ਦੁਖੀ ਹੋਣ ਦੀ ਥਾਂ 'ਦੁੱਖ ਦਾ ਪ੍ਰਗਟਾਵਾ' ਕਰਦੇ ਨੇ ਮਹਾਨ ਭਾਰਤ ਦੇ ਆਗੂ - ਜਤਿੰਦਰ ਪਨੂੰ
ਜੰਮੂ-ਕਸ਼ਮੀਰ ਦੇ ਪੁਲਵਾਮਾ ਨੇੜੇ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਹੋਏ ਹਮਲੇ ਤੇ ਇਸ ਵਿੱਚ ਹੋਈਆਂ ਮੌਤਾਂ ਤੋਂ ਇਸ ਵਕਤ ਸਾਰਾ ਭਾਰਤ ਦੁਖੀ ਹੈ। ਕਈ ਲੋਕਾਂ ਨੂੰ ਇਹ ਗੱਲ ਸ਼ਾਇਦ ਚੁਭੇਗੀ ਕਿ ਅਸੀਂ ਮੌਤਾਂ ਸ਼ਬਦ ਵਰਤਿਆ ਹੈ ਅਤੇ 'ਸ਼ਹੀਦੀ' ਦਾ ਸ਼ਬਦ ਨਹੀਂ ਵਰਤਿਆ। ਇਹ ਸ਼ਬਦ ਉਨ੍ਹਾਂ ਲਈ ਸਰਕਾਰ ਵੀ ਨਹੀਂ ਵਰਤ ਰਹੀ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਉਨ੍ਹਾਂ ਨੂੰ 'ਸ਼ਹੀਦ' ਕਿਹਾ ਜਾਂਦਾ ਹੈ, ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਇਹੋ ਕਹਿੰਦੇ ਹਨ, ਪਰ ਕਾਨੂੰਨ ਦੇ ਮੁਤਾਬਕ ਪੈਰਾ ਮਿਲਟਰੀ ਫੋਰਸ ਦੇ ਜਵਾਨ ਨੂੰ ਅਜੇ ਤੱਕ ਇਹੋ ਜਿਹਾ ਕੋਈ ਦਰਜਾ ਦੇਣ ਦਾ ਕਾਨੂੰਨ ਹੀ ਨਹੀਂ ਤੇ ਇਸ ਬਾਰੇ ਅਦਾਲਤਾਂ ਵਿੱਚ ਗਈਆਂ ਅਰਜ਼ੀਆਂ ਵੀ ਮੰਨੀਆਂ ਨਹੀਂ ਗਈਆਂ। ਪਿਛਲੇਰੇ ਸਾਲ ਕੁਝ ਫੌਜੀ ਜਵਾਨਾਂ ਦੇ ਨਾਲ ਓਸੇ ਜਗ੍ਹਾ ਜਦੋਂ ਬਾਰਡਰ ਸਕਿਓਰਟੀ ਫੋਰਸ ਦੇ ਦੋ ਜਵਾਨ ਵੀ ਮਾਰੇ ਗਏ ਤਾਂ ਇਹ ਸਵਾਲ ਉੱਛਲਿਆ ਸੀ ਕਿ ਇੱਕੋ ਥਾਂ ਦੇਸ਼ ਲਈ ਜਾਨ ਗੁਆ ਚੁੱਕੇ ਵਰਦੀ ਵਾਲੇ ਲੋਕਾਂ ਨੂੰ ਇੱਕੋ ਦਰਜਾ ਦੇਣਾ ਚਾਹੀਦਾ ਹੈ, ਪਰ ਸਰਕਾਰ ਨੇ ਇਹ ਗੱਲ ਉਸ ਵੇਲੇ ਵੀ ਮੰਨੀ ਨਹੀਂ ਸੀ। 'ਸ਼ਹੀਦ' ਦੇ ਦਰਜੇ ਵਾਲੇ ਫੌਜੀਆਂ ਦੇ ਪਰਵਾਰ ਨੂੰ ਪੈਨਸ਼ਨ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਜੋ ਸਹੂਲਤਾਂ ਮਿਲਦੀਆਂ ਹਨ, ਉਹ ਸੀ ਆਰ ਪੀ ਐੱਫ, ਬੀ ਐੱਸ ਐੱਫ, ਸੀ ਆਈ ਐੱਸ ਐੱਫ ਅਤੇ ਹੋਰ ਏਦਾਂ ਦੀ ਕਿਸੇ ਵੀ ਫੋਰਸ ਦੇ ਜਵਾਨਾਂ ਵੱਲੋਂ ਦੇਸ਼ ਲਈ ਜਾਨ ਵਾਰਨ ਦੇ ਬਾਅਦ ਉਨ੍ਹਾਂ ਦੇ ਪਰਵਾਰਾਂ ਨੂੰ ਨਹੀਂ ਮਿਲਦੀਆਂ। ਫਿਰ ਵੀ ਅਸੀਂ ਇਸ ਵੇਲੇ ਇਨ੍ਹਾਂ ਸੈਂਤੀ ਜਵਾਨਾਂ ਨੂੰ ਆਪਣੇ ਦੇਸ਼ ਲਈ ਮਾਰੇ ਜਾਣ ਕਰ ਕੇ 'ਸ਼ਹੀਦ' ਮੰਨ ਕੇ ਗੱਲ ਕਹਿ ਸਕਦੇ ਹਾਂ।
ਇਸ ਵਾਰਦਾਤ ਦੇ ਬਾਅਦ ਸਾਰੇ ਦੇਸ਼ ਦੇ ਲੋਕ ਦੁੱਖ ਮਨਾ ਰਹੇ ਹਨ। ਸੰਸਾਰ ਭਰ ਵਿੱਚੋਂ ਇਸ ਬਾਰੇ ਸੋਗੀ ਸੰਦੇਸ਼ ਵੀ ਮਿਲਦੇ ਪਏ ਹਨ। ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਰਤ ਦਾ ਸਾਥ ਦਿੱਤਾ ਹੈ। ਖੁਦ ਆਪਣੇ ਸਿੰਕਿਆਂਗ ਰਾਜ ਅੰਦਰ ਊਈਗਰ ਮੁਸਲਿਮ ਦਹਿਸ਼ਤਗਰਦੀ ਦਾ ਸਾਹਮਣਾ ਕਰ ਅਤੇ ਭੁਗਤ ਰਹੇ ਚੀਨ ਨੇ ਆਪਣੇ ਤੇ ਪਰਾਏ ਅੱਤਵਾਦ ਦਾ ਫਰਕ ਰੱਖ ਲਿਆ ਤੇ ਆਪਣੇ ਵਿਰੁੱਧ ਹੁੰਦੀ ਉਈਗਰ ਸਰਗਰਮੀ ਨੂੰ ਦਹਿਸ਼ਤਗਰਦੀ ਅਤੇ ਭਾਰਤ ਵਿਰੁੱਧ ਹੁੰਦੀ ਸਰਗਰਮੀ ਨੂੰ ਜੈਸ਼-ਇ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵੱਲੋਂ ਆਪਣੇ ਦੀਨ ਲਈ ਜਹਾਦ ਕਹਿਣਾ ਜਾਰੀ ਰੱਖਿਆ ਹੈ। ਪਾਕਿਸਤਾਨ ਦੀ ਸਰਕਾਰ ਨੇ ਇਸ ਘਟਨਾ ਉੱਤੇ ਅਫਸੋਸ ਜ਼ਾਹਰ ਕੀਤਾ ਹੈ, ਪਰ ਇਸ ਦੀ ਜ਼ਿਮੇਵਾਰੀ ਲੈਣ ਵਾਲੇ ਆਪਣੇ ਦੇਸ਼ ਵਿੱਚ ਬੈਠੇ ਹੋਏ ਮਸੂਦ ਅਜ਼ਹਰ ਦੇ ਖਿਲਾਫ ਕਾਰਵਾਈ ਦਾ ਰਸਮੀ ਐਲਾਨ ਵੀ ਨਹੀਂ ਕੀਤਾ। ਇਹ ਕੰਮ ਪਾਕਿਸਤਾਨ ਸਰਕਾਰ ਨੇ ਕਦੀ ਕਰਨਾ ਵੀ ਨਹੀਂ, ਉਸ ਦੀ ਨੀਤੀ ਹੀ ਇਸ ਉੱਤੇ ਆਧਾਰਤ ਹੈ। ਬਾਕੀ ਦੁਨੀਆ ਟੂਰਿਜ਼ਮ ਇੰਡਸਟਰੀ ਤੋਂ ਦੌਲਤ ਕਮਾਉਂਦੀ ਹੈ, ਪਾਕਿਸਤਾਨ ਸਰਕਾਰ ਟੈਰਰਿਜ਼ਮ ਇੰਡਸਟਰੀ ਚੱਲਦੀ ਰੱਖ ਕੇ ਸੰਸਾਰ ਦੇ ਅਮਨ ਲੋਚਦੇ ਦੇਸ਼ਾਂ ਦੇ ਹਾਕਮਾਂ ਤੋਂ ਇਸ ਨਾਲ ਲੜਨ ਦੇ ਬਹਾਨੇ ਡਾਲਰਾਂ ਅਤੇ ਪੌਂਡਾਂ ਦੀਆਂ ਪੰਡਾਂ ਲੈਂਦੀ ਅਤੇ ਆਪਣੇ ਲੋਕਾਂ ਦਾ ਭਲਾ ਕਰਨ ਦੀ ਥਾਂ ਰਾਜ ਕਰਨ ਵਾਲੇ ਆਗੂਆਂ ਅਤੇ ਫੌਜ ਦੇ ਜਰਨੈਲਾਂ ਨੂੰ ਮਾਲਾ-ਮਾਲ ਹੁੰਦੇ ਜਾਣ ਦਾ ਮੌਕਾ ਦੇਂਦੀ ਹੈ। ਜਿਸ ਦਿਨ ਦਹਿਸ਼ਤਗਰਦੀ ਖਤਮ ਹੋ ਗਈ, ਉਸ ਨੂੰ ਦਹਿਸ਼ਤਗਰਦੀ ਵਿਰੁੱਧ ਲੜਨ ਲਈ ਮਿਲਦੇ ਫੰਡ ਵੀ ਮਿਲਣੇ ਬੰਦ ਹੋ ਜਾਣੇ ਹਨ।
ਵੱਡਾ ਮੁੱਦਾ ਇਹ ਨਹੀਂ ਕਿ ਪਾਕਿਸਤਾਨ ਕੀ ਕਰਦਾ ਹੈ, ਸਗੋਂ ਸਾਡੇ ਆਪਣੇ ਦੇਸ਼ ਦੀ ਸਰਕਾਰ ਦੇ ਪੈਂਤੜੇ ਦਾ ਹੈ, ਜਿਸ ਵਿੱਚ ਹਰ ਵੱਡੀ ਵਾਰਦਾਤ ਦੇ ਬਾਅਦ ਇਹ ਸੁਣਿਆ ਜਾਂਦਾ ਹੈ ਕਿ ਕੁਰਬਾਨੀ ਅਜਾਈਂ ਨਹੀਂ ਜਾਵੇਗੀ, ਪਰ ਬਾਅਦ ਵਿੱਚ ਕੁਝ ਖਾਸ ਨਹੀਂ ਹੁੰਦਾ। ਦਾਅਵੇ ਕੀਤੇ ਕਦੇ ਵੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੀ ਰੱਖਿਆ ਮੰਤਰੀ ਤੇ ਕਈ ਹੋਰਨਾਂ ਨੇ ਪਾਰਲੀਮੈਂਟ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਸਾਡੇ ਸ਼ਾਸਨ ਦੌਰਾਨ ਦੇਸ਼ ਉੱਤੇ ਕਦੇ ਕੋਈ ਵੱਡਾ ਹਮਲਾ ਨਹੀਂ ਹੋਇਆ। ਪਠਾਨਕੋਟ ਦੇ ਏਅਰ ਬੇਸ ਉੱਤੇ ਦਹਿਸ਼ਤਗਰਦ ਹਮਲਾ ਸਾਡੇ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਦੋਹਤੀ ਦੇ ਵਿਆਹ ਮੌਕੇ ਸ਼ਗਨ ਪਾਏ ਜਾਣ ਤੋਂ ਮਸਾਂ ਤਿੰਨ ਦਿਨ ਪਿੱਛੋਂ ਏਸੇ ਸਰਕਾਰ ਦੇ ਹੁੰਦਿਆਂ ਹੋਇਆ ਸੀ। ਉਹ ਕਹਿ ਰਹੇ ਹਨ ਕਿ ਦਹਿਸ਼ਤਗਰਦੀ ਵਿਰੁੱਧ ਸਾਡੀ 'ਜ਼ੀਰੋ ਟਾਲਰੈਂਸ' ਨੀਤੀ ਉੱਤੇ ਕੰਮ ਚੱਲ ਰਿਹਾ ਹੈ, ਪਰ ਦੀਨਾਨਗਰ ਹਮਲੇ ਦੇ ਸਿਰਫ ਦੋ ਮਹੀਨੇ ਬਾਅਦ ਉਹ ਹਮਲਾ ਕਰਾਉਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਸਾਡੇ ਪ੍ਰਧਾਨ ਮੰਤਰੀ ਜੀ ਚਲੇ ਜਾਣ ਤਾਂ ਇਹ ਜ਼ੀਰੋ ਟਾਲਰੈਂਸ ਨਹੀਂ ਹੁੰਦੀ। ਭਾਰਤ ਦੇ ਲੋਕਾਂ ਨੂੰ ਇਸ ਮਕਸਦ ਲਈ ਇੱਕ-ਸਾਰ ਨੀਤੀ ਦੀ ਉਡੀਕ ਹੈ, ਜਿਹੜੀ ਵੇਖਣ ਨੂੰ ਨਹੀਂ ਮਿਲਦੀ। ਹਰ ਵਾਰ ਸੁਣਨ ਨੂੰ ਮਿਲਦਾ ਹੈ ਕਿ ਪਾਕਿਸਤਾਨ ਨੇ ਧੋਖਾ ਕੀਤਾ ਹੈ। ਉਹ ਵਾਰ-ਵਾਰ ਧੋਖਾ ਕਰਦਾ ਹੈ ਤਾਂ ਅਸੀਂ ਬਚ ਕੇ ਰਹੀਏ। ਉਸ ਦੇ ਹਰ ਵਾਰ ਧੋਖਾ ਦੇਣ ਦੇ ਬਾਅਦ ਵੀ ਅਸੀਂ ਉਸ ਦਾ ਇਤਬਾਰ ਕਰ ਬਹਿੰਦੇ ਅਤੇ ਕੋਈ ਨਵੀਂ ਸੱਟ ਖਾ ਬਹਿੰਦੇ ਹਾਂ।
ਅਗਲਾ ਸਵਾਲ ਸਾਡੇ ਆਪਣੇ ਘਰ ਵਿੱਚ ਚੌਕਸੀ ਦਾ ਹੈ। ਇਸ ਤਾਜ਼ਾ ਹਮਲੇ ਦੇ ਬਾਅਦ ਇਹ ਖਬਰ ਸੁਣਨੀ ਪਈ ਕਿ ਅੱਠ ਫਰਵਰੀ ਨੂੰ ਖੁਫੀਆ ਏਜੰਸੀਆਂ ਨੇ ਇਸ ਬਾਰੇ ਸੁਚੇਤ ਕੀਤਾ ਸੀ ਕਿ ਕਿਸੇ ਕਾਫਲੇ ਉੱਤੇ ਏਦਾਂ ਦਾ ਹਮਲਾ ਹੋਣ ਦਾ ਸ਼ੱਕ ਹੈ। ਏਨੀ ਅਗੇਤੀ ਸੂਚਨਾ ਦੇ ਬਾਅਦ ਵੀ ਢੁਕਵੇਂ ਪ੍ਰਬੰਧ ਨਹੀਂ ਸਨ ਕੀਤੇ ਗਏ। ਕਾਰਗਿਲ ਦੀ ਜੰਗ ਦੌਰਾਨ ਜਿਸ ਬਰਗੇਡੀਅਰ ਨੇ ਦੋ ਮਹੀਨੇ ਅਗੇਤੀ ਇਹ ਸੂਚਨਾ ਭੇਜੀ ਸੀ ਕਿ ਪਾਕਿਸਤਾਨੀ ਫੌਜ ਘੁਸਪੈਠ ਕਰ ਰਹੀ ਹੈ, ਵਾਜਪਾਈ ਦੇ ਲਾਹੌਰ ਦੌਰੇ ਦਾ ਪ੍ਰਭਾਵ ਬਣਿਆ ਰੱਖਣ ਵਾਸਤੇ ਉਸ ਅਫਸਰ ਨੂੰ ਸਜ਼ਾ ਦੇ ਦਿੱਤੀ ਗਈ ਤੇ ਲੋੜੀਂਦੀ ਕਾਰਵਾਈ ਨਹੀਂ ਸੀ ਕੀਤੀ ਗਈ, ਜਿਸ ਨਾਲ ਭਾਰਤ ਨੂੰ ਵੱਡਾ ਨੁਕਸਾਨ ਭੁਗਤਣਾ ਪਿਆ ਸੀ। ਇਸ ਵਾਰ ਫਿਰ ਏਦਾਂ ਦੀ ਚੇਤਾਵਨੀ ਅਣਗੌਲੀ ਕੀਤੀ ਗਈ ਹੈ, ਪਰ ਜਿਨ੍ਹਾਂ ਅਫਸਰਾਂ ਨੇ ਅਣਗੌਲੀ ਕੀਤੀ ਹੈ, ਉਨ੍ਹਾਂ ਉੱਤੇ ਕਾਰਵਾਈ ਦੀ ਖਬਰ ਨਹੀਂ ਆਈ। ਕੁਝ ਸਮਾਂ ਪਹਿਲਾਂ ਇਹ ਖਬਰ ਆਈ ਸੀ ਕਿ ਹਰ ਕਾਫਲੇ ਦੇ ਅੱਗੇ ਇੱਕ ਬੱਸ ਇਹੋ ਜਿਹੀ ਚੱਲਿਆ ਕਰੇਗੀ, ਜਿਸ ਦੇ ਜੰਤਰ ਰਾਹ ਵਿੱਚ ਕਿਸੇ ਤਰ੍ਹਾਂ ਦੀ ਧਮਾਕੇ ਵਾਲੀ ਕਿਸੇ ਡਿਵਾਈਸ ਦਾ ਪਤਾ ਲਾ ਕੇ ਅਗੇਤੇ ਚੌਕਸ ਕਰ ਦਿੱਤਾ ਕਰਨਗੇ। ਏਦਾਂ ਦੀ ਬੱਸ ਅੱਗੇ ਲਾਈ ਹੁੰਦੀ ਤਾਂ ਇਸ ਵਾਰਦਾਤ ਤੇ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ, ਪਰ ਖਬਰਾਂ ਇਹ ਹਨ ਕਿ ਢਾਈ ਹਜ਼ਾਰ ਤੋਂ ਵੱਧ ਜਵਾਨਾਂ ਵਾਲੇ ਇਸ ਕਾਫਲੇ ਦੇ ਅੱਗੇ ਇਹ ਬੱਸ ਨਹੀਂ ਚਲਾਈ ਗਈ। ਜਿਹੜੇ ਹਾਲਾਤ ਨੂੰ ਭਾਰਤ ਭੁਗਤ ਰਿਹਾ ਹੈ, ਉਨ੍ਹਾਂ ਵਿੱਚ ਮੁਜਰਮਾਨਾ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਜਿਹੋ ਜਿਹੀ ਕਾਰਵਾਈ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਓਦਾਂ ਦੀ ਕਦੇ ਹੁੰਦੀ ਨਹੀਂ ਸੁਣੀ ਗਈ। ਉਤਲੇ ਅਫਸਰਾਂ ਦੀਆਂ ਅਫਸਰਾਂ ਨਾਲ ਰਿਸ਼ਤੇਦਾਰੀ ਦੀਆਂ ਤੰਦਾਂ ਇਸ ਤਰ੍ਹਾਂ ਆਪੋ ਵਿੱਚ ਜੁੜੀਆਂ ਹੁੰਦੀਆਂ ਹਨ ਕਿ ਇੱਕ ਦੂਸਰੇ ਦਾ ਬਚਾਅ ਕਰ ਸਕਦੇ ਹਨ।
ਦੁਨੀਆ ਦਾ ਕੋਈ ਦੇਸ਼ ਇਹੋ ਜਿਹਾ ਨਹੀਂ, ਜਿੱਥੇ ਰਾਜਨੀਤਕ ਖਹਿਬਾਜ਼ੀ ਨਾ ਚੱਲਦੀ ਹੋਵੇ। ਜਿੱਥੇ ਖਾਨਦਾਨੀ ਰਾਜ ਦੀ ਰਿਵਾਇਤ ਹੈ, ਪ੍ਰਧਾਨ ਮੰਤਰੀ ਰਾਜੇ ਦੀ ਮਰਜ਼ੀ ਮੁਤਾਬਕ ਕੰਮ ਕਰਦੇ ਹਨ, ਰਾਜਨੀਤੀ ਤਾਂ ਰਾਜ ਦਰਬਾਰਾਂ ਵਿੱਚ ਓਥੇ ਵੀ ਚੱਲਦੀ ਹੈ, ਪਰ ਦੇਸ਼ ਹਿੱਤ ਬਾਰੇ ਸਾਵਧਾਨੀ ਵਰਤੀ ਜਾਂਦੀ ਹੈ। ਭਾਰਤ ਵਿੱਚ ਇਸ ਦੀ ਵੀ ਲੋੜ ਨਹੀਂ। ਕਈ ਲੋਕਾਂ ਦੇ ਮੂੰਹ ਏਨੇ ਪਾਟੇ ਹੋਏ ਹਨ ਕਿ ਕਿਸੇ ਬਾਰੇ ਉਹ ਕੁਝ ਵੀ ਕਹਿ ਸਕਦੇ ਹਨ ਤੇ ਇਸ ਦਾ ਆਮ ਜ਼ਿੰਦਗੀ ਦੇ ਨਾਲ ਫੌਜਾਂ ਜਾਂ ਫੌਜ ਵਰਗੇ ਹੋਰ ਦਸਤਿਆਂ ਉੱਤੇ ਕੀ ਅਸਰ ਹੁੰਦਾ ਹੈ, ਇਸ ਦੀ ਪ੍ਰਵਾਹ ਨਾ ਕਦੇ ਰਾਜ ਕਰਨ ਵਾਲੇ ਕਰਦੇ ਹਨ ਅਤੇ ਨਾ ਵਿਰੋਧੀ ਧਿਰ ਵਾਲੇ। ਉਂਜ ਇਹੋ ਜਿਹੀ ਕਿਸੇ ਵਾਰਦਾਤ ਮਗਰੋਂ ਇਹ ਕਹਿ ਦੇਂਦੇ ਹਨ ਕਿ ਅਸੀਂ ਭਾਰਤ ਦੇ ਬਹਾਦਰ ਫੌਜੀ ਜਵਾਨਾਂ ਦੇ ਨਾਲ ਖੜੇ ਹਾਂ। ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਨਾਲ ਖੜੇ ਹੋਣਾ ਕੁਝ ਹੋਰ ਹੁੰਦਾ ਹੈ। ਭਾਰਤ ਵਿੱਚ ਕਈ ਸਿਆਸੀ ਪਾਰਟੀਆਂ ਦੇ ਆਗੂ ਸਾਬਕਾ ਫੌਜੀ ਅਫਸਰ ਹਨ, ਪਰ ਜਦੋਂ ਉਹ ਫੌਜ ਵਿੱਚੋਂ ਨਾਮਣਾ ਕਮਾ ਕੇ ਮੁੜ ਆਏ ਤਾਂ ਆਗੂ ਬਣਾ ਦਿੱਤੇ ਗਏ ਹਨ, ਤਾਂ ਕਿ ਉਨ੍ਹਾਂ ਦੇ ਅਕਸ ਦਾ ਲਾਭ ਲਿਆ ਜਾ ਸਕੇ, ਕਿਸੇ ਸਿਆਸੀ ਆਗੂ ਨੇ ਆਪਣੇ ਪੁੱਤ ਨੂੰ ਕਦੀ ਫੌਜ ਵਿੱਚ ਜਾਣ ਲਈ ਨਹੀਂ ਕਿਹਾ, ਸਗੋਂ ਜੰਮਦੇ ਜਵਾਕਾਂ ਨੂੰ ਰਾਜਨੀਤੀ ਸਿਖਾਉਣ ਲੱਗਦੇ ਹਨ।
ਬ੍ਰਿਟੇਨ ਦੀ ਮਹਾਰਾਣੀ ਆਪਣੇ ਵੱਡਿਆਂ ਵਾਂਗ ਖੁਦ-ਮੁਖਤਾਰ ਨਹੀਂ, ਸਿਰਫ ਸੰਵਿਧਾਨਕ ਮੁਖੀ ਹੈ। ਜਦੋਂ ਫਾਕਲੈਂਡ ਦੇ ਟਾਪੂਆਂ ਦੀ ਜੰਗ ਹੋਈ ਤਾਂ ਉਸ ਨੇ ਆਪਣੇ ਪੁੱਤਰ ਪ੍ਰਿੰਸ ਚਾਰਲਸ ਨੂੰ ਭਰ ਜਵਾਨੀ ਵਿੱਚ ਉਸ ਜੰਗ ਵਿੱਚ ਭੇਜਿਆ ਸੀ ਤੇ ਜਦੋਂ ਅਫਗਾਨਿਸਤਾਨ ਵਿੱਚ ਮੋਰਚਾ ਲੱਗਾ, ਉਹ ਮੋਰਚਾ ਠੀਕ ਹੋਵੇ ਜਾਂ ਗਲਤ, ਉਸ ਦੀ ਫੌਜ ਗਈ ਤਾਂ ਉਸ ਦੇ ਦੋਵੇਂ ਪੋਤਰੇ ਵੀ ਜੰਗ ਵਿੱਚ ਗਏ ਸਨ। ਪੁਰਾਣੇ ਸਮੇਂ ਵਿੱਚ ਰਾਜਿਆਂ ਦੇ ਪੁੱਤਰ ਜੰਗਾਂ ਵਿੱਚ ਅਗਵਾਈ ਕਰਦੇ ਹੁੰਦੇ ਹਨ। ਭਾਰਤ ਦੇ ਅਜੋਕੇ ਲੋਕਤੰਤਰੀ ਰਾਜਿਆਂ ਦੀ ਔਲਾਦ ਜੰਮਦੇ ਸਾਰ ਰਾਜ ਗੱਦੀਆਂ ਉੱਤੇ ਕਬਜ਼ੇ ਕਰਨ ਦੇ ਗੁਰ ਸਿੱਖਣ ਲੱਗਦੀ ਅਤੇ ਫਿਰ ਗੱਦੀਆਂ ਦੀ ਖਿੱਚੋਤਾਣ ਨੂੰ ਜੰਗ ਮੰਨ ਬਹਿੰਦੀ ਹੈ। ਦੇਸ਼ ਨਾਲ ਏਨਾ ਮੋਹ ਹੈ ਤੇ ਏਨੀ ਵਫਾਦਾਰੀ ਹੈ ਤਾਂ ਪੁਰਾਣੇ ਸਮੇਂ ਦੇ ਰਾਜਿਆਂ ਵਰਗੀ ਦੇਸ਼-ਭਗਤੀ ਵਿਖਾਉਣ, ਫਿਰ ਹਕੀਕੀ ਪੀੜ ਦਾ ਪਤਾ ਲੱਗੇਗਾ। ਲੋਕ ਦੁਖੀ ਹੋਏ ਪਏ ਹਨ, ਰਾਜਸੀ ਨੇਤਾ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਤੁਸੀਂ ਖਬਰਾਂ ਨੂੰ ਧਿਆਨ ਨਾਲ ਪੜ੍ਹੋ ਤਾਂ ਓਥੇ ਵੀ ਇਹ ਗੱਲ ਨਹੀਂ ਲਿਖੀ ਹੁੰਦੀ ਕਿ ਫਲਾਣਾ ਲੀਡਰ ਇਸ ਘਟਨਾ ਤੋਂ ਦੁਖੀ ਹੈ, ਸਗੋਂ ਇਹ ਹੀ ਲਿਖਿਆ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਣੇ ਲੀਡਰ ਨੇ ਏਦਾਂ ਦੀ ਘਟਨਾ ਉੱਤੇ 'ਦੁੱਖ ਦਾ ਪ੍ਰਗਟਾਵਾ ਕੀਤਾ ਹੈ'। ਦੁੱਖ ਝੱਲਣ ਦੇ ਨਾਲ ਦੁੱਖ ਦੇ ਪ੍ਰਗਟਾਵੇ ਵੀ ਝੱਲ ਰਿਹਾ ਹੈ ਭਾਰਤ।
18 Feb. 2019