ਮੇਰੀ ਡਾਇਰੀ ਦੇ ਪੰਨੇ : ਬੇਯਕੀਨਾ ਮੌਸਮ - ਨਿੰਦਰ ਘੁਗਿਆਣਵੀ
2019 ਦਾ ਤੀਜਾ ਮਹੀਨਾ ਮਾਰਚ ਲੰਘ ਚੱਲਿਐ। ਇਹਨੀਂ ਦਿਨੀਂ ਗਰਮੀ ਆਪਣੇ ਰੰਗ ਤਾਂ ਭਾਵੇਂ ਹਾਲੇ ਨਹੀਂ ਵਿਖਾਉਂਦੀ ਹੁੰਦੀ ਪਰ ਦਸਤਕ ਦੇ ਕੇ ਇਹ ਜ਼ਰੂਰ ਦੱਸ ਦਿੰਦੀ ਹੁੰਦੀ ਹੈ ਕਿ ਮੈਂ ਆ ਗਈ ਹਾਂ...ਠੰਢਾ ਪਾਣੀ ਪੀਓ, ਲੰਮੀਆਂ ਉਮਰਾਂ ਜੀਓ! ਇਸ ਵਾਰ ਪਤਾ ਨਹੀਂ ਕੀ ਹੋਇਐ ਗਰਮੀਂ ਨੂੰ, ਲਗਦੈ ਜਿਵੇਂ ਰੁੱਸੀ ਬੈਠੀ ਹੈ। ਗਰਮੀਂ ਦੇ ਲੇਟ-ਫੇਟ ਹੋਣ ਕਾਰਨ ਤੇ ਲਗਾਤਾਰ ਟੁਟਵੀਂ ਬੱਦਲਵਾਈ ਕਾਰਨ ਸਾਰੀਆਂ ਹੀ ਫਸਲਾਂ ਨੂੰ ਤੇਲਾ ਲੱਗ ਚੁੱਕੈ ਤੇ ਖਾਸ ਕਰ ਕਣਕ ਦੀ ਫਸਲ ਨੂੰ। ਖੇਤੀ ਬਾੜੀ ਦੇ ਮਾਹਰ ਦਸਦੇ ਨੇ ਕਿ ਇਸ ਵਾਰ ਕਣਕਾਂ ਦੇ ਦਾਣੇ ਕਮਜ਼ੋਰ ਰਹਿਣਗੇ ਕਿਉਂਕਿ ਲੋੜੀਂਦੀ ਧੁੱਪ ਇਸ ਵਾਰ ਫਸਲ ਨੂੰ ਮਿਲੀ ਨਹੀਂ ਹੈ। ਬੱਦਲ ਹੀ ਬੱਦਲ, ਕਿਣ ਮਿਣ...ਕਿਣ ਮਿਣ...। ਗੜੇ ਵੀ ਪੈਂਦੇ ਰਹੇ ਬਥੇਰੇ ਥਾਈਂ ਤੇ ਹਵਾ ਨੇ ਵੀ ਕਣਕਾਂ ਸੁੱਟ੍ਹੀਆਂ ਮੂਧੜੇ-ਮੂੰਹ। ਧੁੱਪ ਦੀ ਡਾਹਢੀ ਲੋੜ ਸੀ ਤੇ ਬੱਦਲਵਾਈ ਦੀ ਰਤਾ ਵੀ ਨਹੀਂ ਪਰ ਹੋਇਐ ਉਲਟ।
ਹੁਣ ਜਦ ਮੈਂ ਇਹ ਡਾਇਰੀ ਦੇ ਪੰਨੇ ਟਾਈਪ ਕਰ ਰਿਹਾਂ ਕਮਰੇ ਵਿਚ ਬੈਠਾ ਤਾਂ ਬਾਹਰ ਕਿਣਮਿਣ-ਕਿਣਮਿਣ ਹੋ ਰਹੀ ਹੈ। ਬੜੀ ਭੈੜੀ ਅਵਸਥਾ ਹੈ ਇਹ। ਨਾ ਕੋਈ ਕਧਰੇ ਆਣ ਜੋਗਾ, ਨਾ ਜਾਣ ਹੋਗਾ। ਮੌਸਮ ਮੂੰਹ ਵੱਟੀ ਰੱਖੇ, ਤਾਂ ਮਨ ਵਿਚ ਕਿਧਰੇ ਵੀ ਬਹਾਰ ਨਹੀਂ ਆਉਂਦੀ। ਘਰ-ਬਾਹਰ, ਅੰਨ-ਪਾਣੀ, ਫਸਲਬਾੜੀ, ਪਸੂ-ਪਰਿੰਦੇ ਤੇ ਢਿੱਡ ਦਾ ਝੁਲਕਾ ਸਭ ਦਾ ਫਿਕਰ ਹੈ ਮਨੁੱਖ ਨੂੰ! ਵਾਹ ਤਾਂ ਚੱਲਦੀ ਨਹੀਂ, ਅੰਦਰੇ ਅੰਦਰ ਮਨੋ-ਮਨੀਂ ਕੋਸਦਾ ਹੈ ਤੇ ਕਹਿ ਦਿੰਦਾ ਹੈ-''ਓਹ ਸਾਡਾ ਹਰਜੀ, ਓਸੇ ਦੀ ਮਰਜ਼ੀ, ਓਸ ਅੱਗੇ ਕੀਹਦਾ ਜ਼ੋਰ...ਓਸੇ ਦੇ ਹੱਥ ਸਾਡੀ ਡੋਰ...?"
ਕਿਸੇ ਕਵੀ ਦਾ ਲਿਖਿਆ ਕਿਤਨਾ ਸੱਚ ਹੈ-'ਪੱਕੀ ਖੇਤੀ ਵੇਖ ਕੇ ਝੋਰਾ ਕਰੇ ਕਿਸਾਨ'। ਮੌਸਮ ਦੇ ਫਿਕਰ ਕਾਰਨ ਕਿਸਾਨ ਝੂਰਦਾ ਹੈ। ਅਰਦਾਸਾਂ ਵੀ ਕਰਦਾ ਹੈ। ਫਸਲ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ। ਫੁਟਦੀ-ਫਲਦੀ ਦੇਖਦਾ ਹੈ। ਜਵਾਨ ਹੁੰਦੀ ਨਿਹਾਰਦਾ ਹੈ। ਖੁਸ਼ ਹੁੰਦਾ ਹੈ। ਆਸ ਬੰਨ੍ਹਦਾ ਹੈ। ਸੌ-ਸੌ ਸਲਾਹਾਂ ਕਰਦਾ ਹੈ। ਕਦੇ ਕਰਜ਼ ਲਾਹੁੰਣ ਦੀਆਂ। ਕਦੇ ਕੋਠੀ ਪਾਉਣ ਦੀਆਂ। ਕਦੇ ਧੀ-ਪੁੱਤ ਵਿਹਾਉਣ ਦੀਆਂ। ਕਦੇ ਕਾਰ ਲਿਆਉਣ ਦੀਆਂ। ਘਰ ਦੇ ਜੀਆਂ ਨਾਲ ਕੀਤੀਆਂ ਸਲਾਹਾਂ ਸਿਰੇ ਕਦੋਂ ਚੜ੍ਹਦੀਆਂ ਨੇ, ਇਹ ਸਮਾਂ ਜਾਣਦਾ ਹੈ।
ਮੈਂ ਚਾਹੇ ਪੇਂਡੂ ਹਿੰਦੂ ਭਾਈਚਾਰੇ ਵਿਚੋਂ ਹਾਂ ਪਰ ਕਿਸਾਨ ਦਾ ਪੁੱਤਰ ਹਾਂ। ਪਿਓ ਤੇ ਤਾਇਆ ਆਪਣੇ ਆਖਰੀ ਵੇਲੇ ਤੱਕ ਖੇਤੀ ਕਰਦੇ ਰਹੇ ਸਨ। ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਖੇਤ ਵਾਹੁੰਣ, ਫਸਲ ਬੀਜਣ-ਬਜਾਉਣ, ਪਾਲਣ-ਪਲਾਉਣ ਵੱਢਣ-ਵਢਾਉਣ ਦੀ ਪ੍ਰਕਿਰਿਆ ਨੂੰ ਬੜੀ ਨੇੜਿਓਂ ਦੇਖ਼ਦਾ ਆ ਰਿਹਾ ਹਾਂ। ਇਸੇ ਲਈ ਮੈਨੂੰ ਪਤਾ ਹੈ ਕਿ ਇੱਕ ਕਿਸਾਨ ਦਾ ਦਰਦ ਕੀ ਹੈ?ਉਹਦੀਆਂ ਸਧਰਾਂ ਕੀ ਨੇ ਤੇ ਉਹਦੀਆਂ ਮਜਬੂਰੀਆਂ ਕੀ ਨੇ, ਜੋ ਬਹੁਤੀਆਂ ਉਹ ਆਪ ਸਹੇੜਦਾ-ਪਾਲਦਾ ਹੈ। ਬਹੁਤੀ ਦੂਰ ਦੀ ਗੱਲ ਨਹੀਂ, ਰੁੱਖੀ-ਸੁੱਕੀ ਕਾਂ ਕੇ ਠੰਢਾ ਪਾਣੀ ਪੀਂਦੇ ਘਰ ਦੈ ਜੀਅ ਮੈਂ ਦੇਖੇ ਨੇ, ਮੇਰੀਆਂ ਲਿਖਤਾਂ ਵਿਚ ਵਾਰ-ਵਾਰ ਆਉਂਦੀ ਦਾਦੀ ਰੱਬ ਦਾ ਸ਼ੁਕਰਾਨਾ ਕਰਦੀ, ਸਰਬੱਤ ਦਾ ਭਲਾ ਮੰਗਦੀ ਹੁੰਦੀ ਸੀ-''ਹੇ ਵਾਖਰੂ ਕੁੱਲ ਨੂੰ ਦੇਈਂ ਰੁੱਖੀ-ਮਿੱਸੀ।" ਮੇਰੀਆਂ ਲਿਖਤਾਂ ਵਿਚ ਆਉਂਦੀ ਦਾਦੀ ਇਕੱਲੀ ਮੇਰੀ ਦਾਦੀ ਹੀ ਨਹੀਂ ਹੈ, ਇਹ ਇੱਕ ਸਿੰਬਲ ਹੈ ਤੇ ਸਭਨਾਂ ਦੀ ਸਾਂਝੀ ਦਾਦੀ ਹੈ। ਸਭਨਾਂ ਦੀਆਂ ਦਾਦੀਆਂ ਹੀ ਸਰਬੱਤ ਦਾ ਭਲਾ ਮੰਗਣ ਵਾਲੀਆਂ ਸਨ। ''ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬੱਤ ਦਾ ਭਲਾ" ਆਖਣ-ਸੁਣਨ ਵਾਲੇ ਲੋਕ ਤੁਰਦੇ ਜਾ ਰਹੇ ਨੇ ਵਾਰੋ-ਵਾਰੀ। ਆਪੋ-ਆਪਣਾ 'ਭਲਾ' ਮੰਗਣ ਵਾਲਿਆਂ ਦਾ ਸੰਸਾਰ ਭਲਾ ਕਿੰਨਾ ਕੁ ਤੇ ਕਿੰਨਾ ਚਿਰ ਸੁਖੀ ਵੱਸ ਸਕਦਾ ਹੈ। ਜੁਆਬ ਥੁਆਡੇ ਕੋਲ ਹੈ? (ਬਾਕੀ ਅਗਲੇ ਹਫਤੇ)
26 March 2019