ਅਮਰੀਕਾ ਦਾ ਭਾਰਤ ਵੱਲ ਹੱਦੋਂ ਬਾਹਲਾ ਉਲਾਰਪੁਣਾ ਸੋਘੇ ਰਹਿਣ ਦਾ ਮੁੱਦਾ - ਜਤਿੰਦਰ ਪਨੂੰ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਮੁਤਾਬਕ ਉਨ੍ਹਾਂ ਦੇ ਦੂਤਾਂ ਨੇ ਯੂ ਐੱਨ ਸਕਿਓਰਟੀ ਕੌਂਸਲ ਵਿੱਚ ਇੱਕ ਵਾਰ ਫਿਰ ਦਹਿਸ਼ਤਗਰਦ ਮਸੂਦ ਅਜ਼ਹਰ ਦੇ ਖਿਲਾਫ ਮਤਾ ਪੇਸ਼ ਕਰ ਦਿੱਤਾ ਹੈ। ਇਹ ਮਤਾ ਭਾਰਤ ਦੇ ਪੱਖ ਵਿੱਚ ਜਾਣ ਵਾਲਾ ਅਤੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਉਸ ਦੇ ਹਮਾਇਤੀ ਚੀਨ ਨੂੰ ਵੀ ਕਸੂਤਾ ਫਸਾਉਣ ਵਾਲਾ ਹੋਣ ਕਾਰਨ ਭਾਰਤ ਦੇ ਲੋਕ ਖੁਸ਼ ਹੋਏ ਹਨ। ਉਨ੍ਹਾਂ ਦਾ ਖੁਸ਼ ਹੋਣਾ ਜਾਇਜ਼ ਵੀ ਹੈ। ਲੰਮੇ ਸਮੇਂ ਤੋਂ ਭਾਰਤ ਦੇ ਵਿਰੁੱਧ ਚੱਲ ਰਹੀ ਦਹਿਸ਼ਤਗਰਦੀ ਵਿੱਚ ਮਸੂਦ ਅਜ਼ਹਰ, ਹਾਫਿਜ਼ ਸਈਦ, ਸਲਾਹੁਦੀਨ ਤੇ ਜ਼ਕੀ-ਉਰ-ਰਹਿਮਾਨ ਵਰਗੇ ਕਈ ਲੋਕ ਚਰਚਾ ਦਾ ਕੇਂਦਰ ਰਹੇ ਹਨ। ਪਿਛਲੇ ਫਰਵਰੀ ਮਹੀਨੇ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਜਦੋਂ ਹਮਲਾ ਕੀਤਾ ਗਿਆ ਤੇ ਚਾਲੀ ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ ਸੀ, ਉਸ ਦੇ ਪਿੱਛੇ ਵੀ ਮਸੂਦ ਅਜ਼ਹਰ ਦਾ ਹੱਥ ਸੀ। ਖੁਦ ਮਸੂਦ ਅਜ਼ਹਰ ਨੇ ਇਸ ਦੀ ਜ਼ਿਮੇਵਾਰੀ ਲਈ ਸੀ ਤੇ ਜਦੋਂ ਸਾਰੇ ਸੰਸਾਰ ਵਿੱਚ ਪਾਕਿਸਤਾਨ ਸਰਕਾਰ ਇਸ ਜ਼ਿਮੇਵਾਰ ਨਾਲ ਕਸੂਤੀ ਫਸ ਗਈ ਤਾਂ ਮਸੂਦ ਨੇ ਇਸ ਜ਼ਿਮੇਵਾਰੀ ਤੋਂ ਖੁਦ ਨੂੰ ਵੱਖ ਕਰਨ ਦਾ ਯਤਨ ਕੀਤਾ ਸੀ। ਭਾਰਤ ਇਸ ਹਮਲੇ ਨਾਲ ਭੜਕਿਆ ਸੀ ਤੇ ਦੋਵਾਂ ਦੇਸ਼ਾਂ ਦੀ ਜੰਗ ਹੁੰਦੀ-ਹੁੰਦੀ ਮਸਾਂ ਬਚੀ ਸੀ। ਇਹ ਗੱਲਾਂ ਹਰ ਕੋਈ ਜਾਣਦਾ ਹੈ। ਅਮਰੀਕਾ ਨੇ ਜਦੋਂ ਮਸੂਦ ਅਜ਼ਹਰ ਦੇ ਖਿਲਾਫ ਮਤਾ ਪੇਸ਼ ਕੀਤਾ ਅਤੇ ਚੀਨ ਦੇ ਦਖਲ ਨਾਲ ਇੱਕ ਵਾਰ ਰੱਦ ਹੋਣ ਮਗਰੋਂ ਫਿਰ ਪੇਸ਼ ਕਰ ਦਿੱਤਾ ਤਾਂ ਇਸ ਨੂੰ ਭਾਰਤ ਦੇ ਪੱਖ ਵਿੱਚ ਇੱਕ ਬੜੀ ਵੱਡੀ ਤਬਦੀਲੀ ਵਜੋਂ ਵੇਖਿਆ ਗਿਆ ਹੈ।
ਮਸੂਦ ਅਜ਼ਹਰ ਉਸੇ ਪਾਕਿਸਤਾਨ ਵਿੱਚ ਹੈ, ਜਿੱਥੇ ਪਹਿਲਾਂ ਕਦੀ ਉਹ ਓਸਾਮਾ ਬਿਨ ਲਾਦੇਨ ਹੁੰਦਾ ਸੀ, ਜਿਸ ਨੇ ਅਮਰੀਕਾ ਦੇ ਨਿਊ ਯਾਰਕ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਮਰਵਾਏ ਸਨ। ਅਮਰੀਕਾ ਨੇ ਲਾਦੇਨ ਦੇ ਮੁੱਦੇ ਉੱਤੇ ਪਾਕਿਸਤਾਨ ਦੇ ਖਿਲਾਫ ਕਦੇ ਏਨਾ ਸਖਤ ਸਟੈਂਡ ਨਹੀਂ ਲਿਆ। ਅਫਗਾਨਿਸਤਾਨ ਤੋਂ ਤਾਲਿਬਾਨ ਦੀ ਹਕੂਮਤ ਉਖਾੜ ਦੇਣ ਦੇ ਬਾਅਦ ਉਸੇ ਅਮਰੀਕਾ ਦਾ ਇੱਕ ਹੋਰ ਬਹੁਤ ਵੱਡਾ ਦੁਸ਼ਮਣ ਮੁੱਲਾ ਉਮਰ ਓਥੋਂ ਭੱਜ ਕੇ ਪਾਕਿਸਤਾਨ ਦੀ ਫੌਜ ਦੇ ਹਸਪਤਾਲ ਵਿੱਚ ਇਲਾਜ ਕਰਵਾਉਂਦਾ ਤੇ ਅਮਰੀਕਾ ਵਿਰੁੱਧ ਹਮਲਾਵਰੀ ਕਰਦਾ ਰਿਹਾ ਸੀ। ਓਦੋਂ ਵੀ ਅਮਰੀਕਾ ਦੀ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇਹੋ ਜਿਹਾ ਮਤਾ ਪੇਸ਼ ਕਰਨ ਦੀ ਲੋੜ ਨਹੀਂ ਸਮਝੀ। ਹੱਕਾਨੀ ਨੈੱਟਵਰਕ ਬੜੇ ਚਿਰ ਤੋਂ ਅਮਰੀਕਾ ਨੂੰ ਲਗਾਤਾਰ ਤੰਗ ਕਰਦਾ ਆ ਰਿਹਾ ਹੈ। ਡੋਨਾਲਡ ਟਰੰਪ ਵਾਲੀ ਸਰਕਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਕਤ ਵੀ ਇਹ ਮੁੱਦਾ ਕਈ ਵਾਰ ਉਠਾਇਆ ਅਤੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਵੀ ਰੱਖਿਆ ਹੈ। ਹੱਕਾਨੀ ਗਰੁੱਪ ਪਾਕਿਸਤਾਨ ਵਿੱਚੋਂ ਉੱਠ ਕੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜਾਂ ਉੱਤੇ ਹਮਲੇ ਕਰਦਾ ਹੈ। ਮੁੱਖ ਨਿਸ਼ਾਨਾ ਉਹ ਲਗਾਤਾਰ ਅਮਰੀਕਾ ਵਾਲੇ ਨਾਟੋ ਬਲਾਕ ਦੀਆਂ ਫੌਜਾਂ ਨੂੰ ਬਣਾ ਰਿਹਾ ਹੈ। ਇਸ ਦੇ ਬਾਵਜੂਦ ਹੱਕਾਨੀ ਗਰੁੱਪ ਦੇ ਮੁੱਦੇ ਬਾਰੇ ਅਮਰੀਕਾ ਅਤੇ ਉਸ ਦੇ ਗਰੁੱਪ ਦੇ ਦੇਸ਼ਾਂ ਨੇ ਪਾਕਿਸਤਾਨ ਦੇ ਵਿਰੁੱਧ ਯੂ ਐੱਨ ਓ ਕੋਲ ਕਦੇ ਇਸ ਤਰ੍ਹਾਂ ਦੀ ਪਹੁੰਚ ਨਹੀਂ ਕੀਤੀ, ਜਿਹੋ ਜਿਹੀ ਭਾਰਤ ਦੇ ਹਿੱਤਾਂ ਖਾਤਰ ਉਨ੍ਹਾਂ ਨੇ ਕੀਤੀ ਹੈ।
ਮੈਂ ਭਾਰਤੀ ਹਾਂ ਤੇ ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਭਾਰਤ ਦੇ ਹਿੱਤਾਂ ਬਾਰੇ ਜਦੋਂ ਸੋਚਦਾ ਹਾਂ ਤਾਂ ਇਸ ਤਰ੍ਹਾਂ ਕਿਸੇ ਉੱਤੇ ਅਹਿਸਾਨ ਨਹੀਂ ਕਰਦਾ। ਹਰ ਦੇਸ਼ ਦਾ ਜਿਹੜਾ ਵੀ ਨਾਗਰਿਕ ਆਪਣੇ ਵਤਨ ਦੀ ਮਿੱਟੀ ਨਾਲ ਪਿਆਰ ਕਰਦਾ ਹੋਵੇ, ਉਹ ਆਪਣੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦੇਣਾ ਆਪਣਾ ਫਰਜ਼ ਸਮਝਦਾ ਹੈ। ਮੈਂ ਵੀ ਇਹ ਫਰਜ਼ ਸਮਝਦਾ ਹਾਂ। ਫਰਜ਼ ਦੀ ਗੱਲ ਸੋਚਦੇ ਹੋਏ ਵੀ ਮੈਨੂੰ ਅਗਲੀ ਗੱਲ ਇਹ ਸੋਚਣੀ ਪੈਂਦੀ ਹੈ ਕਿ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਮਾਂ ਨਾਲੋਂ ਹੇਜਲੀ ਫੱਫੇਕੁੱਟਣੀ ਹੁੰਦੀ ਹੈ। ਅਮਰੀਕਾ ਸਾਡੇ ਦੇਸ਼ ਬਾਰੇ ਇਸ ਦੇਸ਼ ਦੇ ਹਾਕਮਾਂ ਤੋਂ ਵੀ ਅੱਗੇ ਵਧ ਕੇ ਸੋਚ ਰਿਹਾ ਹੈ। ਅੱਗੇ ਕਦੀ ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਮੁੰਬਈ ਵਿੱਚ ਇੱਕ ਸੌ ਛਿਆਹਠ ਲੋਕ ਮਾਰੇ ਗਏ ਸਨ ਅਤੇ ਇਨ੍ਹਾਂ ਮ੍ਰਿਤਕਾਂ ਵਿੱਚ ਕਈ ਅਮਰੀਕੀ ਵੀ ਸਨ, ਅਮਰੀਕਾ ਦੀ ਸਰਕਾਰ ਓਦੋਂ ਭਾਰਤ ਨਾਲੋਂ ਵੱਧ ਇਹ ਗੱਲ ਜਾਣਦੀ ਸੀ ਕਿ ਹਮਲਾ ਕਰਨ ਦੇ ਲਈ ਸਾਰੇ ਦਹਿਸ਼ਤਗਰਦ ਪਾਕਿਸਤਾਨ ਤੋਂ ਆਏ ਸਨ ਤੇ ਜ਼ਕੀ-ਉਰ-ਰਹਿਮਾਨ ਉਰਫ ਚਾਚਾ ਉਨ੍ਹਾਂ ਨੂੰ ਉਸ ਹਮਲੇ ਦੌਰਾਨ ਵੀ ਹਦਾਇਤਾਂ ਦੇਂਦਾ ਰਿਹਾ ਸੀ। ਉਹ ਆਦਮੀ ਅੱਜ ਤੱਕ ਪਾਕਿਸਤਾਨ ਵਿੱਚ ਬੈਠਾ ਹੈ। ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨੇ ਮੁੰਬਈ ਵਿੱਚ ਅਗੇਤਾ ਗੇੜਾ ਲਾ ਕੇ ਦਹਿਸ਼ਤਗਰਦਾਂ ਦਾ ਕੰਮ ਸੌਖਾਲਾ ਕਰਨ ਲਈ ਕੱਚੇ ਕਾਗਜ਼ਾਂ ਉੱਤੇ ਨਕਸ਼ੇ ਬਣਾਏ ਸਨ ਤੇ ਅਮਰੀਕੀ ਸਰਕਾਰ ਇਹ ਵੀ ਜਾਣਦੀ ਸੀ। ਉਸ ਦਹਿਸ਼ਤਗਰਦ ਹਮਲੇ ਨਾਲ ਹਾਫਿਜ਼ ਸਈਦ ਦਾ ਜੁੜੇ ਹੋਣਾ ਵੀ ਅਮਰੀਕਾ ਨੂੰ ਮੁੱਢਲੇ ਦਿਨਾਂ ਤੋਂ ਪਤਾ ਸੀ। ਡੇਵਿਡ ਕੋਲਮੈਨ ਹੇਡਲੀ ਨੇ ਵਾਅਦਾ ਮੁਆਫ ਗੁਆਹ ਬਣਨ ਪਿੱਛੋਂ ਜਿਹੜਾ ਇਕਬਾਲੀਆ ਬਿਆਨ ਦਿੱਤਾ, ਉਸ ਦੇ ਬਾਰੇ ਭਾਰਤ ਤੋਂ ਪਹਿਲਾਂ ਅਮਰੀਕਾ ਨੂੰ ਪਤਾ ਸੀ ਤੇ ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਸੰਬੰਧਤ ਦੋ ਵੱਡੇ ਅਫਸਰਾਂ ਦੇ ਨਾਂਅ ਵੀ ਦੱਸੇ ਸਨ, ਪਰ ਇਸ ਦੇ ਬਾਵਜੂਦ ਅਮਰੀਕਾ ਨੇ ਕਦੇ ਉਸ ਕਿਸਮ ਦੀ ਸਰਗਰਮੀ ਨਹੀਂ ਵਿਖਾਈ, ਜਿਹੜੀ ਇਸ ਵਾਰ ਵਿਖਾ ਰਿਹਾ ਹੈ। ਜ਼ਕੀ-ਉਰ-ਰਹਿਮਾਨ ਲਖਵੀ ਜਾਂ ਹਾਫਿਜ਼ ਸਈਦ ਜਾਂ ਆਈ ਐੱਸ ਆਈ ਵਾਲੇ ਦੋਵਾਂ ਅਫਸਰਾਂ ਦੇ ਮੁੱਦੇ ਉੱਤੇ ਚੁੱਪ ਰਹਿ ਚੁੱਕਾ ਅਮਰੀਕਾ ਜਦੋਂ ਅਚਾਨਕ ਹੀ ਭਾਰਤ ਦਾ ਹੱਦੋਂ ਵੱਧ ਤਿੱਖਾ ਹੇਜ ਵਿਖਾਉਣ ਵਾਲਾ ਸਮੱਰਥਕ ਬਣ ਤੁਰਿਆ ਹੈ ਤਾਂ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਸ ਪੱਖ ਬਾਰੇ ਸੋਚਣਾ ਵੀ ਸਾਡਾ ਭਾਰਤੀਆਂ ਦਾ ਫਰਜ਼ ਹੋਣਾ ਚਾਹੀਦਾ ਹੈ।
ਅੱਜ ਵਾਲੀ ਸਥਿਤੀ ਵਿੱਚ ਅਮਰੀਕਾ ਜਦੋਂ ਭਾਰਤ ਦੇ ਪੱਖ ਵਿੱਚ ਇਸ ਹੱਦ ਤੱਕ ਉਲਾਰ ਦਿਖਾਈ ਦੇਂਦਾ ਹੈ, ਉਸ ਵਕਤ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਬੀਤੇ ਸਮੇਂ ਵਿੱਚ ਜਿਨ੍ਹਾਂ ਦੇਸ਼ਾਂ ਦੇ ਪੱਖ ਵਿੱਚ ਉਹ ਏਨਾ ਉਲਾਰ ਹੋਇਆ, ਉਨ੍ਹਾਂ ਦਾ ਬਾਅਦ ਵਿੱਚ ਕੀ ਬਣਿਆ ਸੀ? ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਲੋਕਾਂ ਨੇ ਨਹੀਂ ਚੁਣਿਆ ਹੁੰਦਾ। ਉਸ ਨੂੰ ਜਿਸ ਦੇਸ਼ ਦੇ ਲੋਕਾਂ ਨੇ ਚੁਣਿਆ ਹੈ, ਉਸ ਦੇਸ਼ ਦੇ ਲੋਕਾਂ ਦੇ ਹਿੱਤਾਂ ਬਾਰੇ ਸੋਚਣਾ ਉਸ ਦਾ ਪਹਿਲਾ ਕੰਮ ਹੈ ਤੇ ਜਿਹੜੇ ਵੀ ਕਦਮ ਉਹ ਪੁੱਟਦਾ ਹੈ, ਉਨ੍ਹਾਂ ਵਿੱਚ ਹੋਰ ਕਿਸੇ ਧਿਰ ਤੋਂ ਪਹਿਲਾਂ ਅਮਰੀਕੀ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਾ ਪੈਂਦਾ ਹੈ। ਕੁਝ ਲੋਕ ਇਸ ਵੇਲੇ ਦੀ ਅਮਰੀਕਾ ਦੀ ਨੀਤੀ ਨੂੰ ਚੀਨ ਨਾਲ ਵਪਾਰ ਦੇ ਆਢੇ ਦਾ ਸਿੱਟਾ ਆਖਦੇ ਹਨ। ਸ਼ਾਇਦ ਇੱਕ ਹੱਦ ਤੱਕ ਇਹ ਠੀਕ ਗੱਲ ਲੱਗਦੀ ਹੈ, ਪਰ ਸਿਰਫ ਇਹੋ ਨਹੀਂ ਹੋ ਸਕਦੀ। ਅਮਰੀਕੀ ਨੀਤੀ ਸਮਝ ਸਕਣਾ ਏਨਾ ਸੌਖਾ ਕਦੇ ਨਹੀਂ ਗਿਣਿਆ ਜਾਂਦਾ। ਦੂਸਰੀ ਸੰਸਾਰ ਜੰਗ ਦੇ ਵੇਲੇ ਅਮਰੀਕੀ ਨੀਤੀ ਬਾਰੇ ਅਖੀਰ ਤੱਕ ਕਿਆਫੇ ਲੱਗਦੇ ਰਹੇ ਸਨ ਤੇ ਹਿਟਲਰ ਦੀ ਧਾੜ ਨੂੰ ਹੂੰਝਾ ਵੱਜ ਜਾਣ ਤੱਕ ਉਸ ਦੀ ਨੀਤੀ ਰੂਸੀਆਂ ਨੂੰ ਕੀ, ਅਮਰੀਕੀ ਬਲਾਕ ਦੇ ਦੇਸ਼ਾਂ ਦੇ ਹਾਕਮਾਂ ਨੂੰ ਵੀ ਸਮਝ ਨਹੀਂ ਸੀ ਆਈ। ਚਰਚਿਲ ਵਰਗੇ ਵੀ ਬਾਅਦ ਵਿੱਚ ਇਸ ਗੱਲ ਬਾਰੇ ਮੰਨਦੇ ਸਨ। ਇਸ ਵਕਤ ਦੀ ਅਮਰੀਕਾ ਦੀ ਨੀਤੀ ਇੱਕ ਭਾਰਤੀ ਨਾਗਰਿਕ ਹੋਣ ਦੇ ਕਾਰਨ ਸਿਰਫ ਦਹਿਸ਼ਤਗਰਦੀ ਦੇ ਵਿਰੋਧ ਦੇ ਪੱਖੋਂ ਸਾਡੇ ਦੇਸ਼ ਦੇ ਪੱਖ ਅਤੇ ਪਾਕਿਸਤਾਨ ਦੇ ਵਿਰੋਧ ਵਿੱਚ ਹੋਣ ਕਾਰਨ ਸਾਨੂੰ ਵੀ ਚੰਗੀ ਲੱਗਦੀ ਹੈ। ਇਸ ਦਾ ਸਵਾਗਤ ਵੀ ਹੁੰਦਾ ਹੈ। ਕੋਈ ਇਹ ਨਹੀਂ ਕਹਿ ਰਿਹਾ ਕਿ ਇਸ ਦਾ ਸਵਾਗਤ ਨਾ ਕਰੋ, ਪਰ ਇਸ ਬਾਰੇ ਓਨਾ ਉਲਾਰ ਹੋਣਾ ਵੀ ਠੀਕ ਨਹੀਂ, ਜਿਸ ਹੱਦ ਤੱਕ ਅੱਜ ਉਲਾਰਪੁਣਾ ਵਿਖਾਇਆ ਜਾ ਰਿਹਾ ਹੈ। ਦੇਸ਼ਾਂ ਦੇ ਹਿੱਤਾਂ ਲਈ ਸਰਕਾਰਾਂ ਦੀ ਦ੍ਰਿਸ਼ਟੀ ਚਾਰ ਕਦਮਾਂ ਜਾਂ ਚਾਰ ਪੈਂਤੜਿਆਂ ਦੀ ਨਹੀਂ, ਚਾਰ ਦਹਾਕੇ ਅਗਾਂਹ ਤੱਕ ਦੀ ਸੋਚਣੀ ਅਤੇ ਅਪਣਾਉਣੀ ਪੈਂਦੀ ਹੈ ਤੇ ਜਿਹੜੇ ਦੇਸ਼ ਇਹੋ ਜਿਹੀ ਦੂਰ ਦ੍ਰਿਸ਼ਟੀ ਅਪਣਾਉਣ ਵੱਲੋਂ ਖੁੰਝ ਜਾਇਆ ਕਰਦੇ ਹਨ, ਉਨ੍ਹਾਂ ਕੋਲ ਪਿੱਛੋਂ ਕਿਸੇ ਪਛਤਾਵੇ ਦਾ ਵਕਤ ਵੀ ਨਹੀਂ ਬਚਦਾ ਹੁੰਦਾ।
31 March 2019