ਡਾਇਰੀ ਦੇ ਪੰਨੇ : ਚੰਡੀਗੜੋਂ ਪਿੰਡ ਨੂੰ ਮੁੜਦਿਆਂ! - ਨਿੰਦਰ ਘੁਗਿਆਣਵੀ
21 ਜਨਵਰੀ, 2019 ਦੀ ਸਵੇਰ। ਸਾਢੇ ਛੇ ਵਜੇ ਹਨ। ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾ ਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ। ਥੋੜਾ-ਥੋੜਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰ ਕਰਨ ਵਾਲਿਆਂ ਦੀ ਚਹਿਲ-ਪਹਿਲ ਹੋਣ ਲੱਗੀ ਹੈ। ਰੋਜ਼ ਗਾਰਡਨ ਵਿਚੋਂ ਦੀ ਲੰਘ ਕੇ ਮੁੱਖ ਮਾਰਗ 'ਤੇ ਪੁੱਜਾ ਹਾਂ ਆਟੋ ਲੈਣ ਵਾਸਤੇ। ਇਹ ਆਟੋ ਮੈਨੂੰ 17 ਦੇ ਬੱਸ ਅੱਡੇ ਲਾਹ ਦੇਵੇਗਾ ਦਸ ਰੁਪੱਈਆਂ ਵਿਚ। ਉਤੋਂ 43 ਦੇ ਅੱਡੇ ਨੂੰ ਜਾਣ ਵਾਲੀ ਬੱਸੇ ਬੈਠਦਾ ਹਾਂ, ਤੇ ਉਥੇ ਪਹੁੰਚ ਕੇ 39 ਨੰਬਰ ਕਾਊਂਟਰ 'ਤੇ ਖਲੋਤੀ ਮਿੰਨ੍ਹੀ ਜਹਾਜ਼ ਜਿਹੀ ਵੋਲਵੋ ਵੱਲ ਵਧਦਾ ਹਾਂ। ਇਹਨੇ ਫਿਰੋਜ਼ਪੁਰ ਜਾਣਾ ਹੈ! ਇਹ ਰਾਹ ਵਿਚ ਬਹੁਤਾ ਨਹੀਂ ਰੁਕਦੀ। ਲੁਧਿਆਣੇ ਤੇ ਮੋਗੇ ਵੀ, ਅੱਡਿਆਂ ਦੇ ਬਾਹਰ-ਬਾਹਰ ਸਵਾਰੀ ਲਾਹੁੰਦੀ-ਚੜ੍ਹਾਉਂਦੀ ਹੈ। ਇਹ ਸੱਚਮੁਚ ਹੀ ਕਿਸੇ ਪਰੀ ਵਾਂਗਰਾਂ ਉਡਦੀ ਜਾਂਦੀ ਹੈ ਤੇ ਕਦੇ-ਕਦੇ ਸੱਪ ਵਾਂਗ ਮੇਲ੍ਹਦੀ ਲਗਦੀ ਹੈ ਤੇ ਕਦੇ ਪੈਲਾਂ ਪਾਉਂਦੀ ਜਾਪਦੀ ਹੈ। ਝੂਟੇ(ਠੂੰਹਣੇ) ਖੂਬ ਦਿੰਦੀ ਹੈ। ਮੈਨੂੰ ਲੰਡਨ ਵਿਚ ਥਾਂਦੀ ਕੋਚ ਵਿਚ ਬਿਤਾਏ ਪਲ ਚੇਤੇ ਆ ਜਾਂਦੇ ਨੇ ਤੇ ਕਦੇ ਬਰਮਿੰਘਮ ਤੋਂ ਸਾਊਥਾਲ ਦਾ ਲੰਬਾ ਸਫਰ ਯਾਦ ਆਉਂਦਾ ਹੈ ਇਹਦੇ ਵਿਚ ਬੈਠ ਕੇ! ਇਹਦੇ ਵਿਚ ਵੰਨ-ਸੁਵੰਨੀਆਂ ਫਿਲਮਾਂ ਲਗਦੀਆਂ ਨੇ। ਮੁਸਾਫਿਰ ਵੀ ਰਲੇ-ਮਿਲੇ ਹਨ, ਕੋਈ ਪੇਂਡੂ ਹੈ, ਕੋਈ ਸ਼ਹਿਰੀ ਹੈ। ਕੋਈ ਹਫਤੇ ਮਗਰੋਂ ਚੰਡੀਗੜੋਂ ਗੇੜੀ ਲਾ ਕੇ ਮੁੜ ਰਿਹੈ ਤੇ ਕੋਈ ਮਾਲਵੇ ਖਿੱਤੇ ਵਿਚ ਕੰਮ 'ਤੇ ਚੱਲਿਆ ਹੈ।
ਫਿਰੋਜ਼ਪੁਰ ਤੀਕ ਦਾ ਲਗਭਗ ਪੰਜ ਘੰਟੇ ਦਾ ਰਸਤਾ ਕਦੇ ਅਖਬਾਰ ਪੜ੍ਹ ਕੇ, ਕਦੇ ਫਿਲਮ ਦੇਖ ਕੇ ਤੇ ਕਦੇ ਕਿਸੇ ਨਾਲ ਗੱਲਾਂ ਕਰਦਿਆਂ ਬੀਤ ਜਾਂਦਾ ਹੈ। ਫਿਰੋਜ਼ਪੁਰ ਅੱਡੇ ਵਿਚ ਉੱਤਰ੍ਹ ਕੇ ਮੁਕਤਸਰ ਜਾਣ ਵਾਲੀ ਮਿੰਨ੍ਹੀ (ਪਨ) ਬੱਸੇ ਚੜ੍ਹਦਾ ਹਾਂ। ਇਹ ਰਾਹ ਵਿਚ ਮੈਨੂੰ ਡੋਡ ਪਿੰਡ ਲਾਹੁੰਦੀ ਹੈ ਤੇ ਅੱਗੇ ਉਥੋਂ ਮੇਰੇ ਪਿੰਡ ਨੂੰ ਜਾਣ ਵਾਲੀ ਮਿੰਨ੍ਹੀ ਬੱਸ ਖੜ੍ਹੀ ਹੁਦੀ ਹੈ, ਜਿਵੇਂ ਉਹ ਮੈਨੂੰ ਹੀ ਉਡੀਕ ਰਹੀ ਹੋਵੇ!
""" """ """ """'
ਭੁੱਖਣ-ਭਾਣਾ ਹਾਂ। ਚੰਡੀਗੜੋਂ ਤਾਂ ਇਕੱਲੀ ਚਾਹ ਪੀ ਕੇ ਹੀ ਚੱਲਿਆ ਸੀ। ਰਾਹ ਵਿਚ ਵੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਘਰ ਪਹੁੰਚਦੇ ਤੀਕ ਭੁੱਖ ਪੂਰੀ ਤਰਾਂ ਚਮਕ ਆਉਂਦੀ ਹੈ। ਚੁੱਲ੍ਹੇ ਅੱਗ ਡਾਹੁੰਦੀ ਮਾਂ ਆਖਦੀ ਹੈ, ''ਪਤਾ ਨੀ ਕਿੰਨੇ ਦਿਨਾਂ ਦਾ ਭੁੱਖਾ ਮੇਰਾ ਪੁੱਤ...ਰੱਜ ਕੇ ਰੋਟੀ ਖਾ ਲੈ...ਸੌ ਜਾ ਘੰਟਾ ਤੇ ਫੋਨ ਬੰਦ ਕਰਲੀਂ ਆਬਦਾ।" ਮਾਂ ਦੀਆਂ ਹਿਦਾਇਤਾਂ ਦੇ ਨਾਲ-ਨਾਲ ਰੋਟੀ ਖਾਈ ਜਾਂਦਾ ਹਾਂ।
ਆਥਣੇ ਗੁਰੂ ਘਰ ਭਾਈ ਜੀ ਬੋਲਿਐ। ਨੀਂਦ ਟੁੱਟੀ। ਤੇ ਹੁਣ ਟੋਰਾਂਟੋ ਰੇਡੀਓ 'ਪੰਜਾਬ ਦੀ ਗੂੰਜ' ਲਈ ਨਿੱਤ ਵਾਂਗ ਖਬਰਾਂ ਬਣਾਉਣ ਤੇ ਬੋਲਣ ਦੇ ਆਹਰੇ ਲੱਗ ਗਿਆ ਹਾਂ। ਗਰਮ ਪਾਣੀ ਦੀ ਕੇਤਲੀ ਰੱਖਣ ਆਈ ਮਾਂ ਕਹਿੰਦੀ ਹੈ, ''ਵੇ ਭਾਈ, ਦਿਮਾਗ ਨੂੰ ਭੋਰਾ ਅਰਾਮ ਦੇ ਲਿਆ ਕਰ ਵੇ...ਵਾਖਰੂ ਤੇਰਾ ਸ਼ੁਕਰ ਐ...।" ਮਾਂ ਦੀ ਗੱਲ ਅਣਸੁਣੀ ਕਰ ਦਿੰਦਾ ਹਾਂ। ਅਗਲੇ ਦਿਨਾਂ ਦੇ ਰੁਝੇਵਿਆਂ ਤੇ ਚੰਡੀਗੜ ਮੁੜਨ ਦਾ ਫ਼ਿਕਰ ਮਨ 'ਤੇ ਭਾਰੀ ਪੈ ਰਿਹੈ। ਬਾਬਾ ਬਾਣੀ ਪੜ੍ਹ ਰਿਹਾ ਹੈ-
ਸੈਲ ਪਥਰ ਮੇਂ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ
ਮੇਰੇ ਮਾਧਉ ਜੀ ਸਤਿ ਸੰਗਤ ਮਿਲੇ ਸੋ ਤਰਿਆ॥
ਬਾਣੀ ਸੁਣਦਾ ਤੇ ਡਾਇਰੀ ਦੇ ਪੰਨੇ ਲਿਖਦਾ-ਲਿਖਦਾ ਆਪਣੇ ਮਹਾਨ ਗੁਰੂਆਂ ਦੀ ਨਿੱਘੀ-ਮਿੱਠੀ ਤੇ ਪਵਿੱਤਰ ਯਾਦ ਵਿਚ ਡੁੱਬ ਗਿਆ ਹਾਂ। ਇਹ ਅਣਮੁੱਲਾ ਤੇ ਅਲੌਕਿਕ ਹੈ, ਜੋ ਸਾਡੇ ਗੁਰੂ ਸਾਨੂੰ ਗੁਰਬਾਣੀ ਦਾ ਮਹਾਨ ਵਿਰਸਾ ਸਾਨੂੰ ਦੇ ਗਏ ਨੇ, ਕਿਆ ਬਾਤਾਂ ਨੇ! ਕਿੰਨਾ ਪਿਆਰਾ ਸਮਾਂ ਹੈ, ਜੋ ਮੈਨੂੰ ਬਾਣੀ ਪੜ੍ਹਦਿਆਂ,ਸੁਣਦਿਆਂ ਤੇ ਇਹਦੇ ਅਰਥ ਕਰਦਿਆਂ ਡੂੰਘੇ ਸਕੂਨ ਵਿਚ ਲੈ ਜਾਂਦਾ ਹੈ।