ਲੋਕ ਸਭਾ ਚੋਣ ਨਤੀਜੇ ਤੇ ਨਵੀਆਂ ਚੁਣੌਤੀਆਂ - ਰਾਮਚੰਦਰ ਗੁਹਾ
ਹਰੇਕ ਆਮ ਚੋਣ ਨਿਵੇਕਲੀ ਤੇ ਵਿਲੱਖਣ ਹੁੰਦੀ ਹੈ, ਪਰ ਤਾਂ ਵੀ ਘੱਟ ਹੀ ਵਿਸ਼ਲੇਸ਼ਕ ਹੋਣਗੇ ਜਿਹੜੇ ਇਕ ਚੋਣ ਦੀ ਦੂਜੀ ਨਾਲ ਤੁਲਨਾ ਦਾ ਵਿਰੋਧ ਕਰਨਗੇ। ਹੁਣੇ-ਹੁਣੇ ਹੋਈਆਂ ਚੋਣਾਂ 1971 ਦੀਆਂ ਚੋਣਾਂ ਵਰਗੀਆਂ ਹੀ ਜਾਪਦੀਆਂ ਹਨ। ਉਦੋਂ ਵੀ ਹੁਣ ਵਾਂਗ ਇਕ ਨਾਇਕਤਾਵਾਦੀ ਪਾਰਟੀ ਦੀ ਹਕੂਮਤ ਸੀ, ਅਜਿਹੀ ਪਾਰਟੀ ਜਿਸ ਦਾ ਭਾਰਤ ਦੇ ਵੱਡੇ ਹਿੱਸੇ ਉੱਤੇ ਪ੍ਰਭਾਵ ਸੀ। ਹੁਣ ਵਾਂਗ ਉਦੋਂ ਵਾਲੀ ਪਾਰਟੀ ਦਾ ਵੀ ਅਜਿਹੀਆਂ ਵੱਖ-ਵੱਖ ਪਾਰਟੀਆਂ ਵਿਰੋਧ ਕਰਦੀਆਂ ਸਨ ਜਿਨ੍ਹਾਂ ਦਾ ਅਸਰ ਕਾਫ਼ੀ ਸੀਮਤ ਤੇ ਕੁਝ ਸੂਬਿਆਂ ਤੱਕ ਮਹਿਦੂਦ ਸੀ। ਉਦੋਂ ਵੀ ਹੁਣ ਵਾਂਗ ਹੀ ਇਹ ਭਾਂਤ-ਸੁਭਾਂਤੀਆਂ ਵਿਰੋਧੀ ਪਾਰਟੀਆਂ ਵਿਚਾਰਧਾਰਾ ਅਤੇ ਸਮਾਜਿਕ ਬਣਤਰ ਦੇ ਆਧਾਰ ਉੱਤੇ ਵੰਡੀਆਂ ਹੋਈਆਂ, ਪਰ ਇਕ ਵੱਡੇ ਨਿਸ਼ਾਨੇ ਪ੍ਰਧਾਨ ਮੰਤਰੀ ਦਾ ਵਿਰੋਧ ਨੂੰ ਲੈ ਕੇ ਇਕਮੁੱਠ ਸਨ।
ਜਿਸ ਨਾਅਰੇ ਨੇ ਇੰਦਰਾ ਗਾਂਧੀ ਨੂੰ 1971 ਦੀਆਂ ਆਮ ਚੋਣਾਂ ਜਿਤਾਈਆਂ, ਉਹ ਅੱਜ ਵੀ ਯਾਦ ਕੀਤਾ ਜਾਂਦਾ ਹੈ। ਬਹੁਤਿਆਂ ਨੂੰ ਨਹੀਂ ਪਤਾ ਕਿ ਇਹ ਨਾਅਰਾ ਨਾ ਇੰਦਰਾ ਗਾਂਧੀ ਨੇ ਤੇ ਨਾ ਉਨ੍ਹਾਂ ਦੀ ਪਾਰਟੀ ਨੇ ਅਚਨਚੇਤੀ ਘੜਿਆ ਸੀ। ਸਗੋਂ ਇਹ ਉਸ ਨਾਅਰੇ ਦਾ ਜਵਾਬ ਸੀ ਜਿਹੜਾ ਉਨ੍ਹਾਂ ਦੇ ਵਿਰੋਧੀ ਮਹਾਂਗੱਠਜੋੜ ਨੇ ਆਪਣੀ ਮੁਹਿੰਮ ਦਾ ਧੁਰਾ ਬਣਾਉਣ ਲਈ ਘੜਿਆ ਸੀ। ਨਾਅਰਾ ਸੀ 'ਇੰਦਰਾ ਹਟਾਓ'। ਵਿਰੋਧੀ ਧਿਰ ਦਾ ਕਹਿਣਾ ਸੀ ਕਿ ਹਾਕਮ ਧਿਰ, ਸਰਕਾਰ ਤੇ ਮੁਲਕ ਵਿਚਲੀਆਂ ਸਾਰੀਆਂ ਗੜਬੜਾਂ ਲਈ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਨੇ ਆਪਣੇ ਉੱਤੇ ਸੇਧਿਤ ਇਸ ਨਾਅਰੇ ਦਾ ਜਵਾਬ ਇੰਝ ਦਿੱਤਾ : 'ਵੋਹ ਕਹਿਤੇ ਹੈਂ ਇੰਦਰਾ ਹਟਾਓ, ਮੈਂ ਕਹਿਤੀ ਹੂੰ ਗਰੀਬੀ ਹਟਾਓ'। ਇਹ ਅਜਿਹਾ ਤੀਰ ਸੀ ਜਿਹੜਾ ਐਨ ਨਿਸ਼ਾਨੇ ਉੱਤੇ ਲੱਗਾ ਤੇ ਕਾਂਗਰਸ ਪਾਰਟੀ 1971 ਦੀਆਂ ਚੋਣਾਂ ਫ਼ੈਸਲਕੁਨ ਢੰਗ ਨਾਲ ਜਿੱਤ ਗਈ।
ਸਾਲ 2014 ਵਿਚ ਨਰਿੰਦਰ ਮੋਦੀ ਇਕ ਵਿਦਰੋਹੀ ਵਾਂਗ ਚੋਣਾਂ ਲੜ ਰਹੇ ਸਨ ਤਾਂ ਉਨ੍ਹਾਂ ਕਈ ਦਿਲਕਸ਼ ਨਾਅਰੇ ਦਿੱਤੇ, ਜਿਵੇਂ 'ਸਬਕਾ ਸਾਥ, ਸਬਕਾ ਵਿਕਾਸ' ਅਤੇ 'ਅੱਛੇ ਦਿਨ'। 'ਗ਼ਰੀਬੀ ਹਟਾਓ' ਵਾਂਗ ਇਹ ਦੋਵੇਂ ਨਾਅਰੇ ਜ਼ਾਹਰਾ ਤੌਰ 'ਤੇ ਹਾਂ-ਪੱਖੀ ਸਨ। ਇਨ੍ਹਾਂ ਵਿਚ ਕਿਸੇ ਧਰਮ-ਜਾਤ ਦੇ ਭਿੰਨ-ਭੇਦ ਬਿਨਾਂ ਭਾਰਤੀ ਵੋਟਰਾਂ ਨਾਲ ਚੰਗੇ ਦਿਨਾਂ ਦਾ ਵਾਅਦਾ ਕੀਤਾ ਗਿਆ ਸੀ। ਨਰਿੰਦਰ ਮੋਦੀ ਨੇ 2019 ਵਿਚ ਇਕ ਪ੍ਰਧਾਨ ਮੰਤਰੀ ਵਜੋਂ ਚੋਣਾਂ ਲੜਦਿਆਂ ਕਿਹੜੇ ਨਾਅਰੇ ਆਪਣੇ ਆਪ ਅਤੇ ਬਿਨਾਂ ਕਿਸੇ ਪ੍ਰਭਾਵ ਤੋਂ ਦਿੱਤੇ? ਅਸੀਂ ਕਦੇ ਵੀ ਨਹੀਂ ਜਾਣ ਸਕਾਂਗੇ। ਸਾਲ 2018 ਦੇ ਦੂਜੇ ਅੱਧ ਤੋਂ ਹੀ ਵੱਖੋ-ਵੱਖ ਵਿਰੋਧੀ ਆਗੂਆਂ ਨੇ ਆਪਣੇ ਆਪ ਅਤੇ ਦੂਜਿਆਂ ਨਾਲ ਕੋਈ ਸਲਾਹ ਕੀਤੇ ਬਿਨਾਂ ਫ਼ੈਸਲਾ ਕਰ ਲਿਆ ਕਿ ਉਨ੍ਹਾਂ ਦੀ ਮੁਹਿੰਮ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਉੱਤੇ ਕੇਂਦਰਿਤ ਹੋਵੇਗੀ। ਇਸ ਤਰ੍ਹਾਂ ਮਮਤਾ ਬੈਨਰਜੀ, ਚੰਦਰਬਾਬੂ ਨਾਇਡੂ, ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਆਦਿ ਸਭ ਨੇ ਵਾਰ-ਵਾਰ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ। ਕੁਝ ਨੇ ਉਨ੍ਹਾਂ ਉੱਤੇ ਤਾਨਾਸ਼ਾਹੀ ਦਾ ਦੋਸ਼ ਲਾਇਆ ਤੇ ਕੁਝ ਹੋਰਨਾਂ ਨੇ ਭ੍ਰਿਸ਼ਟ ਅਤੇ ਕੁਝ ਨੇ ਤਾਨਾਸ਼ਾਹ ਤੇ ਭ੍ਰਿਸ਼ਟ ਦੋਵੇਂ ਕਰਾਰ ਦਿੱਤਾ। ਸਭਨਾਂ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ ਕਿ ਨਰਿੰਦਰ ਮੋਦੀ (ਨਾ ਕਿ ਭਾਜਪਾ ਤੇ ਐਨਡੀਏ) ਨੂੰ ਹਟਾਇਆ ਜਾਵੇ।
ਵਿਰੋਧੀ ਧਿਰ ਦੀ 2019 ਦੀ ਸਾਰੀ ਮੁਹਿੰਮ 'ਮੋਦੀ ਹਟਾਓ' ਦੀ ਸੋਚ ਦੁਆਲੇ ਘੁੰਮਦੀ ਸੀ। ਇਸ ਪੱਖੋਂ ਇਹ ਵਿਰੋਧੀ ਧਿਰ ਦੀ 1971 ਵਾਲੀ ਮੁਹਿੰਮ ਨਾਲ ਮੇਲ ਖਾਂਦੀ ਹੈ। ਜੇ ਪੁਲਵਾਮਾ ਅਤਿਵਾਦੀ ਹਮਲਾ ਨਾ ਹੋਇਆ ਹੁੰਦਾ ਤਾਂ ਇਹ ਕਿੰਝ ਕੰਮ ਕਰਦੀ ਆਖਿਆ ਨਹੀਂ ਜਾ ਸਕਦਾ। ਪਰ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਚੁਣੌਤੀ ਨੂੰ ਸਵੀਕਾਰਨ ਅਤੇ ਇਸ ਨੂੰ ਆਪਣੇ ਉੱਤੇ ਰਾਇਸ਼ੁਮਾਰੀ ਵਜੋਂ ਲੈਣ ਦਾ ਫ਼ੈਸਲਾ ਕੀਤਾ। ਇੰਦਰਾ ਗਾਂਧੀ ਵਾਂਗ ਉਨ੍ਹਾਂ ਗ਼ਰੀਬੀ ਹਟਾਉਣ ਦਾ ਨਹੀਂ ਸਗੋਂ ਮੁਲਕ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕੋਈ ਦਿਲਕਸ਼ ਨਾਅਰਾ ਤਾਂ ਨਹੀਂ ਦਿੱਤਾ, ਪਰ ਉਨ੍ਹਾਂ ਦੀ ਮੁਹਿੰਮ ਦਾ ਦਾਰੋਮਦਾਰ ਇਸੇ ਉੱਤੇ ਸੀ ਕਿ 'ਵੋਹ ਕਹਿਤੇ ਹੈਂ ਮੋਦੀ ਹਟਾਓ, ਮੈਂ ਕਹਿਤਾ ਹੂ ਦੇਸ਼ ਕੋ ਮਜ਼ਬੂਤ ਔਰ ਸੁਰਕਸ਼ਿਤ ਬਨਾਓ'।
ਮੋਦੀ ਖ਼ੁਦ ਦਿਲੋਂ ਚਾਹੁੰਦੇ ਸਨ ਕਿ 2019 ਦੀ ਮੁਹਿੰਮ ਉਨ੍ਹਾਂ ਦੁਆਲੇ ਘੁੰਮੇ। ਇਸੇ ਕਾਰਨ ਉਹ ਪਹਿਲਾਂ ਹਕੂਮਤ ਦੀ ਹਰੇਕ ਪ੍ਰਕਿਰਿਆ ਨੂੰ ਵਿਅਕਤੀਗਤ ਬਣਾਉਣ ਲਈ ਜੁਟੇ ਹੋਏ ਸਨ। ਸਰਕਾਰ ਦੇ ਸਾਰੇ ਇਸ਼ਤਿਹਾਰ ਹਕੂਮਤ ਦੇ ਹਰੇਕ ਕੰਮ ਨੂੰ ਪ੍ਰਧਾਨ ਮੰਤਰੀ ਦੀ ਕਿਰਪਾ ਵਜੋਂ ਦਿਖਾ ਰਹੇ ਸਨ। ਭਾਜਪਾ ਵਰਕਰਾਂ ਨੇ ਅਜਿਹੇ ਕਦਮਾਂ ਨੂੰ ਵੋਟਰਾਂ ਵਿਚ ਮੋਦੀ ਦੇ ਨਿੱਜੀ ਤੋਹਫ਼ਿਆਂ ਵਜੋਂ ਪ੍ਰਚਾਰਿਆ। ਪਿੰਡ ਦੀ ਕਿਸੇ ਔਰਤ ਨੂੰ ਜੇ ਸਬਸਿਡੀ ਵਾਲਾ ਗੈਸ ਸਿਲੰਡਰ ਮਿਲਿਆ ਤਾਂ ਇਹ ਮੋਦੀ ਦੀ ਮਿਹਰਬਾਨੀ ਸੀ। ਜੇ ਕਿਸਾਨ ਨੂੰ ਕਰਜ਼ ਮਿਲ ਗਿਆ ਤਾਂ ਇਹ ਵੀ ਸ੍ਰੀ ਮੋਦੀ ਨੇ ਹੀ ਨਿੱਜੀ ਤੌਰ 'ਤੇ ਯਕੀਨੀ ਬਣਾਇਆ ਸੀ। ਜੇ ਕਿਸੇ ਸਕੂਲ ਨੂੰ ਬਲੈਕ ਬੋਰਡ ਮਿਲ ਗਿਆ ਤਾਂ ਇਹ ਵੀ ਮੋਦੀ ਦਾ ਹੀ ਪਰਉਪਕਾਰ ਸੀ। ਇੰਨਾ ਹੀ ਨਹੀਂ, ਜੇ ਬ੍ਰਹਮਪੁੱਤਰ ਦਰਿਆ ਉੱਤੇ ਪੁਲ਼ ਬਣ ਗਿਆ, ਜਿਸ ਨੂੰ ਬਣਦਿਆਂ ਕਈ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਲੰਘ ਗਏ ਅਤੇ ਜੋ ਦਰਜਨਾਂ ਇੰਜੀਨੀਅਰਾਂ ਤੇ ਹਜ਼ਾਰਾਂ ਉਸਾਰੀ ਕਾਮਿਆਂ ਦੀ ਮਿਹਨਤ ਦਾ ਸਿੱਟਾ ਸੀ, ਤਾਂ ਉਸ ਲਈ ਵੀ ਸਰਕਾਰ ਅਤੇ ਪਾਰਟੀ ਦੋਵਾਂ ਦੇ ਪ੍ਰਚਾਰ ਢਾਂਚੇ ਨੇ ਇਹੋ ਯਕੀਨੀ ਬਣਾਇਆ ਕਿ ਇਹ ਸ੍ਰੀ ਮੋਦੀ ਦਾ ਕੀਤਾ ਕੰਮ ਹੀ ਦਿਖਾਈ ਦੇਵੇ।
ਪਿਛਲੀਆਂ ਸਰਕਾਰਾਂ ਦੋਵਾਂ ਕਾਂਗਰਸ ਤੇ ਭਾਜਪਾ ਦੀਆਂ ਨੇ ਵੀ ਅਨੇਕਾਂ ਭਲਾਈ ਯੋਜਨਾਵਾਂ ਲਿਆਂਦੀਆਂ ਸਨ, ਪਰ ਇਨ੍ਹਾਂ ਨੂੰ ਸਰਕਾਰ ਜਾਂ ਕਿਸੇ ਖ਼ਾਸ ਪਾਰਟੀ ਦੇ ਸਾਂਝੇ ਕੰਮ ਵਜੋਂ ਦੇਖਿਆ ਜਾਂਦਾ ਸੀ। ਲੋਕ ਭਲਾਈ ਦੇ ਹਰੇਕ ਕੰਮ ਨੂੰ ਇਕੋ ਇਕ ਵਿਅਕਤੀ ਭਾਵ ਨਰਿੰਦਰ ਮੋਦੀ ਦੀ ਕਿਰਪਾ ਕਰਾਰ ਦੇਣਾ, ਅਦਭੁੱਤ ਤੇ ਪੱਖਪਾਤੀ ਸੀ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਬਾਲਾਕੋਟ ਹਵਾਈ ਹਮਲੇ ਪਿੱਛੋਂ ਤਾਂ ਪ੍ਰਧਾਨ ਮੰਤਰੀ ਵਾਲੇ ਪਾਸਿਉਂ ਮੁਹਿੰਮ ਬਿਲਕੁਲ ਹੀ ਵਿਅਕਤੀ ਆਧਾਰਿਤ ਬਣ ਗਈ। ਮੋਦੀ ਨੇ ਰਾਹੁਲ ਗਾਂਧੀ ਦੇ ਨਾਅਰੇ 'ਚੌਕੀਦਾਰ ਚੋਰ ਹੈ' ਦਾ ਮੋੜਵਾਂ ਜਵਾਬ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਹਾਂ ਉਹ ਸੱਚਮੁੱਚ ਚੌਕੀਦਾਰ ਹੈ, ਪਰ ਦੇਸ਼ ਦੇ ਹੱਕ ਵਿਚ। ਉਨ੍ਹਾਂ ਇਹ ਗੱਲ ਕੀਤੀ ਕਿ ਪਾਕਿਸਤਾਨ ਤੋਂ ਕਿਵੇਂ ਉਹ ਤੇ ਸਿਰਫ਼ ਉਹ ਚਿੰਤਤ ਹਨ। ਉਨ੍ਹਾਂ ਵਿਰੋਧੀ ਆਗੂਆਂ ਨੂੰ ਕਮਜ਼ੋਰ ਤੇ ਦੁਸ਼ਮਣ ਦੇ ਏਜੰਟ ਤੱਕ ਆਖਿਆ। ਪ੍ਰਧਾਨ ਮੰਤਰੀ ਦਾ ਲੋਕਾਂ ਨੂੰ ਕਹਿਣਾ ਸੀ ਕਿ ਤੁਸੀਂ ਕਮਲ ਦਾ ਬਟਨ ਦਬਾਓ, ਵੋਟ ਸਿੱਧੀ ਮੈਨੂੰ ਮਿਲੇਗੀ। ਲੋਕ ਸਭਾ ਲਈ ਭਾਜਪਾ ਦੇ ਉਮੀਦਵਾਰਾਂ ਦੀ ਜ਼ਾਤੀ ਹੈਸੀਅਤ ਕੱਖ ਵੀ ਨਹੀਂ ਸੀ।
ਜਦੋਂ 1971 ਵਿਚ ਗ਼ਰੀਬੀ ਦੇ ਖ਼ਾਤਮੇ ਦੀ ਗੱਲ ਆਈ ਤਾਂ ਵੋਟਰਾਂ ਨੇ ਵਿਰੋਧੀਆਂ ਨਾਲੋਂ ਇੰਦਰਾ ਗਾਂਧੀ ਉੱਤੇ ਭਰੋਸਾ ਕੀਤਾ, ਕਿਉਂਕਿ ਉਨ੍ਹਾਂ ਥੋੜ੍ਹਾ ਚਿਰ ਪਹਿਲਾਂ ਹੀ ਰਿਆਸਤੀ ਰਾਜਿਆਂ ਦੇ ਅਧਿਕਾਰ ਖ਼ਤਮ ਕੀਤੇ ਸਨ ਅਤੇ ਬੈਂਕਾਂ ਦਾ ਕੌਮੀਕਰਨ ਕੀਤਾ ਸੀ ਜਦੋਂਕਿ ਉਨ੍ਹਾਂ ਦੇ ਵਿਰੋਧੀ ਰਾਜਿਆਂ ਦੇ ਕਰੀਬੀ ਅਤੇ ਸਰਮਾਏਦਾਰਾਂ ਦੇ ਪ੍ਰਸ਼ੰਸਕ ਸਨ। ਇਸੇ ਤਰ੍ਹਾਂ 2019 ਵਿਚ ਜਦੋਂ ਗੱਲ ਕੌਮੀ ਸਲਾਮਤੀ ਦੀ ਆਈ ਤਾਂ ਵੋਟਰਾਂ ਨੇ ਵਿਰੋਧੀਆਂ ਨਾਲੋਂ ਮੋਦੀ ਉੱਤੇ ਭਰੋਸਾ ਕੀਤਾ। ਦੋਵਾਂ ਮਾਮਲਿਆਂ ਵਿਚ ਵਿਰੋਧੀ ਧਿਰ ਵੱਲੋਂ ਚੋਣਾਂ ਦਾ ਕੀਤਾ ਗਿਆ ਵਿਅਕਤੀਕਰਨ ਹਾਕਮ ਪਾਰਟੀ ਨੂੰ ਹੀ ਰਾਸ ਆਇਆ। ਭਾਜਪਾ ਨੇ ਆਪਣੇ ਪ੍ਰਚਾਰ ਵਿਚ ਇਕ ਹੀ ਰੱਟ ਲਾਈ ਹੋਈ ਸੀ ਮੋਦੀ, ਮੋਦੀ, ਮੋਦੀ। ਇਹ ਦਾਅਵਾ ਕਿ ਬਾਹਰੀ ਦੁਸ਼ਮਣ ਤੋਂ ਸਿਰਫ਼ ਪ੍ਰਧਾਨ ਮੰਤਰੀ ਹੀ ਦੇਸ਼ ਨੂੰ ਬਚਾ ਸਕਦਾ ਹੈ, ਇਸ ਦਾ ਧੁਰਾ ਸੀ। ਇਕ ਹੋਰ ਦਾਅਵਾ ਵਧੇਰੇ ਘਾਤਕ ਤੇ ਲੁਕਵੇਂ ਢੰਗ ਨਾਲ ਕੀਤਾ ਜਾ ਰਿਹਾ ਸੀ ਕਿ ਸਿਰਫ਼ ਮੋਦੀ ਹੀ ਹਿੰਦੂ ਗੌਰਵ ਨੂੰ ਵਧਾ ਅਤੇ ਦੁਸ਼ਮਣਾਂ ਤੋਂ ਹਿੰਦੂ ਹਿੱਤਾਂ ਦੀ ਰਾਖੀ ਕਰ ਸਕਦੇ ਹਨ, ਭਾਵੇਂ ਦੁਸ਼ਮਣ ਪਾਕਿਸਤਾਨ ਹੋਵੇ ਜਾਂ ਮੁਸਲਮਾਨ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਮੋਟੇ ਤੌਰ 'ਤੇ ਇਹ ਤਿੰਨ ਸਿੱਟੇ ਕੱਢੇ ਜਾ ਸਕਦੇ ਹਨ। ਪਹਿਲਾ, ਇਸ ਨੇ ਉਸ ਗੱਲ ਨੂੰ ਸਾਬਤ ਕਰ ਦਿੱਤਾ ਜੋ ਮੈਂ 2017 ਵਿਚ ਆਪਣੀ ਕਿਤਾਬ 'ਇੰਡੀਆ ਆਫ਼ਟਰ ਗਾਂਧੀ' (ਗਾਂਧੀ ਤੋਂ ਬਾਅਦ ਭਾਰਤ) ਦੇ ਦੂਜੇ ਐਡੀਸ਼ਨ ਵਿਚ ਲਿਖੀ ਸੀ: ''ਅੱਜ ਭਾਜਪਾ ਦੇਸ਼ ਦੀ ਇਕੋ-ਇਕ ਕੌਮੀ ਪਾਰਟੀ ਹੈ ਜਿਸ ਦੀ ਬਹੁਗਿਣਤੀ ਸੂਬਿਆਂ ਤੇ ਕੇਂਦਰੀ ਪ੍ਰਦੇਸ਼ਾਂ ਵਿਚ ਭਰਵੀਂ ਮੌਜੂਦਗੀ ਹੈ। ਇਹ ਅੱਜ ਉਸੇ ਤਰ੍ਹਾਂ ਦੀ ਕੌਮੀ ਸਿਆਸਤ ਹੈ, ਜਿਵੇਂ ਕਦੇ (1950 ਵਿਆਂ ਤੇ 1960ਵਿਆਂ ਦੌਰਾਨ) ਕਾਂਗਰਸ ਦੀ ਸਿਆਸਤ ਸੀ।''
ਦੂਜਾ ਸਿੱਟਾ ਇਹ ਕਿ ਭਾਰਤ ਤੇਜ਼ੀ ਨਾਲ ਹਿੰਦੂ ਮੁਲਕ ਬਣਦਾ ਜਾ ਰਿਹਾ ਹੈ। ਭਾਜਪਾ ਨੇ 2014 ਦੇ ਉਲਟ ਇਸ ਵਾਰ ਇਸ ਤੱਥ ਨੂੰ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ ਕਿ ਉਸ ਲਈ ਹਿੰਦੂ ਸਭ ਤੋਂ ਪਹਿਲਾਂ ਹਨ। ਇਹ ਗੱਲ ਹੋਰ ਤੱਥਾਂ ਦੇ ਨਾਲ ਨਾਲ, ਪਾਰਟੀ ਪ੍ਰਧਾਨ ਵੱਲੋਂ ਮੁਸਲਮਾਨਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ, ਪ੍ਰਗਿਆ ਠਾਕੁਰ ਵਰਗੇ ਕੱਟੜਪੰਥੀਆਂ ਨੂੰ ਉਮੀਦਵਾਰ ਬਣਾਏ ਜਾਣ ਅਤੇ ਖ਼ੁਦ ਪ੍ਰਧਾਨ ਮੰਤਰੀ ਵੱਲੋਂ ਕੇਦਾਰਨਾਥ ਵਿਚ ਆਪਣੀ ਧਾਰਮਿਕ ਪਛਾਣ ਦਾ ਦਿਖਾਵਾ ਕੀਤੇ ਜਾਣ ਤੋਂ ਜ਼ਾਹਰ ਹੋ ਜਾਂਦੀ ਹੈ। ਜ਼ਮੀਨੀ ਰਿਪੋਰਟਾਂ ਕਹਿੰਦੀਆਂ ਹਨ ਕਿ ਬਹੁਤ ਸਾਰੇ ਵੋਟਰਾਂ ਨੇ ਇਸੇ ਕਾਰਨ ਮੋਦੀ ਦੀ ਚੋਣ ਕੀਤੀ ਕਿ ਉਹ ਹਿੰਦੂ ਗੌਰਵ ਦੇ ਪ੍ਰਤੀਕ ਹਨ ਅਤੇ ਮੁਸਲਮਾਨਾਂ ਨੂੰ ਸਬਕ ਸਿਖਾਉਣਗੇ।
ਤੀਜਾ ਸਿੱਟਾ ਇਹ ਕਿ ਵੋਟਰਾਂ ਦੇ ਵੱਡੇ ਤਬਕੇ ਹੁਣ ਵਿਅਕਤੀ ਪੂਜਾ ਦੇ ਸ਼ਿਕਾਰ ਹੋ ਗਏ ਹਨ। ਸਵਾਲ ਇਹ ਹੈ ਕਿ ਕੀ ਸਮੁੱਚਾ ਦੇਸ਼ ਵੀ ਇਸੇ ਸੋਚ ਦਾ ਸ਼ਿਕਾਰ ਹੋ ਜਾਵੇਗਾ।
ਇਨ੍ਹਾਂ ਤਿੰਨ ਸਿੱਟਿਆਂ ਵਿਚੋਂ ਪਹਿਲੇ ਨੇ ਸਾਨੂੰ ਚਿੰਤਤ ਕਰਨਾ ਚਾਹੀਦਾ ਹੈ। ਪਾਰਟੀਆਂ ਬਣਦੀਆਂ ਹਨ, ਢਹਿੰਦੀਆਂ ਹਨ, ਵਧਦੀਆਂ ਹਨ ਤੇ ਖ਼ਤਮ ਹੁੰਦੀਆਂ ਹਨ। ਬਹੁਤ ਸੰਭਾਵਨਾ ਹੈ ਕਿ ਭਾਜਪਾ ਦਾ ਦਬਦਬਾ ਵੀ ਸਮਾਂ ਪੈ ਕੇ ਚਲਾ ਜਾਵੇ, ਜਿਵੇਂ ਕਾਂਗਰਸ ਦਾ ਗਿਆ ਹੈ। ਵਿਅਕਤੀ ਪੂਜਾ ਨੇ ਸਾਨੂੰ ਵੱਧ ਪ੍ਰੇਸ਼ਾਨ ਕਰਨਾ ਚਾਹੀਦਾ ਹੈ। ਹਾਲਾਂਕਿ ਦੇਸ਼ ਵਿਚ ਇਕ ਹੋਰ ਐਮਰਜੈਂਸੀ ਲਾਗੂ ਹੋਣ ਦੀ ਬਹੁਤੀ ਸੰਭਾਵਨਾ ਨਹੀਂ, ਪਰ ਇਸ ਦੀ ਬਹੁਤ ਸੰਭਾਵਨਾ ਹੈ ਕਿ 1971 ਵਿਚ ਇੰਦਰਾ ਗਾਂਧੀ ਵਾਂਗ ਹੀ ਨਰਿੰਦਰ ਮੋਦੀ ਵੀ ਇਨ੍ਹਾਂ ਚੋਣ ਨਤੀਜਿਆਂ ਨੂੰ ਆਪਣੇ ਲਈ ਮੁਕੰਮਲ ਤਸਦੀਕ ਵਜੋਂ ਦੇਖਣਗੇ। ਇਸ ਤਰ੍ਹਾਂ ਉਹ ਪਾਰਟੀ, ਸਰਕਾਰ ਅਤੇ ਦੇਸ਼ ਨੂੰ ਹੋਰ ਵੀ ਵੱਧ ਆਪਣੀ ਮਰਜ਼ੀ ਮੁਤਾਬਿਕ ਚਲਾਉਣਗੇ। ਤਾਂ ਵੀ ਆਖਿਆ ਜਾ ਸਕਦਾ ਹੈ ਕਿ ਭਾਵੇਂ ਸਿਆਸਤਦਾਨ ਹੋਣ ਜਾਂ ਸਿਆਸੀ ਪਾਰਟੀਆਂ, ਸੱਤਾ ਕਦੇ ਵੀ ਪੱਕੀ ਨਹੀਂ ਹੁੰਦੀ। ਮੋਦੀ ਦਾ ਦੌਰ ਵੀ ਇਕ ਦਿਨ ਉਵੇਂ ਹੀ ਮੁੱਕ ਜਾਵੇਗਾ, ਜਿਵੇਂ ਇੰਦਰਾ ਗਾਂਧੀ ਦਾ ਮੁੱਕ ਗਿਆ।
ਜਿਹੜੀ ਗੱਲ ਸਾਡੇ ਲਈ ਸਭ ਤੋਂ ਵੱਧ ਚਿੰਤਤ ਕਰਨ ਵਾਲੀ ਹੋਣੀ ਚਾਹੀਦੀ ਹੈ, ਉਹ ਹੈ ਭਾਰਤੀ ਗਣਰਾਜ ਨੂੰ ਹਿੰਦੂ ਰਾਸ਼ਟਰ ਦਾ ਰੂਪ ਦਿੱਤਾ ਜਾਣਾ। ਨਫ਼ਰਤ ਅਤੇ ਧਾਰਮਿਕ ਕੱਟੜਤਾ ਵਾਲੀਆਂ ਜਿਨ੍ਹਾਂ ਤਾਕਤਾਂ ਦਾ ਮੋਦੀ ਸਰਕਾਰ ਦੇ ਬੀਤੇ ਪੰਜ ਸਾਲਾਂ ਦੌਰਾਨ ਬੋਲਬਾਲਾ ਰਿਹਾ ਅਤੇ ਜਿਨ੍ਹਾਂ ਨੂੰ ਚੋਣ ਮੁਹਿੰਮ ਦੌਰਾਨ ਹੋਰ ਬਲ ਮਿਲਿਆ, ਉਹ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਡੂੰਘੀਆਂ ਜੜ੍ਹਾਂ ਬਣਾ ਚੁੱਕੀਆਂ ਹਨ। ਅਨੇਕਤਾਵਾਦ ਦੀਆਂ ਜਿਨ੍ਹਾਂ ਰਵਾਇਤਾਂ ਨੂੰ ਕੌਮ ਦੇ ਉਸਰੱਈਆਂ ਨੇ ਬਹੁਤ ਨਰਮਦਿਲੀ ਨਾਲ ਅੱਗੇ ਵਧਾਇਆ ਸੀ, ਕਦੇ ਵੀ ਇੰਨੀਆਂ ਕਮਜ਼ੋਰ ਨਹੀਂ ਸਨ ਹੋਈਆਂ। ਇਨ੍ਹਾਂ ਨੂੰ ਮੁੜ ਕਿੰਨਾ ਛੇਤੀ ਤੇ ਕਿੰਨੇ ਅਸਰਦਾਰ ਢੰਗ ਨਾਲ ਬਹਾਲ ਕੀਤਾ ਜਾਂਦਾ ਹੈ, ਸ਼ਾਇਦ ਇਸੇ ਉੱਤੇ ਗਣਰਾਜ ਦਾ ਭਵਿੱਖ ਮੁਨੱਸਰ ਕਰੇਗਾ।