'ਕਮਲੀ ਹੋ ਗਈ' ਲੈਕੇ ਹਾਜ਼ਰ ਹੈ, ਸੂਫੀ ਗਾਇਕ ਤੇ ਗੀਤਕਾਰ - ਸਾਬਰ ਚੌਹਾਨ
ਪੰਜਾਬੀ ਗਾਇਕੀ ਤੇ ਗੀਤਕਾਰੀ ਵਿਚ ਨਿੱਤ ਦਿਨ ਨਵੇ-ਨਵੇ ਚਿਹਰੇ ਵੇਖਣ ਨੂੰ ਮਿਲਦੇ ਹਨ, ਪਰ ਸਥਾਪਤ ਉਹੀ ਹੁੰਦੇ ਹਨ ਜਿਹੜੇ ਮਿਹਨਤ, ਸਿਰੜ ਅਤੇ ਲਗਨ ਨੂੰ ਪੱਲੇ ਬੰਨ ਲੈਂਦੇ ਹਨ। ਅੱਜ ਇਨਾਂ ਸਤਰਾਂ ਰਾਂਹੀਂ ਜਿਸ ਗਾਇਕ ਤੇ ਗੀਤਕਾਰ ਦਾ ਜਿਕਰ ਕਰਨ ਜਾ ਰਹੇ ਹਾਂ ਉਹ ਹੈ ਪਿੰਡ ਲਾਡਰਾਂ ਵਿਚ ਮਾਤਾ ਚਰਨਜੀਤ ਕੌਰ ਤੇ ਪਿਤਾ ਸ: ਪਿਆਰਾ ਸਿੰਘ ਦੇ ਘਰ ਜਨਮਿਆ, ਮਿਹਨਤੀ ਅਤੇ ਸਿਰੜੀ- ਸਾਬਰ ਚੌਹਾਨ। ਇਕ ਮੁਲਾਕਾਤ ਦੌਰਾਨ ਸਾਬਰ ਨੇ ਦੱਸਿਆ ਕਿ ਉਸਦੇ ਜਨਮ ਤੋਂ ਥੋੜੀ ਦੇਰ ਬਾਅਦ ਉਹਨਾਂ ਦਾ ਪਰਿਵਾਰ ਜਿਲਾ ਰੋਪੜ ਦੇ ਆਪਣੇ ਜੱਦੀ ਪਿੰਡ ਧਨੌਰੀ (ਨੇੜੇ ਮੋਰਿੰਡਾ) ਵਿਖੇ ਰਿਹਾਇਸ਼ ਕਰਕੇ ਰਹਿਣ ਲੱਗ ਪਿਆ ਸੀ । ਇਸ ਤਰਾਂ ਉਸ ਨੇ ਦਸਵੀਂ ਕਲਾਸ ਤੱਕ ਪਿੰਡ ਧਨੌਰੀ ਦੇ ਸਕੂਲ ਵਿਚੋਂ : +2 ਪਿੰਡ ਬੂਰਮਾਜਰਾ ਤੋਂ ਪਾਸ ਕਰਕੇ ਫਿਰ ਕੰਪਿਊਟਰ ਡੀ ਸੀ ਏ ਤੇ ਆਈ ਟੀ ਆਈ ਦਾ ਡਿਪਲੋਮਾ ਕੀਤਾ । ਗਾਇਕੀ ਦਾ ਸ਼ੌਕ ਉਸ ਨੂੰ ਪੰਜ ਸਾਲ ਦੀ ਉਮਰ ਵਿੱਚ ਹੀ ਪੈ ਗਿਆ ਸੀ । ਪ੍ਰਸਿੱਧ ਗਾਇਕ ਹਰਭਜਨ ਮਾਨ ਦੀ ਆਈ ਕੈਸਿਟ, 'ਚਿੱਠੀਏ ਨੀ ਚਿੱਠੀਏ' ਸੁਣਕੇ ਉਹ ਮਾਨ ਦਾ ਹੀ ਫੈਨ ਬਣ ਗਿਆ । ਉਹ ਨੌਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਉਸ ਨੇ ਸਕੂਲ ਦੀ ਸਟੇਜ ਉਤੇ ਪਹਿਲੀ ਵਾਰ ਗੀਤ ਗਾਇਆ, 'ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ' । ਸਕੂਲ ਦੇ ਟੀਚਰਾਂ ਤੇ ਵਿਦਿਆਰਥੀਆਂ ਵੱਲੋ ਮਿਲੇ ਪਿਆਰ ਸਦਕਾ ਸਾਬਰ ਨੂੰ ਇਸ ਪਹਿਲੀ ਵਾਰ ਗਾਏ ਗੀਤ ਨੇ ਹੀ ਗਾਇਕ ਬਣਾ ਦਿੱਤਾ। ਫਿਰ ਮੇਵਾ ਮੋਰਿੰਡਾ ਕੋਲੋਂ ਉਸਨੇ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ । ਸਾਬਰ ਨੇ ਦੱਸਿਆ ਕਿ ਸਟੇਜ ਤੇ ਪਹਿਲੀ ਵਾਰ ਗਾਉਣ ਦਾ ਮੌਕਾ ਵੀ ਮੇਵਾ ਮੋਰਿੰਡਾ ਕਰਕੇ ਹੀ ਉਸ ਨੂੰ ਮਿਲਿਆ ਸੀ। ਬਸ ਮਨ ਵਿੱਚ ਸਿੱਖਣ ਦੀ ਤਾਂਘ ਹਰਦਮ ਲੱਗੀ ਰਹਿਣ ਕਰਕੇ ਫਿਰ ਸੁਪ੍ਰਸਿੱਧ ਸੰਗੀਤਕਾਰ ਜੋੜੀ ਲਾਲ-ਕਮਲ ਜੀ ਦੀ ਸੰਗਤ ਕਰਨ ਦਾ ਉਸਨੂੰ ਮੌਕਾ ਮਿਲਿਆ ਤੇ ਗੋਲਡੀ ਚੌਹਾਨ ਨੂੰ ਰਸਮੀ ਤੌਰ ਤੇ ਉਸ ਨੇ ਆਪਣਾ ਉਸਤਾਦ ਧਾਰ ਲਿਆ।
ਇਸ ਉਪਰੰਤ ਗਾਉਣ ਲਈ ਸਾਬਰ ਖੁਦ ਆਪਣੇ ਵੀ ਗੀਤ ਲਿਖਣ ਵੱਲ ਨੂੰ ਚੱਲ ਪਿਆ ਤੇ ਉਹ ਧਾਰਮਿਕ ਪ੍ਰੋਗਰਾਮ ਕਰਨ ਲੱਗਾ। ਸਾਬਰ ਨੇ ਜਿਆਦਾਤਰ ਗੀਤ ਸੂਫੀ ਹੀ ਲਿਖੇ। 10-12 ਸਾਲਾਂ ਤੋਂ ਸਰੋਤਿਆਂ ਦੀ ਸੇਵਾ ਕਰਦਿਆਂ ਆ ਰਹੇ ਸਾਬਰ ਨੇ ਅਨੇਕਾਂ ਮੇਲਿਆਂ ਤੋਂ ਮਾਨ-ਸਨਮਾਨ ਹਾਸਲ ਕੀਤੇ।
ਹੁਣ ਪਿਛਲੇ ਦਿਨੀਂ ਉਹ ਆਪਣਾ ਪਹਿਲਾ ਸੂਫੀ ਗੀਤ ਸਿੰਗਲ ਟਰੈਕ 'ਕਮਲੀ ਹੋ ਗਈ' ਲੈਕੇ ਹਾਜ਼ਰ ਹੋਇਆ ਹੈ, ਜੋ ਕਿ ਉਸ ਦਾ ਆਪਣਾ ਹੀ ਲਿਖਿਆ ਆਪਣੀ ਹੀ ਅਵਾਜ ਵਿੱਚ ਰਿਕਾਰਡ ਕੀਤਾ ਹੈ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਬਾਵਾ ਰੌਕਰ ਨੇ। ਇਸ ਦੇ ਵੀਡੀਓ-ਡਾਇਰੈਕਟਰ ਹਨ ਹਨੀ ਰਾਉ ਜੀ। ਸਾਬਰ ਚੌਹਾਨ ਨੇ ਦੱਸਿਆ ਕਿ ਇਸ ਗੀਤ ਨੂੰ ਇੰਟਰਨੈੱਟ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਭਰਵਾਂ ਰਿਸਪਾਂਸ ਮਿਲ ਰਿਹਾ ਹੈ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਸਾਬਰ ਚੌਹਾਨ ਨੇ ਕਿਹਾ, 'ਮੈਂ ਆਪਣੇ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾ ਵਿੱਚ ਵਿਸ਼ੇਸ਼ ਜਿਕਰ ਯੋਗ ਹਨ- ਸੰਗੀਤਕਾਰ ਲਾਲ ਕਮਲ ਜੀ, ਗੋਲਡੀ ਚੌਹਾਨ, ਮੇਵਾ ਮੋਰਿੰਡਾ ਤੇ ਗੀਤਕਾਰ ਰਾਜੂ ਨਾਹਰ।
ਸੂਫੀ ਗਾਇਕੀ ਤੇ ਗੀਤਕਾਰੀ ਦੀ ਕਤਾਰ ਵਿੱਚ ਇੱਕ ਹੋਰ ਪੈਦਾ ਹੋਏ ਇਸ ਪਿਆਰੇ ਅਨਮੋਲ ਹੀਰੇ ਸਾਬਰ ਚੌਹਾਨ ਨੂੰ ਮੇਰਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਇਸ ਮਾਰਗ ਦੀਆਂ ਬੁਲੰਦੀਆਂ ਛੂਹਣ ਦਾ ਉਸਨੂੰ ਬੱਲ ਬਖਸ਼ੇ! ਆਮੀਨ !
ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641