ਗੁਰਬਾਣੀ ਤੋਂ ਸੱਖਣੇ ਬਾਬੇ ਇਕਬਾਲ ਸਿੰਘ ਦੇ ਮਨਘੜਤ ਗੱਪ - ਗੁਰਚਰਨ ਸਿੰਘ ਜਿਉਣਵਾਲਾ
ਅਸਲ ਵਿਚ ਰੰਗ ਦੀ ਤਾਂ ਕੋਈ ਗੱਲ ਹੀ ਨਹੀਂ। ਬਾਣੀ ਵਿਚ ਤਾਂ ਸਾਰਿਆਂ ਰੰਗਾਂ ਨੂੰ ਹੀ ਪ੍ਰਮਾਤਮਾ ਦੇ ਰੰਗ ਮੰਨਿਆ ਗਿਆ ਹੈ ਤਾਂ ਫਿਰ ਲਾਲ ਰੰਗ ਕਿਉਂ ਮਾੜਾ ਹੋਇਆ? ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਪੰਨਾ 134। ਬਾਬਿਆਂ ਦੀ ਬਿਰਤੀ ਨੂੰ ਸਮਝਣ ਲਈ ਸਾਨੂੰ ਥੋੜਾ ਇਤਹਾਸ ਨੂੰ ਫਰੋਲਣਾ ਪਏਗਾ। ਜਿਵੇਂ ਟਕਸਾਲੀਆਂ ਨੇ ਡੇਢ ਇੰਚ ਦਾ ਚੌੜਾ ਗਾਤਰਾ ਅਤੇ ਛਿਕੂ ਜਿਹਾ ਬਣਾ ਕੇ ਗੋਲ ਪੱਗ ਬੰਨੀ ਤੇ ਟਕੇਸਾਲੀ ਬਣ ਗਏ, ਕੰਨਾਂ ਵਿਚੋਂ ਮੈਲ ਕੱਢਣ ਵਾਲਿਆਂ ਵਰਗੀ ਪੱਗ ਬੰਨੀ ਤੇ ਰਾਮ ਸਿੰਘ ਕੂਕੇ ਦੇ ਚੇਲੇ ਨਾਮਧਾਰੀਏ ਬਣ ਗਏ ਇਵੇਂ ਹੀ ਸਰਬ ਲੋਹ ਦੇ ਬਰਤਨ ਵਰਤਣ ਲੱਗ ਪਏ ਤਾਂ ਅਖੰਡ-ਕੀਰਤਨਈਏ ਬਣ ਗਏ। ਦੇਖੋ! ਪੜਾਈ ਲਿਖਾਈ ਤੋਂ ਬਿਲਕੁਲ ਕੋਰੇ ਕਿਵੇਂ ਵੱਖਰੇ ਵੱਖਰੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਨ। ਠੀਕ ਇਸੇ ਤਰ੍ਹਾਂ ਹੀ ਇਹ ਬਾਬਾ ਜਿਹੜਾ ਆਪ ਗੁਰਮਤਿ ਤੋਂ ਕੋਰਾ ਹੈ ਬਾਕੀ ਬਚਿਆਂ ਨੂੰ ਰੰਗਾਂ ਦੀ ਮਾਰ ‘ਚ ਮਾਰ ਕੇ ਵੰਡਣ ਦਾ ਕੰਮ ਕਰ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀ ਕਿ ਮੇਰੀ ਲਾਲ ਪੱਗ ਤੇ ਕੋਈ ਇਸਤ੍ਰੀ ਮੋਹਤ ਹੋ ਸਕਦੀ ਹੈ? ਕੀ ਗੁਰੂ ਜੀ ਗੁਰਬਾਣੀ ਸਿਧਾਂਤ ਤੋਂ ਨਾਵਾਕਿਫ ਸਨ?
ਇਕਬਾਲ ਸਿੰਘ (ਬਾਬਾ), ਬਰੈਕਟ ਵਿਚ ਬਾਬਾ ਮੈਂ ਇਨ੍ਹਾਂ ਦੀ ਕਿਤਾਬ ਤੋਂ ਨਕਲ ਕੀਤਾ ਹੈ ਵੈਸੇ ਹੈ ਇਹ ਗਲਤ, ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਸ ਵਿਚ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਇਕ ਕਹਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਖ ਰਹੇ ਹਨ ਕਿ ਇਕ ਦਿਨ ਇਕ ਬੀਬੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਲਾਲ ਰੰਗ ਦੀ ਪੱਗ ਬੰਨੀ ਵੇਖ ਕੇ ਮੋਹਿਤ ਹੋ ਗਈ। ਇਸ ਕਰਕੇ ਗੁਰੂ ਜੀ ਨੇ ਉਸ ਦਿਨ ਤੋਂ ਸਿੱਖਾਂ ਨੂੰ ਲਾਲ ਰੰਗ ਦੀ ਪੱਗ ਬੰਨਣ ਦੀ ਮਨਾਹੀ ਕਰ ਦਿੱਤੀ। ਬੋਲੋ ਜੀ! ਵਾਖਰੂ । ਮੈਨੂੰ ਇੰਞ ਲੱਗਦਾ ਹੈ ਕਿ ਬਾਬਾ ਇਕਬਾਲ ਸਿੰਘ ਜੀ ਨੇ ਦਸਮ ਗ੍ਰੰਥ ਵਾਲੀ ਅਨੂਪ ਕੁਆਰਿ ਵਾਲੀ ਕਹਾਣੀ ਤੋਂ ਕੋਈ ਉਪਦੇਸ਼ ਲਿਆ ਲੱਗਦਾ ਹੈ।
ਬਾਬਾ ਜੀ ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿਚ ਕਿਹੜੇ ਰੰਗ ਨੂੰ ਪੱਕਾ ਜਾਂ ਸਦਾ ਰਹਿਣ ਵਾਲਾ ਕਿਹਾ ਗਿਆ ਹੈ ਤੇ ਕਿਹੜੇ ਰੰਗ ਨੂੰ “ਥੋੜੜਿਆ ਦਿਨ ਚਾਰਿ ਜੀਉ” ਕਿਹਾ ਗਿਆ ਹੈ। ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਪੰਨਾ 54॥ ਬਾਬਾ ਜੀ! ਮਜੀਠ ਦਾ ਰੰਗ ਪੱਕਾ ਹੁੰਦਾ ਹੈ ਤੇ ਗਾੜਾ ਲਾਲ ਅਤੇ ਇਸ ਦੇ ਉਲਟ, “ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ” ਕਸੁੰਭ ਦੇ ਫੁੱਲ ਨੂੰ ਛੇਤੀ ਖਤਮ ਹੋਣ ਵਾਲਾ ਲਿਖਿਆ ਹੈ। ਅੱਗੇ ਚੱਲ ਕੇ ਗੁਰਬਾਣੀ ਮੁਤਾਬਕ ਦੇਖਾਂਗੇ ਕੇ ਜਿਸ ਨੂੰ ਗੁਰਬਾਣੀ ਦੀ ਵੀਚਾਰਧਾਰਾ ਦਾ ਰੰਗ ਚੜ੍ਹ ਗਿਆ ਉਸ ਨੂੰ ਲਾਲੋ ਲਾਲ ਹੀ ਕਿਹਾ ਗਿਆ ਹੈ ਅਤੇ ਗੁਰਬਾਣੀ ਦੇ ਰੱਬ ਦਾ ਰੰਗ ਵੀ ਲਾਲੋ ਲਾਲ ਹੈ। ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥੧॥ {ਪੰਨਾ 786} ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਪੰਨਾ 977। ਜਿੱਥੇ ਪ੍ਰਮਾਤਮਾ ਵੱਸਦਾ ਹੈ ਉਸ ਨੂੰ ਉਹ ਆਪ ਸਵਾਰ ਲੈਂਦਾ ਹੈ। ਉਸਦਾ ਆਪਣਾ ਅਤੇ ਵਸੇਬੇ ਵਾਲੇ ਮਹਿਲ ਦਾ ਰੰਗ ਲਾਲ ਹੀ ਲਾਲ ਹੈ।
ਸਲੋਕੁ ਮਃ ੧ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ ਪੰਨਾ 1089। ਇਨ੍ਹਾਂ ਪੰਗਤੀ ਵਿਚ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਗੁਰੂ ਨਾਨਕ ਪਿਤਾ ਕਹਿੰਦੇ ਹਨ ਕਿ ‘ਸਚੁ’ ਬਨਾਰਸੀ ਦਾਸਾਂ ਵਾਂਗ ਭਗਵਾਂ ਵੀ ਨਹੀਂ ਤੇ ਨਾ ਹੀ ਉਹ ਮੈਲਾ ਅਤੇ ਨਾ ਹੀ ਕੱਚਾ ਹੁੰਦਾ ਹੈ। ਬਸ ਉਹ ਲਾਲ ਹੀ ਲਾਲ ਹੈ।
ਸਾਰਗ ਮਹਲਾ ੫ ॥ ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ {ਪੰਨਾ 1231}
ਮਨ ਨੂੰ ਮੋਹਨ ਵਾਲਾ ਮੋਹਨ/ ਗੋਪਾਲ ਤੂੰ ਲਾਲ ਹੈਂ। ਤੂੰ ਹੀ ਕੀੜੇ ਮਕੌੜਿਆਂ ਅਤੇ ਹਾਥੀਆਂ ਨੂੰ, ਪੱਥਰਾਂ ਵਿਚ ਪਏ ਜੀਵਾਂ ਜੰਤਾਂ ਨੂੰ ਅਤੇ ਬਾਕੀ ਹੋਰ ਸਾਰੇ ਜੀਵਾਂ ਨੂੰ ਪਾਲਦਾ ਹੈ॥ ਰਹਾਉ॥ ਤੂੰ ਦੂਰ ਵੀ ਨਹੀਂ ਬਿਲਕੁਲ ਸਾਥ ਹੀ ਹੈਂ, ਅਤੀ ਸੁੰਦਰ ਹੈਂ, ਤੈਨੂੰ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਕੋਈ ਜਾਤੀ ਜਾਂ ਕੁਲ ਨਹੀਂ ਪਰ ਹੈਂ ਤੂੰ ਕਿਰਪਾਲੂ।
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥ ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥{ਪੰਨਾ 1323}।
ਪ੍ਰਮਾਤਮਾ ਨੂੰ ਲਾਲਨ ਕਰਕੇ ਸੰਬੋਧਨ ਕੀਤਾ ਹੈ ਤੇ ਉਸਦਾ ਰੰਗ ਵੀ ਲਾਲ ਹੈ। ਹੁਣ ਆਪਾਂ ਆਪਣੇ ਪ੍ਰਮਾਤਮਾ ਨੂੰ ਆਪਣਾ ਮਨ ਰੰਗਣ ਵਾਸਤੇ ਦੇਣਾ ਹੈ। ਜਦੋ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ ਤਾਂ ਉਸ ਨੂੰ ਆਪਾਂ ਚੁਸਕੀਆਂ ਲੈ ਲੈ ਕੇ ਪੀ ਸਕਦੇ ਹਾਂ।
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}
ਐ ਬੰਦੇ! ਜਦੋਂ ਤੂੰ ਆਪਣੇ ਆਪੇ ਵਿਚੋਂ ਮੇਰੀ ਮੇਰੀ ਨੂੰ ਮਾਰ ਕੇ ਸੱਭ ਦਾ ਬਣ ਗਿਆ ਤਾਂ ਸਮਝ ਕੇ ਪ੍ਰਮਾਤਮਾ ਨੂੰ ਪਾਉਣ ਲਈ ਤੇਰੀ ਤਕਦੀਰ ਜਾਗ ਪਈ ਹੈ। ਜਦੋਂ ਤੇਰੇ ਵਿਚ ਇਹ ਇੱਛਾ ਪੈਦਾ ਹੋ ਗਈ ਤਾਂ ਫਿਰ ਪ੍ਰਮਾਤਮਾ ਨੇ ਤੇਰੇ ਗੁਣ ਅਤੇ ਅਗੁਣ ਨਹੀਂ ਵੀਚਾਰਨੇ ਬਸ ਸਮਝ ਕੇ ਤੇਰੀ ਬਾਂਹ ਪਕੜ ਕੇ ਠਾਕੁਰ ਨੇ ਤੈਨੂੰ ਆਪਣਾ ਬਣ ਲਿਆ ਹੈ। ਜਦੋਂ ਤੂੰ ਗੁਣਾਂ ਦਾ ਹਾਰ ਪਰੋ ਲਿਆ ਤਾਂ ਸਮਝ ਕੇ ਤੇਰੇ ਤੇ ਪ੍ਰਮਾਤਮਾ ਵਾਲਾ ਲਾਲ ਰੰਗ ਚੜ੍ਹ ਗਿਆ ਹੈ ਅਤੇ ਸਾਰਾ ਕੁਛ ਸੋਹਣਾ ਲੱਗਣ ਲੱਗ ਪਿਆ ਹੈ। ਓਹੋ ਇਸਤ੍ਰੀ ਹੀ ਸੋਹਾਗਣ ਹੈ ਜਿਸ ਨੇ ਆਪਣੇ ਪਤੀ ਪ੍ਰਮਾਤਮਾ ਨੂੰ ਮਨ ਵਿਚ ਵਸਾ ਲਿਆ ਹੈ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ {ਪੰਨਾ 767}
ਪਰ ਬਾਬਾ ਜੀ ਤੁਹਾਡੀ ਹਾਲਤ ਤਾਂ ਉਪਰ ਵਾਲੀਆਂ ਪੰਗਤੀਆ ਵਾਲੀ ਹੈ। ਤੁਸੀਂ ਆਪ ਅੰਧੇ ਹੋ ਤੇ ਅਸਲ ਰਸਤੇ ਨੂੰ ਕਿਵੇਂ ਪਛਾਂਣੋਗੇ? ਤੁਸੀਂ ਤਾਂ ਆਪ ਦਿੱਲੀ ਵਾਲੇ ਗੈਂਗ ਤੋਂ ਠੱਗੇ ਗਏ ਹੋ ਅਤੇ ਮੱਤ ਹੋਛੀ ਹੋ ਗਈ ਹੈ ਇਸ ਕਰਕੇ ਤੁਹਾਨੂੰ ਅਸਲੀ ਰਸਤੇ ਦੀ ਪਛਾਣ ਹੀ ਨਹੀਂ। ਕਿਉਂਕਿ ਤੁਹਾਡੀ ਮੱਤ ਹੀ ਅੰਨੀ ਹੋ ਗਈ ਹੈ ਇਸ ਕਰਕੇ ਨਾ ਤੁਸੀਂ ਅਸਲੀ ਰਸਤੇ ਤੇ ਤੁਰ ਸਕਦੇ ਹੋ ਤੇ ਨਾ ਹੀ ਅਸਲ ਠਿਕਾਣਾ ਪਾ ਸਕਦੇ ਹੋ। ਕਿਉਂਕਿ ਤੁਸੀਂ ਸੱਚ ਨਾਲੋ ਟੁੱਟੇ ਹੋਏ ਹੋ ਇਸ ਕਰਕੇ ਅੱਗੇ ਦੀ ਅੱਗੇ ਠੱਗੀਦੇ ਹੀ ਜਾਓਗੇ।
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ {ਪੰਨਾ 766}
ਬਾਬਾ ਜੀ ਜੇਕਰ ਤੁਸੀਂ ਆਪ ਗੁਰੂ ਵਾਲੇ ਬਣੇ ਹੋਏ ਹੁੰਦੇ ਤਾਂ ਤੁਹਾਨੂੰ ਸਰਕਾਰੇ ਦਰਬਾਰੇ { ਪਰ ਘਰ ਜਾਹੀ} ਸ਼ਿਫਰਸ਼ਾਂ ਲਾ ਕੇ ਕੰਮ ਕਰਵਾਉਣ ਦੀ ਲੋੜ ਹੀ ਨਾ ਪੈਂਦੀ। ਜਿਹੜੇ ਸੱਚ ਵਿਚ ਰੰਗੇ ਜਾਂਦੇ ਹਨ ਉਹ ਕਿਸੇ ਹੋਰ ਰੰਗ ਵਿਚ ਰੰਗੇ ਜਾਣ ਤੋਂ ਸੰਗਦੇ ਹਨ। ਮਤਲਬ ਕਿਸੇ ਹੋਰ ਦੇ ਨੇੜੇ ਵੀ ਨਹੀਂ ਜਾਂਦੇ।
ਪੰਜਾਬੀ ਭਰਾਵੋ! ਇਹ ਨਾ ਸੋਚੋ ਕਿ ਇਹ ਚਿੱਟ-ਕਪੜੀਏ ਤੁਹਾਡਾ ਕੁੱਝ ਸਵਾਰਨਗੇ। ਇਹ ਲੋਕ ਤਾਂ ਨਿਰੇ ਕੂੜ-ਕਪਟ ਨਾਲ ਭਰੇ ਹੋਏ ਸੁਧੇ ਠੱਗ ਹਨ। ਬਸ ਬਾਬਾ ਫਰੀਦ ਜੀ ਫਰਮਾਉਂਦੇ ਹਨ “ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ {ਪੰਨਾ 1382}” ਆਪਾਂ ਆਪਣਾ ਆਪ ਸਵਾਰ ਲਈਏ ਤਾਂ ਸਮਝੋ ਰੱਬ ਪਾ ਲਿਆ ਹੈ ਤੇ ਸਾਰਾ ਸੰਸਾਰ ਵੀ ਤੁਹਾਡਾ ਆਪਣਾ ਹੋ ਗਿਆ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# 647 966 3132, 810 449 1079