ਮੈਂ ਦਰਦ ਕਹਾਣੀ ਰਾਤਾਂ ਦੀ - ਕਰਮਜੀਤ ਕੌਰ ਕਿਸ਼ਾਂਵਲ

ਦੇਹ-ਵਪਾਰ ਮਨੁੱਖੀ ਸਮਾਜ ਦੇ ਘਿਣਾਉਣੇ ਵਰਤਾਰਿਆਂ ਵਿਚੋਂ ਇਕ ਹੈ। ਪੁਰਾਤਨ ਸਮੇਂ ਤੋਂ ਹੀ ਇਹ ਵਰਤਾਰਾ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿਚ ਇਹ 'ਦੇਵਦਾਸੀ ਪ੍ਰਥਾ' ਦੇ ਰੂਪ ਵਿਚ ਧਰਮ ਦੀ ਓਡਨੀ ਹੇਠ ਵਾਪਰਦਾ ਰਿਹਾ ਜੋ ਕਿ ਦੱਖਣੀ ਭਾਰਤ ਦੇ ਮੰਦਰਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਪ੍ਰਚਲਿਤ ਹੈ। ਜਗੀਰਦਾਰੀ ਪ੍ਰਬੰਧ ਵੇਲੇ ਇਹ 'ਦੇਵਦਾਸੀਆਂ' ਪੁਜਾਰੀ ਵਰਗ ਦੇ ਨਾਲ ਨਾਲ ਜਗੀਰਦਾਰਾਂ ਦੀ ਹਵਸ-ਪੂਰਤੀ ਦਾ ਸਾਧਨ ਬਣਦੀਆਂ ਰਹੀਆਂ। ਇੰਝ ਧਰਮ-ਧੁੰਦ ਦੇ ਓਹਲੇ 'ਚ ਦਿਨ ਵੇਲੇ ਅਛੂਤ ਸਮਝੀ ਜਾਣ ਵਾਲੀ ਨਾਰੀ ਰਾਤ ਵੇਲੇ ਇਨ੍ਹਾਂ 'ਧਰਮੀਆਂ' ਦੀ 'ਸੇਵਾ' ਦੇ ਨਾਂ 'ਤੇ ਆਪਣੇ ਮਨ ਅਤੇ ਤਨ, ਦੋਵਾਂ ਨੂੰ ਗੁਲਾਮੀ ਤੇ ਜ਼ਿੱਲਤ ਵਿਚ ਧੱਕਦੀ ਰਹਿੰਦੀ ਸੀ।
ਸਰਮਾਏਦਾਰੀ ਪ੍ਰਬੰਧ ਦੇ ਆਉਣ ਨਾਲ ਦੇਹ-ਵਪਾਰ ਦਾ ਇਹ ਧੰਦਾ ਵਿਆਪਕ ਅਤੇ ਪ੍ਰਤੱਖ ਰੂਪ ਵਿਚ ਸਾਹਮਣੇ ਆਇਆ। ਸਸਤੀ ਕਿਰਤ ਦੇ ਰੂਪ ਵਿਚ ਨਾਰੀ ਨੂੰ ਮੰਡੀ ਵਿਚ ਧਕੇਲਿਆ ਗਿਆ। ਸਸਤੀ ਕਿਰਤ ਦੇ ਤੌਰ 'ਤੇ ਕਾਰਖਾਨਿਆਂ ਵਿਚ ਵਿਚਰਦੀ ਨਾਰੀ ਖੁੱਲ੍ਹੀ ਮੰਡੀ-ਸਭਿਅਤਾ ਕਾਰਨ ਕਦੋਂ 'ਜਿਸਮ-ਰੂਪ' ਵਿਚ ਮੰਡੀ ਦਾ ਮਾਲ ਬਣ ਗਈ, ਇਹ ਉਹ ਖ਼ੁਦ ਵੀ ਨਹੀਂ ਸਮਝ ਸਕੀ। ਭਾਰਤ ਦੇ ਵੱਡੇ ਸ਼ਹਿਰਾਂ ਵਿਚ ਤੇਜ਼ੀ ਨਾਲ ਦੇਹ-ਵਪਾਰ ਦੇ ਅੱਡੇ ਹੋਂਦ ਵਿਚ ਆਏ ਅਤੇ ਮਨੁੱਖੀ ਤਸਕਰੀ ਦਾ ਵਿਆਪਕ ਸਿਲਸਿਲਾ ਸ਼ੁਰੂ ਹੋ ਗਿਆ। ਦੇਹ-ਵਪਾਰ ਨਾਲ ਸੰਬੰਧਿਤ ਸਰਵੇਖਣਾਂ ਉਪਰ ਨਜ਼ਰਸਾਨੀ ਉਪਰੰਤ ਜੋ ਤੱਥ ਸਾਹਮਣੇ ਆਉਂਦੇ ਹਨ, ਉਹ ਹੈਰਾਨੀ ਦੇ ਨਾਲ ਨਾਲ ਚਿੰਤਾਜਨਕ ਵੀ ਹਨ। ਹੈਵੋਕ ਸਕੋਪ ਰਿਸਰਚ ਇੰਸਟੀਚਿਊਟ ਨੇ ਵਿਸ਼ਵ ਦੇ ਕਈ ਦੇਸਾਂ ਤੋਂ ਸੈਕਸ ਬਾਜ਼ਾਰ ਦੇ ਅੰਕੜੇ ਇਕੱਠੇ ਕੀਤੇ ਹਨ। ਇਸ ਵਿਚ ਭਾਰਤ ਨੂੰ ਵੀ ਵੱਡਾ ਬਾਜ਼ਾਰ ਦੱਸਿਆ ਗਿਆ ਹੈ, ਜਿੱਥੇ 8.4 ਅਰਬ ਡਾਲਰ ਦਾ ਦੇਹ-ਵਪਾਰ ਹੈ। ਵਿਸ਼ਵ ਦੇ ਦੇਹ ਵਪਾਰ ਵਿਚ ਭਾਰਤ ਦਾ ਨੰਬਰ ਸੱਤਵਾਂ ਹੈ, ਜਦ ਕਿ ਚੀਨ ਪਹਿਲੇ ਨੰਬਰ 'ਤੇ, ਸਪੇਨ ਦੂਜੇ, ਜਪਾਨ ਤੀਜੇ, ਜਰਮਨੀ ਚੌਥੇ, ਅਮਰੀਕਾ ਪੰਜਵੇਂ, ਦੱਖਣੀ ਕੋਰੀਆ ਛੇਵੇਂ ਨੰਬਰ 'ਤੇ ਹੈ। ਭਾਰਤ ਦੇ 10 ਅਜਿਹੇ ਰੈੱਡ ਲਾਈਟ ਖੇਤਰ ਹਨ; ਜਿਨ੍ਹਾਂ ਦੀ ਏਸ਼ੀਆ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਚਰਚਾ ਹੁੰਦੀ ਹੈ।
ਵਿਸ਼ਵਿਕ ਸਮਾਜਿਕ ਸੰਸਥਾ ਵਾਕ ਫ੍ਰੀ ਫਾਊਂਡੇਸ਼ਨ ਵੱਲੋਂ ਗਲੋਬਲ ਸਲੇਵਰੀ ਇੰਡੈਕਸ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਸੰਨ 2016 ਦੀ ਰਿਪੋਰਟ ਇਸ ਸਿਲਸਿਲੇ ਦੀ ਤੀਜੀ ਰਿਪੋਰਟ ਹੈ। ਇਸ ਸੂਚੀ ਵਿਚ 167 ਦੇਸਾਂ ਵਿੱਚ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਆਧੁਨਿਕ ਗ਼ੁਲਾਮੀ ਦੇ ਸ਼ਿਕਾਰ ਲੋਕਾਂ, ਮੁੱਖ ਕਾਰਕਾਂ ਅਤੇ ਸਰਕਾਰਾਂ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਗਲੋਬਲ ਸਲੇਵਰੀ ਇੰਡੈਕਸ ਦੀ ਰਿਪੋਰਟ ਅਨੁਸਾਰ ਭਾਰਤ ਵਿਚ 1.83 ਕਰੋੜ ਤੋਂ ਵੱਧ ਲੋਕ ਆਧੁਨਿਕ ਗੁਲਾਮੀ ਦਾ ਜੀਵਨ ਬਿਤਾਉਣ ਲਈ ਮਜ਼ਬੂਰ ਹਨ। ਇਨ੍ਹਾਂ ਵਿਚੋਂ ਬਹੁਤੇ ਜ਼ਬਰੀ ਵਿਆਹ, ਮਨੁੱਖੀ ਸਮਗਲਿੰਗ ਅਤੇ ਵੇਸਵਾਗਿਰੀ ਦੇ ਧੰਦੇ ਵਿਚ ਜ਼ਬਰੀ ਧੱਕੇ ਗਏ ਲੋਕ ਸ਼ਾਮਲ ਹਨ।ਵਾਕ ਫ੍ਰੀ ਫਾਊਂਡੇਸ਼ਨ ਦੇ ਮੁਖੀ ਐਂਡ ਫਾਰੈਸਟ ਨੇ ਰਿਪੋਰਟ ਵਿਚ ਲਿਖਿਆ ਹੈ ਕਿ ਇਹ ਇੰਡੈਕਸ ਕੋਈ ਅਕਾਦਮਿਕ ਅਧਿਐਨ ਨਹੀਂ ਹੈ, ਬਲਕਿ ਠੋਸ ਕਾਰਵਾਈ ਕਰਨ ਲਈ ਸੱਦਾ ਦਿੰਦਾ ਹੈ। ਜੇਕਰ ਦੁਨੀਆਂ ਦੇ ਨੇਤਾ, ਉਦਯੋਗਪਤੀ ਅਤੇ ਸਮਾਜਿਕ ਕਾਰਕੁੰਨ ਆਪਣੀ ਇੱਛਾਸ਼ਕਤੀ ਪ੍ਰਦਰਸ਼ਿਤ ਕਰਨ ਤਾਂ ਇਸ ਦਾਸਤਾਂ ਨੂੰ ਮਿਟਾਇਆ ਜਾ ਸਕਦਾ ਹੈ। 2016 ਦੇ ਸਰਵੇਖਣ ਅਨੁਸਾਰ ਭਾਰਤ ਵਿਚ ਵੱਡੇ ਪੈਮਾਨੇ 'ਤੇ ਜ਼ੋਰ-ਜ਼ਬਰਦਸਤੀ ਨਾਲ ਵੇਸਵਾਪੁਣਾ ਕਰਾਇਆ ਜਾਂਦਾ ਹੈ। ਦੇਹ-ਵਪਾਰ ਪੂਰੀ ਦੁਨੀਆਂ ਵਿਚ ਅੱਜ ਵੀ ਨਾਰੀ ਦੀ ਜ਼ਿੰਦਗੀ 'ਤੇ ਕਲੰਕ ਹੈ।
ਭਾਰਤ ਜਿਹੇ ਦੇਸ ਵਿਚ ਵੀ ਲੰਬੇ ਸਮੇਂ ਤੋਂ ਨਾਰੀ ਦੇਹ ਵਪਾਰ ਜਿਹੇ ਘਿਨੌਣੇ ਧੰਦੇ ਵਿਚ ਉੱਤਰਨ ਲਈ ਮਜਬੂਰ ਹਨ। ਜਨਹਿਤ ਵਿਚ ਕੰਮ ਕਰਨ ਵਾਲੀ ਸੰਸਥਾ ਦਾਸਰਾ ਨੇ ''ਹਮਿੰਗਬਰਡ ਟਰੱਸਟ ਐਂਡ ਕਾਮੋਨੋਹਾਸ਼ੀ ਪ੍ਰੋਜੈਕਟ'' ਦੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਭਾਰਤ ਵਿਚ 1,100 ਰੱੈਡ ਲਾਈਟ ਇਲਾਕਿਆਂ ਵਿਚ ਤਿੰਨ ਲੱਖ ਚਕਲਾ ਘਰ ਹਨ, ਜਿਨ੍ਹਾਂ ਵਿਚ ਜਵਾਨ ਲੜਕੀਆਂ ਅਤੇ ਔਰਤਾਂ ਤੋਂ ਇਲਾਵਾ ਪੰਜ ਲੱਖ ਬੱਚੀਆਂ ਵੀ ਦੇਹ ਵਪਾਰ ਦੇ ਧੰਦੇ ਵਿਚ ਲੱਗੀਆਂ ਹੋਈਆਂ ਹਨ। ਇਸ ਕੁੱਲ ਗਿਣਤੀ ਵਿਚ ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਦੀਆਂ ਔਰਤਾਂ ਦੀ ਗਿਣਤੀ ਕ੍ਰਮਵਾਰ 14.2% ਅਤੇ 13% ਹੈ। ਕਲਕੱਤਾ ਦੇ ਸੋਨਾਗਾਛੀ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਰੈੱਡ ਲਾਈਟ ਖੇਤਰ ਮੰਨਿਆ ਜਾਂਦਾ ਹੈ। ਅੰਦਾਜ਼ੇ ਮੁਤਾਬਕ ਇੱਥੇ ਕਈ ਬਹੁਮੰਜ਼ਿਲਾ ਇਮਾਰਤਾਂ ਹਨ, ਜਿੱਥੇ ਤਕਰੀਬਨ 11 ਹਜ਼ਾਰ ਵੇਸਵਾਵਾਂ ਦੇਹ-ਵਪਾਰ ਵਿਚ ਸ਼ਾਮਲ ਹਨ। ਉੱਤਰੀ ਕੋਲਕਾਤਾ ਦੇ ਸ਼ੋਭਾ ਬਾਜ਼ਾਰ ਨੇੜੇ ਸਥਿਤ ਚਿਤਰੰਜਨ ਐਵੇਨਿਊ ਵਿਚ ਸਥਿਤ ਇਲਾਕੇ ਵਿਚ ਵੇਸਵਾਪੁਣੇ ਨਾਲ ਜੁੜੀਆਂ ਔਰਤਾਂ ਨੂੰ ਬਕਾਇਦਾ ਲਾਇਸੈਂਸ ਦਿੱਤਾ ਗਿਆ ਹੈ। ਇੱਥੇ ਇਸ ਵਪਾਰ ਨੂੰ ਕਈ ਤਰ੍ਹਾਂ ਦੇ ਗੈਂਗ ਚਲਾਉਂਦੇ ਹਨ।
ਰਾਜਧਾਨੀ ਦਿੱਲੀ ਸਥਿਤ ਜੀਬੀ ਰੋਡ ਦਾ ਪੂਰਾ ਨਾਂਅ ਗਾਰਸਟਿਨ ਬਾਸਟਿਨ ਰੋਡ ਹੈ। ਇਹ ਰਾਜਧਾਨੀ ਦਿੱਲੀ ਦਾ ਸਭ ਤੋਂ ਵੱਡਾ ਰੈੱਡ ਲਾਈਟ ਏਰੀਆ ਹੈ। ਹਾਲਾਂਕਿ ਇਸ ਦਾ ਨਾਂਅ ਸੰਨ 1965 ਵਿੱਚ ਬਦਲ ਕੇ ਸਵਾਮੀ ਸ਼ਰਧਾਨੰਦ ਮਾਰਗ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਇੱਥੇ ਮੁਗਲ ਕਾਲ ਵਿਚ ਕੁਲ ਪੰਜ ਰੈੱਡ ਲਾਈਟ ਏਰੀਆ ਅਰਥਾਤ ਕੋਠੇ ਹੋਇਆ ਕਰਦੇ ਸਨ। ਅੰਗਰੇਜ਼ਾਂ ਦੇ ਸਮੇਂ ਇਨ੍ਹਾਂ ਪੰਜਾਂ ਖੇਤਰਾਂ ਨੂੰ ਇਕੱਠੇ ਕਰ ਦਿੱਤਾ ਗਿਆ ਅਤੇ ਉਸੇ ਵੇਲੇ ਇਸ ਦਾ ਨਾਂਅ ਜੀਬੀ ਰੋਡ ਪਿਆ। ਜਾਣਕਾਰਾਂ ਦੇ ਮੁਤਾਬਕ ਦੇਹ-ਵਪਾਰ ਦਾ ਇੱਥੇ ਸਭ ਤੋਂ ਵੱਡਾ ਕਾਰੋਬਾਰ ਹੁੰਦਾ ਹੈ ਅਤੇ ਨੇਪਾਲ ਤੇ ਬੰਗਲਾਦੇਸ ਤੋਂ ਵੱਡੀ ਗਿਣਤੀ ਵਿਚ ਲੜਕੀਆਂ ਦੀ ਸਮਗਲਿੰਗ ਕਰਕੇ ਕੋਠਿਆਂ 'ਤੇ ਲਿਆਇਆ ਜਾਂਦਾ ਹੈ।
ਮੁੰਬਈ ਦਾ ਇਕ ਇਲਾਕਾ ਕਮਾਠੀਪੁਰਾ ਪੂਰੀ ਦੁਨੀਆਂ ਦੇ ਸਭ ਤੋਂ ਪ੍ਰਮੁਖ ਰੈੱਡਲਾਈਟ ਖੇਤਰਾਂ ਵਿਚ ਚਰਚਿਤ ਹੈ। ਦੱਸਿਆ ਜਾਂਦਾ ਹੈ ਕਿ ਇਹ ਏਸ਼ੀਆ ਦਾ ਸਭ ਤੋਂ ਪੁਰਾਣਾ ਰੈੱਡਲਾਈਟ ਖੇਤਰ ਹੈ। ਇਸ ਖੇਤਰ ਦਾ ਇਤਿਹਾਸ ਸੰਨ 1795 ਵਿਚ ਪੁਰਾਣੀ ਬੰਬਈ ਦੇ ਨਿਰਮਾਣ ਤੋਂ ਸ਼ੁਰੂ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਖੇਤਰ ਵਿਚ ਨਿਰਮਾਣ ਖੇਤਰ ਵਿਚ ਕੰਮ ਕਰਨ ਵਾਲੀਆਂ ਆਂਧਰਾ ਪ੍ਰਦੇਸ਼ ਦੀਆਂ ਔਰਤਾਂ ਨੇ ਇੱਥੇ ਦੇਹ ਵਪਾਰ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਕੁਝ ਹੀ ਵਰ੍ਹਿਆਂ, ਯਾਨੀ ਕਿ 1880 ਵਿੱਚ ਇਹ ਖੇਤਰ ਅੰਗਰੇਜ਼ਾਂ ਲਈ ਐਸ਼ਪ੍ਰਸਤੀ ਦੀ ਥਾਂ ਬਣ ਗਈ। ਕਮਾਲ ਦੀ ਗੱਲ ਇਹ ਹੈ ਕਿ ਅੱਜ ਵੀ ਦੇਹ ਵਪਾਰ ਲਈ ਇਸ ਖੇਤਰ ਨੂੰ ਪੂਰੇ ਦੇਸ ਵਿੱਚ ਬਾਖ਼ੂਬੀ ਜਾਣਿਆ ਜਾਂਦਾ ਹੈ। ਇਕ ਅੰਦਾਜ਼ੇ ਮੁਤਾਬਕ ਇੱਥੇ ਤਕਰੀਬਨ 2 ਲੱਖ ਸੈਕਸ ਵਰਕਰਾਂ ਦਾ ਪਰਿਵਾਰ ਰਹਿੰਦਾ ਹੈ।
ਮੱਧ ਪ੍ਰਦੇਸ਼ ਵਿਚ ਇਕ ਤਰ੍ਹਾਂ ਨਾਲ ਸਿੰਧੀਆ ਪਰਿਵਾਰ ਦੀ ਸਿਰਜ਼ਮੀਂ 'ਤੇ ਗਵਾਲੀਅਰ ਵਿਚ ਰੇਸ਼ਮਪੁਰਾ ਇਕ ਵੱਡਾ ਰੈੱਡਲਾਈਟ ਖੇਤਰ ਹੈ। ਇੱਥੇ ਦੇਹ ਵਪਾਰ ਲਈ ਵਿਦੇਸ਼ੀ ਲੜਕੀਆਂ ਦੇ ਨਾਲ ਮਾਡਲਜ਼ ਵੀ ਹਨ। ਇੱਥੇ ਕਾਲ ਗਰਲਜ਼ ਲਈ ਬਕਾਇਦਾ ਦਫ਼ਤਰ ਖੋਲ੍ਹੇ ਜਾਣ ਲੱਗੇ ਹਨ। ਇੰਟਰਨੈੱਟ ਅਤੇ ਮੋਬਾਈਲ 'ਤੇ ਆਉਣ ਵਾਲੀਆਂ ਸੂਚਨਾਵਾਂ ਦੇ ਆਧਾਰ 'ਤੇ ਕਾਲ ਗਰਲਜ਼ ਦੀ ਬੁਕਿੰਗ ਹੁੰਦੀ ਹੈ। ਉਂਝ ਤਾਂ ਇਲਾਹਾਬਾਦ ਗੰਗਾ, ਜਮੁਨਾ ਤੇ ਸਰਸਵਤੀ ਦੇ ਸੰਗਮ ਕਾਰਨ ਪ੍ਰਯਾਗਰਾਜ ਤੀਰਥ ਦੇ ਰੂਪ ਵਿਚ ਪੂਰੇ ਭਾਰਤ ਵਿਚ ਪ੍ਰਸਿੱਧ ਹੈ ਪਰ ਇੱਥੇ ਬਾਜ਼ਾਰ ਚੌਕ ਵਿਚ ਮੀਰਗੰਜ ਖੇਤਰ ਵਿਚ ਸਥਿਤ ਇਕ ਰੈੱਡ ਲਾਈਟ ਏਰੀਆ ਹੈ ਜੋ ਤਕਰੀਬਨ ਡੇਢ ਸੌ ਸਾਲ ਪੁਰਾਣਾ ਹੈ। ਇੱਥੋਂ ਦੀਆਂ ਪੁਰਾਣੀਆਂ ਇਮਾਰਤਾਂ ਨਾਲ ਢਕੀਆਂ ਹੋਈਆਂ ਬੰਦ ਗਲੀਆਂ ਵਿਚ ਤੁਹਾਨੂੰ ਇੱਥੇ ਦਾ ਵੇਸਵਾ ਬਾਜ਼ਾਰ ਦਿਖਾਈ ਦੇਵੇਗਾ।
ਦੁਨੀਆਂ ਦੇ ਪ੍ਰਾਚੀਨ ਸ਼ਹਿਰਾਂ ਵਿਚੋਂ ਵਾਰਾਣਸੀ ਹਿਦੂਆਂ ਦਾ ਸਭ ਤੋਂ ਪਵਿੱਤਰ ਤੀਰਥ ਹੈ, ਪਰ ਇੱਥੇ ਦੇਹ ਵਪਾਰ ਦਾ ਇਤਿਹਾਸ ਵੀ ਕਈ ਪੁਰਾਣੀਆਂ ਗਲੀਆਂ ਵਿਚ ਦਿਖਾਈ ਦਿੰਦਾ ਹੈ। ਸ਼ਿਵਦਾਸਪੁਰ ਵਾਰਾਣਸੀ ਰੇਲਵੇ ਸਟੇਸ਼ਨ ਤੋਂ ਤਕਰੀਬਨ 3 ਕਿਲੋਮੀਟਰ ਦੂਰ ਸਥਿਤ ਇਲਾਕਾ ਰੈੱਡਲਾਈਟ ਇਲਾਕੇ ਦੇ ਰੂਪ ਵਿਚ ਪ੍ਰਸਿੱਧ ਹੈ। ਇਹ ਇਕ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਰੈੱਡਲਾਈਟ ਖੇਤਰ ਹੈ। ਇਸੇ ਤਰ੍ਹਾਂ ਇੱਥੇ ਸਥਿਤ 'ਦਾਲ ਮੰਡੀ' ਦੇ ਇਲਾਕੇ ਵਿਚ ਵੀ ਸਭ ਤਰ੍ਹਾਂ ਦੀਆਂ ਕਾਨੂੰਨੀ ਪਾਬੰਦੀਆਂ ਦੇ ਬਾਵਜ਼ੂਦ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਣੇ ਦਾ ਬੁੱਧਵਾਰ ਪੇਠ ਸਥਾਨ ਵੀ ਦੇਸ ਦੇ ਪ੍ਰਸਿੱਧ ਰੈੱਡ ਲਾਈਟ ਖੇਤਰਾਂ ਵਿਚੋਂ ਇਕ ਹੈ। ਇੱਥੇ ਵੱਡੀ ਗਿਣਤੀ ਵਿਚ ਨੇਪਾਲੀ ਲੜਕੀਆਂ ਦੇਹ-ਵਪਾਰ ਵਿਚ ਸ਼ਾਮਲ ਹਨ। ਇੱਥੇ ਤਕਰੀਬਨ 5 ਹਜ਼ਾਰ ਦੇ ਲਗਪਗ ਵੇਸਵਾਵਾਂ ਇਸ ਧੰਦੇ ਵਿਚ ਗ੍ਰਸਤ ਹਨ।
ਮਹਾਂਰਾਸ਼ਟਰ ਦੀ ਉਪ ਰਾਜਧਾਨੀ ਨਾਗਪੁਰ ਵਿਚ ਇਤਵਾਰੀ ਇਲਾਕੇ ਵਿਚ ਗੰਗਾ-ਜਮੁਨਾ ਇਲਾਕਾ ਹੈ, ਜਿੱਥੇ ਵੇਸਵਾਪੁਣਾ ਚਲਦਾ ਹੈ। ਗੰਗਾ ਜਮੁਨਾ ਇਲਾਕਾ ਦੇਹ-ਵਪਾਰ ਦੇ ਨਾਲ-ਨਾਲ ਅਪਰਾਧਿਕ ਗਤੀਵਿਧੀਆਂ ਅਤੇ ਸਮਗਲਿੰਗ ਲਈ ਵੀ ਜਾਣਿਆ ਜਾਂਦਾ ਹੈ। ਬਿਹਾਰ ਦਾ ਮੁਜ਼ੱਫਰਪੁਰ ਇਲਾਕਾ ਸੂਬੇ ਦੇ ਵੱਡੇ ਰੈੱਡਲਾਈਟ ਖੇਤਰਾਂ ਵਿਚੋਂ ਇਕ ਹੈ। ਦੱਸਿਆ ਜਾਂਦਾ ਹੈ ਕਿ ਉੱਤਰੀ ਬਿਹਾਰ ਦਾ ਇਹ ਸਭ ਤੋਂ ਵੱਡਾ ਰੈੱਡਲਾਈਟ ਖੇਤਰ ਹੈ। ਬਿਹਾਰ ਦੀ ਚੌਥੀ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਮੁਜ਼ੱਫਰਪੁਰ ਦੇ ਨੇੜਲੇ ਖੇਤਰ ਵਿਚ ਕਈ ਛੋਟੇ ਵੇਸਵਾਘਰ ਹਨ।
ਪੱਛਮੀ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰ ਮੇਰਠ ਵਿਚ ਸਥਿਤ ਕਬਾੜੀ ਬਾਜ਼ਾਰ ਬਹੁਤ ਹੀ ਪੁਰਾਣਾ ਰੈੱਡ ਲਾਈਟ ਖੇਤਰ ਹੈ। ਇੱਥੇ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਦੇਹ-ਵਪਾਰ ਕੀਤਾ ਜਾਂਦਾ ਹੈ। ਇੱਥੇ ਇਸ ਧੰਦੇ ਵਿਚ ਜ਼ਿਆਦਾਤਾਰ ਨੇਪਾਲੀ ਲੜਕੀਆਂ ਹੀ ਹਨ। ਭਾਰਤ ਦੇ ਕਈ ਪ੍ਰਾਂਤਾਂ ਵਿਚ ਭਰੂਣ ਹੱਤਿਆ ਕਾਰਨ ਵਿਆਹ ਲਈ ਲੜਕੀਆਂ ਦੀ ਗਿਣਤੀ ਘੱਟ ਰਹਿ ਗਈ ਹੈ। ਇਸ ਹਾਲਤ ਵਿੱਚ ਮਜ਼ਬੂਰੀ ਵੱਸ ਵਿਆਹ ਲਈ ਲੜਕੀਆਂ ਦੀ ਸਮਗਲਿੰਗ ਦੇ ਮਾਮਲੇ ਲਗਾਤਾਰ ਵਧੇ ਹਨ। ਕੁਝ ਮਾਮਲਿਆਂ ਵਿਚ ਅਜਿਹੀਆਂ ਲੜਕੀਆਂ ਨੂੰ ਬਿਨਾਂ ਮਜ਼ਦੂਰੀ ਦਿੱਤਿਆਂ ਕੰਮ ਵੀ ਕਰਵਾਇਆ ਜਾਂਦਾ ਹੈ।
ਕਾਫ਼ੀ ਸਮਾਂ ਵਿਸ਼ਵ ਪੱਧਰ ਉਪਰ ਦੇਹ-ਵਪਾਰ ਨੂੰ ਕਾਨੂੰਨੀ ਮਾਨਤਾ ਦੇਣ ਲਈ ਵਿਚਾਰ ਚਰਚਾ ਹੁੰਦੀ ਰਹੀ ਅਤੇ ਕਈ ਮੁਲਕਾਂ ਵਿਚ ਇਸਨੂੰ ਕਾਨੂੰਨੀ ਮਾਨਤਾ ਮਿਲ ਵੀ ਗਈ। ਨੀਦਰਲੈਂਡ ਨੇ 1988 ਵਿਚ ਵੇਸਵਾਗਮਨੀ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ ਅਤੇ ਇਸਦਾ ਮੁੱਖ ਉਦੇਸ਼ ਮਨੁੱਖੀ ਤਸਕਰੀ ਅਤੇ ਅਪਰਾਧਿਕ ਵੇਸਵਾਗਮਨੀ ਨੂੰ ਘਟਾਉਣਾ ਸੀ ਪਰ ਵਿਵਹਾਰਕ ਤੌਰ 'ਤੇ  ਇਹ ਪਾਇਆ ਗਿਆ ਕਿ ਇਸਨੂੰ ਕਾਨੂੰਨੀ ਮਾਨਤਾ ਦੇਣ ਨਾਲ ਇਹਨਾਂ ਦੋਵਾਂ ਉਦੇਸ਼ਾਂ ਦੀ ਪੂਰਤੀ ਨਹੀਂ ਹੋਈ। ਇਸ ਸਾਰੇ ਮਸਲੇ ਵਿਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੇਸਵਾਗਮਨੀ ਦੇ ਧੰਦੇ ਵਿਚ ਲੱਗੀਆਂ ਔਰਤਾਂ ਵਸਤੂ ਨਹੀਂ, ਮਨੁੱਖ ਹਨ। ਪੂੰਜੀ ਦੇ ਇਸ ਯੁਗ ਵਿਚ ਔਰਤ ਨੂੰ ਇਕ ਵਸਤੂ ਦੇ ਤੁਲ ਸਮਝਣਾ ਸਭ ਤੋਂ ਕੋਝਾ ਤੇ ਅਮਾਨਵੀ ਵਰਤਾਰਾ ਹੈ। ਵਸਤੂ ਦੀ ਤਰ੍ਹਾਂ ਉਸਦਾ ਮੁੱਲ ਨਿਰਧਾਰਤ ਕਰਨਾ ਤੇ ਗਾਹਕ ਦੀ ਲੋੜ-ਪੂਰਤੀ ਦਾ ਸਾਧਨ ਮਾਤਰ ਸਮਝਣਾ ਔਰਤ ਦੀ ਤੌਹੀਨ ਹੈ।
ਉਪਰੋਕਤ ਤੱਥਾਂ ਅਤੇ ਅੰਕੜਿਆਂ ਤੋਂ ਇਸ ਵਰਤਾਰੇ ਦੀ ਤਸਵੀਰ ਸਾਫ਼ ਹੁੰਦੀ ਹੈ।ਇਹਨਾਂ ਅੰਕੜਿਆਂ ਦੇ ਵਿਸ਼ਲੇਸ਼ਣ ਉਪਰੰਤ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮਨੁੱਖੀ ਸਮਾਜ ਦੇ ਸਮੁੱਚੇ ਕਾਰਜਤੰਤਰ ਉਪਰ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ। ਏਨੇ ਵੱਡੇ ਪੱਧਰ ਉਪਰ ਹੋ ਰਿਹਾ ਦੇਹ-ਵਪਾਰ ਮਨੁੱਖੀ ਸਭਿਅਤਾ ਸਾਹਮਣੇ ਇਕ ਸਵਾਲੀਆ ਚਿੰਨ੍ਹ ਹੈ। ਇਸ ਧੰਦੇ ਕਾਰਨ ਮਨੁੱਖੀ ਤਸਕਰੀ ਵਧੀ ਹੈ ਅਤੇ ਇਸ ਅਲਾਮਤ ਦਾ ਸ਼ਿਕਾਰ ਹੋਏ ਲੋਕ ਗ਼ੁਲਾਮੀ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਹਨ। ਵੇਸਵਾਗਮਨੀ ਦੇ ਧੰਦੇ ਵਿਚ ਫਸੀਆਂ ਔਰਤਾਂ ਦੇ ਪੇਟੋਂ ਜਨਮੇਂ ਬੱਚੇ ਗਿਲਾਨੀ ਵਾਲਾ ਜੀਵਨ ਜਿਉਣ ਲਈ ਬੇਵੱਸ ਹਨ; ਇਨ੍ਹਾਂ ਦਾ ਬਚਪਨ ਬਾਲਪੁਣੇ ਦੇ ਸੁੱਖ ਤੋਂ ਵੰਚਿਤ ਅਤੇ 'ਸਭਿਅਕ' ਸਮਾਜ ਦੀ ਨਫ਼ਰਤ ਭਰੀ ਫਿਟਕਾਰ ਦਾ ਸ਼ਿਕਾਰ ਹੁੰਦਾ ਹੈ। ਇਹ ਬੱਚੇ ਕਿਸੇ ਵੀ ਤਰ੍ਹਾਂ ਦੀ ਰਵਾਇਤੀ ਅਤੇ ਪਰਿਵਾਰਕ ਸਿੱਖਿਆ ਤੋਂ ਵਿਰਵੇ ਰਹਿਣ ਕਾਰਨ ਨੈਤਿਕ ਮੁੱਲਾਂ ਤੋਂ ਸੱਖਣੇ ਰਹਿ ਜਾਂਦੇ ਹਨ, ਜਿਸ ਕਾਰਨ ਇਹਨਾਂ ਦਾ ਭਾਵੀ ਜੀਵਨ ਵੀ ਕਾਲਖਾਂ ਭਰਿਆ ਹੁੰਦਾ ਹੈ; ਧੀਆਂ ਵੇਸਵਾਗਮਨੀ ਦੇ ਧੰਦੇ ਵਿਚ ਹੀ ਗ਼ਲਤਾਨ ਹੋ ਜਾਂਦੀਆਂ ਹਨ ਅਤੇ ਮੁੰਡੇ ਦਲਾਲੀ, ਚੋਰੀ, ਲੁੱਟ-ਖੋਹ, ਗੁੰਡਾਗਰਦੀ ਜਿਹੇ ਸਮਾਜ ਵਿਰੋਧੀ ਕੰਮਾਂ ਵਿਚ ਧੱਕੇ ਜਾਂਦੇ ਹਨ। ਅਜਿਹੇ ਵਰਤਾਰਿਆਂ ਦੇ ਚਲਦਿਆਂ ਮਨੁੱਖੀ ਸਮਾਜ ਗਿਰਾਵਟਾਂ ਵੱਲ ਹੀ ਜਾਵੇਗਾ। ਦੇਹ-ਵਪਾਰ ਜਿਹੇ ਧੰਦੇ ਵਿਚੋਂ ਪੈਦਾ ਹੋਈਆਂ ਅਲਾਮਤਾਂ ਸਮੁੱਚੇ ਸਮਾਜ ਦੇ ਸੁਚੱਜੇ ਵਿਕਾਸ ਲਈ ਘਾਤਕ ਸਾਬਤ ਹੁੰਦੀਆਂ ਹਨ। ਮਨੁੱਖੀ ਸਭਿਅਤਾ ਲਈ ਇਹ ਬਹੁਤ ਹੀ ਸੰਜੀਦਾ ਅਤੇ ਪੇਚੀਦਾ ਮਸਲਾ ਹੈ ਜਿਸ ਬਾਰੇ ਸਰਕਾਰਾਂ, ਸਮਾਜਸੇਵੀ ਸੰਸਥਾਵਾਂ ਅਤੇ ਚਿੰਤਕਾਂ ਨੂੰ ਸੁਹਿਰਦ ਹੋ ਕੇ ਸੋਚਣਾ ਚਾਹੀਦਾ ਹੈ।

09 April 2019