ਲੋਕਾਂ ਦੇ ਸੋਚਣ ਦੀ ਘੜੀ: ਭਲੇ ਭਵਿੱਖ ਵੱਲ ਵਧਣਾ ਹੈ ਜਾਂ... - ਜਤਿੰਦਰ ਪਨੂੰ
ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਨੂੰ ਉਮੀਦਵਾਰ ਵਜੋਂ ਪੇਸ਼ ਕਰਨ ਦਾ ਫੈਸਲਾ ਤਾਂ ਬੇਸ਼ੱਕ ਕੁਝ ਦਿਨ ਪਹਿਲਾਂ ਹੋ ਗਿਆ ਸੀ, ਜਦੋਂ ਉਸ ਦੀ ਚੋਣ ਮੁਹਿੰਮ ਅੱਗੇ ਵਧੀ ਤਾਂ ਪੰਜ ਸਾਲ ਪਹਿਲਾਂ ਇਸ ਵਿੱਚ ਡਰਾਮਾਈ ਮੋੜ ਫਰਵਰੀ ਵਿੱਚ ਆਇਆ ਸੀ। ਓਦੋਂ ਭਾਜਪਾ ਦੀ ਇੱਕ ਚੋਣ ਰੈਲੀ ਵਿੱਚ ਪਹਿਲੀ ਵਾਰ 'ਹਰ ਹਰ ਮੋਦੀ, ਘਰ-ਘਰ ਮੋਦੀ' ਦਾ ਉਹ ਨਾਅਰਾ ਲਾਇਆ ਗਿਆ ਸੀ, ਜਿਸ ਉੱਤੇ ਕੁਝ ਹਿੰਦੂ ਧਾਰਮਿਕ ਆਗੂਆਂ ਨੇ ਵੀ ਇਤਰਾਜ਼ ਕੀਤਾ ਸੀ ਅਤੇ ਭਾਜਪਾ ਹਾਈ ਕਮਾਂਡ ਨੂੰ ਇਹ ਕਹਿਣਾ ਪਿਆ ਸੀ ਕਿ ਇਹ ਨਾਅਰਾ ਲਾਇਆ ਨਾ ਜਾਵੇ। ਫਿਰ ਵੀ ਇਹ ਉੱਪਰੋਂ ਬੰਦ ਸੀ, ਹੇਠਾਂ ਰੈਲੀਆਂ ਵਿੱਚ ਜਦੋਂ ਨਰਿੰਦਰ ਮੋਦੀ ਨੇ ਬੋਲਣਾ ਹੁੰਦਾ ਸੀ ਤਾਂ ਪਹਿਲਾਂ 'ਮੋਦੀ-ਮੋਦੀ-ਮੋਦੀ' ਵਾਲੀ ਮੁਹਾਰਨੀ ਰਟਣੀ ਸ਼ੁਰੂ ਹੁੰਦੀ ਅਤੇ ਫਿਰ ਵਿੱਚ-ਵਿਚਾਲੇ 'ਹਰ ਹਰ ਮੋਦੀ, ਘਰ-ਘਰ ਮੋਦੀ' ਦਾ ਨਾਅਰਾ ਲੱਗੀ ਜਾਂਦਾ ਸੀ। ਇਹ ਸਭ ਸਹਿਜ ਸੁਭਾਅ ਨਹੀਂ ਸੀ ਹੋ ਰਿਹਾ, ਇੱਕ ਸਿਆਸੀ ਆਗੂ ਆਪਣੇ ਆਪ ਨੂੰ ਉਭਾਰਨ ਲਈ ਖੁਦ ਕਰਵਾ ਰਿਹਾ ਸੀ।
ਪਿਛਲੇ ਹਫਤੇ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਜਾ ਕੇ ਅੱਤਵਾਦੀ ਕੈਂਪਾਂ ਉੱਤੇ ਹਮਲਾ ਕਰਨ ਤੇ ਕਈ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਸ ਦਾਅਵੇ ਪਿੱਛੋਂ ਅੱਤਵਾਦੀਆਂ ਦੀਆਂ ਮੌਤਾਂ ਦੀ ਗਿਣਤੀ ਦੇ ਵਿਵਾਦ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਕਾਰਵਾਈ ਹਵਾਈ ਫੌਜ ਦੇ ਪਾਇਲਟਾਂ ਨੇ ਆਪਣੀ ਜਾਨ ਦਾ ਖਤਰਾ ਸਹੇੜ ਕੇ ਕੀਤੀ ਸੀ, ਕਿਸੇ ਸਿਆਸੀ ਆਗੂ ਨੇ ਨਹੀਂ ਸੀ ਕੀਤੀ। ਇਸ ਦੇ ਬਾਵਜੂਦ ਅਗਲੇ ਦਿਨ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਵਿੱਚ ਇਹ ਗੱਲ ਕਹਿ ਕੇ ਆਪਣੀ ਮਹਿਮਾ ਆਪੇ ਗਾਉਣ ਦੀ ਸਿਖਰ ਕਰ ਦਿੱਤੀ ਕਿ 'ਯੇ ਮੋਦੀ ਹੈ, ਕਿਸੀ ਕੋ ਛੋੜੇਗਾ ਨਹੀਂ, ਘਰ ਮੇਂ ਘੁਸ ਕਰ ਮਾਰੂੰਗਾ, ਮੈਂ ਮੋਦੀ ਹੂੰ, ਦੇਸ਼ ਕੇ ਲੋਗ ਯੇ ਜਾਨਤੇ ਹੈ ਕਿ ਮੋਦੀ ਹੈ ਤੋ ਮੁਮਕਿਨ ਹੈ'। ਦੇਸ਼ ਦੇ ਲੋਕ ਇਹ ਵੀ ਜਾਣਦੇ ਹਨ ਕਿ ਮੋਦੀ ਕਿਸੇ ਪਾਇਲਟ ਦਾ ਨਹੀਂ, ਸਿਆਸੀ ਆਗੂ ਦਾ ਨਾਂਅ ਹੈ। ਉਹ ਫੋਰਸਾਂ ਨੂੰ ਹਮਲੇ ਦਾ ਹੁਕਮ ਦੇ ਸਕਦਾ ਹੈ, ਪਰ ਕਿਸੇ ਦੇ ਘਰ ਵਿੱਚ ਆਪ ਵੜ ਕੇ ਮਾਰਨ ਲਈ ਨਹੀਂ ਜਾ ਸਕਦਾ, ਫਿਰ ਵੀ ਕਹੀ ਜਾਂਦਾ ਹੈ ਕਿ 'ਘਰ ਮੇਂ ਘੁਸ ਕਰ ਮਾਰੂੰਗਾ'। ਅੱਜ ਤੱਕ ਭਾਰਤ ਦੇ ਕਿਸੇ ਆਗੂ ਵੱਲੋਂ ਇਸ ਹੱਦ ਤੱਕ 'ਮੈਂ' ਦਾ ਮੁਜ਼ਾਹਰਾ ਹੁੰਦਾ ਨਹੀਂ ਸੀ ਵੇਖਿਆ ਗਿਆ, ਜਿਹੜਾ ਇਸ ਵਕਤ ਵੇਖਿਆ ਜਾਣ ਲੱਗਾ ਹੈ।
ਸਾਨੂੰ ਇਸ ਦੀ ਸ਼ੁਰੂਆਤ ਚੇਤਾ ਕਰਨੀ ਚਾਹੀਦੀ ਹੈ। ਨਰਿੰਦਰ ਮੋਦੀ ਨੂੰ ਭਾਜਪਾ ਨੇ ਗੁਜਰਾਤ ਤੋਂ ਬਾਹਰ ਪਹਿਲੀ ਚੋਣ ਮੁਹਿੰਮ ਵਿੱਚ ਰਾਜਸਥਾਨ ਦੇ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਖਿਲਾਫ ਤੋਰਿਆ ਸੀ। ਉਸ ਦੀ ਆਮਦ ਤੋਂ ਪਹਿਲਾਂ ਇਹ ਆਖਿਆ ਗਿਆ ਕਿ ਮੋਦੀ ਆਵੇਗਾ ਤਾਂ ਰਾਜਸਥਾਨ ਵਿੱਚ ਗੁਜਰਾਤ ਦਾ ਤਜਰਬਾ ਦੁਹਰਾਵੇਗਾ। ਓਦੋਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੈਂ ਤੇ ਰਾਜਸਥਾਨ ਦੇ ਲੋਕ ਸ਼ਾਂਤਮਈ ਰਾਜ ਨੂੰ ਗੁਜਰਾਤ ਨਹੀਂ ਬਣਨ ਦਿਆਂਗੇ। ਨਰਿੰਦਰ ਮੋਦੀ ਨੇ ਪਹਿਲੇ ਹੀ ਜਲਸੇ ਵਿੱਚ ਅਸ਼ੋਕ ਗਹਿਲੋਤ ਦੇ 'ਮੈਂ ਤੇ ਰਾਜਸਥਾਨ ਦੇ ਲੋਕ' ਵਾਲੇ ਬਿਆਨ ਤੋਂ 'ਰਾਜਸਥਾਨ ਦੇ ਲੋਕ' ਕੱਟ ਕੇ ਸਿਰਫ ਉਸ ਦਾ 'ਮੈਂ' ਵਾਲਾ ਸ਼ਬਦ ਪਕੜ ਕੇ ਕਹਿ ਦਿੱਤਾ ਕਿ ''ਗਹਿਲੋਤ ਕਹਿੰਦਾ ਹੈ, 'ਮੈਂ ਰਾਜਸਥਾਨ ਨੂੰ ਗੁਜਰਾਤ ਨਹੀਂ ਬਣਨ ਦਿਆਂਗਾ', ਉਹ ਕਰ ਕੀ ਸਕਦਾ ਹੈ, ਏਦਾਂ ਦੇ ਕੰਮ ਲਈ ਛਪੰਜਾ ਇੰਚ ਦਾ ਸੀਨਾ ਚਾਹੀਦਾ ਹੈ।" ਉਸ ਦਿਨ ਤੋਂ ਇਹ ਗੱਲ ਮਸ਼ਹੂਰ ਹੋ ਗਈ, ਜਾਂ ਨਰਿੰਦਰ ਮੋਦੀ ਦੀ ਟੀਮ ਨੇ ਇਹ ਮਸ਼ਹੂਰ ਕਰ ਦਿੱਤੀ ਕਿ ਸਿਰਫ ਨਰਿੰਦਰ ਮੋਦੀ ਦਾ 'ਛਪੰਜਾ ਇੰਚ ਦਾ ਸੀਨਾ' ਹੈ ਅਤੇ ਉਹ ਆਈ ਉੱਤੇ ਆ ਜਾਵੇ ਤਾਂ ਕੁਝ ਵੀ ਕਰ ਸਕਦਾ ਹੈ ਅਤੇ ਇਹੋ ਗੱਲ ਉਸ ਵੇਲੇ ਤੋਂ ਸਵੈ-ਪ੍ਰਚਾਰ ਦੇ ਕਈ ਪੜਾਅ ਪਾਰਦੀ ਅੱਜ 'ਮੋਦੀ ਹੈ ਤੋ ਮੁਮਕਿਨ ਹੈ' ਅਤੇ 'ਘਰ ਮੇਂ ਘੁਸ ਕੇ ਮਾਰੂੰਗਾ' ਦੇ ਪੜਾਅ ਤੱਕ ਆਣ ਪਹੁੰਚੀ ਹੈ। ਕਿਸੇ ਵੀ ਆਗੂ ਦਾ ਏਡੀ ਵੱਡੀ 'ਮੈਂ' ਦਾ ਪ੍ਰਤੀਕ ਬਣ ਜਾਣਾ ਚੰਗਾ ਨਹੀਂ ਹੁੰਦਾ ਤੇ ਜਿਸ ਵੀ ਦੇਸ਼ ਵਿੱਚ ਕੋਈ ਆਗੂ ਇਸ ਹੱਦ ਤੱਕ ਗਿਆ ਸੀ, ਉਸ ਦਾ ਹਸ਼ਰ ਓਥੋਂ ਦੇ ਲੋਕ ਜਾਣਦੇ ਹਨ। ਭਾਰਤ ਸਰਕਾਰ ਨੂੰ ਇਸ ਵੇਲੇ ਚਲਾ ਰਹੀ ਪਾਰਟੀ ਨੇ ਪਾਰਲੀਮੈਂਟ ਦੀ ਅਗਲੀ ਚੋਣ ਜੇ 'ਮੈਂ' ਦੀ ਏਸੇ ਮੁਹਿੰਮ ਨਾਲ ਚਲਾਈ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿੱਤੇਗਾ ਕੌਣ, ਪਰ ਭਾਰਤ ਦਾ ਕੀ ਬਣੇਗਾ, ਇਸ ਦਾ ਅੰਦਾਜ਼ਾ ਲਾ ਸਕਦੇ ਹਾਂ।
ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹਮਲਾ ਹੋਣ ਪਿੱਛੋਂ ਦੇ ਹਾਲਾਤ ਇਸ ਦੇਸ਼ ਦੇ ਭਲੇ ਭਵਿੱਖ ਦੀ ਬਜਾਏ ਇੱਕ 'ਭੂਤਰੇ ਭਵਿੱਖ' ਦੀ ਝਲਕ ਵਿਖਾਉਣ ਵਾਲੇ ਹਨ ਤੇ ਉਨ੍ਹਾਂ ਦਾ ਪ੍ਰਗਟਾਵਾ ਅਜੇ ਤੱਕ ਵੀ ਜਾਰੀ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਚੱਲੀ ਵੇਖੀ ਸੀ ਕਿ ਕੁਝ ਛੋਕਰੇ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸੁੱਕੇ ਮੇਵੇ ਵੇਚਣ ਵਾਲੇ ਮੁੰਡੇ ਨੂੰ ਸਿਰਫ ਇਸ ਲਈ ਕੁੱਟ ਰਹੇ ਸਨ ਕਿ ਉਹ ਕਸ਼ਮੀਰੀ ਹੈ। ਅਗਲੇ ਦਿਨ ਪੁਲਸ ਨੇ ਕਾਰਵਾਈ ਕੀਤੀ। ਗੱਲ ਕਮਾਲ ਵਾਲੀ ਇਹ ਸੀ ਕਿ ਇਸ ਬਾਰੇ ਮੀਡੀਏ ਨੂੰ ਰਿਪੋਰਟ ਕਰਨ ਵਾਲੇ ਪੁਲਸ ਅਫਸਰ ਨੇ ਇਹ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਉਨ੍ਹਾਂ ਨੌਜਵਾਨਾਂ ਉੱਤੇ ਕਾਰਵਾਈ ਕੀਤੀ ਗਈ ਹੈ। ਇਸ ਦਾ ਭਾਵ ਇਹ ਵੀ ਨਿਕਲਦਾ ਹੈ ਕਿ ਜੇ ਮੁੱਦਾ ਸੋਸ਼ਲ ਮੀਡੀਆ ਤੱਕ ਨਾ ਪਹੁੰਚਦਾ ਤਾਂ ਕਾਰਵਾਈ ਨਹੀਂ ਹੋਣੀ ਸੀ। ਉੱਤਰ ਪ੍ਰਦੇਸ਼ ਦਾ ਬੀਤੇ ਦੋ ਸਾਲਾਂ ਦਾ, ਜਦੋਂ ਦੀ ਓਥੇ ਭਾਜਪਾ ਦੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਰਿਕਾਰਡ ਵੀ ਇਹੋ ਜਿਹਾ ਹੈ ਕਿ ਏਦਾਂ ਦੀਆਂ ਬਦਤਮੀਜ਼ੀਆਂ ਉੱਤੇ ਕਾਰਵਾਈ ਦੀ ਲੋੜ ਨਹੀਂ ਸਮਝੀ ਜਾਂਦੀ। ਜਦੋਂ ਇਹ ਸਾਰਾ ਮੁੱਦਾ ਪੁਲਸ ਕਾਰਵਾਈ ਦੇ ਨਾਲ ਨਿਪਟ ਗਿਆ ਸਮਝਿਆ ਜਾਣ ਲੱਗਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਬਿਆਨ ਦੇ ਦਿੱਤਾ ਕਿ ਸਾਡੇ ਕਸ਼ਮੀਰੀ ਬੱਚਿਆਂ ਨਾਲ ਏਦਾਂ ਦੀ ਜ਼ਿਆਦਤੀ ਕਰਨੀ ਗਲਤ ਹੈ, ਮੇਰੀ ਸਰਕਾਰ ਇਹ ਕੁਝ ਨਹੀਂ ਹੋਣ ਦੇਵੇਗੀ ਅਤੇ ਹਰ ਨਾਗਰਿਕ ਦੀ ਜਾਨ ਤੇ ਮਾਲ ਦੀ ਰਾਖੀ ਯਕੀਨੀ ਕੀਤੀ ਜਾਵੇਗੀ। ਗਊ ਹੱਤਿਆ ਦਾ ਦੋਸ਼ ਲਾ ਕੇ ਰਾਹ ਜਾਂਦੇ ਕਈ ਲੋਕ ਜਦੋਂ ਕੁੱਟੇ ਗਏ ਤੇ ਕੁਝ ਲੋਕ ਮਾਰ ਦਿੱਤੇ ਗਏ ਸਨ, ਓਦੋਂ ਵੀ ਪ੍ਰਧਾਨ ਮੰਤਰੀ ਨੇ ਇੱਕ ਦਿਨ ਸਿਰਫ ਏਹੀ ਕਿਹਾ ਸੀ ਕਿ ਕੁਝ ਗੁੰਡਾ ਅਨਸਰ ਇਹ ਕੁਝ ਕਰਦੇ ਹਨ, ਉਨ੍ਹਾਂ ਨੂੰ ਏਦਾਂ ਨਹੀਂ ਕਰਨ ਦਿੱਤਾ ਜਾਵੇਗਾ, ਪਰ ਇਸ ਦੇ ਪਿੱਛੋਂ ਕਿਸੇ ਥਾਂ ਇਹੋ ਜਿਹੇ ਵਰਤਾਰੇ ਨੂੰ ਰੋਕ ਨਹੀਂ ਸੀ ਲੱਗੀ। ਇਸ ਦੀ ਬਜਾਏ ਇਹ ਕੰਮ ਕਰਨ ਵਾਲੇ ਟੋਲਿਆਂ ਨੂੰ ਸੰਕੇਤ ਮਿਲ ਗਿਆ ਸੀ ਕਿ ਬੱਸ ਏਨੀ ਕੁ ਨਿੰਦਾ-ਨਿਖੇਧੀ ਹੀ ਹੋਣੀ ਹੁੰਦੀ ਹੈ, ਹੋਰ ਕੁਝ ਨਹੀਂ ਹੋਣਾ। ਇਹ ਵੀ ਤਾਂ ਰਾਜ ਕਰਨ ਦੀ ਇੱਕ ਨੀਤੀ ਹੋ ਸਕਦੀ ਹੈ।
ਦੇਸ਼ ਇਸ ਵੇਲੇ ਇਹੋ ਜਿਹੇ ਮੋੜ ਉੱਤੇ ਪਹੁੰਚ ਚੁੱਕਾ ਹੈ, ਜਿੱਥੇ ਇਸ ਨੇ ਲੋਕ ਸਭਾ ਚੋਣਾਂ ਪਿੱਛੋਂ ਦੇ ਭਾਰਤ ਦਾ ਰੂਟ ਤੈਅ ਕਰਨਾ ਹੈ। ਇਸ ਨੂੰ ਭਲੇ ਭਵਿੱਖ ਵੱਲ ਲਿਜਾਣਾ ਹੈ ਜਾਂ ਭੂਤਰੇ ਭਵਿੱਖ ਵੱਲ, ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ।
10 March 2019