ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ, ਅੱਗੇ ਹੋਰ ਕੀ ਬਣਤ ਬਣਾਵਣੀ ਜੀ
ਸ਼ਾਹ ਮੁਹੰਮਦ ਨਹੀਂ ਮਲੂਮ ਸਾਨੂੰ ਅੱਗੇ ਹੋਰ ਕੀ ਖੇਡ ਵਖਾਵਣੀ ਜੀ

ਖ਼ਬਰ ਹੈ ਕਿ ਅਕਾਲੀ ਦਲ ਦੇ ਸਰਪਰਸਤ ਤੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਉਹਨਾ ਵਲੋਂ ਬਹਿਬਲ ਕਲਾਂ 'ਚ ਗੋਲੀ ਚਲਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ ਅਤੇ ਉਹਨਾ ਦੀ ਸਰਕਾਰ ਨੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਲਈ ਲਗਾਤਾਰ ਯਤਨ ਕੀਤੇ ਸਨ। ਬਾਦਲ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੇਰੇ ਖਿਲਾਫ ਵਰਤੀ ਗਈ ਨੀਵੇਂ ਪੱਧਰ ਦੀ ਸ਼ਬਦਾਵਲੀ ਨਾਲ ਮੁੱਖਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਡੂੰਘੀ ਸੱਟ ਵੱਜੀ ਹੈ। ਯਾਦ ਰਹੇ ਪੰਜਾਬ ਅਸੰਬਲੀ ਵਿੱਚ ਬਹਿਬਲ ਕਲਾਂ 'ਚ ਗੋਲੀ ਕਾਂਡ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਨ ਸਮੇਂ ਅਕਾਲੀ ਭਾਜਪਾ ਸਰਕਾਰ ਦੇ ਉਸ ਵੇਲੇ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਸੰਕੇਤ ਕੀਤੇ ਗਏ ਸਨ। ਉਧਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਸਿੱਖਾਂ ਖਿਲਾਫ ਸਾਜਿਸ਼ ਰਚ ਰਹੀ ਹੈ।
ਸਭ ਗੱਦੀ ਬਚਾਉਣ ਅਤੇ ਅੱਗੋਂ ਸੰਭਾਲੀ ਰੱਖਣ ਦੇ ਰੰਗ ਹਨ। ਜੋ ਕੁਝ ਅਕਾਲੀ-ਭਾਜਪਾ ਵਾਲੇ ਆਪਣੇ ਸਮੇਂ 'ਚ ਕਰਦੇ ਰਹੇ, ਉਹੀ ਗਾਟੀਆਂ ਤੇ ਖੇਡਾਂ ਕਾਂਗਰਸੀ ਖੇਡ ਰਹੇ ਆ। ਵੱਡੀਆਂ ਘਟਨਾਵਾਂ ਵਾਪਰਦੀ ਹਨ ਜਾਂ ਵਾਪਰਨ ਦਿੱਤੀਆਂ ਜਾਂਦੀਆਂ ਹਨ। ਲੋਕ ਮਾਰੇ ਜਾਂਦੇ ਹਨ ਜਾਂ ਮਰਨ ਦਿੱਤੇ ਜਾਂਦੇ ਹਨ। ਲੋਕ ਗੁੰਮਰਾਹ ਹੁੰਦੇ ਹਨ ਜਾਂ ਗੁੰਮਰਾਹ ਹੋਣ ਦਿੱਤੇ ਜਾਂਦੇ ਹਨ। ਸਭ ਵੋਟਾਂ ਦੀ ਬਾਜੀ ਹੈ, ਬਾਬਾ ਜੀ!!
ਪੰਜ ਵੇਰ ਪੰਜਾਬ ਦੇ ਮੁੱਖਮੰਤਰੀ ਬਣੇ ਸਾਡੇ ਬਾਬਾ ਜੀ! ਜਿਹੜਾ ਬਾਬੇ ਵਿਰੁੱਧ ਬੋਲਿਆ, ਉਹ ਘਰ ਅੰਦਰ ਵੜਿਆ, ਮੁੜ ਉਸ ਕੁੰਡਾ ਵੀ ਨਾ ਖੋਲਿਆ! ਉਸ ਬਿਸਤਰ ਮੱਲਿਆ ਜਾਂ ਅਗਿਆਤਵਾਸ ਹੋਕੇ ਪਤਾ ਨਹੀਂ ਕਿਹੜੀਆਂ ਕੁੰਦਰਾਂ 'ਚ ਜਾ ਛੁਪਿਆ। ਰਾਜ ਭਾਗ ਤਾਂ ਬਣਾਈ ਰੱਖਣਾ ਸੀ। ਕਾਕੇ ਨੂੰ ਮੁੱਖ ਮੰਤਰੀ ਵੀ ਬਨਾਉਣਾ ਸੀ। ਪੰਜਾਬ ਦਾ ਖਜ਼ਾਨਾ ਖਾਲੀ ਕਰਨਾ ਸੀ। ਪੰਜਾਬ ਦੀ ਜੁਆਨੀ ਨੂੰ ਕਿਸੇ ਬਿਲੇ ਲਾਉਣਾ ਸੀ! ਬਸ ਕਰ ਲਿਆ ਸਾਰਾ ਕੰਮ ਤੇ ਹੁਣ ਬਾਬਾ ਜੀ ਨੂੰ ਅਰਾਮ ਕਰਨ ਲਾਤਾ।
ਹੁਣ ਬੇਗਾਨਾ ਆਏ ਆ। ਭਾਜੀਆ ਪਾ ਰਹੇ ਆ। ਖੇਡਾਂ ਖੇਡ ਰਹੇ ਆ ਤੇ ਬਾਬਾ ਜੀ ਬਿਸਤਰ ਉਤੇ ਪਏ ਬੇਬਸੀ 'ਚ ਆਹ ਆਪਣੇ ਪੁਰਾਣੇ  ਸਮਿਆਂ ਦੇ ਕਵੀ ਸ਼ਾਹ ਮੁਹੰਮਦ ਦੇ ਬੋਲਾਂ ਨੂੰ ਯਾਦ ਕਰ ਰਹੇ ਆ ਤੇ ਸੋਚ ਰਹੇ ਆ ਕਿ ਮਹਾਰਾਜਾ ਉਹਨਾ ਨਾਲ ਕੀ ਕਰੂੰ, ''ਜਿਹੜੀ ਹੋਈ ਸੋ ਲਈ ਵੇਖ ਅੱਖੀਂ, ਅੱਗੋਂ ਹੋਰ ਕੀ ਬਣਤ ਬਣਾਵਣੀ ਜੀ, ਸ਼ਾਹ ਮੁਹੰਮਦਾਂ ਨਹੀਂ ਮਲੂਮ ਸਾਨੂੰ ਅੱਗੇ ਹੋਰ ਕੀ ਖੇਡ ਵਖਾਵਣੀ ਜੀ''।
ਮੁਠੀ ਮੀਟੀ ਸੀ ਪਰ ਲੋਕਾਂ ਖੋਲ੍ਹ ਦਿੱਤਾ ਪਾਜ ਯਾਰੋ!!
ਖ਼ਬਰ ਹੈ ਕਿ ਮਹਾਰਾਸ਼ਟਰ ਸਰਕਾਰ ਵਲੋਂ ਪੰਜ ਉਘੀਆਂ ਸਖਸ਼ੀਅਤਾਂ ਜਿਹਨਾ ਵਿੱਚ ਵਰਨੋਨ ਗੋਂਜ਼ਾਲਵੇਜ਼, ਅਰੁਣ ਫਰੇਰਾ, ਸੁਧਾ ਭਾਰਦਵਾਜ, ਵਾਰਵਾਰਾ ਰਾਓ ਅਤੇ ਗੌਤਮ ਲੱਖਾ ਸ਼ਾਮਲ ਹਨ ਅਤੇ ਜਿਹੜੇ ਪ੍ਰਸਿੱਧ ਵਕੀਲ, ਪੱਤਰਕਾਰ, ਲੇਖਕ, ਬੁੱਧੀਜੀਵੀ, ਯੂਨੀਅਨ ਨੇਤਾ ਹਨ, ਨੂੰ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਭਾਜਪਾ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ(ਹੁਣ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਘਰਾਂ 'ਚ ਨਜ਼ਰਬੰਦ)। ਉਹਨਾ ਨੂੰ ਕਾਲਾ ਕਾਨੂੰਨ ਗੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ ਲਗਾਕੇ ਹਿਰਾਸਤ ਵਿੱਚ ਲਿਆ ਗਿਆ ਹੈ। ਉਹਨਾ ਉਤੇ ਇਹ ਦੋਸ਼ 31 ਦਸੰਬਰ 2017 ਦੀ ਭੀਮ-ਕੋਰੇਗਾਓਂ ਫਤਿਹ ਰੈਲੀ ਸਮੇਂ ਹੋਈ ਹਿੰਸਾ, (ਜਿਸ ਵਿੱਚ ਦਲਿਤਾਂ ਅਤੇ ਪੇਸ਼ਵਾਵਾਂ ਵਿਚਕਾਰ ਦੰਗੇ ਹੋ ਗਏ ਸਨ) ਭੜਕਾਉਣ ਦੇ ਦੋਸ਼ ਲਾਏ ਗਏ, ਜਦਕਿ ਇਹ ਪੰਜੋ ਵਿਅਕਤੀ ਉਸ ਸਮੇਂ ਉਥੇ ਹਾਜ਼ਰ ਹੀ ਨਹੀਂ ਸਨ।
ਮੁੱਠੀ ਮੀਟੀ ਹੋਈ ਸੀ, ਆਖਿਰ ਪਾਜ ਖੁਲ੍ਹ ਹੀ ਗਿਆ। ਗੱਲ ਤਾਂ ਇਹ ਆ ਕਿ ਹਾਕਮ ਹਾਰਦੇ ਨਜ਼ਰ ਆ ਰਹੇ ਆ। ਵਿਰੋਧੀ ਹਨੇਰੀ ਝੁਲ ਰਹੀ ਹੈ ਤੇ ਹਾਕਮ ਦੀ  ਬੇੜੀ ਡੋਲ ਰਹੀ ਹੈ। ਮਰਦਾ ਕੀ ਨਹੀਂ ਕਰਦਾ? ਇਸੇ ਲਈ ਜਿਹੜਾ ਵੀ ਬੋਲਦਾ, ਉਹੀ ਚੱਲ ਅੰਦਰ!
ਮੁੱਠੀ ਮੀਟੀ ਹੋਈ ਸੀ, ਆਖਿਰ ਪਾਜ ਖੁਲ੍ਹ ਹੀ ਗਿਆ। ਰਾਫੇਲ ਸੌਦੇ 'ਚ ਕਰੋੜਾਂ ਰੁਪੱਈਏ ਰਲਾਇੰਸ ਵਾਲਿਆਂ ਦੀ ਝੋਲੀ ਪਾ 'ਤੇ। ਜਹਾਜ਼ ਅੱਠਾਂ ਸਾਲਾਂ ਬਾਅਦ ਮਿਲਣੇ ਆ, ਦਲਾਲੀਆਂ ਪਹਿਲਾਂ ਹੀ ਹਜ਼ਮ ਹੋ ਗਈਆਂ ਤੇ ਇਹੋ ਜਿਹੇ ਪਾਜ ਖੋਲ੍ਹਣ ਵਾਲੇ, ਨੀਤੀਆਂ ਦੀ ਵਿਰੋਧਤਾ ਕਰਨ ਵਾਲੇ, ਬੀਬੀ ਗੌਰੀ ਲੰਕੇਸ਼ ਵਾਲੇ ਪੱਤਰਕਾਰ ਪਹਿਲਾਂ ਹੀ ਉਪਰ ਪਹੁੰਚਾ ਦਿੱਤੇ।
ਹੁਣ ਤਾਂ ਭਾਈ ਚੋਣਾਂ ਤੱਕ ਇਹੋ ਚੱਲੂ! ਕਤਲ! ਬੰਬ ਧਮਾਕੇ! ਦੰਗੇ-ਫਸਾਦ! ਨਸਲੀ ਕਤਲੇਆਮ। ਹੁਣ ਤਾਂ ਭਾਈ ਚੋਣਾਂ ਤੱਕ ਇਹੋ ਚੱਲੂ। ਹਿੱਟ ਲਿਸਟਾਂ ਬਨਣਗੀਆਂ, ਹਥਿਆਰ ਇੱਕਠੇ ਹੋਣਗੇ, ਗੋਲੀ-ਸਿੱਕੇ ਨਾਲ ਲੋਕਾਂ ਨੂੰ ਮਾਰਨ ਦੀਆਂ ਸਕੀਮਾਂ ਬਨਣਗੀਆਂ।
ਗੱਲ ਤਾਂ ਭਾਈ ਇੰਜ ਆ, ਪੱਲੇ ਵਿਦੇਸ਼ੀ ਸੂਟ ਨਹੀਂ ਰਹਿਣਗੇ। ਪੱਕੇ ਹਵਾਈ ਜ਼ਹਾਹਾਂ ਦੀ ਯਾਤਰਾ ਨਹੀਂ ਰਹਿਣੀ। ਮੌਜਾਂ, ਮਸਤੀਆਂ, ਸਭ ਖੁਸ ਜਾਣੀਆਂ। ਤੇ ਇਹੋ ਦੁੱਖ ਸਤਾਈ ਜਾਂਦਾ। ਤੇ ਇਹੋ ਦੁੱਖ ਭਾਈ ਦੱਸਿਆ ਤਾਂ ਕਿਸੇ ਨੂੰ ਵੀ ਨਹੀਂ ਨਾ ਜਾਂਦਾ। ਤਦੇ ਹਾਕਮਾਂ ਮੁੱਠੀ ਮੀਟੀ ਸੀ।

ਮਿੱਠਿਆਂ ਮਿੱਠੀਆਂ ਜੋ ਮਾਰਦੈ ਨਾਲ ਤੇਰੇ
ਉਹਦੀ ਨੀਤ ਸਮਝੀਂ, ਉਹਦੀ ਚਾਲ ਸਮਝੀਂ

ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਹਿਮ ਮੁੱਦਿਆਂ ਨੂੰ ਲੈਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਲੀ 'ਚ ਮੁਲਾਕਾਤ ਕੀਤੀ। ਉਹਨਾ ਨੇ ਮੋਦੀ ਕੋਲ ਐਸ ਵਾਈ ਐਲ ਦਾ ਮੁੱਦਾ ਇਹ ਕਹਿਕੇ ਉਠਾਇਆ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਘਾਟ ਹੈ ਅਤੇ ਸੂਬੇ ਕੋਲ ਹਰਿਆਣਾ ਨੂੰ ਦੇਣ ਲਈ ਇੱਕ ਵੀ ਬੂੰਦ ਨਹੀਂ ਹੈ। ਧਿਆਨ ਰਹੇ 5 ਸਤੰਬਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਸੁਪਰੀਮ ਕੋਰਟ 'ਚ ਸੁਣਵਾਈ ਹੈ। ਉਹਨਾ ਕਿਹਾ ਕਿ ਪਾਣੀਆਂ ਦੇ ਮੁੱਦੇ ਉਤੇ ਪੰਜਾਬ 'ਚ ਹਾਲਾਤ ਗੰਭੀਰ ਬਣ ਸਕਦੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਗੜਬੜਾ ਸਕਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਸਬੰਧੀ ਪੰਜਾਬ ਦੇ ਹੱਕ 'ਚ ਫੈਸਲਾ ਲੈਣਾ ਚਾਹੀਦਾ ਹੈ। ਮੁੱਖਮੰਤਰੀ ਨੇ ਪੰਜਾਬ ਸਿਰ ਚੜ੍ਹੇ ਵੱਡੇ ਕਰਜ਼ੇ ਤੋਂ ਬਿਨ੍ਹਾਂ ਪਾਕਿਸਤਾਨ ਸਰਕਾਰ ਨਾਲ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਮੁੱਦੇ ਉਤੇ ਗੱਲਬਾਤ ਕਰਨ 'ਤੇ ਜ਼ੋਰ ਦਿੱਤਾ।
ਪੰਜਾਬ ਨਸ਼ੇ 'ਚ ਗ੍ਰਸਿਆ ਪਿਆ ਆ। ਪੰਜਾਬ ਕਰਜ਼ੇ 'ਚ ਧੱਸਿਆ ਪਿਆ ਆ। ਪੰਜਾਬ ਦਾ ਧਰਤੀ ਹੇਠਲਾ ਪਾਣੀ, ਪਤਾਲੋਂ ਕੱਢ ਕੱਢ ਝੋਨੇ ਦੀ ਭੇਂਟ  ਚੜਾਇਆ ਜਾ ਚੁੱਕਾ ਆ।  ਪੰਜਾਬ ਦੀ ਜੁਆਨੀ ''ਪਿਆਰੈ ਪੰਜਾਬੋਂ'' ਉਦਾਸ ਹੋਕੇ ਵਿਦੇਸ਼ੀ ਫੇਰੀਆਂ ਦੇ ਰਾਹ ਪਈ ਘਰ-ਬਾਰ ਉਜਾੜ ਰਹੀ ਆ। ਪੰਜਾਬ ਦੀ ਕਿਸਾਨੀ ਪੋਟੇ ਪੋਟੇ ਦੀ ਕਰਜ਼ਾਈ ਹੋ, ਦਰਖਤਾਂ ਨਾਲ ਲਟਕ ਰਹੀ ਆ, ਕੀੜੇ ਮਾਰ ਦੁਆਈਆਂ ਦੇ ਫੱਕੇ ਮਾਰ ਰਹੀ ਆ ਤੇ ਪੰਜਾਬ ਦਾ ਨੇਤਾ ਚਾਰ ਟੰਗੀ ਕੁਰਸੀ ਨਾਲ ਚੁਬੰੜਿਆ, ਲੋਕਾਂ ਦੇ ਦਰਦ, ਦੁੱਖਾਂ, ਮੁਸੀਬਤਾਂ ਨੂੰ  ਭੁਲਾ ਬਸ ''ਬੰਸਰੀ ਵਜਾ ਰਿਹਾ ਆ'' ਆਪਣੇ ''ਰਾਗ ਅਲਾਪ ਰਿਹਾ ਆ''।
ਉਂਝ ਕਦੇ-ਕਦੇ ਭਾਈ ਕਥਿਤ ਪੰਜਾਬ ਹਿਤੈਸ਼ੀਆਂ ਨੂੰ ਪੰਜਾਬ ਦਾ ਹੇਜ ਜਾਗਦਾ ਆ। ਉਹ ਪੰਜਾਬ ਦੀ ਪੀੜਾ ਉਹਨਾ ਲੋਕਾਂ ਸਾਹਮਣੇ ਲਿਆਉਣ ਲਈ ਝੋਲਾ ਚੁੱਕ ਦਿੱਲੀ ਵੱਲ ਫੇਰੀ ਪਾਉਣ ਹੋ ਤੁਰਦੇ ਆ, ਜਿਹਨਾ ਲਈ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ ਨਹੀਂ, ਇੱਕ ਇਹੋ ਜਿਹੀ ਵਰਤਣ ਵਾਲੀ ਵਸਤੂ ਆ, ਜੀਹਨੂੰ ਸਰਹੱਦਾਂ ਤੇ ਝੋਕਿਆ ਜਾ ਸਕਦਾ ਹੈ, ਜਿਸਦੇ ਜੁਸਿੱਆਂ ਨੂੰ ਤੋਪਾਂ ਸਾਹਵੇਂ ਡਾਹਿਆ ਜਾ ਸਕਦਾ ਆ। ਉਹਨਾ ਦੀ ਬਹਾਦਰੀ ਦੇ ਗੁਣ ਗਾਕੇ ਉਹਨਾ ਨੂੰ ਭਰਮਾਇਆ ਜਾ ਸਕਦਾ ਆ। ਪੰਜਾਬ ਹਿਤੈਸ਼ੀਓ ਰਤਾ ਕੁ ਸਾਵਧਾਨ ਜਿਹਨਾ ਕੋਲ ਲੋਕਾਂ ਦੀ ਪੀੜ ਦੱਸਣ ਲੱਗੇ ਹੋ, ਜਿਹਨਾ ਕੋਲ ਲੋਕਾਂ ਦੇ ਮੁੱਦੇ ਦਰਸਾਉਣ ਲੱਗੇ ਹੋ, ਰਤਾ ਦੇਖਿਓ ਤਾਂ ਸਹੀ, ''ਮਿੱਠੀਆਂ ਮਿੱਠੀਆਂ ਜੋ ਮਾਰਦੈ ਨਾਲ ਤੇਰੇ, ਉਹਦੀ ਨੀਤ ਸਮਝੀ ਉਹਦੀ ਚਾਲ ਸਮਝੀ'' ਕਿਧਰੇ ਉਹਨਾ ਦੇ ਸ਼ਿਕੰਜੇ 'ਚ ਆਕੇ, ਆਹ ਜਿਹੜੇ ਸਿਆੜ ਲੋਕਾਂ ਦੇ ਆਪਣੇ ਆਂ, ਉਹ ਵੀ ਗਿਰਵੀ ਨਾ ਕਰ ਆਇਓ।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2012 ਤੋਂ 2017 ਦੌਰਾਨ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਵਿੱਚ ਵੱਖੋ-ਵੱਖਰੇ ਕਾਰਨਾਂ ਕਰਕੇ 16315 ਘੰਟੇ ਇੰਟਰਨੈਟ ਸੇਵਾਂ ਉਤੇ ਪਾਬੰਦੀ ਲਗਾਈ ਗਈ। ਇੰਟਰਨੈਟ ਬੰਦ ਕਰਨ ਦਾ ਸਭ ਤੋਂ ਵੱਡਾ ਅੰਕੜਾ ਜੰਮੂ ਕਸ਼ਮੀਰ ਵਿੱਚ ਹੈ ਜਿਥੇ 7776 ਘੰਟੇ ਇੰਟਰਨੈਟ ਇਹਨਾ ਸਾਲਾਂ 'ਚ ਬੰਦ ਰੱਖਿਆ ਗਿਆ।

ਇੱਕ ਵਿਚਾਰ
ਲੋਕਤੰਤਰ, ਚੰਗਾ ਰਾਜ ਪ੍ਰਬੰਧ ਅਤੇ ਆਧੁਨਿਕਤਾ ਕਿਸੇ ਦੂਸਰੇ ਦੇਸ਼ ਵਿੱਚ ਆਯਾਤ ਨਹੀਂ ਕੀਤੀ ਜਾ ਸਕਦੀ............ਈਮਿਲ ਲਾਡੋਜ


ਰਮੀਤ ਪਲਾਹੀ
ਮੋਬ. ਨੰ: 9815802070