ਮਨੁੱਖੀ ਜੀਵਨ ਵਿਚ ਆਈਆਂ ਕੰਮਜ਼ੋਰੀਆਂ ਨੂੰ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਸਹੀ ਠਹਿਰਾਨ ਦਾ ਵੱਧ ਰਿਹਾ ਰੁਝਾਨ !:-ਗੁਰਚਰਨ ਸਿੰਘ ਗੁਰਾਇਆ
ਅੱਜ ਸੰਸਾਰ ਵਿੱਚ ਮਨੁੱਖ ਨੇ ਉਸ ਅਕਾਲ ਪੁਰਖ ਵੱਲੋ ਬਖਸ਼ੇ ਦਿਮਾਗ ਦੀਆਂ ਕਾਢਾਂ ਨਾਲ ਦੁਨੀਆਂ ਨੂੰ ਬਹੁਤ ਨੇੜੇ ਕਰ ਦਿੱਤਾ ਹੈ ।ਜਿਥੇ ਉਸ ਨੇ ਮਨੁੱਖ ਦੇ ਬਾਹਰੀ ਸਰੀਰਕ ਸੁੱਖ ਅਰਾਮ ਲਈ ਬੇਸ਼ਮਾਰ ਤਰੱਕੀ ਕੀਤੀ ਹੈ । ਪਰ ਇਸ ਦੇ ਨਾਲ ਹੀ ਇਸੇ ਦਿਮਾਗ ਨਾਲ ਉਸ ਪ੍ਰਮਾਤਮਾ ਦੀ ਹੋਦ ਤੇ ਮਨੁੱਖ ਨੂੰ ਆਤਮਿਕ ਸੁੱਖ ਦੇਣੇ ਵਾਲੇ ਧਰਮ ਤੋਂ ਕਈ ਵਾਰੀ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਦੂਰ ਕੀਤਾ ਜਾ ਰਿਹਾ ਹੈ । ਜਦ ਦੁਨੀਆਂ ਅੰਦਰ ਅਧਰਮ ਤੇ ਧਰਮ ਦੇ ਨਾ ਤੇ ਪਖੰਡ ਦਾ ਬੋਲਵਾਲਾ ਵੱਧ ਗਿਆ ਤਾਂ ਇਸ ਧਰਤੀ ਤੇ ਜਗਤ ਜਲ੍ਹਦੇ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਪਰਉਪਕਾਰੀ ਆਏ ਤੇ ਉਨਾਂ ਨੇ ਮਨੁੱਖ ਨੂੰ ਉਸ ਅਕਾਲ ਪੁਰਖ ਨਾਲ ਜੋੜਨ ਤੇ ਮਨੁੱਖ ਦੇ ਆਤਮਿਕ ਸੁੱਖ ਲਈ ਹਰ ਪੱਖ ਤੋਂ ਸੰਪੂਰਨ ਸ਼ਬਦ ਗੁਰੂ ਗਿਆਨ ਦੇ ਰਾਹੀ ਉਪਦੇਸ਼ ਦੇ ਕੇ ਨਿਰਾਲਾ ਸਿੱਖ ਪੰਥ ਚਲਾਇਆ ਤੇ ਬਾਕੀ ਗੁਰੂ ਸਾਹਿਬਾਂ ਨੇ ਇਸੇ ਨੂੰ ਪਰਚਾਰਿਆ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕਰਕੇ ਇਸ ਖਾਲਸੇ ਨੂੰ ਸਦੀਵੀ ਸ਼ਬਦ ਗੁਰੂ ਗਿਆਨ ਦੇ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਮਨੁੱਖਤਾਂ ਨੂੰ ਸਰਬ ਸਾਝਾਂ ਉਪਦੇਸ਼ ਤੇ ਆਤਮਿਕ ਸੁੱਖ ਦੇਣ ਤੇ ਦੁਨੀਆਂ ਦੇ ਹਰ ਧਾਰਮਿਕ ,ਆਰਥਿਕ ,ਸਮਾਜਿਕ,ਰਾਜਨੀਤਿਕ ਖੇਤਰ ਵਿੱਚ ਅਗਵਾਈ ਦੇਣ ਵਾਲੀ ਹੈ ।ਪਰ ਅੱਜ ਇਸ ਨੂੰ ਮੰਨਣ ਵਾਲਿਆ ਨੇ ਇਸ ਦੀ ਅਗਵਾਈ ਵਿੱਚ ਦੁਨੀਆਂ ਨੂੰ ਚੱਲਣ ਲਈ ਤਾਂ ਕੀ ਪ੍ਰੇਣਨਾ ਸੀ । ਉਹ ਆਪ ਹੀ ਤੁਰਨ ਨੂੰ ਤਿਆਰ ਨਹੀ ।ਸਰੀਰ ਦੇ ਬਾਹਰੀ ਸੁੱਖ ਅਰਾਮ ਦੀਆ ਵੱਧੀਆਂ ਲਾਲਸਾਵਾਂ, ਇਹ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਤੇ ਦੁਨਿਆਵੀ ਪੜ੍ਹਾਈ ਵਿੱਚ ਜਿਆਦਾ ਪੜ੍ਹੇ ਲਿਖੇ ਪੱਛਮੀ ਵਿੱਦਿਆ ਦੇ ਪ੍ਰਭਾਵ ਤੇ ਸਿੱਖੀ ਦਾ ਚੋਲਾ ਪਾਕੇ ਧਰਮੀ ਹੋਣ ਦਾ ਨਾਟਕ ਕਰ ਰਹੇ ਬਹਿਰੂਪੀਏ ਲੋਕਾਂ ਵੱਲ ਦੇਖਕੇ ਸਿੱਖੀ ਤੋਂ ਪਤਿਤ ਹੋਏ ਵੀਰ ਆਮ ਹੀ ਕਹਿੰਦੇ ਸੁਣਦੇ ਹਾਂ ਕਿ ਅਸੀ ਗੁਰੂ ਨੂੰ ਹਿਰਦੇ ਵਿਚ ਰੱਖਦੇ ਹਾਂ , ਸਿੱਖੀ ਅੰਦਰ ਦੀ ਸ਼ੈਅ ਹੈ , ਇਹ ਕੋਈ ਬਾਹਰੀ ਦਿਖਾਵੇ ਦੀ ਚੀਜ਼ ਨਹੀ । ਸਰੀਰਕ ਰਹਿਤ ਦੀ ਜਰੂਰਤ ਨਹੀਂ ਕੇਵਲ ਮਨ ਦੀ ਸਿੱਖੀ ਹੀ ਚਾਹੀਦੀ ਹੈ । ਸਰੀਰਕ ਰਹਿਤ ਰੱਖਣ ਤੋਂ ਬਿਨਾਂ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਾਂ ।ਜੇ ਅਸੀ ਉਨਾਂ ਦੇ ਆਤਿਮਕ ਨਿਯਮਾਂ ਨੂੰ ਮੰਨਦੇ ਹਾਂ ਤਾਂ, ਅਸੀਂ ਉਹਨਾਂ ਦੇ ਸਿੱਖ ਹਾਂ ਤੇ ਫਿਰ ਕੇਸ ਰੱਖਣ ਦੀ ਕੀ ਲੋੜ ਹੈ । ਧਰਮ ਦਾ ਸਬੰਧ ਮਨ ਨਾਲ ਏ ਸਰੀਰ ਨਾਲ ਨਹੀਂ । ਅਸਲ ਗੱਲ ਇਹ ਹੈ ਕਿ ਮੌਜੂਦਾ ਫੈਸ਼ਨ ਦੇ ਸਮੇਂ ਮੀਡੀਏ ਦੇ ਪ੍ਰਭਾਵ ਹੇਠ ਤੇ ਬਹੁਗਿਣਤੀ ਦੇ ਮਗਰ ਲੱਗ ਕੇ ਅੱਜ ਦੇ ਇਹਨਾਂ ਲੋਕਾਂ ਨੂੰ ਗੁਰੂ ਦਾ ਅੰਮ੍ਰਿਤ ਤੇ ਕੇਸ ਰੱਖਣੇ ਰਹਿਤ ਰੱਖਣੀ ਬੇ ਲੋੜੀ ਜਾਪਦੀ ਹੈ ਕਿਉਕਿ ਇਹ ਉਹਨਾਂ ਦੀ ਸੋਚ ਅਨੁਸਾਰ ਸਮੇਂ ਦੇ ਅਨੁਸਾਰ ਨਹੀਂ ਢੁਕਦੀ ਭਾਵ ਅੱਜ ਕੱਲ੍ਹ ਦੇ ਫੈਸ਼ਨ ਦੇ ਸੁਖ ਦਾ ਮਨ ਸੁਆਦ ਲੈਣਾਂ ਚਾਹੁੰਦਾ ਹੈ , ਇਹ ਰਹਿਤ ਭਾਵ ਨਿਆਰਾ ਸਰੂਪ ਉਹਨਾਂ ਦੇ ਰਾਹ ਵਿਚ ਰੁਕਾਵਟ ਪਾਉਦਾ ਹੈ ।ਇਹ ਹੀ ਲੋਕ ਕਈ ਵਾਰੀ ਹਾਸੋ ਹੀਣੇ ਸਵਾਲ ਕਰਦੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕੇਸ ਰੱਖਣੇ, ਪਰਾਈ ਇਸਤਰੀ ਦਾ ਸੰਗ ਕਰਨ ਤੋਂ ਨਾ ਵਰਜਦੇ, ਰਹਿਤਾਂ ਦੀ ਬੰਦਸ਼ ਨਾ ਲਾਉਦੇ ਤਾਂ ਇਹ ਧਰਮ ਦੁਨੀਆ ਵਿੱਚ ਬਹੁਤ ਫੈਲਣਾ ਸੀ । ਇਹੋ ਅਜਿਹੇ ਸਵਾਲ ਕਮਜ਼ੋਰ ਤੇ ਧਰਮ ਤੋਂ ਸਖਣੇ ਮਨਾਂ ਵਿੱਚੋ ਹੀ ਨਿਕਲਦੇ ਹਨ ।ਅਸਲ ਵਿੱਚ ਇਹੋ ਅਜਿਹੇ ਸਵਾਲ ਕਰਨ ਵਾਲਿਆ ਨੂੰ ਧਰਮ ਦੇ ਅਰਥ ਹੀ ਸਮਝ ਨਹੀ ਆਏ । ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ।ਇਹੋ ਅਜਿਹੀਆਂ ਹੁੱਜਤਾਂ ਕਰਨ ਵਾਲੇ ਵੀਰਾਂ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹਨਾਂ ਵਚਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਪਿਆਰ ਹੋਵੇ ਉਸ ਅੱਗੇ ਆਪਾ ਭੇਟ ਕਰਨਾ ਪੈਦਾ ਹੈ ਤੇ ਉਸ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਕਰਨੀ ਪੈਦੀ ਹੈ । ਗੁਰੂ ਸਾਹਿਬ ਜੀ ਨੇ ਉਸ ਜੀਵਨ ਨੂੰ ਧਿਰਕਾਰ ਕਿਹਾ ਹੈ ਜੋ ਆਪਣੇ ਮੁਰਸ਼ਿਦ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਲੀਨ ਨਹੀ ਕਰਦਾ । ਗੁਰੂ ਜੀ ਦੇ ਵਚਨ :-ਜਿਸ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ਧ੍ਰਿਗ ਜੀਵਨੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ਧਰਮ ਦੀ ਦੁਨੀਆਂ ਵਿੱਚ ਇਹ ਨਹੀਂ ਚਲਦਾ ਕਿ ਮਰਜ਼ੀ ਵੀ ਕਰੀ ਚੱਲੋ ਤੇ ਪ੍ਰੀਤ ਨਿਭਾਉਣ ਦੀਆਂ ਗੱਲਾ ਵੀ ਕਰੀ ਜਾਉ ।ਸਲਾਮ ਵੀ ਕਰੋ ਤੇ ਇਤਰਾਜ਼ ਵੀ ਕਰੀ ਜਾਉ ਐੇਸਾ ਕਰਨ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਜੀ ਦੇ ਵਚਨ :--ਸਲਾਮ ਜਬਾਬ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ਨੂੰ ਯਾਦ ਕਰਨ ਚਾਹੀਦਾ ਹੈ ਅੱਜ ਮਨੁੱਖ ਚੰਚਲ ਮਨ ਦਾ ਗੁਲਾਮ ਬਣਕੇ ਤੇ ਦੁਨਿਆਵੀ ਵਿੱਦਿਆ ਦੇ ਝੂਠੇ ਮਾਣ ਤੇ ਆਪਣੇ ਵੱਲੋ ਸਿਆਣਾ ਬਣ ਕੇ ਤਰਕ ਤੇ ਥੋਥੀਆਂ ਦਲੀਲਾਂ ਦੇ ਸਹਾਰੇ ਆਖਦਾ ਹੈਕਿ ਸੋਹਣੇ ਸਤਿਗੁਰੂ ਦੀ ਅਗਵਾਈ , ਗੁਰੂ ਦੇ ਬਖਸ਼ੇ ਸਾਬਤ ਸੂਰਤ ਸੁੰਦਰ ਸਰੂਪ ਦੀ ਲੋੜ ਨਹੀਂ ਮਨ ਦੀ ਪ੍ਰੀਤ ਹੋਣੀ ਚਾਹੀਦੀ ਹੈ ।ਅਸਲ ਵਿੱਚ ਸਤਿਗੁਰੂ ਦੀ ਮਨ ਅੰਦਰ ਪ੍ਰੀਤ ਨਹੀਂ, ਇਸ ਕਰਕੇ ਹੀ ਗੁਰੂ ਨਾਲ ਸੰਬੰਧ ਰੱਖਣ ਵਾਲੀ ਰਹਿਤ ਵੀ ਹੁਣ ਸਾਨੂੰ ਪਿਆਰੀ ਨਹੀਂ ਲਗਦੀ । ਪ੍ਰੀਤ ਦੀ ਇੱਕ ਸਿਫਤ ਹੈ ਕਿ ਜਿਸ ਨਾਲ ਪ੍ਰੀਤ ਹੋਵੇ ਉਸਦੀ ਹਰ ਸ਼ੈਅ ਪਿਆਰੀ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਲੱਗਦੀ ਹੈ ।ਐ ਮਨ ਸਿੱਖੀ ਦਾ ਸਬੰਧ ਮਨ ਤੇ ਆਤਮਾ ਨਾਲ ਹੈ । ਪਰ ਆਤਮਾ ਤੇ ਮਨ ਦੀ ਰਹਿਤ ਬਾਹਰੀ ਰਹਿਤ ਰੱਖਣ ਨਾਲੋਂ ਕਈ ਹਜ਼ਾਰ ਗੁਣਾਂ ਔਖੀ ਹੈ ।ਮਨ ਦੀ ਸਿੱਖੀ ਦੀ ਗੱਲ ਕਰਨ ਵਾਲੇ ਵੀਰੋ ਬੰਦੇ ਖੋਜ ਦਿਲ ਹਰਿ ਰੋਜ ਤੋਂ ਸੇਧ ਲੈਕੇ ਆਪਣਾ ਬਾਹਰੀ ਮੁੂੰਹ ਆਪਣੇ ਅੰਦਰਲੇ ਪਾਸੇ ਮੋੜ ਕੇ ਆਪਣੇ ਨਿੱਤ ਦੇ ਕਰਮਾਂ ਵੱਲ ਦੇਖ ਦਿਨ ਵਿਚ ਅਨੇਕਾਂ ਵਾਰੀ ਇਹ ਮਨ ਪਰ ਤਨ, ਪਰ ਧਨ , ਪਰ ਰੂਪ ਮੰਦ ਦ੍ਰਿਸ਼ਟੀ ਨਾਲ ਤੱਕਦਾ ਹੈ ।ਉਸ ਪ੍ਰਮਾਤਮਾਂ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਵੀ ਕੁਝ ਦੇ ਕੇ ਸੰਸਾਰ ਦੀ ਵਡਿਆਈ ਚਾਹੁੰਦਾ ਹੈ ।ਬਾਣੀ ਪੜ੍ਹਦਾ ਹੈ ਜਾਂ ਧਰਮ ਦੇ ਕਰਮ ਵੀ ਆਪਣੀ ਹਾਉਮੈ ਨੂੰ ਪੱਠੇ ਪਾਉਣ ਲਈ ਕਰਕੇ ਇੱਥੋ ਤੱਕ ਗੁਰਮਤਿ ਵਿਰੋਧੀ ਕਰਮ ਕਰਕੇ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ ।ਇਹ ਸਿੱਖੀ ਤੋਂ ਪਤਿਤ ਮਨ ਵਿਚਲੀ ਸਿੱਖੀ ਵਾਲੇ ਵੀਰ ਕਈ ਵਾਰੀ ਧਰਮ ਨੂੰ ਸਿਆਸਤ ਲਈ ਵਰਤਣ ਵਾਲੇ ਬੇਜ਼ਮੀਰੇ ਆਗੂਆਂ ਜਿਹਨਾਂ ਦਾ ਧਰਮ ਕੁਰਸੀ ਜਾਂ ਫਿਰ ਨਿੱਜੀ ਅਣਖ ਤੇ ਗੈਰਤ ਗਵਾਕੇ ਕੌਮੀ ਅਣਖ ਤੇ ਗੈਰਤ ਦੀਆਂ ਗੱਲਾਂ ਕਰਨ ਵਾਲੇ ਸਾਬਤ ਸੂਰਤ ਜਾਂ ਗੁਰੂ ਦਾ ਅੰਮ੍ਰਿਤ ਛੱਕ ਕੇ ਝੂਠ ਬੋਲਦੇ ਹਨ,ਲੋਕਾਂ ਨਾਲ ਠੱਗੀਆਂ ਮਾਰਦੇ ਹਨ ,ਸਿੱਖੀ ਦੇ ਪ੍ਰਚਾਰਕ , ਗ੍ਰੰਥੀ ਸਾਹਿਬਾਨ,ਇੱਕ ਪਿੰਡ ਦੇ ਗੁਰਦੁਆਰੇ ਤੋਂ ਲੈਕੇ ਸ਼ਰੋਮਣੀ ਕਮੇਟੀ ਤੱਕ ਦੇ ਪ੍ਰਬੰਧਕਾਂ ਤੱਕ ਭ੍ਰਿਸ਼ਟ ਹੋ ਚੁਕੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਚਰਣਹੀਣ, ਗੁਰਮਤਿ ਦੀਆਂ ਧੱਜੀਆਂ ਉਡਾਣ ,ਪੰਥ ਦੇ ਫੇੈਸਲੇ ਅਨੁਸਾਰ ਸਿੱਖੀ ਵਿੱਚੋ ਤਨਖਾਹੀਏ ਕੁਕੰਰਮੀਆਂ ,ਸਿੱਖੀ ਦਾ ਨਕਾਬ ਪਾਕੇ ਸਟੇਜਾਂ ਤੋਂ ਕੁਫਰ ਤੋਲਣ,ਗੁਰਦੁਆਰੇ ਦੇ ਪ੍ਰਬੰਧ ਨੂੰ ਹਥਿਆਣ ਖਾਤਰ ਗੁਰਦੁਆਰਿਆਂ ਵਿੱਚ ਲੜਾਈਆਂ ਕਰਾਉਣ, ਗੁਰਦੁਆਰੇ ਦੀ ਗੋਲਕ ਚੋਂ, ਸੰਗਤ ਦੀ ਕਿਰਤ ਕਮਾਈ ਵਿੱਚੋ ਕੱਢੇ ਦਸਬੰਧ ਨਾਲ ਹੇਰਾਫੇਰੀਆਂ ,ਦਲਾਲੀਆਂ ਕਰਨ ਵਾਲਿਆਂ ਨਾਲੋ ਤਾਂ ਅਸੀ ਚੰਗੇ ਹਾਂ ਦੀਆਂ ਦਲੀਲਾਂ ਦਿੰਦੇ ਹਨ । ਸਤਿਕਾਰਯੋਗ ਵੀਰੋਂ ਅਜੋਕੇ ਸਮੇ ਵਿੱਚ ਕਾਫੀ ਹੱਦ ਤੱਕ ਤੁਹਾਡੀ ਇਹ ਦਲੀਲ ਇੱਕ ਪਾਸੇ ਤੋਂ ਠੀਕ ਹੈ ਕਿ ਅੱਜ ਸਿੱਖੀ ਵਿੱਚ ਸਾਬਤ ਸੂਰਤ ਜਾਂ ਅੰਮ੍ਰਿਤ ਛੱਕ ਉਸ ਤੇ ਪੂਰਾ ਨਹੀਂ ਉਤਰਦੇ ਕਿ ਗੁਰਬਾਣੀ ਵਿੱਚ ਵੀ ਨਿਗੁਰੇ ਦਾ ਤਾਂ ਨਾ ਹੀ ਬੁਰਾ ਹੈ ਪਰ ਜੋ ਗੁਰੂ ਵਾਲਾ ਬਣ ਕੇ ਦੱਸੀਆਂ ਰਹਿਤਾਂ ਅਨੁਸਾਰ ਨਹੀਂ ਚਲਦਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਉਸ ਨੂੰ ਲੱਖਾਂ ਨਿਗੁਰਿਆਂ ਨਾਲੋ ਵੀ ਮਾੜਾ ਕਿਹਾ ਹੈ ।ਮਨ ਦੀ ਸਿੱਖੀ ਵਾਲੇ ਵੀਰੋ ਜੇਕਰ ਡਾਕਟਰ ਮਰੀਜ਼ ਨੂੰ ਦਵਾਈ ਦੇਵੇ ਤੇ ਦਵਾਈ ਖਾਣ ਤੇ ਪਰਹੇਜ਼ ਦੱਸੇ ਤੇ ਮਰੀਜ਼ ਦਵਾਈ ਖਾਵੇ ਨਾ ਤੇ ਨਾਹੀ ਪਰਹੇਜ਼ ਰੱਖੇ ਇਸ ਵਿੱਚ ਡਾਕਟਰ ਦਾ ਕੀ ਕਸੂਰ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਵੀ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਇਸਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਪੜ੍ਹਕੇ ਵੀਚਾਰਕੇ ਉਸ ਅਨੁਸਾਰ ਜੀਵਨ ਢਾਲਣ ਦਾ ਉਪਦੇਸ਼ ਦਿੱਤਾ ਹੈ, ਤੇ ਨਾਲ ਰਹਿਤਾਂ ਦੱਸੀਆਂ ਹਨ । ਜੇਕਰ ਇਨਾਂ ਅਨੁਸਾਰ ਕੋਈ ਨਾ ਚਲੇ ਤਾਂ ਇਸ ਵਿੱਚ ਸਿੱਖੀ ਸਿਧਾਂਤਾਂ ਦਾ ਕੀ ਕਸੂਰ ਪਰ ਇਹ ਮਨ ਦੀ ਸਿੱਖੀ ਵਾਲੇ ਵੀਰ ਢਹਿਦੀ ਕਲਾਂ ਵਾਲੇ ਸਿੱਖਾਂ ਵੱਲ ਨਜ਼ਰ ਮਾਰਨ ਦੀ ਬਜਾਏ ਸਿੱਖੀ ਦੇ ਮਹਿਲ ਅੰਦਰ ਵੀ ਝਾਤੀ ਮਾਰਕੇ ਦੇਖ ਇਸ ਮਹਿਲ ਅੰਦਰ ਸਿੱਖੀ ਸਿਦਕ ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਜਾਂਚ ਸਿਖਾਣ ਵਾਲੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ,ਦੂਜਿਆਂ ਦਾ ਧਰਮ ਬਚਾਉਣ ਖਾਤਰ ਚਾਂਦਨੀ ਚੌਕ ਵਿੱਚ ਨੌਵੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ , ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁਤਰਾਂ ਤੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ , ਗੁਰੂ ਦੇ ਸਿੱਖਾਂ ਭਾਈ ਮਤੀ ਦਾਸ ਦੇ ਸੀਸ ਉਤੇ ਚਲਦਾ ਆਰਾ, ਦੇਗ ਵਿੱਚ ਉਬਲਦਾ ਭਾਈ ਦਿਆਲਾ , ਰੂੰ ਵਿੱਚ ਬੰਨ ਕੇ ਸਾੜੇ ਭਾਈ ਸਤੀ ਦਾਸ ਜੀ , ਬੰਦ ਬੰਦ ਕਟਾ ਰਹੇ ਭਾਈ ਮਨੀ ਸਿੰਘ ਜੀ , ਖੋਪੜੀ ਲਹਾ ਰਹੇ ਭਾਈ ਤਾਰੂ ਸਿੰਘ ਜੀ ,ਮੂੰਹ ਵਿੱਚ ਕਲੇਜਾ ਕੱਢਕੇ ਪਵਾਉਣ ਵਾਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾ ਵਿੱਚ ਹਾਰ ਪਵਾਉਣ ਵਾਲੀਆਂ ਮਾਵਾਂ, ਚਰਖੜੀਆਂ ਦੇ ਤਿਖੇ ਦੰਦੇ , ਫਾਂਸੀਆਂ ਦੇ ਤਖਤੇ, ਝੂਠੇ ਪੁਲਿਸ ਮੁਕਾਬਿਲਆਂ ਵਿੱਚ ਸ਼ਹੀਦ, ਤਸੀਹੇ ਘਰਾਂ ਵਿੱਚ ਜਲਾਦਾ ਦਾ ਤਸ਼ਦੱਦ ਤੇ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੱਖਾਂ ਦਾ ਧਿਆਨ ਧਰਨ ਅੱਗੇ ਆਪ ਜੀ ਦੀ ਕੋਈ ਵੀ ਦਲੀਲ ਤੇ ਤਰਕ ਥੋਥੀ ਹੀ ਜਾਪੇਗੀ । ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਹਿਲਾਂ ਹੀ ਸਿੱਖ ਨਾਲੋ ਸਿੱਖੀ ਦੀ ਰਹਿਤ ਨੂੰ ਪਿਆਰ ਕੀਤਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ ਤੱਕ ਕਿਹਾ ਤੇ ਬਿਪਰਨ ਦੀ ਰੀਤਾਂ ਵਾਲੇ ਸਿੱਖਾਂ ਬਾਰੇ ਵੀ ਇਹ ਚਿਤਾਵਨੀ ਵਾਲੇ ਵਚਨ ਕਰ ਦਿੱਤੇ ਸਨ ਕਿ “ ਜਬ ਲਗ ਖਾਲਸਾ ਰਹੇ ਨਿਆਰਾ , ਤਬ ਲਗ ਤੇਜ ਦਿਉ ਮੈਂ ਸਾਰਾ ॥ ਜਬ ਇਹ ਗਹੇ ਬਿਪਰਨ ਕੀ ਰੀਤ , ਮੈਂ ਨਾ ਕਰੋਂ ਇਨ ਕੀ ਪਰਤੀਤ ॥ ਬੇਸ਼ੱਕ ਸਿੱਖੀ ਧਾਰਨ ਕਰਨ ਵਾਲਾ ਸਿੱਖ ਗੁਰੂ ਸਾਹਿਬ ਜੀ ਦੇ ਇਨਾਂ ਵਚਨਾਂ ਤੋਂ ਮੂੰਹ ਮੋੜ ਕੇ ਬਿਪਰਨ ਦੀਆਂ ਰੀਤਾਂ ਧਾਰਨ ਕਰਕੇ ਗੁਰੂ ਵੱਲੋ ਬੇਪ੍ਰਤੀਤਾਂ ਬਣ ਕੇ ਖਵਾਰ ਹੋ ਰਿਹਾ ਹੈ । ਅੱਜ ਦੁਨੀਆਂ ਅੰਦਰ ਸਿੱਖੀ ਸਰੂਪ ਦੇ ਨਾਲ ਸਿੱਖੀ ਵਾਲੇ ਗੁਣ ਧਾਰਨ ਨਾ ਕਰਣ ਵਾਲਿਆ ਲਈ ਹੀ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ, ਖੋਤੇ ਉਪੱਰ ਸ਼ੇਰ ਦੀ ਖੱਲ ਵਾਲਾ ਕੌਤਕ ,ਸਿਖਿਆ ਦੇਣ ਲਈ ਰਚਾਇਆ ਸੀ । ਸੋ ਸਤਿਕਾਰਯੋਗ ਵੀਰੋ ਆਉ ਆਪਾਂ ਸ਼ੁੱਭ ਗੁਣਾਂ ਵਾਲੇ ਉਨਾਂ ਮਹਾਨ ਗੁਰਸਿੱਖਾਂ ਵਾਰਗੇ ਸਿੱਖ ਬਣਨ ਦੀ ਕੋਸ਼ਿਸ਼ ਕਰੀਏ ਨਾ ਕੇ ਭੇਖੀ ,ਦੰਭੀ ,ਪਖੰਡੀ ਸਿੱਖਾਂ ਵੱਲ ਦੇਖਕੇ ਆਪਣੇ ਮਨ ਦੀਆਂ ਥੋਥੀਆਂ ਦਲੀਲਾਂ ਦੇ ਸਹਾਰੇ ਸਿੱਖੀ ਤੋਂ ਪਤਿਤ ਹੋ ਕੇ ਵੀ ਆਪਣੇ ਆਪ ਨੂੰ ਸਹੀ ਠਹਿਰਾਨ ਦੀ ਕੋਸ਼ਿਸ਼ ਨਾ ਕਰੀਏ ਸਗੋ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਸਾਨੂੰ ਸ਼ੁਭ ਅਮਲਾਂ ਵਾਲੇ ਸਿੱਖ ਬਣ ਦਾ ਬੱਲ ਬਖਸ਼ ਤੇ ਅਸੀਂ ਕਹਿਣੀ ਤੇ ਕਰਨੀ ਦੇ ਪੂਰੇ ਸਿੱਖ ਬਣ ਕੇ ਬਾਬੇ ਨਾਨਕ ਦੇ ਲਾਏ ਸਿੱਖੀ ਦੇ ਬੂਟੇ ਦੀ ਮਹਿਕ ਵੰਡ ਸਕੀਏ ।
ਭੁਲਾਂ ਚੁਕਾ ਲਈ ਖਿਮਾ ਦਾ ਜਾਂਚਕ ਗੁਰਚਰਨ ਸਿੰਘ ਗੁਰਾਇਆ ਜਰਮਨੀ