ਲੋਕਾਂ ਦੀਆਂ ਜੀਵਨ ਹਾਲਤਾਂ, ਸਿੱਖਿਆ ਸਬੰਧੀ ਰਿਕਾਰਡ, ਰੁਜ਼ਗਾਰ, ਲੋਕਾਂ ਦੀਆਂ ਸਿਹਤ ਸੇਵਾਵਾਂ ਸੰਬੰਧੀ ਜਾਣਕਾਰੀ, ਸੱਭਿਆਚਾਰ ਆਦਿ ਸਾਰੇ ਅੰਕੜਿਆਂ ਅਤੇ ਲਿਖਤੀ ਬਿਆਨਾਂ ਨੂੰ ਅਧਾਰਿਤ ਬਣਾਇਆ ਗਿਆ। ਇਸ ਰਿਪੋਰਟ ਨੂੰ ਘੜਨ (ਤਿਆਰ ਕਰਨ) ਲਈ 83 ਮਾਹਿਰਾਂ, 9 ਗਿਆਨਵਾਨਾਂ, ਬਸਤੀਵਾਦੀ ਅਤੇ ਕੁਲਪਤੀ (ਪੈਂਤਰੀ) ਪਾਲਸੀਆਂ, ਜਿਨ੍ਹਾਂ ਕਾਰਨ ਇਸਤਰੀਆਂ ਤੇ ਹਿੰਸਾਂ, ਕਤਲ ਅਤੇ ਉਨ੍ਹਾਂ ਦੀ ਗੁੰਮਸ਼ਦਗੀ ਹੋਈ ਨੂੰ ਪੂਰੀ ਤਰ੍ਹਾਂ ਨਜ਼ਰ 'ਚ ਰੱਖਿਆ ਗਿਆ ! ਮੂਲਵਾਸੀ ਭਾਈਚਾਰੇ ਦੇ ਰਵਾਇਤੀ ਸਮਾਜ ਅੰਦਰ ਰੋਲ 'ਜਿਸ ਕਾਰਨ ਭਾਈਚਾਰੇ ਦਾ ਬਾਕੀ ਸਮਾਜ 'ਚ ਰੁਤਬਾ ਘੱਟਣਾ, ਜਿਸ ਕਰਕੇ ਇਨ੍ਹਾਂ ਨੂੰ ਦੁੱਖ ਭੋਗਣੇ ਪਏ ਹਨ। ਕਮਿਸ਼ਨ ਦਾ ਮੰਨਣਾ ਹੈ, 'ਕਿ ਰੀਨੇਮਿੰਗ ਪਾਵਰ ਐਂਡ ਪਲੇਸ ਦੀ ਰਿਪੋਰਟ ਤਿਆਰ ਕਰਨ ਵੇਲੇ, ਬੋਲੀ, ਵਿਰਾਸਤ, ਸਮਾਜਕ ਸੇਵਾਵਾਂ, ਧਾਰਮਿਕ ਇੱਕਠ ਅਤੇ ਆਪਸੀ ਬੋਲ-ਚਾਲ, ਮੂਲਵਾਸੀ ਅਤੇ ਸਥਾਨਕ ਪੁਲਿਸ ਨਾਲ ਮੁਲਕਾਤਾਂ ਨੂੰ ਵੀ ਸਰੋਤ ਬਣਾਇਆ ਗਿਆ ਹੈ ?
ਰਿਪੋਰਟ ਬਾਰੇ:- ਡਾਕੂਮੈਂਟ ਆਖਰੀ ਰਿਪੋਰਟ ਜਿਲਦ 1-ਏ
ਡਾਕੂਮੈਂਟ ਆਖਰੀ ਰਿਪੋਰਟ ਜਿਲਦ 1-ਬੀ
ਕਾਰਜਕਾਰੀ ਸਮਰੀ : ਇਨਸਾਫ ਲਈ ਪੁਕਾਰ।
ਸਪਲੀਮੈਂਟਰੀ ਰਿਪੋਰਟ: ਕਿਊਬੈਂਕ, ਨਸਲਘਾਤ ਅਤੇ ਅੰਤਲੀ ਰਿਪੋਰਟ।
ਚੈਂਪਟਰ :-1 ਹਿੰਸਾ ਦਾ ਖਾਤਮਾ, 2-ਮੂਲਵਾਸੀ ਲੋਕਾਂ ਦੀਆਂ ਸ਼ਕਤੀਆਂ ਅਤੇ ਰੁਤਬਾ 3- ਮੁੱਨਖੀ ਅਧਿਕਾਰ ਅਤੇ ਉਨ੍ਹਾਂ ਲਈ ਜਿੰਮੇਵਾਰੀ, 4- ਬਸਤੀਵਾਦੀ (ਅਪਨਿਵੇਸ਼ਵਾਦ) ਅੱਤਿਆਚਾਰ, ਮੂਲਵਾਸੀਆਂ ਦੇ ਸੱਭਿਆਚਾਰ ਅਧਿਕਾਰ, ਸਿਹਤ, ਸੁਰੱਖਿਆ ਅਤੇ ਇਨਸਾਫ।
ਕਮਿਸ਼ਨ ਦੀ ਰਿਪੋਰਟ ਅੰਦਰ ਕਮਿਸ਼ਨ ਨੂੰ ਮੂਲਵਾਸੀ ਲੋਕਾਂ ਪ੍ਰਤੀ ਨਿੱਠ ਕੇ ਭਾਵੇ ! ਹੱਕਾਂ ਦੀ ਵਜਾਹਤ (ਤਾਈਦ) ਕੀਤੀ ਗਈ ਹੈ। ਪਰ ! ਦੇਖਣਾ ਇਹ ਹੈ, ਕਿ ਸਦੀਆਂ ਪੁਰਾਣੇ ਬਸਤੀਵਾਦੀ ਗਲਬੇ ਤੋਂ ਮੁਲਵਾਸੀ ਲੋਕਾਂ ਨੂੰ ਮੁਕਤੀ ਕਿਵੇਂ ਮਿਲੇਗੀ ?''
ਮੂਲਵਾਸੀ ਲੋਕਾਂ ਦੀਆਂ ਦੁਸ਼ਵਾਰੀਆਂ ਦਾ ਇਤਿਹਾਸਕ ਪਿਛੋਕੜ:-
ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਕੈਨੇਡਾ ਦੇ ਰਾਜਨੀਤਿਕ ਸਿਸਟਮ, ਰਾਜਸਤਾ ਅਤੇ ਹਾਕਮ ਜਮਾਤਾਂ ਦੇ ਜਮਾਤੀ ਹਿੱਤਾਂ ਨੂੰ ਸਮਝਣਾ ਜਰੂਰੀ ਹੈ ! ਉੱਤਰੀ ਅਮਰੀਕਾ, ਜਿਸ ਦੇ ਉੱਤਰ ਦਾ ਹਿੱਸਾ ਕੈਨੇਡਾ ਅਤੇ ਦੱਖਣੀ ਹਿੱਸਾ, ਜਿਸ ਨੂੰ ਰਾਸ਼ਟਰ ਅਮਰੀਕਾ ਕਿਹਾ ਜਾਂਦਾ ਹੈ ! ਦੋਨੋਂ ਦੇਸ਼ ਯੂਰਪੀ ਦੇਸ਼ਾਂ ਤੋਂ ਆਏ ਸਮੁੰਦਰੀ ਲੁਟੇਰਿਆਂ, 'ਜਿਨ੍ਹਾਂ ਦੀ ਪੁਸ਼ਤ-ਪਨਾਹੀ ਉੱਥੋਂ ਦੇ ਸਾਮਰਾਜੀ ਹਾਕਮ ਕਰਦੇ ਸਨ, 'ਵਲੋਂ, ਹਥਿਆਇਆਂ ਉੱਤਰੀ ਅਮਰੀਕਾ, ਯੂਰਪੀ ਮੂਲ ਦੇ ਦੇਸ਼ਾਂ, ਫਰਾਂਸ ਬਰਤਾਨੀਆਂ, ਡੱਚ ਆਦਿ ਸਾਮਾਰਜੀ ਦੇਸ਼ਾਂ ਦੀਆਂ ਬਸਤੀਆਂ ਰਿਹਾ ਹੈ। ਇੱਥੋਂ ਦੇ ਕੁਦਰਤੀ ਸੋਮਿਆਂ, ਜੰਗਲ, ਜਲ ਅਤੇ ਜਮੀਨ ਨੂੰ ਹਥਿਆਉਣ ਲਈ, ਜਿੱਥੇ ਇੱਥੋਂ ਦੇ ਮੂਲਵਾਸੀਆਂ ਦਾ ਨਸਲਘਾਤ ਕੀਤਾ ਗਿਆ, ਉੱਥੇ ਬਸਤੀਵਾਦੀ ਹਾਕਮਾਂ ਨੇ ਇਨ੍ਹਾਂ ਦੇ ਕੁਦਰਤੀ ਸੋਮਿਆਂ ਤੇ ਕਬਜ਼ੇ ਕਰਨ ਲਈ ਆਪਸੀ ਜੰਗਾਂ ਦੌਰਾਨ, ਮੂਲਵਾਸੀਆਂ ਦਾ ਵੀ ਸ਼ਰੇਆਮ ਕਤਲੇਆਮ ਕੀਤਾ ! ਇਹ ਜਰਵਾਣੇ, ਗੋਰੀ ਨਸਲ, ਇਸਾਈ ਕੈਥੋਲਿਕ ਧਰਮ ਦੇ ਧਾਰਨੀ, ਹਿੰਸਕ ਅਤੇ ਲੁੱਟਣ ਦੀ ਹਵਸ ਵਾਲੇ ਲੁਟੇਰੇ ਵਿਉਪਾਰੀ ਸਨ। ਇਹੀ ਕਾਰਨ ਹੈ, 'ਕਿ ਬਸਤੀਵਾਦੀ ਸਾਮਰਾਜੀ ਗੋਰਿਆਂ ਨੇ ਉੱਤਰੀ ਅਮਰੀਕਾ ਦੇ ਉੱਤਰੀ ਭਾਗ ਤੇ ਕਬਜਾਂ ਕਰਕੇ ਕਰਾਊਨ ਤੋਂ ਅੱਡ ਹੋ ਕੇ 1867 ਨੂੰ ਕੈਨੇਡਾ ਦੇਸ਼ ਦੀ ਸਥਾਪਨਾ ਕੀਤੀ।
ਕੈਨੇਡਾ ਅੰਦਰ ਗੋਰੀ ਨਸਲ, ਈਸਾਈਅਤ (ਕੈਥੋਨਿਕ) ਧਰਮ ਦੀ ਪ੍ਰਭੂਸੱਤਾ ਅਤੇ ਪੂੰਜੀਪਤੀਆਂ ਦਾ ਹੀ ਦਾਬਾ ਰਿਹਾ ਹੈ ! ਕੈਨੇਡਾ ਅੰਦਰ ਇਤਿਹਾਸਕ ਤੌਰ ਤੇ, ਦੋ-ਪਾਰਟੀ ਪੂੰਜੀਵਾਦੀ ਰਾਜ ਹੀ ਚੱਲਿਆ ਆ ਰਿਹਾ ਹੈ ! ਭਾਵੇਂ ! ਸ਼ੁਰੂ ਤੋਂ ਹੀ ਪਾਰਲੀਮਾਨੀ ਜਮਹੂਰੀਅਤ ਕਾਇਮ ਰਹੀ ਹੈ ? ਪਰ ! ਅੱਜ ਕੈਨੇਡਾ ਦੀ ਜਮਹੂਰੀਅਤ 'ਚ 55 ਫੀਸਦ ਲੋਕਾਂ ਦਾ ਹੀ ਵਿਸ਼ਵਾਸ਼ ਰਹਿ ਗਿਆ ਹੈ ! ਮੁੱਖ ਤੌਰ ਤੇ ਦੋ ''ਸੱਜੇ-ਪੱਖੀ ਪਾਰਟੀਆਂ ਕੇਂਦਰੀ ਸੱਜੇ-ਪੱਖੀ ਕੰਜਰਵੇਟਿਵ ਪਾਰਟੀਆਂ ਹਨ। ਪਰ ਇਸ ਵੇਲੇ ਕੇਂਦਰੀ ਸੱਜੀ ਪੱਖੀ ਲਿਬਰਲ ਪਾਰਟੀ ਦਾ ਰਾਜ ਹੈ ! ਪਰ ! ਬਹੁਤਾਂ ਸਮਾਂ ਇਨ੍ਹਾਂ ਦੋਨਾਂ ਪਾਰਟੀਆਂ ਦਾ ਰਾਜ ਹੀ ਰਿਹਾ ਹੈ। ਹੋਰ ਵੀ ਤੀਸਰੀਆਂ ਧਿਰਾਂ, 'ਕੇਂਦਰੀ ਖੱਬੇ-ਪੱਖੀ ਸੋਚ ਵਾਲੀ ਐਨ.ਡੀ.ਪੀ.ਅਤੇ ਵੱਖਵਾਦੀ ਬਲਾਕ ਕਿਬੇਕੋਜ਼ ਤੇ ਗਰੀਨ ਪਾਰਟੀ ਦੀ ਵੀ ਹੋਂਦ ਹੈ। ਪਰ ! ਇਨ੍ਹਾਂ ਦਾ ਪਾਰਲੀਮੈਂਟ ਅੰਦਰ, ਐਨ.ਡੀ.ਪੀ. ਜੋ ਤੀਸਰੀ ਧਿਰ ਹੈ, ਤੋਂ ਬਿਨ੍ਹਾਂ ਕੋਈ ਖਾਸ ਹੋਂਦ ਨਹੀਂ ਹੈ ! ਕਮਿਊਨਿਸਟ ਪਾਰਟੀ ਆਫ ਕੈਨੇਡਾ ਜੋ 1921 ਤੋਂ ਹੋਂਦ ਰੱਖਦੀ ਹੈ, ਦਾ ਵੀ ਕੋਈ ਪਾਰਲੀਮਾਨੀ ਪ੍ਰਭਾਵ ਨਹੀਂ ਹੈ। ਲਿਬਰਲ ਪਾਰਟੀ ਜੋ ਸੁਧਾਰਵਾਦੀ ਫਰਾਂਸੀਸੀ ਕੈਨੇਡੀਅਨ ਅਤੇ ਕੈਥੋਲਿਕ ਗੋਰਿਆਂ ਦਾ ਗੱਠ-ਜੋੜ ਸੀ, 19ਵੀਂ ਸਦੀ ਵਿੱਚ ਹੋਂਦ ਵਿੱਚ ਆਈ। ਕੰਨਜਰਵੇਟਿਵ ਪਾਰਟੀ ਆਫ ਕੈਨੇਡਾ, ਨਵੀਂ ਪਾਰਟੀ 'ਚੋਂ 2003 'ਚ ਪ੍ਰੋਗਰੈਸਿਵ ਕੰਨਜਰਵੇਟਿਵ ਪਾਰਟੀ ਅਤੇ ਕੈਨੇਡੀਅਨ ਰੀਫੋਰਮ ਕੰਜ਼ਰਵੇਟਿਵ ਅੰਲਾਇਸ ਪਾਰਟੀ ਨੂੰ ਮਿਲਾ ਕੇ ਬਣਾਈ ਗਈ। ਇਸ ਦੀ ਹੋਂਦ 19ਵੀਂ ਸਦੀ 'ਚ ਕਲੋਨੀਅਨ-ਯੁੱਗ ਵੇਲੇ, ਜੋ ਬਰਤਾਨਵੀਂ ਸਾਮਰਾਜ ਪ੍ਰਤੀ ਵਫਾਦਾਰ ਪ੍ਰੋਟੈਸਟੈਂਟ ਇਸਾਈਅਤ ਅਤੇ ਅੰਗ੍ਰੇਜ਼ੀ ਸੱਭਿਅਤਾ ਵਾਲੀ (ਟੋਰੀ) ਸੋਚ ਰੱਖਦੀ ਸੀ, ਹੋਂਦ 'ਚ ਆਈ। ਇਸ ਤਰ੍ਹਾਂ ਕੈਨੇਡਾ ਅੰਦਰ, ਪੂੰਜੀਪਤੀਆਂ ਪੱਖੀ ਇਸਾਈਅਤ ਸੋਚ ਅਤੇ ਬਰਤਾਨਵੀ ਬਸਤੀਵਾਦੀ ਅਧੀਨ ਹੀ ਇਹ ਪਾਰਟੀਆਂ ਸਰਗਰਮ ਰਹੀਆਂ ਹਨ।
ਪਿਛਲੀਆਂ ਦੋ ਸਦੀਆਂ ਦੇ ਵੱਧ ਸਮੇਂ ਤੋਂ ਕੈਨੇਡਾ ਅੰਦਰ ਯੂਰਪੀ ਮੂਲ ਦੇ ਬਸਤੀਵਾਦੀ ਜਰਵਾਣਿਆ ਦਾ ਹੀ ਰਾਜ ਰਿਹਾ ਹੈ। ਮੂਲਵਾਸੀ ਲੋਕਾਂ ਦੀ ਹੋਂਦ ਨੂੰ ਖਤਮ ਕਰਨ, ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਅਤੇ ਬੱਚੇ-ਖੁੱਚੇ ਮੂਲਵਾਸੀਆਂ ਨੂੰ ਪੱਛਮੀ ਸਭਿਅਤਾ ਦਾ ਇੱਕ ਰਹਿੰਦ-ਖੂਹੰਦ ਵਾਲਾ ਹਿੱਸਾ ਬਣਾਉਣ ਲਈ ਉਨ੍ਹਾਂ ਲੋਕਾਂ ਦੀ ਸੱਭਿਅਤਾ ਬੋਲੀ,ਖਾਣ-ਪੀਣ, ਪੁਸ਼ਾਕ ਰੀਤੀ ਰਿਵਾਜ਼, ਸਭ ਤਹਿਸ-ਨਹਿਸ ਕਰ ਦਿੱਤੇ ਗਏ ! ਮੂਲਵਾਸੀਆਂ ਦੀ ਸੱਭਿਅਤਾ ਦਾ ਨਾਮੋ-ਨਿਸ਼ਾਨ ਖਤਮ ਕਰਨ ਲਈ, ਉਨ੍ਹਾਂ ਦੇ ਵਾਰਸ ਬੱਚਿਆਂ ਦਾ ਨਸਲਘਾਤ ਕਰਨ 'ਚ ਗੋਰਿਆਂ ਨੇ ਕੋਈ ਕਸਰ ਨਹੀਂ ਛੱਡੀ ! ਹੁਣ ਇਸ ਕੌਮ ਦੀਆਂ ਇਸਤਰੀਆਂ ਤੇ ਲੜਕੀਆਂ ਦੇ ਕਤਲ ਤੇ ਗੁੰਮਸ਼ੁਦਗੀਆਂ ਰਾਂਹੀ, ਇੱਕ ਯੋਜਨਾ-ਬੱਧ ਢੰਗ ਨਾਲ ਨਸਲਕੁਸ਼ੀ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ? ਕੈਨੇਡਾ ਜਿਹੜਾ 1867 ਤੋਂ ਜਮਹੂਰੀ ਦੇਸ਼ ਪਾਰਲੀਮਾਨੀ ਰਾਜ-ਸਤਾ ਅਤੇ ਬਿਨਾਂ ਕਿਸੇ ਭਿੰਨ-ਭੇਦ ਦਾ ਰਾਗ ਅਲਾਪਦਾ ਆ ਰਿਹਾ ਹੈ, ਦੇ ਇਸ ਦੇਸ਼ ਅੰਦਰ ਪਹਿਲਾ 5000 ਤੋਂ ਵੱਧ ਮੂਲਵਾਸੀ ਲੋਕਾਂ ਦੇ ਬੱਚਿਆਂ ਦਾ ਨਸਲਘਾਤ ਅਤੇ ਹੁਣ ਉਨ੍ਹਾਂ ਦੀਆਂ 2500 ਤੋਂ ਵੱਧ ਇਸਤਰੀਆਂ ਤੇ ਲੜਕੀਆਂ ਦੇ ਕਤਲਾਂ ਰਾਹੀਂ ਨਸਲਕੁਸ਼ੀ ਨੂੰ ਰੋਕਣ ਲਈ ਹਾਕਮ ਉਦਾਸਹੀਣ ਹੀ ਰਹੇ ਹਨ !
ਮੂਲਵਾਸੀ ਲੋਕਾਂ ਤੇ ਇਹ ਹਮਲੇ ਨਸਲਪ੍ਰਸ਼ਤੀ-ਵਿਤਕਰੇ, ਬਸਤੀਵਾਦੀ-ਕਾਨੂੰਨਾਂ, ਨਵ-ਉਦਾਰੀਵਾਦੀ ਨੀਤੀਆਂ ਅਤੇ ਗੋਰੀ ਨਸਲ ਦੀ ਉਚਤਮਤਾ ਹੈਂਕੜਬਾਜੀ ਦੇ ਸਿੱਟਿਆ ਦਾ ਹੀ ਨਤੀਜਾ ਹੈ ! ਇਨ੍ਹਾਂ ਵਿਤਕਿਰਿਆ ਵਿਰੁੱਧ ਭਾਵੇਂ ਮੂਲਵਾਸੀ ਕੌਮ ਉੱਠੀ ਹੈ ? ਜਾਗੀ ਹੈ ! ਪਰ ! ਉਨ੍ਹਾਂ ਦੀਆਂ ਉਪਰੋਕਤ ਦੁਸ਼ਵਾਰੀਆਂ ਤੋਂ ਮੁਕਤੀ ਲਈ ਅਜੇ ਮੰਜਿਲ ਦੂਰ ਦਿਖਾਈ ਦਿੰਦੀ ਹੈ ? ''ਕਦੋਂ' ਹਨੇਰਾ ਦੂਰ ਹੋਵੇਗਾ ਅਤੇ ਚੜੇ ਸੂਰਜ ਦੀ ਲਾਲ ਰੋਸ਼ਨੀ ਦੀ ਸਵੇਰ ਚਾਨਣ ਖਲਰੇਗੀ, ਫਿਰ ਖਲੱਕਤ ਉਠੇਗੀ ? ਬਾਹਾਂ ਉਲਾਰੇਗੀ ਤਾਂ ਮੁਕਤੀ ਲਈ ਬਿਗਲ ਵੱਜੇਗਾ ? ਪ੍ਰਭੂਸੱਤਾ ਲੈਣ ਲਈ ਬਹੁਤ ਯਤਨ ਕਰਨੇ ਪੈਣਗੇ ! ਰਿਪੋਰਟ ਕੀ ਕਹਿੰਦੀ ਹੈ ? :-
ਮੂਲਵਾਸੀ ਲੋਕਾਂ ਅੰਦਰ ਸਿੱਖਿਆ ਤੇ ਗਰੀਬੀ ਅਤੇ ਉਨ੍ਹਾਂ ਦੀ ਸੰਗਠਤਕਾ-ਆਤਮਿਕ ਕੰਮਜੋਰੀ ਹੋਣ ਕਾਰਨ ਜਿੱਥੇ ਉਹ ਪੱਛੜੇ ਹੋਏ ਹਨ, ਉੱਥੇ ਰਾਜ ਸਤਾ ਅੰਦਰ ਉਨ੍ਹਾਂ ਨੂੰ ਹੋਰ ਕੰਮਜੋਰ ਕਰਨ ਲਈ ਨਸ਼ਈ ਅਤੇ ਭਾੜੇ ਤੇ ਲਾਉਣਾ, ਇਹ ਸਭ ਕਦਮ ਉਨ੍ਹਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਕਰਕੇ, ਮੁੜ ਅਰਧ-ਗੁਲਾਮੀ ਵੱਲ ਧੱਕਣਾ ਹੈ। ਹੁਣ ਉਨ੍ਹਾਂ ਨੂੰ ਨਿਪੁੰਨਸਿਕ ਬਣਾਉਣ ਲਈ ਉਨ੍ਹਾਂ ਦੇ ਸੱਭਿਆਚਾਰ, ਬੋਲੀ ਇਤਿਹਾਸ ਅਤੇ ਵੰਸ਼ਵਾਦ ਦਾ ਖਾਤਮਾ ਹੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ! ਮੂਲਵਾਸੀਆਂ ਦੇ ਉਠਾਨ ਲਈ ਬਣੇ ਐਕਟ, ਸਭ ਬਸਤੀਵਾਦੀ ਸ਼ਿਰਾਇਤ ਅਧੀਨ ਹੀ ਘੜੇ ਗਏ ਸਨ, ਜੋ ਨਫਰਤ, ਲਿੰਗਕ-ਵਿਤਕਰੇ ਅਤੇ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਲਈ ਨਹੀਂ ਸਨ ! ਸਗੋਂ ! ਇਹ ਸਮੁੱਚੀ ਮੂਲਵਾਸੀ ਕੌਮ ਨੂੰ ਕੰਮਜੋਰ ਕਰਨ ਲਈ ਸਾਬਤ ਹੋ ਚੁੱਕੇ ਹਨ। ''ਟਰੂਥ ਐਂਡ-ਰੀਕਨਸਾਈਲੇਸ਼ਨ ਕਮਿਸ਼ਨ ਰਿਪੋਰਟ,'' (ਟੀ.ਆਰ.ਸੀ. ਰਿਪੋਰਟ) ਜਿਸ ਅਧੀਨ, 5000 ਤੋਂ ਵੱਧ ਬੱਚਿਆਂ ਦੇ ਨਸਲਘਾਤ ਅਤੇ 3 ਜੂਨ 2019 ਨੂੰ ਨਸ਼ਰ ਹੋਈ ਐਮ.ਐਮ.ਆਈ.ਐਮ.ਜੀ ਰਿਪੋਰਟ, ਜਿਸ ਅਧੀਨ 2000 ਤੋਂ ਵੱਧ ਇਸਤਰੀਆਂ ਤੇ ਲੜਕੀਆਂ ਦੇ ਕਤਲ ਅਤੇ ਗੁੰਮਸ਼ੁਦਗੀਆਂ ਸੰਬੰਧੀ 'ਲੂੰ-ਕੰਡੇ' ਕਰਨ ਵਾਲੀਆਂ ਵਾਰਦਾਤਾਂ ਦੇ ਹਵਾਲੇ ਹਨ। ਕੈਨੇਡਾ ਦੀਆਂ 150 ਸਾਲਾਂ ਤੋਂ ਵੱਧ ਸਮੇਂ ਤੋਂ ਕਾਬਜ਼ ਰਹੀਆਂ ਪਾਰਟੀਆਂ ''ਲਿਬਰਲ ਅਤੇ ਕਨਜਰਵੇਟਿਵ'' ਜੋ ਪੂੰਜੀਪਤੀਆਂ ਦੀਆਂ ਪਾਰਟੀਆਂ ਹਨ ਦੇ ਦੋਨੋਂ ਆਗੂਆਂ ''ਜਸਟਿਨ ਟਰੂਡੋ ਅਤੇ ਸ਼ੀਅਰ'' ਵਲੋਂ ''ਇਸਤਰੀਆਂ ਦੀ ਨਸਲਕੁਸ਼ੀ ਨੂੰ ਨਾ ਮੰਨਣਾ ਭਾਵ ! ਭਾਵੁਕ ਅਤੇ ਮੂਲ ਤੌਰ ਤੇ ਕੋਈ ਪਛਤਾਵਾਂ ਨਾ ਕਰਨਾ, ਅੱਜ ! ਜੱਗ ਜ਼ਾਹਰ ਹੋ ਚੁੱਕਿਆ ਹੈ।'' ਹਾਕਮ ਇਸ ਰਿਪੋਰਟ ਵਾਰੇ ਕਹਿੰਦੇ ਹਨ'' ''ਕਿ ਇਹ ਮੌਤਾਂ ਜਾਤੀ-ਵਾਦੀ, ਗੈਰ-ਰਸਮੀ ਹਨ, ਕੋਈ ਨਸਲਘਾਤ ਨਹੀਂ ਹੈ !
ਕਮਿਸ਼ਨ ਕਹਿੰਦਾ ਹੈ, 'ਕਿ ਕੈਨੇਡਾ ਦਾ ਮੁੜ ਇਤਿਹਾਸ ਲਿਖਣਾ ਪਵੇਗਾ ? ਕਿਉਂਕਿ ਇਨ੍ਹਾਂ ਘਟਨਾਵਾਂ ਨਾਲ ਅਸੀਂ ਸਾਰੇ ਹੀ ਜਿੰਮੇਵਾਰ ਅਤੇ ਚਿੰਤਤ ਹਾਂ, ''(Percistent and deliberate Pattern of System) ! ਇਸ ਤਰਾਸਦੀ ਲਈ ਮੌਜੂਦਾ ਪ੍ਰਣਾਲੀ ਜੋ ਨਸਲੀ ਵਿਤਕਰੇ ਭਰਪੂਰ, ਲਿੰਗਕ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਦੁਰ-ਵਿਵਹਾਰ ਦੇ ਸਿੱਧੇ ਸਿੱਟੇ ਵਜੋਂ ਜਿੰਮੇਵਾਰ ਹੈ। ਅੱਜ ਤੱਕ ਕੈਨੇਡਾ ਅੰਦਰ ਅਜਿਹਾ ਇਤਿਹਾਸ ਸਿਰਜਿਆ ਜਾ ਰਿਹਾ ਹੈ, 'ਕਿ ਮੂਲਵਾਸੀ ਲੋਕਾਂ ਨੂੰ 'ਬੇ-ਦਖਲ' ਕੀਤਾ ਜਾਵੇ ਜ਼ਮੀਨਾਂ, ਸਮਾਜਿਕ ਢਾਂਚਾ, ਸਰਕਾਰਾਂ, ਕੌਮਾਂ ਤੇ ਸਮਾਜ ਤੋਂ ਮਰਹੂਮ ਕਰਨਾ ਮਨੁੱਖੀ ਤਸਕਰੀ ਰਾਹੀਂ ਹੋਂਦ ਨੂੰ ਖਤਮ ਕਰਨਾ ਹੈ ! 'ਮੈਟਿਸ ਤੇ ਇਨਯੂਟ ਪੀੜਤਾਂ ਨੂੰ ਕੁਝ ਰਾਹਤਾਂ ਮਿਲਣ ਦੀ ਗੱਲ ਕੀਤੀ ਗਈ ਹੈ ? ਪਰ ! ਮੁਕਤੀ ਕੋਈ ਨਹੀਂ ਹੈ ? ਅਜੇ ਵੀ ਵਿਚਾਰਧਾਰਾ, ਉਪ-ਨਿਵੇਸ਼, ਨਸਲਵਾਦੀ ਪੁਰਾਣੇ ਸਾਜ਼ ਕਾਇਮ ਹਨ '' ! ਕਮਿਸ਼ਨ ਦੀ ਮੁੱਖੀ ਬੂਲਰ ਨੇ ਕਿਹਾ ਹੈ, 'ਕਿ ਟਰੂਡੋ ਦੇ ਮੂੰਹੋ ਨਸਲਕੁਸ਼ੀ ਸ਼ਬਦ ਦੀ ਜਰੂਰਤ ਨਹੀਂ ਹੈ ? ਕਾਨੂੰਨੀ ਵਿਸ਼ਲੇਸ਼ਕ ਨੇ ਰਿਪੋਰਟ 'ਚ 'ਨਸਲਕੁਸ਼ੀ' ਦਾ ਇਸਤੇਮਾਲ ਕੀਤਾ ਗਿਆ ਕਿਹਾ ਹੈ ! ਇਹ ਨਸਲਘਾਤ ਇੱਕ ਵੱਖਰੀ ਕਿਸਮ ਦਾ ਨਸਲਘਾਤ ਹੈ ? ਇਹ ਰਿਪੋਰਟ ਲੋਕਾਂ ਦੇ ਦਬਾਅ ਦਾ ਹੀ ਸਿੱਟਾ ਹੈ। ਸਰਕਾਰ ਨਸਲਕੁਸ਼ੀ ਦੇ ਸ਼ਬਦ ਤੋਂ ਡਰ ਰਹੀ ਹੈ ? ''ਜੋਹਨ ਆਈ ਵਿਸ਼ਨ- 'ਇਹ ਰਿਪੋਰਟ ਤਬਾਹ ਕੂੰਨ ਹੈ ? ਪੁਲਿਸ ਪ੍ਰਸ਼ਾਸ਼ਨ ਅਤੇ ਸਾਡੀਆਂ ਨੀਤੀਆਂ, ਜਿਨ੍ਹਾਂ ਰਾਹੀਂ ਲੋਕਾਂ ਦੇ ਹੱਕਾਂ ਦੀ ਰਾਖੀ ਹੋਣੀ ਹੈ, ਪੂਰੀ ਤਰ੍ਹਾਂ ਮੂਕ ਬੈਠੇ ਹੋਏ ਹਨ।''
ਰਿਪੋਰਟ ਦੀਆਂ ਕੁਝ ਸਿਫਾਰਸ਼ਾਂ :- ਰਿਪੋਰਟ 'ਚ 232 ਤੋਂ ਵੱਧ ਸਿਫਾਰਸ਼ਾਂ ਦੀ ਗੱਲ ਕੀਤੀ ਗਈ ਹੈ ! ਜਿਸ 'ਚ ਪੁਲਿਸ ਸਰਵਿਸ 'ਚ ਸੁਧਾਰ, ਇਨਸਾਫ ਦੇਣ ਵਾਲੀਆਂ ਸੰਸਥਾਵਾਂ ਰਾਹੀਂ ਪਾਰਦਰਸ਼ਤਾਂ ਅਤੇ ਮੂਲਵਾਸੀ ਇਸਤਰੀਆਂ ਅਤੇ ''ਟੂ.ਐਸ.ਐਲ.ਜੀ.ਬੀ.ਟੀ.ਕਿਉ.ਕਿਉ ਵਨ.ਏ.'' ਦੀ ਹਿੱਸੇਦਾਰੀ ਹੋਵੇ ਦੀ ਵੀ ਗੱਲ ਕੀਤੀ ਗਈ ਹੈ।''
'' ਕਤਲ ਹੋਈਆਂ, ਗੁੰਮਸ਼ੁਦਾ ਇਸਤਰੀਆਂ ਅਤੇ ਲੜਕੀਆਂ, ਜਿਨ੍ਹਾਂ ਦੀ ਗਿਣਤੀ 2000 (ਦੋ ਹਜ਼ਾਰ) ਤੋਂ ਵੱਧ ਹੈ ਸੰਬੰਧੀ ਕਮਿਸ਼ਨ ਪਾਸ ਪੂਰੇ-ਪੂਰੇ ਅੰਕੜੇ ਨਹੀਂ ਹਨ ਅਤੇ ਨਾਂ ਹੀ ਸਰਕਾਰ ਵਲੋਂ ਉਪਲੱਬਧ ਕਰਾਏ ਗਏ ਹਨ। 2005 ਦੀ ਮੂਲਵਾਸੀ ਇਸਤਰੀਆਂ ਦੀ ਜੱਥੇਬੰਦੀ ਅਤੇ ਆਰ.ਸੀ.ਐਮ.ਪੀ. ਦੀ ਰਿਪੋਰਟ 1980-2012 ਅਨੁਸਾਰ ਇਹ ਗਿਣਤੀ 1200 ਤੋਂ (ਬਾਰਾਂ ਸੌ) ਵੱਧ ਬਣਦੀ ਹੈ। ਇਸ ਦੁਖਾਂਤ ਲਈ ਕੇਂਦਰੀ ਸਰਕਾਰ, ਰਾਜ ਸਰਕਾਰਾਂ ਅਤੇ ਇਨਸਾਫ ਦੇਣ ਵਾਲੇ ਸਾਰੇ ਅਦਾਰੇ ਵੀ ਜਿੰਮੇਵਾਰ ਹਨ ? ਉਪਰੋਕਤ ਸਿਫਾਰਸ਼ਾਂ ਤਾਂ ਹੀ ਅਮਲ 'ਚ ਆ ਸਕਦੀਆਂ ਹਨ, ਜੇਕਰ ਸਾਰੀਆਂ ਸੰਸਥਾਵਾਂ, ਸਰਕਾਰ, ਲੋਕ, ਮਿਲਕੇ ਜਾਗਰੂਕਤਾ ਲਈ ਉਪਰਾਲੇ ਕਰਨ ਤੇ ਅਮਲ ਕੀਤਾ ਜਾਵੇ, ਤਾਂ ਹੀ ਸਾਰਥਿਕ ਨਤੀਜੇ ਤੇ ਇਨਸਾਫ ਮਿਲ ਸਕੇਗਾ ?''
ਕੈਨੇਡਾ ਦੇ ਘੱਟ ਗਿਣਤੀ ਪ੍ਰਣਾਲੀ ਅਤੇ ਸਾਰੀਆਂ ਹੀ ਜਮਹੂਰੀ ਸ਼ਕਤੀਆਂ ਨੂੰ ਮਿਲਕੇ, ਸਾਰੇ ਜਮਹੂਰੀ ਢੰਗਾਂ ਨਾਲ ਮੂਲਵਾਸੀ ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਉਣੀ ਚਾਹੀਦੀ ਹੈ'' ! ਹੱਥ ਮਿਲਾਉਣ ਤੋਂ ਪਹਿਲਾ (ਰੀਕਨਸਾਈਲੇਸ਼ਨ) ਅਤੇ ਸਚਾਈ (ਟਰੂਥ) ਰਿਪੋਰਟ ਤੇ ਕਾਰਵਾਈ ਕੀ ਹੋਵੇ ? ਬਸਤੀਵਾਦ ਦੌਰਾਨ ਅੱਜ ਤੱਕ ਜੋ ਅਸੀਂ ਦੁੱਖ ਝੇਲਦੇ ਆ ਰਹੇ ਹਾਂ ਅਤੇ ਇਤਿਹਾਸਕ ਤੌਰ ਤੇ ਬਸਤੀਵਾਦੀ ਨੀਤੀਆਂ, ਜੋ 1867 ਦੇ ਸੰਵਿਧਾਨ ਬਾਦ ਹੋਂਦ 'ਚ ਆਈਆਂ, ਤੋਂ ਕਿਵੇਂ ਛੁਟਕਾਰਾ ਹੋਵੇਗਾ, ਲਈ ਮੂਲ ਅਧਿਕਾਰ ਕੀ ਬਣਾਇਆ ਜਾਵੇਗਾ ? ਸਾਡੀਆਂ ਭੂੰਮੀ-ਜਮੀਨ, ਜੰਗਲ, ਪਾਣੀ ਅਤੇ ਵਾਤਾਵਰਣ ਕੀ ਸਾਨੂੰ ਮੁੜ ਮਿਲ ਸਕੇਗਾ ? ਮੂਲਵਾਸੀ ਲੋਕਾਂ (ਫਸਟਨੇਸ਼ਨ) ਲੋਕਾਂ ਦੇ ਖੁਦ-ਮੁਖਤਿਆਰੀ ਦੇ ਅਧਿਕਾਰ, ਜੋ ਸਮਝੌਤਿਆਂ, ਅਧਿਕਾਰ ਨਾਮਿਆਂ ਤੇ ਮੂਲਵਾਸੀ ਅਧਿਕਾਰਾਂ ਜੋ ਕੌਮਾਂਤਰੀ ਪ੍ਰਿੰਸੀਪਲਾਂ ਤੇ ਅਧਾਰਿਤ ਹਨ ! ਮੁਤਾਬਿਕ ਕੀ ਦਿੱਤੇ ਜਾਣਗੇ ? ਸਾਡੀ ਜਮੀਨ ਅਤੇ ਸੋਮੇ, ਜੋ ਸਾਡੇ ਮੁੱਖ ਸਰੋਤ ਸਨ, ਜਿਹੜੇ ਖੋਹ ਲਏ ਗਏ ਹਨ, ਸੰਯੁਕਤ ਰਾਸ਼ਟਰ ਦੇ ਘੋਸ਼ਣਾ-ਪੱਤਰ ਅਨੁਸਾਰ, ਕੀ ਵਾਪਸ ਹੋ ਜਾਣਗੇ ? ਸਾਡੀ ਇਹ ਵੀ ਮੰਗ ਹੈ, ''ਕਿ ਸਾਡੇ ਬੱਚਿਆਂ ਅਤੇ ਨੌਜਵਾਨਾਂ ਦੇ ਸ਼ਸ਼ਕਤੀਕਰਨ ਲਈ ਉਨ੍ਹਾਂ ਦੇ ਉਠਾਨ ਲਈ ਜੋਰ-ਸ਼ੋਰ ਨਾਲ ਉਪਰਾਲੇ ਕਰਨ ਲਈ 'ਨਸ਼ੇ ਤੇ ਹਿੰਸਾ ਤੇ ਰੋਕ ਅਤੇ ਰੁਜ਼ਗਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਮਿਲ ਕੇ ਯਤਨ ਕੀਤੇ ਜਾਣ ! ਮੂਲਵਾਸੀ ਭਾਈਚਾਰੇ ਦੀਆਂ ਇਸਤਰੀਆਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਢੰਗ ਨਾਲ ਕਦਮ ਚੁੱਕੇ ਜਾਣ ਅਤੇ ਇਸ ਵਰਗ ਅੰਦਰ ਜਾਗਰੂਕਤਾ ਲਿਆਉਣ ਲਈ, ਸਿੱਖਿਆ, ਰੁਜ਼ਗਾਰ ਅਤੇ ਖੁਦ ਸੁਰੱਖਿਆ ਪ੍ਰਤੀ ਸਰਕਾਰੀ ਪੱਧਰ ਤੇ ਉਪਰਾਲੇ ਕੀਤੇ ਜਾਣ। ਐਮ.ਐਮ.ਆਈ.ਡਬਲਯੂ.ਜੀ. ਸੰਬੰਧੀ ਰਿਪੋਰਟ ਨੂੰ ਪ੍ਰਵਾਨ ਕਰਦੇ ਹੋਏ, ''ਇਸ ਅੰਦਰ ਪਾਈਆਂ ਜਾ ਰਹੀਆਂ ਖਾਮੀਆਂ ਅਤੇ ਤਰੁੱਟੀਆਂ ਦੂਰ ਕਰਕੇ 'ਪੁਲਿਸ ਦੇ ਰੋਲ ਅਤੇ ਪੀੜਤਾਂ ਨਾਲ ਹੋਏ ਦੁਰ-ਵਿਵਹਾਰ ਸਬੰਧੀ ਦੋਸ਼ੀ ਵਿਅਕਤੀਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ ! 'ਯੂ.ਐਨ. ਤੇ ਮਨੁੱਖੀ ਅਧਿਕਾਰ ਸੰਸਥਾਵਾਂ ਰਾਹੀਂ ਇਸਤਰੀਆਂ, ਲੜਕੀਆਂ ਨਾਲ ਹੋਈਆਂ ਵਧੀਕੀਆਂ ਸਬੰਧੀ ਬਾਹਰੋਂ ਇਨਕੁਆਰੀਆਂ ਕਰਵਾ ਕੇ ਪੂਰਾ-ਪੂਰਾ ਇਨਸਾਫ ਦਿੱਤਾ ਜਾਵੇ ! ਮੂਲਵਾਸੀ ਕੌਮ ਨੂੰ ਮੁੜ ਪੈਰਾਂ, ਰੁਤਬੇ, ਹੱਕਾਂ ਅਤੇ ਪ੍ਰਭੂਸਤਾ ਦੇ ਹੱਕ ਦਿਵਾਉਣ ਲਈ ਅਤੇ ਫਸਟ ਨੇਸ਼ਨ ਐਸਬਲੀ, ਜੋ ਚੀਫਾਂ ਦੀ ਸੰਸਥਾ ਹੈ, ਨੂੰ ਵੀ ਉਸ ਦੇ ਆਪਣੇ ਚਾਰਟਰ ਨੂੰ ਲਾਗੂ ਕਰਨ ਲਈ, ਤਾਂ ਕਿ ਸਾਰੀ ਨੇਸ਼ਨ ਮਜ਼ਬੂਤ ਹੋ ਸਕਣ ? 'ਚ ਸੁਧਾਰ ਕਰਨੇ ਚਾਹੀਦੇ ਹਨ ! ਤਾਂ ਜੋ ਅਸੀਂ ਆਪਣੀ ਜਿੰਦਗੀ ਬਿਹਤਰ ਢੰਗ ਨਾਲ ਜੀਅ ਸੱਕੀਏ !
ਰਾਜਿੰਦਰ ਕੌਰ ਚੋਹਕਾ
ਸਾਬਕਾ ਜਨਰਲ ਸਕੱਤਰ
ਜਨਵਾਦੀ ਇਸਤਰੀ ਸਭਾ ਪੰਜਾਬ
ਮੋਬਾ: 98725-44738
ਕੈਲਗਰੀ 001-403-285-4208
Email Jagdishchohka@gmailcom