ਪੁਸਤਕ ਸਮੀਖਿਆ - ਪ੍ਰੀਤਮ ਲੁਧਿਆਣਵੀ
ਪੁਸਤਕ ਦਾ ਨਾਂ : ਸਿਸਕਦੇ ਹਰਫ਼
ਲੇਖਕ- ਨਿਰਮਲ ਕੌਰ ਕੋਟਲਾ
ਮੁੱਲ- 160 ਰੁਪਏ, ਪੰਨੇ - 128
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
ਨਿਰਮਲ ਕੌਰ ਕੋਟਲਾ ਜਿੱਥੇ ਸਰਕਾਰੀ ਤੌਰ ਤੇ ਵਿਦਿਆ ਦਾ ਚਾਨਣ ਫੈਲਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ, ਉਥੇ ਕਲਮਕਾਰ ਦੇ ਤੌਰ ਤੇ ਸਾਹਿਤਕ ਖੇਤਰ ਵਿਚ ਵੀ ਉਹ ਆਪਣਾ ਸਿਰਕੱਢ ਰੋਲ ਨਿਭਾ ਰਹੀ ਹੈ। ਲੰਬੇ ਸਮੇਂ ਤੋਂ ਅਖਬਾਰਾਂ-ਮੈਗਜ਼ੀਨਾਂ ਦਾ ਸ਼ਿੰਗਾਰ ਬਣਦੀ ਆ ਰਹੀ ਨਿਰਮਲ ਨੇ ਅੱਖਰਾਂ ਨਾਲ ਗੂਹੜੀ ਸਾਂਝ ਪਾਉਂਦਿਆਂ ਹੁਣ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸਿਸਕਦੇ ਹਰਫ਼' ਨਾਲ ਪਾਠਕਾਂ ਦੀ ਦਹਿਲੀਜ ਉਤੇ ਆ ਦਸਤਕ ਦਿੱਤੀ ਹੈ। ਪੁਸਤਕ ਦੀ ਪਹਿਲੀ ਕਵਿਤਾ ਹੈ, 'ਪਿਆਰੀ ਮੁਹਾਰਨੀ' । ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਤ-ਭਾਸ਼ਾ ਪ੍ਰਤੀ ਕਿੰਨਾ ਮੋਹ ਤੇ ਪਿਆਰ ਪਾਲ ਰਹੀ ਹੈ।
ਰਿਸ਼ਤਿਆਂ ਵਿਚ ਵਧ ਰਹੀ ਕੁੜੱਤਣ ਬਾਰੇ ਉਹ ਲਿਖਦੀ ਹੈ-
'ਸੁਖਣਾ ਸੁੱਖ-ਸੁੱਖ ਵਾਰਿਸ ਲੱਭੇ,
ਬਿਰਧ ਆਸ਼ਰਮ, ਵਾਰਿਸ ਜਗੀਰਾਂ।'
-0-
'ਧਰਤੀ, ਮਨਾਂ, ਰਿਸ਼ਤਿਆਂ 'ਚ,
ਜ਼ਹਿਰਾਂ ਘੁਲੀਆਂ ਹੋਣ ਜਿੱਥੇ
ਫਿਰ ਕੋਈ ਦੁਆਵਾਂ ਅਸਰ ਨਹੀਂ ਕਰਦੀਆਂ।'
'ਦੋਸਤੀ ਨੂੰ ਸਮਰਪਣ', 'ਗਵਾਹੀ', 'ਯਾਦ', 'ਸ਼ਬਦ ਰੂਪੀ ਫੁੱਲ', 'ਦਿਲ ਦੀ ਘੁੰਡੀ ਖੋਹਲ ਵੇ ਮਾਹੀ', 'ਰਵਾਨਗੀ', 'ਤਰਕਾਲਾਂ', 'ਮੇਰੀ ਖਾਮੋਸ਼ ਮੁਹੱਬਤ', 'ਫਰਿਆਦ', 'ਤੂੰ ਚੜਦਾ ਸੂਰਜ' ਅਤੇ 'ਛੋਟੀ ਜਿਹੀ ਕੋਸ਼ਿਸ਼' ਰਚਨਾਵਾਂ ਪਿਆਰ-ਮੁਹੱਬਤ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਰਚਨਾਵਾਂ ਹਨ। ...... 'ਫੁੱਲਾਂ ਦੀ ਬਾਤ', 'ਅਕਸਰ', 'ਅਜਬ ਨਜ਼ਾਰੇ' ਅਤੇ 'ਕਹਿਰਵਾਨ ਹੁੰਦਾ ਹੈ' ਜਿੰਦਗੀ ਦਾ ਨਜਰੀਆ ਪੇਸ਼ ਕਰਦੀਆਂ ਕਵਿਤਾਵਾਂ ਹਨ।
'ਸੁਪਨੇ ਦਾ ਸੰਵਾਦ', 'ਵਿਸਾਖੀ', 'ਬੰਦ ਦਰਵਾਜੇ', 'ਦੁਨੀਆਂ ਤੋਂ ਦੂਰ', 'ਮੇਰੇ ਪਿੰਡ ਦੀ ਸ਼ਾਮ', 'ਰੁਲਿਆ ਪੰਜਾਬ', 'ਕਲਮ ਮੇਰੀ ਰੋ ਪਈ', 'ਬਸ ਕਰ ਜੀ' ਅਤੇ 'ਹਾਲ ਦੁਹਾਈ' ਸਾਡੇ ਸਮਾਜ ਦੀ ਮੌਜੂਦਾ ਦਿਸ਼ਾ ਦੀ ਤਸਵੀਰ ਵਾਹੁੰਦੀਆਂ ਖੂਬਸੂਰਤ ਰਚਨਾਵਾਂ ਹਨ, ਜਦ ਕਿ 'ਉਮੀਦ','ਮੇਰੀ ਕਲਮ' ਅਤੇ 'ਪ੍ਰਭਾਤ ਮੇਰੇ ਪਿੰਡ ਦੀ' ਆਸ਼ਾਵਾਦੀ ਰਚਨਾਵਾਂ ਹਨ।......ਇਵੇਂ ਹੀ, 'ਫੁੱਲਾਂ ਵਾਂਗ ਸਦਾ ਖਿੜੇ ਰਹੀਏ', 'ਫਿਰ ਦੀਪ ਜਗਾ ਦੇਵੀਂ' ਅਤੇ 'ਗੁਜਾਰਿਸ਼' ਪਾਠਕ ਨੂੰ ਨਸੀਅਤ ਦਿੰਦੀਆਂ ਰਚਨਾਵਾਂ ਹਨ।..... 'ਮੈਂ ਤੱਤੜੀ', 'ਲੋਚਾਂ' ਅਤੇ 'ਮੇਰੀ ਕੂਕ' ਰਾਂਹੀਂ ਰੱਬ ਨੂੰ ਅਰਜੋਈਆਂ ਕੀਤੀਆ ਗਈਆਂ ਹਨ।
ਲੇਖਿਕਾ ਨੇ ਪੁਸਤਕ ਵਿਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਵੀ ਕਈ ਰਚਨਾਵਾ ਸ਼ਾਮਲ ਕੀਤੀਆਂ ਹਨ, ਜਿਵੇਂ ਕਿ 'ਸ਼ਹਾਦਤ', 'ਅਕ੍ਰਿਤਘਣ', 'ਸੱਚਾ ਸੌਦਾ' ਅਤੇ 'ਸ਼ਹੀਦ' ਆਦਿ ਕਵਿਤਾਵਾਂ। 'ਭੋਰੇ ਦਾ ਫਰਕ' ਸੱਚ ਅਤੇ ਝੂਠ ਦਾ ਅੰਤਰ ਦੱਸਦੀ ਕਵਿਤਾ ਹੈ। ...... 'ਅਹਿਸਤਾ ਅਹਿਸਤਾ', 'ਹੰਭਲਾ' ਅਤੇ 'ਗੁੱਝੀਆਂ ਰਮਜਾਂ' ਜਾਗਣ ਦਾ ਹੋਕਾ ਦਿੰਦੀਆਂ ......'ਮਾਂ' ਮਾਤਾ ਦੀ ਅਹਿਮੀਅਤ ਦੱਸਦੀ...... 'ਖਿਆਲਾਂ ਦੀ ਉਡਾਰੀ' ਜਜਬਾਤਾਂ ਦੀ ਗੱਲ ਪੇਸ਼ ਕਰਦੀ ਅਤੇ 'ਰੁੱਖ ਤੇ ਮਨੁੱਖ' ਰੁੱਖਾਂ ਦੇ ਉਜਾੜੇ ..... 'ਆਧੁਨਿਕ ਯੁੱਗ' ਅਤੇ 'ਯਾਦਾਂ ਬਚਪਨ ਦੀਆਂ', ਬਚਪਨ ਦੀ ਤਸਵੀਰ ਵਾਹੁੰਦੀਆਂ ਰਚਨਾਵਾਂ ਹਨ।
ਕੁੱਲ ਮਿਲਾਕੇ ਹਰ ਘਰ ਦੀ ਲਾਇਬਰੇਰੀ ਦਾ ਸ਼ਿੰਗਾਰ ਬਣਨ ਦਾ ਦਮ ਰੱਖਦੀ ਨਿਰਮਲ ਕੌਰ ਕੋਟਲਾ ਦੀ ਹੱਥਲੀ ਪਲੇਠੀ ਪੁਸਤਕ ਉਸਦੇ ਨਾਂ ਨੂੰ ਪੂਰਨ ਬੁਲੰਦੀਆਂ ਉਤੇ ਪਹੁੰਚਾਉਣ ਵਿਚ ਸਹਾਈ ਹੋਵੇਗੀ, ਮੈਨੂੰ ਯਕੀਨ ਵੀ ਤੇ ਵਿਸ਼ਵਾਸ਼ ਵੀ। ਉਸ ਦੀ ਕਲਮ ਨੂੰ ਸਲਾਮ ! ਦਿਲੀ ਮੁਬਾਰਕ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)