ਸਫ਼ਲਤਾ ਦੇ ਝੰਡੇ ਗੱਡ ਰਿਹੈ ਪਾਲੀਵੁੱਡ - ਵਰਿੰਦਰ ਅਜ਼ਾਦ
ਪੰਜਾਬੀ ਸਿਨੇਮਾ ਨੇ ਸਮੇਂ ਸਮੇਂ ਅਨੁਸਾਰ ਬਹੁਤ ਉਤਰਾਅ-ਚੜ੍ਹਾਅ ਵੇਖੇ ਹਨ, ਇੱਕ ਵੇਲਾ ਸੀ ਪਾਲੀਵੁੱਡ ਅਕਾਸ਼ ਦੀਆਂ ਬੁਲੰਦੀਆਂ ਸਰ ਕਰ ਰਿਹਾ ਸੀ। ਉਸ ਦੇ ਬਾਅਦ ਮੱਧਮ ਪੈ ਗਿਆ ਅਤੇ ਬਾਅਦ ਵਿੱਚ ਪਾਲੀਵੁੱਡ ਗਿਰਾਵਟ ਵੱਲ ਵੱਧਣ ਲੱਗ ਪਿਆ। ਅੱਜ ਹੋਰ, ਕੱਲ੍ਹ ਹੋਰ ਦਿਨੋਂ-ਦਿਨ ਪਾਲੀਵੁੱਡ ਗਿਰਾਵਟ ਵੱਲ ਹੀ ਵੱਧਦਾ ਰਿਹਾ। ਉਹ ਦਿਨ ਵੀ ਪਾਲੀਵੁੱਡ ਨੂੰ ਵੇਖਣਾ ਨਸੀਬ ਹੋਏ ਜਦੋਂ ਪਾਲੀਵੁੱਡ ਦੀ ਹੋਂਦ ਖ਼ਤਰੇ 'ਚ ਪੈ ਗਈ। ਬਹੁਤ ਸਾਰੀਆਂ ਫ਼ਿਲਮਾਂ ਡੱਬਿਆਂ 'ਚ ਬੰਦ ਰਹਿ ਗਈਆਂ ਜਿਹੜੀਆਂ ਬਣੀਆਂ ਉਨ੍ਹਾਂ ਨੂੰ ਦਰਸ਼ਕਾਂ ਨੇ ਬੁਰੀ ਤਰ੍ਹਾਂ ਨਾਕਾਰ ਦਿੱਤਾ। ਅੰਤ ਪਾਲੀਵੁੱਡ 'ਚ ਨਾ ਮਾਤਰ ਫ਼ਿਲਮਾਂ ਬਣਨ ਲੱਗੀਆਂ। ਕਲਾਕਾਰ ਅਤੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਲੱਗਭਗ ਵਿਹਲੇ ਬੈਠ ਗਏ। ਇਹ ਨਹੀਂ ਕਿ ਪਾਲੀਵੁੱਡ ਨੇ ਤਰੱਕੀ ਨਹੀਂ ਕੀਤੀ। ਭਾਵੇਂ ਕਿ ਪਾਲੀਵੁੱਡ ਦਾ ਸੁਨਹਿਰਾ ਦੌਰ ਵੀ ਗੁਜ਼ਰਿਆ ਅਤੇ ਪਾਲੀਵੁੱਡ ਬਾਲੀਵੁੱਡ ਦੇ ਮੁਕਾਬਲੇ ਤੇ ਹੁੰਦਾ ਸੀ। ਫਿਰ ਕੀ ਕਾਰਣ ਹੈ ਪਾਲੀਵੁੱਡ ਅਸਫ਼ਲਤਾ ਦੀ ਹਨ੍ਹੇਰੀ ਗੁਫ਼ਾ 'ਚ ਚਲਿਆ ਗਿਆ?
ਸਭ ਨਾਲੋਂ ਵੱਡਾ ਕਾਰਨ ਆਰਥਿਕਤਾ ਹੈ ਕਿਉਂਕਿ ਪੈਸੇ ਤੋਂ ਬਗ਼ੈਰ ਤਾਂ ਕੁੱਝ ਵੀ ਸੰਭਵ ਨਹੀਂ। ਇਹ ਆਰਥਿਕ ਸਮੱਸਿਆ ਵੀ ਪਾਲੀਵੁੱਡ ਦੀ ਆਪਣੀ ਪੈਦਾ ਕੀਤੀ ਹੋਈ ਸੀ। ਨਿਰਮਾਤਾ, ਨਿਰਦੇਸ਼ਕਾਂ ਅਤੇ ਕਲਾਕਾਰਾਂ ਦੀਆਂ ਗ਼ਲਤ ਨੀਤੀਆਂ। ਸਭ ਭਲੀ-ਭਾਂਤ ਜਾਣਦੇ ਹਨ। ਪਾਲੀਵੁੱਡ ਦਾ ਸਫ਼ਰ ਬਾਲੀਵੁੱਡ ਦੇ ਨਾਲ ਹੀ ਸ਼ੁਰੂ ਹੋਇਆ। ਬਾਲੀਵੁੱਡ ਹਮੇਸ਼ਾਂ ਹੀ ਅਕਾਸ਼ ਦੀਆਂ ਬੁਲੰਦੀਆਂ ਤੇ ਰਿਹਾ ਹੈ। ਚਾਹੇ ਬਹੁਤ ਸਾਰੇ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਦੀ ਪਿੱਠ ਭੂਮੀ ਪੰਜਾਬ ਸੀ।
ਪਾਲੀਵੁੱਡ ਦੀ ਅਸਫ਼ਲਤਾ ਦਾ ਸਭ ਨਾਲੋਂ ਵੱਡਾ ਕਾਰਨ, ਪਾਲੀਵੁੱਡ ਦਰਸ਼ਕਾਂ ਦੀ ਪਸੰਦ ਨੂੰ ਸਮਝਣ ਵਿੱਚ ਅਸਮੱਰਥ ਰਿਹਾ, ਉਨ੍ਹਾਂ ਦੀ ਸੋਚ ਇਹ ਰਹੀ ਕਿ ਅਸੀਂ ਜੋ ਦਰਸ਼ਕਾਂ ਨੂੰ ਪਰੋਸ ਕੇ ਦੇ ਦੇਵਾਂਗੇ, ਦਰਸ਼ਕ ਉਸ ਨੂੰ ਸਤ ਬਚਨ ਕਹਿ ਕੇ ਸਵਿਕਾਰ ਕਰ ਲੈਣਗੇ ਪਰ ਇਹ ਉਨ੍ਹਾਂ ਦਾ ਭਰਮ ਸਿੱਧ ਹੋਇਆ। ਪਾਲੀਵੁੱਡ ਦਰਸ਼ਕ ਫ਼ਿਲਮ ਮੇਕਰ ਨਾਲੋਂ ਵੀ ਦੋ ਕਦਮ ਅੱਗੇ ਨਿਕਲੇ। ਹਲਕੀ ਕਿਸਮ ਦਾ ਹਾਸ ਵਿਅੰਗ (ਕਮੇਡੀ) ਇੱਕੋ ਵਿਸ਼ੇਸ਼ ਬਾਰ ਦੋ ਰਾਹੀਂ ਜਾਣਾ ਇਸ ਤੋਂ ਦਰਸ਼ਕ ਅੱਕ ਚੁੱਕੇ ਸਨ। ਦਰਸ਼ਕ ਨਵਾਂ ਵੇਖਣਾ ਚਾਹੁੰਦੇ ਸਨ। ਉਹ ਪਾਲੀਵੁੱਡ ਬਾਲੀਵੁੱਡ ਨਾਲੋਂ ਘੱਟ ਨਹੀਂ ਵੇਖਣਾ ਚਾਹੁੰਦੇ ਸਨ। ਪਾਲੀਵੁੱਡ ਦੱਖਣ ਅਤੇ ਬੰਗਾਲੀ ਫ਼ਿਲਮ ਨਾਲੋਂ ਕਾਫ਼ੀ ਪੱਛੜਿਆ ਹੋਇਆ ਹੈ। ਦੱਖਣੀ ਅਤੇ ਬੰਗਾਲੀ ਫ਼ਿਲਮੀ ਤਾਂ ਬਾਲੀਵੁੱਡ ਨਾਲੋਂ ਵੀ ਚਾਰ ਕਦਮ ਅੱਗੇ ਹੈ, ਇੱਕ ਉੱਥੇ ਨਿਰਮਾਤਾ, ਨਿਰਦੇਸ਼ਕ ਆਰਥਿਕ ਪੱਖੋਂ ਮਜ਼ਬੂਤ ਹਨ ਦੂਸਰਾ ਉੱਥੋਂ ਦੀ ਸਰਕਾਰ ਸਿਨੇਮਾ ਦਿਲ ਖੋਲ੍ਹ ਕੇ ਮਦਦ ਕਰਦੀ ਹੈ। ਉੱਥੇ ਹਰ ਬੱਚੇ ਬੱਚੇ ਨੂੰ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਪ੍ਰਤੀ ਅਥਾਹ ਮੋਹ ਹੈ। ਉਹ ਅੰਗਰੇਜ਼ੀ ਜਾਂ ਬਾਲੀਵੁੱਡ ਮਗਰ ਨਹੀਂ ਦੋੜਦੇ ਪਹਿਲੇ ਉਹ ਆਪਣੀ ਭਾਸ਼ਾ ਦੀਆਂ ਫ਼ਿਲਮਾਂ 'ਚ ਮਿਹਨਤ ਕਰਦੇ ਹਨ ਬਾਅਦ ਵਿੱਚ ਕਿਸੇ ਹਰ ਭਾਸ਼ਾ 'ਚ ਹੱਥ ਅਜਮਾਉਂਦੇ ਹਨ। ਬਹੁਤ ਸਾਰੇ ਐਕਟਰ ਹੀਰੋ, ਮੁੱਖ ਮੰਤਰੀ ਅਤੇ ਮੰਤਰੀ ਵੀ ਰਹੇ ਆਪਣੇ ਆਪ ਸੂਬਿਆਂ 'ਚ ਐਨ. ਟੀ. ਰਾਮਾ ਰਾਓ, ਐਮ. ਜੀ. ਰਾਮਾ ਚੰਦਰ, ਜੈ ਲਲਿਤ। ਇਨ੍ਹਾਂ ਨੇ ਆਪਣੀ ਭਾਸ਼ਾ ਫ਼ਿਲਮਾਂ ਨੂੰ ਅਹਿਮ ਪਹਿਲ ਦਿੱਤੀ। ਇਹੋ ਹੀ ਕਰਨ ਮਦਰਾਸੀ ਅਤੇ ਬੰਗਾਲੀ, ਗੁਜਰਾਤੀ, ਬਿਹਾਰੀ ਫ਼ਿਲਮਾਂ ਹਿੰਦੀ ਅਨੁਵਾਦ ਹੋਈਆਂ। ਪੰਜਾਬੀ ਕਲਾਕਾਰ ਤਾਂ ਕੀ ਬਹੁਤ ਸਾਰੇ ਸਧਾਰਨ ਪੰਜਾਬੀ ਨੂੰ ਆਪਣੀ ਮਾਂ ਬੋਲੀ ਪ੍ਰਤੀ ਵਫ਼ਾਦਾਰਨਹੀਂ ਹਨ। ਪੰਜਾਬੀ ਕਲਾਕਾਰ ਨੇ ਪੰਜਾਬੀ ਫ਼ਿਲਮਾਂ ਨੂੰ ਸਫ਼ਲਤਾ ਦੀ ਪੌੜੀ ਸਮਝੀ, ਸਮਝਦੇ ਰਹੇ। ਮਾੜੀ ਮੋਟੀ ਸਫ਼ਲਤਾ ਹਾਸਲ ਕਰ ਹੋਣ ਤੋਂ ਉਹ ਪੰਜਾਬੀ ਫ਼ਿਲਮਾਂ ਤੋਂ ਬੇਮੁੱਖ ਹੋ ਗਏ, ਜਿਹੜੇ ਸਫ਼ਲ ਵੀ ਹੋ ਗਏ ਬਾਲੀਵੁੱਡ 'ਚ ਉਨ੍ਹਾਂ 'ਚ ਬਹੁਤ ਸਾਰਿਆਂ ਨੇ ਤਾਂ ਪਾਲੀਵੁੱਡ ਵੱਲ ਮੁੜ ਮੂੰਹ ਨਹੀਂ ਕੀਤਾ। ਇਸ ਦੇ ਉਲਟ ਬਹੁਤ ਸਾਰੇ ਕਲਾਕਾਰ ਅਤੇ ਫ਼ਿਲਮ ਮੇਕਰ ਪੰਜਾਬੀ ਮਾਂ ਬੋਲੀ ਪ੍ਰਤੀ ਗੰਭੀਰ ਅਤੇ ਪੰਜਾਬੀ ਪ੍ਰਤੀ ਵਫ਼ਾਦਾਰ ਵੀ ਸਨ ਉਨ੍ਹਾਂ ਕਲਾਕਾਰਾਂ ਨੇ ਹੀ ਪੰਜਾਬੀ ਪਾਲੀਵੁੱਡ ਨੇ ਸੁਨਹਿਰੀ ਦੌਰ ਵ ਵੇਖਿਆ। ਪੰਜਾਬੀ ਦਰਸ਼ਕ ਬਾਲੀਵੁੱਡ ਨੂੰ ਉਸ ਵੇਲੇ ਤਾਂ ਭੁੱਲ ਹੀ ਗਏ ਸਨ। ਉਸ ਸਮੇਂ ਪਾਲੀਵੁਡ 'ਚ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਜੋ ਬਾਲੀਵੁੱਡ 'ਚ ਪੰਜਾਬੀ ਪਿੱਠ ਭੂਮੀ ਨਾਲ ਸਬੰਧਤ ਕਲਾਕਾਰ ਸੀ ਉਨ੍ਹਾਂ ਨੇ ਪਾਲੀਵੁੱਡ 'ਚ ਬਹੁਤ ਵੱਡਾ ਯੋਗਦਾਨ ਪਾਇਆ, ਚਾਹੇ ਉਹ ਜਿਸ ਮਰਜ਼ੀ ਕੈਟਾਗਰੀ ਨਾਲ ਸਬੰਧਤ ਸਨ। ਗਾਇਕ 'ਚ ਬਾਲੀਵੁੱਡ ਦੇ ਪ੍ਰਮੁੁੱਖ ਮੁਹੰਮਦ ਰਫ਼ੀ ਸਾਹਿਬ, ਮਹਿੰਦਰ ਕਪੂਰ ਜੀ, ਸੁਖਵਿੰਦਰ, ਗੁਰਦਾਸ ਮਾਨ, ਹੰਸ ਰਾਜ ਹੰਸ, ਮੰਗਲ ਚੰਨੀ ਤੋਂ ਇਲਾਵਾ ਉਹ ਬਹੁਤ ਸਾਰੇ ਕਲਾਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ। ਇਨ੍ਹਾਂ 'ਚ ਵਿਸ਼ੇਸ਼ ਪੰਜਾਬੀ ਭਾਸ਼ਾ ਲਈ ਮੁਹੰਮਦ ਰਫ਼ੀ ਸਾਹਿਬ ਅਤੇ ਮਹਿੰਦਰ ਕਪੂਰ ਦਾ ਯੋਗਦਾਨ ਭੁੱਲਣ ਯੋਗ ਨਹੀਂ ਹੈ। ਰਫ਼ੀ ਸਾਹਿਬ ਨੇ ਚੋਟੀ ਦੇ ਪੰਜਾਬੀ ਗੀਤ ਅਤੇ ਸ਼ਬਦ ਬਗ਼ੈਰ ਕਿਸੇ ਲਾਲਚ ਅਤੇ ਲਾਭ ਤੋਂ ਬਗ਼ੈਰ ਗਾਏ। ਏਸੇ ਤਰ੍ਹਾਂ ਮਹਿੰਦਰ ਕਪੂਰ ਅਤੇ ਹੋਰ ਕਲਾਕਾਰਾਂ ਨੇ ਪੰਜਾਬੀ ਪਾਲੀਵੁੱਡ ਨੂੰ ਅਮੀਰ ਬਣਾਇਆ।
ਪੰਜਾਬੀ ਕਲਾਕਾਰ 'ਚ ਐਕਟਰ ਵਰਗ 'ਚ, ਪ੍ਰਿਥਵੀਰਾਜ ਕਪੂਰ, ਦਾਰਾ ਸਿੰਘ, ਰਾਜ ਬੱਬਰ, ਸੁਨੀਲ ਦੱਤਾ, ਰਜਾ ਮੁਰਾਦ, ਕੁਲਭੁਸ਼ਨ ਖਰਬੰਦਾ, ਮਦਨ ਪੁਰੀ, ਓਮ ਪੁਰੀ, ਅਮਰੀਸ਼ ਪੁਰੀ, ਧਰਮਿੰਦਰ, ਦੀਪ ਢਿੱਲੋਂ ਇਨ੍ਹਾਂ ............... ਚੋਟੀ ਦੀਆਂ ਫ਼ਿਲਮਾਂ ਪਾਲੀਵੁੱਡ ਨੇ ਦਿੱਤੀਆਂ ਜਿਵੇਂ ਚੰਨ ਪ੍ਰਦੇਸੀ, ਵਾਰਿਸ, ਨਾਨਕ ਦੁਖੀਆ ਸਭ ਸੰਸਾਰ, ਨਨਕ ਨਾਲ ਜਹਾਜ, ਦੁੱਖ ਭੰਜਨ ਤੇਰਾ ਨਾਮ, ਧੰਨਾ ਭਗਤ, ਪਿਆਸੂ ਭਗਤ, ਉੱਚਾ ਦਰ ਬਾਬੇ ਨਾਨਕ ਦਾ, ਮਾਮਲਾ ਗੜਬੜ ਹੈ, ਸਰਪੰਚ, ਲੰਬੜਦਾਰੀ, ਤੇਰੀ ਮੇਰੀ ਇੱਕ ਜ਼ਿੰਦੜੀ, ਲੱਛੀ, ਦੋ ਲੱਛੀਆਂ, ਸੁੱਖੀ ਪਰਿਵਾਰ ਤੋਂ ਇਲਾਵਾ ਹੋਰ ਅਨੇਕਾਂ ਸਫ਼ਲ ਫ਼ਿਲਮਾਂ ਦਿੱਤੀਆਂ ਪਾਲੀਵੁੱਡ ਨੂੰ। ਜਿੱਥੇ ਗੰਭੀਰ ਕਲਾਕਾਰ ਨੇ ਪਾਲੀਵੁੱਡ ਨੂੰ ਚਾਰ ਚੰਨ ਲਗਾਇਆ ਉੱਥੇ ਕਮੈਡੀ ਕਲਾਕਾਰਾਂ ਨੇ ਪਾਲੀਵੁੱਡ ਅਕਾਸ਼ ਦੀਆਂ ਬੁਲੰਦੀਆਂ ਉੱਪਰ ਪਹੁੰਚਾ ਦਿੱਤਾ ਜਿਨ੍ਹਾਂ 'ਚ ਸੁੰਦਰ, ਗੋਪਾਲ ਸਹਿਗਲ, ਰਜਿੰਦਰ ਨਾਥ, ਟੂਨ ਟੂਨ, ਆਈ ਅਸ ਜੋਹਰ, ਬੰਬ ਬੀਰਬਲ, ਖੈਰਾਤੀ ਭੈਂਗਾ ਜਿਨ੍ਹਾਂ ਬਗ਼ੈਰ ਬਾਲੀਵੁੱਡ ਵੀ ਸੱਖਣਾ-ਸੱਖਣਾ ਹੁੰਦਾ ਹੈ। ਫਿਰ ਇੱਕ ਦੌਰ ਆਇਆ ਮੇਹਰ ਮਿੱਤਰ ਦਾ ਜੋ ਕਾਮੇਡੀ ਕਿੰਗ ਸਾਬਤ ਹੋਇਆ। ਇਸ ਦੇ ਬਗ਼ੈਰ ਪਾਲੀਵੁੱਡ ਦੀ ਹੋਂਦ ਨਾ ਬਰਾਬਰ ਨਜ਼ਰ ਆਉਣ ਲੱਗ ਪਈ। ਪਾਲੀਵੁੱਡ ਦੇ ਦਰਸ਼ਕਾਂ ਦਾ ਮੇਹਰ ਮਿੱਤਰ ਹੀਰੋ ਸੀ। ਮੇਹਰ ਮਿੱਤਰ ਚਾਹੇ ਬਜ਼ੁਰਗ ਸੀ ਫਿਰ ਵੀ ਉਹ 'ਜਵਾਨ ਹੀਰੋਈਨਾਂ ਨਾਲ ਹੀਰੋ ਆਇਆ' ਸਭ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ। ਉਸ ਦੇ ਡਾਇਲੌਗ:
'ਮਾਰਿਆ ਕੁੱਕੜ ਪਾ ਤੇ ਮੋਛੇ....।'
'ਹੈ ਕੇ ਨਾ...।'
ਇਹ ਡਾਇਲੌਗ ਬੱਚੇ-ਬੱਚੇ ਦੀ ਜ਼ੁਬਾਨ 'ਤੇ ਸਨ।
ਵਰਿੰਦਰ ਸਮੇਂ ਪਾਲੀਵੁੱਡ ਸੁਨਹਿਰੀ ਦੌਰ 'ਚੋਂ ਗੁਜ਼ਰ ਰਿਹਾ ਸੀ। ਉਸ ਨੇ ਪਾਲੀਵੁੱਡ ਨੂੰ ਸਰਪੰਚ, ਸੰਤੋ-ਬੰਤੋ, ਯਾਰ ਜੱਟੀ ਆਦਿ ਫ਼ਿਲਮਾਂ ਦਿੱਤੀਆਂ। ਉਸ ਦੀ ਮੌਤ ਤੋਂ ਬਾਅਦ ਯੋਗਰਾਜ ਗੁੱਗੂ ਗਿੱਲ, ਦੀਪ ਢਿੱਲੋਂ, ਯਸ਼ ਸ਼ਰਮ ਯੋਗੇਸ਼ ਛਾਬੜਾ ਦਾ ਦੌਰ ਆਇਆ ਇਨ੍ਹਾਂ ਪਾਕਿਸਤਾਨੀ ਤਰੀਕੇ ਦੀਆਂ ਫ਼ਿਲਮਾਂ ਬਣਾਈਆਂ ਜੋ ਲਗਾਤਾਰ ਚੱਲੀਆਂ। ਦਰ ਅੰਤ ਦਰਸ਼ਕਾਂ ਨੇ ਇਨ੍ਹਾਂ ਫ਼ਿਲਮਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ।
ਗੁਰਦਾਸ ਮਾਨ ਤੋਂ ਗਾਇਕਾ ਹੀਰੋ ਬਣਨਾ ਇਹ ਸਿਲਸਿਲਾ ਪਾਲੀਵੁੱਡ 'ਚ ਸ਼ੁਰੂ ਹੋਇਆ ਜੋ ਅੱਜ ਤੱਕ ਚੱਲ ਰਿਹਾ ਹੈ। ਗੁਰਦਾਸ ਮਾਨ ਪਾਲੀਵੁੱਡ ਨੂੰ ਚੰਗੀਆਂ ਚੰਗੀਆਂ ਫ਼ਿਲਮਾਂ ਦਿੱਤੀਆਂ। ਮਾਮਲਾ ਗੜਬੜ, ਉੱਚਾ ਦਰ ਬਾਬੇ ਨਾਨਕ ਦਾ। ਦਰਸ਼ਕਾਂ ਨੇ ਇਨ੍ਹਾਂ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ। ਫਿਰ ਇੱਕ ਤਰ੍ਹਾਂ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੋਇਆ ਉਹ ਹੀ ਪੈਂਡੂ ਮਾਹੌਲ, ਜੱਟਾਂ ਵਾਲੇ ਡਾਇਲੌਗ, ਅੱਕਾ ਦੇਣ ਵਾਲੀ ਕਾਮੇਡੀ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਹੋਰ ਹੀਰੋ ਲੋਕਾਂ ਨੇ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ। ਕਲਾ ਦਾ ਜਿਵੇਂ ਪਾਲੀਵੁੱਡ 'ਚ ਕਾਲ ਹੀ ਪੈ ਗਿਆ ਸੀ। ਨਤੀਜਾ ਦਰਸ਼ਕਾਂ ਨੇ ਪਾਲੀਵੁੱਡ ਦੀਆਂ ਫ਼ਿਲਮਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਇਨਾਂ ਕੁੱਝ ਹੋਣ ਦੇ ਬਾਅਦ ਫ਼ਿਲਮ ਮੇਕਅਰ ਦੀਆਂ ਅੱਖਾਂ ਖੁੱਲ੍ਹੀਆਂ ਉਨ੍ਹਾਂ ਨੂੰ ਅਕਲ ਆਈ ਤੇ ਉਨ੍ਹਾਂ ਪਾਲੀਵੁੱਡ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ।
ਦਿਲਜੀਤ ਦੋਸਾਂਝ, ਹਰਭਜਨ ਮਾਨ, ਜਿੰਮੀ ਸ਼ੇਰਗਿੱਲ, ਹਨੀ ਸਿੰਘ, ਸ਼ੇਰੀ ਮਾਨ, ਐਮ ਈ ਵਿਰਕ, ਗੈਰੀ ਸੰਧੂ, ਬੱਬੂ ਮਾਨ, ਨੀਰੂ ਬਾਜਵਾ, ਸੁਰਵੀਨ ਚਾਵਲਾ, ਮਿਸ ਪੂਜਾ, ਨੇਹਾ ਕੱਕੜ, ਗਿੱਪੀ ਗਰੇਵਾਲ ਆਦਿ ਕਲਾਕਾਾਂ ਨੇ ਪਾਲੀਵੁੱਡ 'ਚ ਆਪਣੇ ਜ਼ੋਹਰ ਵਿਖਾਏ। ਫ਼ਿਲਮ ਮੇਕਅਰ ਨੇ ਦਰਸ਼ਕਾਂ ਦੀ ਨਬਜ਼ ਪਹਿਚਾਣੀ ਸੱਭਿਆਚਾਰਕ, ਕਲਾਤਮਕ ਅਤੇ ਧਾਰਮਿਕ ਸਫ਼ਲ ਫ਼ਿਲਮਾਂ ਦਿੱਤੀਆਂ। ਜਿਨ੍ਹਾਂ ਦਾ ਦਰਸ਼ਕਾਂ ਨੇ ਭਰਵੇਂ ਦਿਲ ਨਾਲ ਸਵਾਗਤ ਕੀਤਾ। ਬਾਲੀਵੁੱਡ ਦੇ ਮੁਕਾਮ ਮੁਕਾਬਲੇ ਤਾਂ ਨਹੀਂ ਕਹਿ ਸਕਦੇ ਪਾਲੀਵੁੱਡ ਨਹੀਂ ਫਿਰ ਵੀ ਘੱਟ ਵੀ ਨਹੀਂ ਹੈ ਹੁਣ ਪਾਲੀਵੁੱਡ।
ਅਰਦਾਸ, ਅਮਰ ਸ਼ਹੀਦ, ਬਾਬਾ ਦੀਪ ਸਿੰਘ, ਛੋਟੇ ਸਾਹਿਬਜ਼ਾਦੇ, ਪੰਜਾਬ ਨਵੰਬਰ 84, ਕਿਸਮਤ, ਅੰਗਰੇਜ਼, ਲਹੌਰੀਏ, ਕੈਰੀ ਅੋਨ ਜੱਟਾ 2, ਰੋਮੀਓ ਰਾਂਝਾ, ਸ਼ਰੀਕ ਅਨੇਕਾਂ ਫ਼ਿਲਮਾਂ ਦਾ ਪਾਲੀਵੁੱਡ 'ਚ ਨਿਰਮਾਣ ਹੋਇਆ।
ਹਰਭਜਨ ਮਾਨ ਨੇ ਵਿਦੇਸ਼ 'ਚ ਬੈਠੇ ਪੰਜਾਬੀਆਂ ਦਾ ਦਰਦ ਸਮਝਿਆ ਉਨ੍ਹਾਂ ਦੀ ਸਮੱਸਿਆ ਉੱਪਰ ਸਫ਼ਲ ਪੰਜਾਬੀ ਫ਼ਿਲਮਾਂ ਪਾਲੀਵੁੱਡ ਦੀ ਝੋਲੀ 'ਚ ਪਾਈਆਂ। ਨਤੀਜਾ ਅੱਜ ਪਾਲੀਵੁੱਡ ਦੇ ਦਰਸ਼ਕ ਪਾਲੀਵੁੱਡ ਤੋਂ ਖ਼ੁਸ਼ ਨਜ਼ਰ ਆ ਰਹੇ ਹਨ। ਸਫ਼ਲਤਾ ਦਾ ਇਹ ਸਫ਼ਰ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਹੈ ਜੋ ਕਦੀ ਘੱਟਣਾ ਨਹੀਂ ਵੱਧਣਾ ਹੀ ਚਾਹੀਦਾ ਹੈ। ਉਮੀਦ ਹੈ ਕਿ ਪਾਲੀਵੁੱਡ ਬੀਤੇ ਤੋਂ ਬਹੁਤ ਕੁੱਝ ਸਿੱਖਿਆ ਗਿਆ ਆਪਣੀਆ ਗ਼ਲਤੀਆਂ ਮੁੜ ਨਹੀਂ ਦੁਹਰਾਏਗਾ।
ਵਰਿੰਦਰ ਅਜ਼ਾਦ
ਮੋ. 9815021527