ਵਿਛੜੇ ਪ੍ਰੀਵਾਰਾਂ ਦਾ ਇਤਿਹਾਸ - ਡਾ. ਸ.ਸ. ਛੀਨਾ

ਲਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦਵਾਰਾ ਸਿੰਘ ਸਿੰਘਣੀਆਂ ਵਿਚ ਮੈਂ ਠਹਿਰਿਆ ਹੋਇਆ ਸਾਂ। ਗੁਰਦਵਾਰੇ ਦੀ ਬਹੁਤ ਹੀ ਖੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ ਜਿਸ ਨੂੰ ਵਿਦੇਸ਼ੀ ਸਿਖਾਂ ਖਾਸ ਕਰਕੇ ਇੰਗਲੈਂਡ ਦੇ ਸਿਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦਸਿਆ ਗਿਆ ਹੈ ਕਿ ਇਸ ਇਤਿਹਾਸਕ ਜਗਾਹ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿਖਾਂ ਨੇ ਇਕ ਮੁਕਦਮੇਂ ਵਿਚ, ਆਪਣਾ ਹਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪ੍ਰੀਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ਤੇ ਆਉਣ ਲਈ ਸਿਰਫ ਇਕ ਰੇਲ ਗਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇਕ ਵਖਰੀ ਇਜਾਜਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ। ਅਜ ਤੋਂ ਬਾਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤਕ ਸਾਡਾ ਵੀਜਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝੰਨਾਂ ਵਿਚੋਂ ਲੰਘਣਾਂ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਿਸ ਅੰਮ੍ਰਿਤਸਰ ਆਉਣਾ ਸੀ ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਮੇਰੇ ਕੋਲ ਇਕ ਵਿਅਕਤੀ ਆਇਆ ਜੋ ਅੰਮ੍ਰਿਤਸਰ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ ਵੱਡੇ ਪੈਕਟ ਦਿਤੇ ਜਿੰਨਾਂ ਵਿਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਅਤੇ ਇਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ, ਜਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਮਾਨ ਦੀ ਚੋਣ ਸਬੰਧੀ ਸੋਚ ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰਖ ਤਾਂ ਲਏ ਪਰ ਬਾਦ ਵਿਚ ਰੇਲਵੇ ਸਟੇਸ਼ਨ ਤੇ ਪਹੁੰਚਣ ਤਕ ਕਈ ਵਾਰ ਉਹਨਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੂਚਿਤੀ ਵਿਚ ਰਿਹਾ ਕਿਉਂ ਜੋ ਜਿੰਨਾਂ ਅਕਾਰ ਮੇਰੇ ਬਰੀਫਕੇਸ ਦਾ ਸੀ ਉਨਾਂ ਹੀ ਇੰਨਾਂ ਦੋ ਕੇਕਾਂ ਦਾ ਸੀ, ਜਿਸ ਨੂੰ ਉਹ ਪ੍ਰੋਫੈਸਰ ਅੰਮ੍ਰਿਤਸਰ ਦੇ ਪ੍ਰੋਫੈਸਰ ਲਈ ਤੋਹਫੇ ਦੇ ਤੌਰ ਤੇ ਭੇਜ ਰਿਹਾ ਸੀ।

    ਮੈਂ ਸਵੇਰੇ ਪੈਦਲ ਹੀ ਸਟੇਸ਼ਨ ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹਥ ਵਾਲੇ ਪਲੇਟਫਾਰਮ ਵੱਲ ਆ ਗਿਆ। ਅਜੇ ਬਹੁਤ ਹੀ ਥੋੜੇ ਜਿਹੇ ਲੋਕ ਆਏ ਸਨ। ਗੱਡੀ ਪਲੇਟਫਾਰਮ ਤੇ ਲਗੀ ਹੋਈ ਸੀ, ਮੈਂ ਆਪਣਾ ਸਮਾਨ ਗਡੀ ਦੀ ਸੀਟ ਤੇ ਰੱਖ ਕੇ ਪਲੇਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਵਲ ਵੇਖਣ ਲਈ ਬਾਹਰ ਆ ਕੇ ਖੜਾ ਹੋ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦਵਾਰੇ ਵਿਚ ਰਹਿ ਰਿਹਾ ਪਰਿਵਾਰ ਵੀ ਆ ਕੇ ਇਕ ਡਬੇ ਵਿਚ ਵੜ ਗਿਆ। ਜਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ, ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ, ਜੋ ਉਹਨਾਂ ਦੇ ਪਹਿਰਾਵੇ ਅਤੇ ਗਲਬਾਤ ਤੋਂ ਲੱਗ ਰਿਹਾ ਸੀ। ਹੌਲੀ ਹੌਲੀ ਸਟੇਸ਼ਨ ਤੇ ਕਾਫੀ ਭੀੜ ਹੋ ਰਹੀ ਸੀ। ਪਰ ਹਰ ਇਕ ਜਾਣ ਵਾਲੇ ਦੇ ਨਾਲ ਤਕਰੀਬਨ ਉਨੇ ਹੀ ਉਹਨਾਂ ਨੂੰ ਰੁਖਸਤ ਕਰਨ ਵਾਲੇ ਜਾਪਦੇ ਸਨ।

        ਫਿਰ ਇਕ ਵੱਡਾ ਗਰੁੱਪ ਜਿਸ ਵਿਚ ਔਰਤਾਂ, ਮਰਦ ਅਤੇ ਬੱਚੇ ਸਨ। ਉਹਨਾਂ ਨੇ ਬੜੇ ਸਧਾਰਣ ਜਿਹੇ ਕਪੜੇ ਪਾਏ ਹੋਏ ਸਨ, ਇਕੱਠੇ ਹੀ ਆ ਰਹੇ ਸਨ ਅਤੇ ਉਹਨਾਂ ਦੇ ਵਿਚ ਇਕ ਸਿੱਖ ਸਰਦਾਰ, ਕੋਈ 6 ਕੁ ਫੁੱਟ ਉਚਾਈ ਅਤੇ ਕਾਫੀ ਚੰਗੀ ਸਿਹਤ ਵਾਲਾ ਕੋਈ 70 ਕੁ ਸਾਲ ਦੀ ਉਮਰ, ਹੱਥ ਵਿਚ ਇਕ ਕਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਹੇ ਸਨ।
ਉਹਨਾਂ ਵਿਚੋਂ ਇਕ ਬਜੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜਫੀ ਪਾ ਲਈ ਅਤੇ ਬੜੀ ਅਪਣਤ ਨਾਲ ਕਹਿਣ ਲੱਗੀ, ''ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿਚ ਇਸ ਦਾ ਖਿਆਲ ਰਖੀਂ।'' ਉਸਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਸ ਵਕਤ ਤਕ ਉਹਨਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ। ਇਸ ਦੇ ਨਾਲ ਉਹਨਾਂ ਰੁਖਸਤ ਕਰਨ ਵਾਲਿਆਂ ਵਿਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹਥ ਮਿਲਾਏ ਅਤੇ ਉਹ ਸਿਖ ਸਰਦਾਰ ਵੀ ਆ ਕੇ ਮਿਲਿਆ।

       ''ਕਿਥੇ ਜਾਣਾ ਹੈ ਤੁਸੀ?'' ''ਅੰਮ੍ਰਿਤਸਰ''। ਮੈਂ ਜਵਾਬ ਦਿਤਾ ਅਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁਛਣ ਲੱਗ ਪਿਆ ਕਿ ਤੁਸੀਂ ਕਦੋਂ ਆਏ ਸੀ? ਕਿਥੋਂ ਆਏ ਅਤ। ਇਹ ਸਭ ਲੋਕ ਕੌਣ ਹਨ।

       ''ਮੈਂ ਮੋਗੇ ਦੇ ਲਾਗੇ ਇਕ ਪਿੰਡ ਤੋਂ ਹਾਂ, ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰੇ ਭਣਵਈਆ ਹੈ, ਇਹ ਲੜਕੇ ਮੇਰੇ ਭਣੇਵੇ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀ ਦਾ ਪਤੀ ਹੈ ਅਤੇ ਉਹ ਦੂਰ ਖੜੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵਈਏ ਹਨ।''


       ਇਨੇ ਨੂੰ ਉਹ ਦੂਰ ਖੜੋਤੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਗਏ ਅਤੇ ਮੈਨੂੰ ਮਿਲੇ। ਪਰ ਮੈਨੂੰ ਇਹ ਸਭ ਕੁਝ ਜਾਨਣ ਦੀ ਉਤਸੁਕਤਾ ਵਧਦੀ ਗਈ। ਪਰ ਮੈਂ ਉਹ ਸਮਾਂ ਅਜੇ ਯੋਗ ਨਾ ਸਮਝਿਆ। ਪਰ ਮੈਨੂੰ ਇੰਨੀ ਕੁ ਸਮਝ ਤਾਂ ਲਗ ਗਈ ਸੀ ਕਿ ਇਹ ਇਕ ਵਿਛੜਿਆ ਪਰਿਵਾਰ ਹੈ। ਫਿਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ''ਮੈਂ ਆਪਣੀ ਭੂਆ ਅਤੇ ਭੈਣ
ਨੂੰ 59 ਸਾਲਾਂ ਤੋਂ ਬਾਅਦ ਮਿਲਿਆ ਹਾਂ ਅਤੇ ਇਸ ਮਿਲਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅਗੋਂ ਕਿਥੇ ਮਿਲਣਾ ਹੈ.......''।


        ਉਸ ਦੀ ਭੂਆ ਬਾਰ-ਬਾਰ ਉਸ ਨੂੰ ਜਫੀਆਂ ਪਾ ਰਹੀ ਸੀ, ''ਮੇਰੇ ਪੇਕਿਆਂ ਦੀ ਨਿਸ਼ਾਨੀ ਪਰ ਹੁਣ ਕਦੋਂ ਮਿਲਾਂਗੇ?''

       ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਉਸ ਨੂੰ ਬਾਰ-ਬਾਰ ਮਿਲ ਰਹੀਆਂ ਸਨ, ''ਭਾ ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ, ਅਸੀਂ ਵੀਜਾ ਲੈ ਕੇ ਜਰੂਰ ਆਵਾਂਗੀਆਂ, ਵਿਹਾਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ, ਬਹੁਤ ਸਮਾਂ ਲਗ ਜਾਂਦਾ ਹੈ ਵੀਜਾ ਲੈਣ ਲਈ, ਇਸਲਾਮਾਬਾਦ ਤੋਂ ਵੀਜਾ ਮਿਲਦਾ ਹੈ, ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।''
''ਤੁਸੀਂ ਕਦੋਂ ਆਏ ਸੀ?''
''ਤਿੰਨ ਚਾਰ ਦਿਨ ਹੋਏ ਹਨ''
''ਕਿਸ ਜਗਾਹ ਤੋਂ ਆਏ ਹੋ?''
ਦੂਸਰਾ ਪੁਛ ਰਿਹਾ ਸੀ ''ਕਿੰਨੀ ਦੂਰ ਹੈ ਅੰਮ੍ਰਿਤਸਰ, ਲਾਹੌਰ ਤੋਂ,
ਕਦੋਂ ਪਹੁੰਚ ਜਾਉਗੇ''

   ਉਹ ਸੁਆਲ ਜਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵਲੋਂ ਕੁਝ ਪੁਛਣ ਤੋਂ ਪਹਿਲਾਂ ਹੀ ਉਹ ਹੋਰ ਸੁਆਲ ਕਰ ਦਿੰਦੇ ਸਨ। ਪਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਪੁਛਣਾ ਚਾਹੁੰਦਾ ਸਾਂ।

''ਕਿਹੜੀ ਜਗਾਹ ਤੋਂ ਆਏ ਹੋ''
''ਵੱਖ-ਵੱਖ ਪਿੰਡਾਂ ਤੋਂ'',

   ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿਚ ਰਹਿੰਦੇ ਸਨ ਅਤੇ ਛੋਟੀ ਕ੍ਰਿਸਾਨੀ ਨਾਲ ਸੰਬੰਧਿਤ ਸਨ। ਦਲੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਭਣਵਈਏ, ਬਹੁਤ ਕੁਝ ਸੁਣਦੇ ਤਾਂ ਰਹੇ ਸਨ ਪਰ ਮਿਲੇ ਪਹਿਲੀ ਵਾਰ ਸਨ। ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੁਕੀਨ ਸੀ, ਸਾਡੇ ਵਿਚੋਂ ਕੋਈ ਵੀ ਨਹੀਂ ਪੀਂਦਾ ਪਰ ਅਸੀਂ ਰੋਜਾਨਾ ਹੀ ਇਸ ਲਈ ਇੰਤਜਾਮ ਕਰਦੇ ਰਹੇ ਹਾਂ, ਇਥੇ ਇਸ ਦਾ ਇੰਤਜਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ। ਹਰ ਘਰ ਵਿਚ ਇਸ ਦਾ ਸੁਆਗਤ ਹੁੰਦਾ ਰਿਹਾ ਹੈ। ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲਗਦਾ ਹੈ ਜਿਵੇਂ ਕਲ੍ਹ ਇਸ ਨੂੰ ਲਹੌਰੋਂ ਲੈ ਕੇ ਗਏ ਸਾਂ ਅਤੇ ਅੱਜ ਛੱਡਣ ਵੀ ਆ ਗਏ ਹਾਂ। ਅਜੇ ਤਾਂ ਅਸੀਂ ਇਸ ਦੇ ਪੂਰੇ ਪਰਿਵਾਰ ਬਾਰੇ ਵਾਕਫੀ ਵੀ ਨਹੀਂ ਕਰ ਸਕੇ, ਇਸ ਨੂੰ ਪਹਿਲੀ ਵਾਰ ਮਿਲੇ ਹਾਂ, ਇਥੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰਹਾਂ ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁਛਿਆ। ਉਹ ਤਾਂ ਇਧਰ ਆ ਵੀ ਨਹੀਂ ਸਕਦੇ, ਵੀਜਾ ਮਿਲਣਾ ਇਕ ਵੱਡੀ ਮੁਸ਼ਕਲ ਹੈ, ਰਿਸ਼ਤੇਦਾਰ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ ਅਤੇ ਉਹਨਾਂ ਵਲੋਂ ਦਸੀਆਂ ਗਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦਸ ਰਹੀਆਂ ਸਨ, ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਨਣਾ ਚਾਹੁੰਦਾ ਸਾਂ। ਇੰਨੇ ਨੂੰ ਗੱਡੀ ਦੀ ਪਹਿਲੀ ਵਿਸਲ ਵੱਜ ਗਈ। ਦਲੀਪ ਸਿੰਘ ਸਾਰਿਆਂ ਨੂੰ ਵਾਰੀ-ਵਾਰੀ ਮਿਲਣ ਲੱਗਾ। ਪਰ ਹਰ ਇਕ ਦੀਆਂ ਅੱਖਾਂ ਵਿਚੋਂ ਅਥਰੂ ਵਗ ਰਹੇ ਸਨ, ਕੋਈ ਵੀ ਬੋਲ ਨਹੀਂ ਸੀ ਰਿਹਾ। ਦਲੀਪ ਸਿੰਘ ਦੇ ਨਾਲ ਹਰ ਕੋਈ ਵਾਰ-ਵਾਰ ਮਿਲ ਰਿਹਾ ਸੀ ਅਤੇ ਗੱਡੀ ਦੀ ਜਦੋਂ ਦੂਸਰੀ ਵਿਸਲ ਵੱਜੀ ਤਾਂ ਉਸਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹਥ ਫੜ ਕੇ ਡੱਬੇ ਦੇ ਕੋਲ ਲੈ ਆਈ ਅਤੇ ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, ''ਵੀਰ ਦਾ ਖਿਆਲ ਰੱਖੀਂ'' ਮੈਨੂੰ ਦਲੀਪ ਸਿੰਘ ਅਤੇ ਉਸ ਦੀ ਸਾਰੀ ਕਹਾਣੀ ਸੁਨਣ ਦੀ ਕਾਹਲੀ ਸੀ, ਉਸ ਨਾਲ ਹਮਦਰਦੀ ਹੋ ਰਹੀ ਸੀ। ਮੈਂ ਅਤੇ ਦਲੀਪ ਸਿੰਘ ਗੱਡੀ ਵਿਚ ਇਕਠੇ ਬੈਠ ਗਏ। ਮੇਰੇ ਪੁਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ। ''ਜਦੋਂ ਪਾਕਿਸਤਾਨ ਬਣਿਆ, ਮੈਂ 11 ਕੁ ਸਾਲ ਦਾ ਸਾਂ, ਮੈਨੂੰ ਪੂਰੀ ਹੋਸ਼ ਹੈ। ਕਈ ਦਿਨ ਚਰਚਾ ਚਲਦੀ ਰਹੀ, ਸਾਡਾ ਪਿੰਡ ਪਾਕਿਸਤਾਨ ਵਿਚ ਨਹੀਂ ਜਾਵੇਗਾ। ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ਤੇ ਰੋਜ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ। ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇਕ ਦੂਜੇ ਦੀ ਮਦਦ ਵੀ ਕਰਦੇ ਸਨ। ਉਹਨਾਂ ਨੇ ਇਕ ਦੂਜੇ ਦੀ ਮਦਦ ਕੀਤੀ ਵੀ। ਜਦੋਂ ਇਹ ਤਹਿ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉਥੋਂ ਜਾਣ ਲਈ ਤਿਆਰ ਹੋਣ ਲਗ ਪਏ ਪਿੰਡ ਦੇ ਮੁਸਲਮਾਨ ਉਹਨਾਂ ਨੂੰ ਕੈਂਪ ਵਿਚ ਛੱਡਣ ਲਈ ਜਾਂਦੇ ਸਨ ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਹਨਾਂ ਨੇ ਸਾਡਾ ਸਮਾਨ ਚੁਕਿਆ ਹੋਇਆ ਸੀ ਪਰ ਰਸਤੇ ਵਿਚ ਹੋਰ ਪਿੰਡਾਂ ਦੇ ਮੁੰਡਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਮੇਰਾ ਬਾਪ, ਦੋ ਭਰਾ ਮਾਰੇ ਗਏ, ਮੇਰੀ ਮਾਂ ਜਦੋਂ ਅਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿਚ ਵੀ ਬਰਛੀ ਵਜੀ, ਉਹ ਲਹੂ ਲੁਹਾਨ ਹੋ ਗਈ ਅਤੇ ਉਸ ਨੇ ਮੈਨੂੰ ਇੰਨਾ ਹੀ ਕਿਹਾ ਕਿ ਭਜ ਜਾ, ਅਤੇ ਦਮ ਤੋੜ ਦਿਤੇ। ਉਹਨਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ ਤੇ ਬਿਠਾ ਲਿਆ। ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ।'' ਉਹ ਇਕ ਸਾਹੇ ਹੀ ਇੰਨਾ ਕੁਝ ਦਸ ਗਿਆ।

''ਤੁਸੀਂ ਕਿੰਨੇ ਆਦਮੀ ਬਚ ਗਏ ਸੀ।'' ਮੈਂ ਪੁਛਿਆ

''ਸਾਡੇ ਪਰਿਵਾਰ ਵਿਚੋਂ ਸਿਰਫ ਮੈਂ ਅਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਮਿਲਟਰੀ ਵਾਲਿਆਂ ਨੇ ਸਾਨੂੰ ਸੁਰਖਿਅਤ ਜਗਾਹ ਪਹੁੰਚਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿੰਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁਲਿਆ। ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁਖ ਵੇਖੇ, ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇੰਨਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ।''

   ''ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ, ਅਤੇ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਣ ਆਇਆ ਸਾਂ। ਮੈਂ ਤਾਂ ਭੂਆ ਨੂੰ ਪਹਿਚਾਣ ਲਿਆ ਪਰ ਉਹਨਾਂ ਦੇ ਬਚਿਆਂ, ਜਿੰਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਿਫ ਹੋਣ। ਬਾਰ-ਬਾਰ ਕਹਿੰਦੇ ਸਨ, ''ਮਾਮਾ ਇਥੇ ਹੀ ਰਹੋ, ਹਰ ਘਰ ਵਿਚ ਮੈਂ ਜਾਂਦਾ ਸਾਂ, ਹਰ ਘਰ ਵਿਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜਾਮ ਕੀਤਾ ਹੁੰਦਾ ਸੀ, ਰੋਜਾਨਾਂ ਵੱਖ-ਵੱਖ ਘਰ ਵਿਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ। ਰਾਤ ਨੂੰ ਤਕਰੀਬਨ ਇਕ-ਦੋ, ਵੱਜ ਜਾਂਦੇ ਸਨ, ਗਲਾਂ ਹੀ ਨਹੀਂ ਸਨ ਮੁਕਦੀਆਂ।''

   ਫਿਰ ਉਸ ਨੇ ਸਮਾਨ ਵੱਲ ਉਂਗਲ ਕਰ ਕੇ ਦਸਿਆ ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੁਗਣਾਂ ਮੈਂ ਛਡ ਆਇਆ ਹਾਂ। ਇੰਨਾਂ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ। ਸਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜਾਂ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਂਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇਥੋਂ ਤਕ ਕਿ ਤਿਲ ਸਨ।

   ''ਮੈਂ ਬਹੁਤ ਮਨਾਹ ਕੀਤਾ ਪਰ ਉਹਨਾਂ ਨੇ ਬਦੋ ਬਦੀ ਇਹ ਸਮਾਨ ਨਾਲ ਖੜਣ ਦੀ ਜਿਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ ਜਿਸ ਪਿਆਰ ਨਾਲ ਉਹ ਸਮਾਨ ਲੈ ਕੇ ਆਈਆਂ ਸਨ ਜੇ ਮੈਂ ਨਾ ਖੜਦਾ ਤਾਂ ਚੰਗਾ ਨਾ ਲੱਗਦਾ।

   ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂਂ ਅਤੇ ਮੈਨੂੰ ਉਹਨਾਂ ਦਾ ਭਾਰ ਇਸ ਸਮਾਨ ਦੇ ਭਾਰ ਤੋਂ ਕਿਤੇ ਜਿਆਦਾ ਲੱਗ ਰਿਹਾ ਸੀ। ਇੰਨਾ ਮਗਰ ਛਿਪੇ ਜਜਬਾਤਾਂ ਵਿਚ ਜਮੀਨ-ਅਸਮਾਨ ਦਾ ਫਰਕ ਸੀ।
   ਪਤਾ ਨਹੀਂ ਲਗਾ ਜਕਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ਤੇ ਖੜੋ ਗਈ। ਉਸ ਨੇ ਦੋਹਾਂ ਹੱਥਾਂ ਵਿਚ ਕੁਝ ਸਮਾਨ ਵਾਲੇ ਕੱਪੜੇ ਦੇ ਝੋਲੇ ਚੁਕ ਲਏ ਅਤੇ ਇਕ ਤੋੜਾ ਸਿਰ ਤੇ ਚੁੱਕ ਲਿਆ।

   ਜਦੋਂ ਅਸੀਂ ਪਾਸਪੋਰਟ ਚੈਕ ਕਰਵਾ ਕੇ ਸਮਾਨ ਨੂੰ ਐਕਸਰੇ ਵਾਲੀ ਮਸ਼ੀਨ ਤੇ ਰਖਿਆ ਅਤੇ ਦੂਸਰੀ ਤਰ ਸਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ ''ਸਰਦਾਰ ਜੀ ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ?''।

  ''ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ, ਪਰ ਭੈਣਾਂ ਅਤੇ ਭੂਆ ਵਲ਼ਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ'' ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ਕ ਹ਼ਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹ਼ ਸਕਦੀਆਂ ਹਨ। ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ।