ਪੁਲਵਾਮਾ ਦਾ ਹਮਲਾ, ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਹਿੰਸਾ ਤੇ ਵਧ ਰਹੀ ਜਨੂੰਨੀਅਤ - ਜਤਿੰਦਰ ਪਨੂੰ
ਇਹ ਗੱਲ ਵਾਰ-ਵਾਰ ਚੇਤੇ ਕਰਵਾਉਣ ਦੀ ਲੋੜ ਨਹੀਂ ਕਿ ਇਸ ਮਹੀਨੇ ਦੇ ਦੂਸਰੇ ਹਫਤੇ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਨੇੜੇ ਪੈਰਾ ਮਿਲਟਰੀ ਫੋਰਸ ਦੇ ਕਾਫਲੇ ਉੱਤੇ ਹਮਲਾ ਹੋਇਆ ਤੇ ਉਸ ਵਿੱਚ ਬਹੁਤ ਸਾਰੇ ਜਵਾਨ ਮਾਰੇ ਜਾਣ ਨਾਲ ਸਾਰੇ ਦੇਸ਼ ਵਿੱਚ ਗੁੱਸਾ ਸੀ। ਹਮਲੇ ਦੇ ਪਿੱਛੇ ਕਿਨ੍ਹਾਂ ਦਾ ਹੱਥ ਸੀ, ਇਹ ਵੀ ਵਾਰ-ਵਾਰ ਦੱਸਣ ਦੀ ਲੋੜ ਨਹੀਂ। ਹਮਲੇ ਤੋਂ ਬਾਅਦ ਜੋ ਕੁਝ ਹੋਇਆ ਅਤੇ ਹਾਲੇ ਤੱਕ ਹੋਈ ਜਾਂਦਾ ਹੈ ਤੇ ਜਿਸ ਦਾ ਸੁਪਰੀਮ ਕੋਰਟ ਨੂੰ ਵੀ ਨੋਟਿਸ ਲੈਣ ਦੀ ਲੋੜ ਪੈ ਗਈ ਹੈ, ਵਕਤ ਉਸ ਵਰਤਾਰੇ ਦੀ ਗੰਭੀਰਤਾ ਨੂੰ ਸਮਝਣ ਦਾ ਹੈ। ਹਿੰਸਾ ਜੰਮੂ-ਕਸ਼ਮੀਰ ਵਿੱਚ ਹੋਈ ਤੇ ਇਸ ਦਾ ਪ੍ਰਛਾਵਾਂ ਸਾਰੇ ਦੇਸ ਦੇ ਮਾਹੌਲ ਉੱਤੇ ਪਿਆ ਹੈ। ਲੋਕਾਂ ਨੇ ਰੋਸ ਪ੍ਰਗਟਾਵੇ ਕੀਤੇ ਤਾਂ ਇਹ ਉਨ੍ਹਾਂ ਦਾ ਹੱਕ ਸੀ, ਪਰ ਪਿੱਛੋਂ ਕਸ਼ਮੀਰ ਦੇ ਲੋਕਾਂ ਅਤੇ ਖਾਸ ਕਰ ਕੇ ਵਿਦਿਆਰਥੀਆਂ ਵਿਰੁੱਧ ਜਿਹੜੀ ਹਿੰਸਕ ਲਹਿਰ ਚੱਲਣ ਲੱਗ ਪਈ, ਇਹ ਰੋਸ ਪ੍ਰਗਟਾਵਿਆਂ ਦਾ ਤਰੀਕਾ ਨਹੀਂ, ਉਸ ਜਨੂੰਨੀਅਤ ਦਾ ਪ੍ਰਗਟਾਵਾ ਹੈ, ਜਿਹੜੀ ਪਿਛਲੇ ਸਾਲਾਂ ਵਿੱਚ ਭਾਰੂ ਹੁੰਦੀ ਜਾ ਰਹੀ ਹੈ।
ਭਾਰਤ ਵਿੱਚ ਬਹੁਤ ਸਾਰੇ ਲੋਕ ਕਈ ਵਾਰ ਕਿਸੇ ਟਰੱਕ ਹਾਦਸੇ ਪਿੱਛੋਂ ਵੀ ਟਰੱਕ ਡਰਾਈਵਰ ਨੂੰ 'ਫਾਹੇ ਲਾਓ' ਦੇ ਨਾਅਰੇ ਲਾਉਂਦੇ ਅਸੀਂ ਸੁਣੇ ਹੋਏ ਹਨ। ਪੁਲਵਾਮਾ ਦੀ ਵਾਰਦਾਤ ਦੇ ਬਾਅਦ ਏਦਾਂ ਦੇ ਨਾਅਰੇ ਲੱਗੇ ਤਾਂ ਹੈਰਾਨੀ ਵਾਲੀ ਗੱਲ ਇਹ ਨਹੀਂ ਸੀ। ਹੈਰਾਨੀ ਤਾਂ ਓਦੋਂ ਹੋਈ, ਜਦੋਂ ਇਹੋ ਜਿਹੇ ਰੋਸ ਪ੍ਰਗਟਾਵੇ ਨੂੰ ਆਰੰਭ ਵਿੱਚ ਕਸ਼ਮੀਰੀ ਮੁਸਲਮਾਨਾਂ ਵਿਰੁੱਧ ਤੇ ਫਿਰ ਸਾਰੇ ਕਿਸਮ ਦੇ ਕਸ਼ਮੀਰੀ ਲੋਕਾਂ ਦੇ ਖਿਲਾਫ ਰੰਗ ਚੜ੍ਹਦਾ ਵੇਖਣਾ ਪਿਆ। ਉੱਤਰਾਖੰਡ ਵਿੱਚ ਕਸ਼ਮੀਰੀ ਪਿਛੋਕੜ ਵਾਲੇ ਵਿਦਿਆਰਥੀਆਂ ਨੇ ਕੋਈ ਹਿੰਸਾ ਕੀਤੀ ਹੋਵੇ, ਇਸ ਦੀ ਕੋਈ ਖਬਰ ਨਹੀਂ, ਪਰ ਉਨ੍ਹਾਂ ਨਾਲ ਹੋਈ ਹਿੰਸਾ ਦੀ ਖਬਰ ਸਾਰਿਆਂ ਨੂੰ ਸੁਣਨੀ ਪਈ ਹੈ। ਉਹ ਬੱਚੇ ਓਥੋਂ ਭੱਜ ਕੇ ਪੰਜਾਬ ਵੱਲ ਆਏ ਤੇ ਮੋਹਾਲੀ ਦੇ ਇੱਕ ਗੁਰਦੁਆਰੇ ਵਿੱਚ ਪਨਾਹ ਲੈਣੀ ਪੈ ਗਈ। ਉਨ੍ਹਾਂ ਦਾ ਕਸੂਰ ਕੀ ਸੀ, ਇਹ ਦੱਸਣ ਵਾਲਾ ਕੋਈ ਨਹੀਂ ਮਿਲ ਸਕਿਆ। ਮਹਾਰਾਸ਼ਟਰ ਦੀ ਇੱਕ ਵੀਡੀਓ ਕਲਿਪ ਕੁਝ ਮੀਡੀਆ ਚੈਨਲਾਂ ਨੇ ਵਿਖਾਈ ਹੈ, ਜਿਸ ਵਿੱਚ ਤੁਰੇ ਜਾਂਦੇ ਇੱਕ ਨੌਜਵਾਨ ਨੂੰ ਪੁੱਛਿਆ ਕਿ ਉਹ ਕਿਸ ਇਲਾਕੇ ਦਾ ਹੈ ਤੇ ਜਦੋਂ ਉਸ ਨੇ ਕਸ਼ਮੀਰੀ ਹੋਣ ਬਾਰੇ ਦੱਸਿਆ ਤਾਂ ਉਸ ਨੂੰ ਕੁੱਟਣਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਬੇਹੂਦਗੀ ਕੀਤੀ ਜਾ ਰਹੀ ਹੈ ਤੇ ਸੰਬੰਧਤ ਰਾਜਾਂ ਦੀਆਂ ਸਰਕਾਰਾਂ ਇਸ ਨੂੰ ਜਾਣਬੁੱਝ ਕੇ ਅਣਗੌਲਿਆ ਕਰ ਰਹੀਆਂ ਹਨ।
ਅਸੀਂ ਇਹ ਗੱਲ ਰੱਦ ਨਹੀਂ ਕਰਦੇ ਕਿ ਕੁਝ ਕਸ਼ਮੀਰੀ ਨੌਜਵਾਨਾਂ ਨੇ ਵੀ ਕਿਸੇ-ਕਿਸੇ ਥਾਂ ਗਲਤੀ ਕੀਤੀ ਹੈ, ਪਰ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਮਨਾਂ ਵਿੱਚ ਇਸ ਨਾਲ ਆਈ ਕੌੜ ਵੀ ਕੁਝ ਕਰਵਾ ਸਕਦੀ ਹੈ। ਸਵਾਲ ਇਹ ਨਹੀਂ ਕਿ ਕਸ਼ਮੀਰੀ ਨੌਜਵਾਨਾਂ ਵਿਰੁੱਧ ਹਿੰਸਕ ਪ੍ਰਗਟਾਵੇ ਕੀਤੇ ਜਾ ਰਹੇ ਹਨ, ਸਗੋਂ ਇਹ ਹੈ ਕਿ ਭਾਰਤ ਵਿੱਚ ਏਦਾਂ ਦੇ ਪ੍ਰਗਟਾਵੇ ਹੋਣ ਦਾ ਇੱਕ ਆਮ ਰਿਵਾਜ ਜਿਹਾ ਕਿਉਂ ਬਣਦਾ ਜਾ ਰਿਹਾ ਹੈ ਤੇ ਸਰਕਾਰ ਰੋਕਦੀ ਕਿਉਂ ਨਹੀਂ?
ਇਸ ਵੇਲੇ ਕਸ਼ਮੀਰ ਦੇ ਵਿਦਿਆਰਥੀਆਂ ਵਿਰੁੱਧ ਹਿੰਸਾ ਨੂੰ ਪੁਲਵਾਮਾ ਦੀ ਵਾਰਦਾਤ ਨਾਲ ਜੋੜਿਆ ਗਿਆ ਹੈ, ਪਰ ਜਦੋਂ ਮਹਾਰਾਸ਼ਟਰ ਵਿੱਚ ਹਿੰਦੀ ਭਾਸ਼ੀ ਰਾਜਾਂ ਵਿੱਚੋਂ ਆਏ ਲੋਕਾਂ ਨੂੰ ਗਲੀਆਂ-ਬਾਜ਼ਾਰਾਂ ਵਿੱਚ ਘੇਰ ਕੇ ਕੁੱਟਿਆ ਤੇ ਆਪਣੇ ਘਰੀਂ ਮੁੜ ਜਾਣ ਲਈ ਕਿਹਾ ਗਿਆ ਸੀ, ਓਦੋਂ ਤਾਂ ਕੋਈ ਪੁਲਵਾਮਾ ਵਰਗੀ ਘਟਨਾ ਨਹੀਂ ਸੀ ਹੋਈ। ਕਰਨਾਟਕਾ ਦੇ ਲੋਕਾਂ ਨੇ ਇੱਕ ਵਾਰੀ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਲੋਕਾਂ ਨੂੰ ਕੁੱਟਿਆ ਤਾਂ ਕਈ ਦਿਨ ਉੱਤਰ-ਪੂਰਬ ਜਾਂਦੀਆਂ ਗੱਡੀਆਂ ਵਿੱਚ ਸੀਟ ਮਿਲਣੀ ਮੁਸ਼ਕਲ ਹੋ ਗਈ ਸੀ। ਓਦੋਂ ਉੱਤਰ-ਪੂਰਬ ਵਿੱਚੋਂ ਕੋਈ ਪੁਲਵਾਮਾ ਵਰਗੀ ਵਾਰਦਾਤ ਹੋਣ ਦੀ ਖਬਰ ਨਹੀਂ ਸੀ ਆਈ। ਆਸਾਮ ਵਿੱਚ ਰੇਲਵੇ ਦਾ ਟੈੱਸਟ ਦੇਣ ਵਾਸਤੇ ਗਏ ਬਿਹਾਰ ਦੇ ਬੱਚਿਆਂ ਵਿਰੁੱਧ ਇੱਕ ਵਾਰੀ ਹਿੰਸਾ ਹੋਣ ਦੀ ਖਬਰ ਆਈ ਸੀ, ਬਿਹਾਰ ਵਿੱਚ ਕੋਈ ਪੁਲਵਾਮਾ ਵਾਲੀ ਵਾਰਦਾਤ ਨਹੀਂ ਸੀ ਹੋਈ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਉੱਤਰ-ਪੂਰਬੀ ਰਾਜ ਦਾ ਇੱਕ ਨੌਜਵਾਨ ਨੀਦੋ ਤਾਨੀਆ ਖਾਨ ਮਾਰਕੀਟ ਵਿੱਚ ਗਿਆ ਤਾਂ ਉਸ ਦੇ ਨੈਣ-ਨਕਸ਼ ਦਿੱਲੀ ਵਾਲਿਆਂ ਤੋਂ ਵੱਖਰੇ ਤੇ ਬੋਲਣ ਦਾ ਲਹਿਜਾ ਵੱਖਰਾ ਹੋਣ ਕਾਰਨ ਉਸ ਨੂੰ ਛੇੜਿਆ ਗਿਆ ਤੇ ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਕੁੱਟ-ਕੁੱਟ ਮਾਰ ਦਿੱਤਾ ਗਿਆ ਸੀ। ਉਸ ਦਾ ਬਾਪ ਆਪਣੇ ਰਾਜ ਦਾ ਵਿਧਾਇਕ ਵੀ ਸੀ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਵੀ। ਨੀਦੋ ਤਾਨੀਆ ਖੁਦ ਵੀ ਹਿੰਸਕ ਸੋਚਣੀ ਵਾਲਾ ਨਹੀਂ, ਪੜ੍ਹਾਈ ਵਿੱਚ ਰੁੱਝੇ ਰਹਿਣ ਵਾਲਾ ਮੁੰਡਾ ਸੀ। ਉਹ ਵੀ ਇਸ ਵਰਤਾਰੇ ਦਾ ਸ਼ਿਕਾਰ ਕਿਸੇ ਪੁਲਵਾਮਾ ਵਰਗੀ ਘਟਨਾ ਤੋਂ ਬਿਨਾ ਹੀ ਬਣ ਗਿਆ ਸੀ।
ਭਾਰਤ ਵਿੱਚ ਪਿਛਲੇ ਕੁਝ ਸਾਲਾਂ ਤੋਂ ਇੱਕ ਖਾਸ ਕਿਸਮ ਦੀ ਹਿੰਸਾ ਤੇ ਹਿੰਸਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਸ਼ਹਿ ਦੇਣ ਕਾਰਨ ਇਹੋ ਜਿਹਾ ਮਾਹੌਲ ਬਣਦਾ ਜਾਂਦਾ ਹੈ ਕਿ ਕਿਤੇ ਕੋਈ ਘਟਨਾ ਵਾਪਰ ਜਾਵੇ ਤਾਂ ਅਗਲੇ ਦਿਨ ਏਦਾਂ ਹਿੰਸਾ ਹੋਣ ਲੱਗ ਜਾਂਦੀ ਹੈ, ਜਿਵੇਂ ਇਸ ਦੇ ਲਈ ਕੁਝ ਸੰਗਠਨ ਘਾਤ ਲਾ ਕੇ ਤਿਆਰ ਬੈਠੇ ਹੋਣ। ਕੋਈ ਬੰਦਾ ਗਾਂ ਲੈ ਕੇ ਜਾਂਦਾ ਮਿਲਿਆ ਤਾਂ ਉਸ ਦੇ ਖਿਲਾਫ ਹਿੰਸਾ, ਕੋਈ ਦਲਿਤ ਪਰਵਾਰ ਦਾ ਮੁੰਡਾ ਵਿਆਹ ਵੇਲੇ ਘੋੜੀ ਉੱਤੇ ਬੈਠ ਗਿਆ ਤਾਂ ਹਿੰਸਾ, ਕੋਈ ਗਰੀਬ ਬੰਦਾ ਚੱਜ ਦੀ ਜੁੱਤੀ ਖਰੀਦ ਕੇ ਪਾ ਬੈਠਾ ਤਾਂ ਹਿੰਸਾ ਹੋ ਜਾਂਦੀ ਹੈ। ਇਹ ਸਭ ਸਹਿਜ ਸੁਭਾਅ ਨਹੀਂ ਹੋ ਰਿਹਾ। ਇਸ ਨੂੰ ਕੁਝ ਧਿਰਾਂ ਉਕਸਾ ਕੇ ਕਰਵਾ ਰਹੀਆਂ ਹਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੇ ਬਿਨਾਂ ਇਹ ਦੇਸ਼ ਸੁਖੀ ਨਹੀਂ ਹੋ ਸਕਦਾ।
ਜਿਹੜੀਆਂ ਧਿਰਾਂ ਉਕਸਾ ਰਹੀਆਂ ਹਨ, ਉਹ ਅਣਪਛਾਤੀਆਂ ਨਹੀਂ, ਸਗੋਂ ਇਸ ਦੇਸ਼ ਵਿੱਚ ਜ਼ਿਮੇਵਾਰ ਅਹੁਦਿਆਂ ਉੱਤੇ ਵੀ ਹੋ ਸਕਦੀਆਂ ਹਨ। ਪੁਲਵਾਮਾ ਦੀ ਘਟਨਾ ਮਗਰੋਂ ਇਸ ਦੀ ਇੱਕ ਝਲਕ ਮਿਲ ਗਈ ਹੈ। ਉੱਤਰ-ਪੂਰਬ ਦੇ ਰਾਜ ਮੇਘਾਲਿਆ ਦੇ ਗਵਰਨਰ ਤਥਾਗਤ ਰਾਏ ਨੇ ਇਹ ਬਿਆਨ ਦਾਗ ਦਿੱਤਾ ਹੈ ਕਿ ਪੁਲਵਾਮਾ ਵਰਗੇ ਕਾਂਡ ਰੋਕਣ ਲਈ ਸਾਰੇ ਕਸ਼ਮੀਰੀ ਲੋਕਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਸ ਨੇ ਸਗੋਂ ਸਭ ਕਿਸਮਾਂ ਦੇ ਕਸ਼ਮੀਰੀ ਸਾਮਾਨ ਦਾ ਬਾਈਕਾਟ ਕਰਨ ਦਾ ਸੱਦਾ ਵੀ ਦੇ ਦਿੱਤਾ ਹੈ। ਤਥਾਗਤ ਰਾਏ ਕੋਈ ਤੇਤੀ ਸਾਲ ਪਹਿਲਾਂ ਆਰ ਐੱਸ ਐੱਸ ਨਾਲ ਜੁੜਿਆ ਸੀ ਤੇ ਕੁਝ ਸਾਲ ਪੱਛਮੀ ਬੰਗਾਲ ਦੀ ਭਾਜਪਾ ਦਾ ਪ੍ਰਧਾਨ ਰਹਿਣ ਵੇਲੇ ਭਾਜਪਾ ਵੱਲੋਂ ਦੋ ਚੋਣਾਂ ਲੜਿਆ ਸੀ ਤੇ ਫਿਰ ਭਾਜਪਾ ਦੀ ਕੇਂਦਰ ਸਰਕਾਰ ਨੇ ਤ੍ਰਿਪੁਰਾ ਦੀ ਕਮਿਊਨਿਸਟ ਸਰਕਾਰ ਦੀ ਜੜ੍ਹਾਂ ਟੁੱਕਣ ਲਈ ਉਸ ਨੂੰ ਓਥੋਂ ਦਾ ਗਵਰਨਰ ਲਾ ਦਿੱਤਾ ਸੀ। ਉਹ ਅਪਰੇਸ਼ਨ ਸਿਰੇ ਚਾੜ੍ਹਨ ਪਿੱਛੋਂ ਤਥਾਗਤ ਨੂੰ ਮੇਘਾਲਿਆ ਦਾ ਗਵਰਨਰ ਲਾ ਦਿੱਤਾ ਗਿਆ। ਭਾਜਪਾ ਨਾਲ ਜੁੜੇ ਹੋਣ ਕਰ ਕੇ ਉਸ ਨੂੰ ਹਿੰਦੂਤੱਵ ਦਾ ਢੰਡੋਰਚੀ ਕਿਹਾ ਜਾ ਸਕਦਾ ਹੈ, ਪਰ ਜਦੋਂ ਉਹ ਸਾਰੇ ਕਸ਼ਮੀਰੀ ਲੋਕਾਂ ਦੇ ਬਾਈਕਾਟ ਲਈ ਸੱਦਾ ਦੇ ਰਿਹਾ ਹੈ ਤਾਂ ਉਹ ਜੰਮੂ-ਕਸ਼ਮੀਰ ਦੇ ਹਿੰਦੂਆਂ ਖਿਲਾਫ ਵੀ ਇਹ ਸੱਦਾ ਦੇ ਰਿਹਾ ਹੈ। ਉਹ ਅਗਲੀ ਕਹਿਣ ਤੱਕ ਵੀ ਚਲਾ ਗਿਆ ਕਿ ਕੁਝ ਸਾਲ ਅਮਰਨਾਥ ਦੀ ਯਾਤਰਾ ਰੋਕ ਲਈਏ ਤਾਂ ਓਥੋਂ ਦੀ ਆਰਥਿਕਤਾ ਖਤਮ ਕੀਤੀ ਜਾ ਸਕਦੀ ਹੈ ਤੇ ਹੋਰ ਏਦਾਂ ਦੀਆਂ ਹੋਰ ਕਈ ਗੱਲਾਂ ਵੀ ਉਹ ਕਹਿਣ ਤੋਂ ਨਹੀਂ ਝਿਜਕਿਆ। ਭਾਜਪਾ ਅਤੇ ਕੇਂਦਰ ਸਰਕਾਰ ਨੇ ਏਨਾ ਕੀਤਾ ਹੈ ਕਿ ਆਪਣੇ ਲਾਏ ਇਸ ਗਵਰਨਰ ਦੇ ਬਿਆਨਾਂ ਨੂੰ ਉਸ ਦੀ ਨਿੱਜੀ ਰਾਏ ਕਿਹਾ ਅਤੇ ਵਖਰੇਵਾਂ ਜ਼ਾਹਰ ਕਰ ਦਿੱਤਾ, ਪਰ ਇਸ ਦੇ ਨਾਲ ਜਿਹੜੀ ਬੇਇੱਜ਼ਤੀ ਜੰਮੂ-ਕਸ਼ਮੀਰ ਦੇ ਲੋਕਾਂ ਦੀ ਹੋ ਗਈ, ਉਸ ਬਾਰੇ ਚੁੱਪ ਵੱਟ ਲਈ ਹੈ।
ਸਮੱਸਿਆ ਦੀ ਜੜ੍ਹ ਵੀ ਇਹੋ ਹੈ। ਸਰਕਾਰ ਨਾਲ ਜੁੜੇ ਲੋਕ ਏਦਾਂ ਦੀਆਂ ਗੱਲਾਂ ਕਰਦੇ ਹਨ। ਮਸਲਾ ਵਿਗੜਦਾ ਜਾਪੇਗਾ ਤਾਂ ਪ੍ਰਧਾਨ ਮੰਤਰੀ ਮੋਦੀ ਕੁਝ ਪੋਲੇ ਜਿਹੇ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰ ਕੇ ਜ਼ਿਮੇਵਾਰੀ ਭੁਗਤ ਗਈ ਸਮਝ ਲੈਣਗੇ। ਉਨ੍ਹਾਂ ਦੇ ਪੈਰੋਕਾਰ ਆਪਣੇ ਨੇਤਾ ਦੇ ਇਸ ਦੁੱਖ ਪ੍ਰਗਟਾਵੇ ਦੀ ਡੌਂਡੀ ਪਿੱਟਣਗੇ। ਜਿੰਨਾ ਨੁਕਸਾਨ ਇਸ ਦੇਸ਼ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਭਾਵਨਾ ਦਾ ਹੋ ਗਿਆ ਹੈ, ਉਹ ਸਭ ਅਣਗੌਲਿਆ ਕਰ ਦਿੱਤਾ ਜਾਵੇਗਾ। ਜਿਹੜੀ ਵਾਰਦਾਤ ਪੁਲਵਾਮਾ ਵਿੱਚ ਹੋਈ, ਉਸ ਬਾਰੇ ਦਹਿਸ਼ਤਗਰਦੀ ਨਾਲ ਨਜਿੱਠਣ ਦੇ ਢੰਗਾਂ ਨਾਲ ਨਜਿੱਠਿਆ ਜਾਂਦਾ ਰਹੇਗਾ ਤੇ ਇਹ ਕੰਮ ਸਰਕਾਰ ਅਤੇ ਫੌਜਾਂ ਦਾ ਹੈ, ਸੜਕਾਂ ਉੱਤੇ ਹੁੱਲੜਬਾਜ਼ੀ ਕਰਦੇ ਫੁਕਰਿਆਂ ਦਾ ਨਹੀਂ, ਪਰ ਜਿਹੜੀ ਚੁਆਤੀ ਇੱਕ ਰਾਜ ਦਾ ਗਵਰਨਰ ਆਪਣੇ ਸਿਰ ਵਿੱਚ ਵੜੀ ਹੋਈ ਇੱਕ ਖਾਸ ਸੋਚ ਦੇ ਕਾਰਨ ਲਾ ਰਿਹਾ ਹੈ, ਜੇ ਭਾਰਤ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਜਨੂੰਨੀਅਤ ਨੂੰ ਅਣਗੌਲਿਆ ਕੀਤਾ ਤਾਂ ਇਸ ਦੇਸ਼ ਲਈ ਉਹ ਵੀ ਘੱਟ ਘਾਤਕ ਸਾਬਤ ਨਹੀਂ ਹੋਣੀ।
24 Feb. 2019