ਯੋਗ ਪੰਚਾਇਤਾਂ ਦੀ ਚੋਣ ਜ਼ਰੂਰੀ - ਗੋਬਿੰਦਰ ਸਿੰਘ ਢੀਂਡਸਾ

ਭਾਰਤੀ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪਿੰਡ ਹਨ ਅਤੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੇ ਦਸਤਕ ਦੇ ਦਿੱਤੀ ਹੈ। ਇਹ ਪਿੰਡਾਂ ਦਾ ਦੁਖਾਂਤ ਹੈ ਕਿ ਪੰਚਾਇਤੀ ਚੋਣਾਂ ਹਮੇਸ਼ਾ ਪਾਰਟੀਬਾਜ਼ੀ, ਧੜੇਬਾਜ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਪਿੰਡਾਂ ਦੀਆਂ ਮੂਲ ਸਮੱਸਿਆਵਾਂ ਜਿਉਂ ਦੀ ਤਿਉਂ ਬਣੀਆ ਰਹਿੰਦੀਆਂ ਹਨ।ਅੱਜ ਵੀ ਬਹੁਤੇ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਹਨ।

ਪਾਰਟੀਬਾਜ਼ੀ ਅਤੇ ਧੜੇਬਾਜ਼ੀ ਨੇ ਪਿੰਡਾਂ ਵਿੱਚ ਅਜਿਹਾ ਪੀਹਣ ਪਾਇਆ ਹੋਇਆ ਹੈ ਕਿ ਬਹੁਤੇ ਯੋਗ ਲੋਕ ਤਾਂ ਪੰਚ, ਸਰਪੰਚੀ ਦੀ ਚੋਣ ਲੜਨ ਤੋਂ ਹੀ ਲਾਂਭੇ ਰਹਿੰਦੇ ਹਨ। ਸਮੇਂ ਸਮੇਂ ਤੇ ਵਾਪਰੀਆਂ ਜਾਂ ਵਾਪਰਦੀਆਂ ਹਿੰਸਕ ਘਟਨਾਵਾਂ ਇਹ ਤਸਦੀਕ ਕਰਦੀਆਂ ਹਨ ਕਿ ਚੋਣ ਲੜਨ ਲਈ ਯੋਗ ਵਾਤਾਵਰਣ ਨਾ ਮੁਹੱਈਆ ਕਰਾ ਸਕਣਾ ਵਿਵਸਥਾ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ।

ਸਵੱਸਥ ਸਮਾਜ ਸਿਰਜਣ ਅਤੇ ਸਮੇਂ ਦੇ ਹਾਣ ਲਈ ਪੜੀਆਂ ਲਿਖੀਆਂ ਨਸ਼ਾ ਮੁਕਤ ਪੰਚਾਇਤਾਂ ਦਾ ਹੋਣਾ ਲਾਜ਼ਮੀ ਹੈ, ਸੰਬੰਧਤ ਟੀਚੇ ਦੀ ਪ੍ਰਾਪਤੀ ਲਈ ਵਿਵਸਥਾ ਵੱਲੋਂ ਨਿਯਮਾਵਲੀ ਵਿੱਚ ਲੋਂੜੀਦੇ ਸੁਧਾਰ ਕਰਕੇ ਚੋਣਾਂ ਲਈ ਲਾਜ਼ਮੀ ਸਿੱਖਿਅਕ ਪੱਧਰ ਹੋਣ ਦੇ ਨਾਲ ਨਾਲ ਨਸ਼ੇ ਰਹਿਤ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।

ਪਿੰਡਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਜ਼ਰੂਰੀ ਹੈ ਕਿ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਜਾਵੇ ਅਤੇ ਪੰਚਾਂ ਸਰਪੰਚਾਂ ਲਈ ਨਿਸ਼ਚਿਤ ਯੋਗ ਤਨਖ਼ਾਹ ਜਾਂ ਮਾਣਭੱਤਾ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਪੰਚਾਇਤਾਂ ਪਿੰਡਾਂ ਨਾਲ ਸੰਬੰਧਤ ਕਾਰਜ ਵਿਹਾਰਾਂ ਨੂੰ ਢੁੱਕਵਾਂ ਸਮਾਂ ਦੇ ਸਕਣ।

ਪਿੰਡਾਂ ਦੇ ਸਮੁੱਚੇ ਵਿਕਾਸ ਲਈ ਲੋੜ ਹੈ ਪਿੰਡ ਵਾਸੀਆਂ ਦਾ ਪਾਰਟੀਬਾਜ਼ੀ ਅਤੇ ਧੜੇਬਾਜ਼ੀ ਤੋਂ ਉੱਪਰ ਉੱਠ ਕੇ, ਨਸ਼ੇ ਜਾਂ ਕਿਸੇ ਤਰ੍ਹਾਂ ਦੇ ਲੋਭ ਤੋਂ ਦੂਰੀ ਬਣਾ ਕੇ ਸੋਚਣਾ, ਮਤਦਾਨ ਕਰਨਾ ਅਤੇ ਯੋਗ ਪੰਚਾਂ, ਸਰਪੰਚਾਂ ਦਾ ਚੁਣਾਵ ਕਰਨਾ।


ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ L bardwal.gobinder@gmail.com