ਭਾਰਤ ਦੇ ਲੋਕਾਂ ਦੀ ਅੱਜ ਦੀ ਚਿੰਤਾ: ਚੋਣਾਂ ਦੇ ਬਾਅਦ ਭਾਰਤ ਕਿਸ ਤਰ੍ਹਾਂ ਦਾ ਹੋਵੇਗਾ! - ਜਤਿੰਦਰ ਪਨੂੰ
ਭਾਰਤ ਵਿੱਚ ਅਗਲੀ ਲੋਕ ਸਭਾ ਚੋਣ ਲਈ ਐਲਾਨ ਅਠਾਈ ਫਰਵਰੀ ਨੂੰ ਕੀਤਾ ਜਾ ਸਕਦਾ ਹੈ। ਇਸ ਦਾ ਕਾਰਨ ਬਹੁਤ ਸਪੱਸ਼ਟ ਹੈ। ਚੋਣ ਕਮਿਸ਼ਨ ਨੇ ਰਾਜ ਸਰਕਾਰਾਂ ਨੂੰ ਕਹਿ ਦਿੱਤਾ ਹੈ ਕਿ ਜਿਸ ਕਿਸੇ ਅਫਸਰ ਦੀ ਬਦਲੀ ਕਰਨ ਲਈ ਮਨ ਕਰਦਾ ਹੈ, ਉਹ ਅਠਾਈ ਫਰਵਰੀ ਤੱਕ ਕਰ ਲਈ ਜਾਵੇ, ਉਸ ਤੋਂ ਬਾਅਦ ਨਹੀਂ ਕਰਨ ਦਿੱਤੀ ਜਾਵੇਗੀ। ਕਿਸੇ ਰਾਜ ਦੀ ਸਰਕਾਰ ਕਿਸੇ ਦੀ ਬਦਲੀ ਕਰਨੀ ਚਾਹੇ ਤਾਂ ਚੋਣ ਕਮਿਸ਼ਨ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਕਿ ਉਹ ਉਸ ਨੂੰ ਰੋਕਣ ਦਾ ਹੁਕਮ ਭੇਜ ਦੇਵੇ। ਇਹੋ ਜਿਹਾ ਅਧਿਕਾਰ ਚੋਣ ਕਮਿਸ਼ਨ ਨੂੰ ਸਿਰਫ ਇੱਕੋ ਹਾਲਤ ਵਿੱਚ ਮਿਲਦਾ ਹੈ ਕਿ ਚੋਣਾਂ ਦੇ ਲਈ ਤਰੀਕਾਂ ਮਿਥਣ ਦਾ ਐਲਾਨ ਹੋ ਜਾਵੇ ਤੇ ਚੋਣ ਜ਼ਾਬਤਾ ਲਾਗੂ ਕਰਨ ਦੇ ਨਾਲ ਬਦਲੀਆਂ ਕਰਨ ਦੇ ਹੁਕਮ ਦਾਗਣ ਜਾਂ ਰੋਕਣ ਦੀ ਤਾਕਤ ਉਸ ਕੋਲ ਆ ਜਾਵੇ। ਜਦੋਂ ਇਹ ਕਿਹਾ ਗਿਆ ਹੈ ਕਿ ਅਠਾਈ ਫਰਵਰੀ ਤੋਂ ਬਾਅਦ ਕਿਸੇ ਰਾਜ ਸਰਕਾਰ ਵੱਲੋਂ ਕਿਸੇ ਅਫਸਰ ਦੀ ਬਦਲੀ ਨਹੀਂ ਕੀਤੀ ਜਾ ਸਕਣੀ ਤਾਂ ਇਹ ਸੰਕੇਤ ਹੈ ਕਿ ਉਸ ਦਿਨ ਚੋਣਾਂ ਲਈ ਐਲਾਨ ਹੋ ਸਕਦਾ ਹੈ।
ਅੱਗੇ ਕਦੇ ਇਸ ਤਰ੍ਹਾਂ ਦਾ ਸਿੱਧਾ ਸੰਕੇਤ ਚੋਣ ਕਮਿਸ਼ਨ ਨੇ ਨਹੀਂ ਸੀ ਦਿੱਤਾ, ਜਿਵੇਂ ਇਸ ਵਾਰ ਦਿੱਤਾ ਗਿਆ ਹੈ ਤੇ ਜਾਨਣ ਵਾਲੇ ਏਥੋਂ ਤੱਕ ਕਹਿ ਰਹੇ ਹਨ ਕਿ ਚੋਣ ਤਰੀਕਾਂ ਤੇ ਬੱਜਟ ਦਾ ਖਿਲਾਰਾ ਸਮੇਟਣ ਲਈ ਕੇਂਦਰ ਸਰਕਾਰ ਦੇ ਨਾਲ ਚੋਣ ਕਮਿਸ਼ਨ ਦੀ ਸਹਿਮਤੀ ਵੀ ਹੋਈ ਲੱਗਦੀ ਹੈ। ਸਚਾਈ ਸਿਰਫ ਚੋਣ ਕਮਿਸ਼ਨਰ ਜਾਣਦੇ ਹਨ। ਕੇਂਦਰ ਦੇ ਰੰਗ ਦੱਸਦੇ ਹਨ ਕਿ ਉਸ ਦੇ ਮੁਖੀ ਨੂੰ ਬਹੁਤ ਕੁਝ ਪਤਾ ਹੈ, ਪਰ ਜ਼ਾਹਰ ਕੀਤੇ ਬਿਨਾਂ ਅਧੂਰੇ ਕੰਮ ਸਿਰੇ ਚਾੜ੍ਹਨ ਦਾ ਇਰਾਦਾ ਹੈ।
ਇਸ ਵਕਤ ਇੱਕ ਵੀਡੀਓ ਵਾਇਰਲ ਹੋਈ ਪਈ ਹੈ, ਜਿਸ ਵਿੱਚ ਪੰਜ ਸਾਲ ਪਹਿਲਾਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਸਰਕਾਰਾਂ ਨੇ ਇਹ ਗਲਤ ਰਿਵਾਜ ਪਾ ਲਿਆ ਹੈ ਕਿ ਪਹਿਲਾਂ ਕੁਝ ਕਰਨਾ ਨਹੀਂ ਤੇ ਆਖਰੀ ਸਾਲ ਵਿੱਚ ਕੰਮ ਕਰ ਕੇ ਵੋਟਰਾਂ ਨੂੰ ਖੁਸ਼ ਕਰਨਾ ਹੈ, ਪਰ ਮੈਂ ਏਦਾਂ ਨਹੀਂ ਕਰਾਂਗਾ। ਨਰਿੰਦਰ ਮੋਦੀ ਸਾਹਿਬ ਇਸ ਵਿੱਚ ਕਹਿੰਦੇ ਸੁਣਦੇ ਹਨ ਕਿ ਮੈਂ ਹਰ ਕੰਮ ਮਿਥੇ ਸਮੇਂ ਅਤੇ ਲੋਕਾਂ ਦੀ ਲੋੜ ਮੁਤਾਬਕ ਨਾਲ ਦੀ ਨਾਲ ਕਰਦਾ ਰਹਾਂਗਾ ਤੇ ਤੁਹਾਨੂੰ ਮੇਰੇ ਬਾਰੇ ਕੋਈ ਰਾਏ ਬਣਾਉਣ ਦਾ ਖੁੱਲ੍ਹਾ ਮੌਕਾ ਦੇਵਾਂਗਾ। ਬਹੁਤ ਸਾਰੇ ਲਾਰੇ ਲਾਉਣ ਤੇ ਫਿਰ ਭੁਲਾ ਦੇਣ ਲਈ ਜਾਣੇ ਜਾਂਦੇ ਨਰਿੰਦਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਕੇ ਆਪਣਾ ਇਹ ਵਾਅਦਾ ਵੀ ਭੁੱਲਣ ਵਿੱਚ ਝਿਜਕ ਨਹੀਂ ਸੀ ਵਿਖਾਈ। ਇਸ ਵਕਤ ਜਦੋਂ ਪੰਜਵਾਂ ਸਾਲ ਵੀ ਮੁੱਕਣ ਵਾਲਾ ਹੈ, ਉਹ ਲੋਕਾਂ ਨੂੰ ਭਰਮਾਉਣ ਵਾਸਤੇ ਛੋਟਾਂ ਦੀ ਲੜੀ ਵੀ ਲਾਉਣ ਤੁਰੇ ਹਨ ਤੇ ਅਣ-ਐਲਾਨੇ ਇਹੋ ਜਿਹੇ ਕਦਮ ਵੀ ਚੁੱਕਣ ਦੇ ਰਾਹ ਪੈ ਗਏ ਹਨ, ਜਿਹੜੇ ਕਦੀ ਕਿਸੇ ਨੇ ਸੋਚੇ ਤੱਕ ਨਹੀਂ ਸਨ। ਪਿਛਲੇ ਹਫਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀ ਬੱਧੀ ਹੋਈ ਸਾਲਾਨਾ ਆਮਦਨ ਦਾ ਜੁਗਾੜ ਪੈਦਾ ਕੀਤਾ ਜਾਵੇਗਾ। ਨਰਿੰਦਰ ਮੋਦੀ ਨੇ ਹਫਤਾ ਨਾ ਲੰਘਣ ਦਿੱਤਾ ਤੇ ਬੱਜਟ ਵਿੱਚ ਇਹ ਪ੍ਰਬੰਧ ਰਾਹੁਲ ਦੀ ਸਰਕਾਰ ਬਣਨ ਜਾਂ ਨਾ ਬਣਨ ਦੀ ਘੜੀ ਆਉਣ ਤੋਂ ਪਹਿਲਾਂ ਕਰ ਕੇ ਕਹਿ ਦਿੱਤਾ ਕਿ ਇਹ ਕੰਮ ਅਸੀਂ ਕਰ ਵੀ ਦਿੱਤਾ ਹੈ, ਰਾਹੁਲ ਦੇ ਕਰਨ ਲਈ ਕੁਝ ਬਚਿਆ ਹੀ ਨਹੀਂ। ਕਿਸਾਨਾਂ ਲਈ ਛੇ ਹਜ਼ਾਰ ਰੁਪਏ ਸਾਲਾਨਾ ਦੀ ਆਮਦਨ ਦੀ ਸਰਕਾਰੀ ਤੌਰ ਉੱਤੇ ਗਾਰੰਟੀ ਕੀਤੀ ਤਾਂ ਭਾਜਪਾ ਆਗੂਆਂ ਨੇ ਅਸਮਾਨ ਸਿਰ ਉਤੇ ਚੁੱਕ ਲਿਆ ਕਿ ਸਾਡੀ ਸਰਕਾਰ ਨੇ ਉਹ ਕੰਮ ਕਰ ਦਿੱਤਾ ਹੈ, ਜਿਹੜਾ ਕਦੇ ਕਿਸੇ ਨੇ ਕੀਤਾ ਹੀ ਨਹੀਂ। ਇਸ ਐਲਾਨ ਪਿੱਛੋਂ ਕਿਸਾਨਾਂ ਦੇ ਇੱਕ ਕੌਮੀ ਪੱਧਰ ਦੇ ਆਗੂ ਨੂੰ ਜਦੋਂ ਇਸ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਛੇ ਹਜ਼ਾਰ ਸਾਲਾਨਾ ਦੇ ਹਰ ਮਹੀਨੇ ਪੰਜ ਸੌ ਰੁਪਏ ਬਣਦੇ ਹਨ ਤੇ ਇਹ ਰੋਜ਼ ਦੇ ਸੋਲਾਂ ਰੁਪਏ ਸੱਠ ਪੈਸੇ ਬਣਨਗੇ, ਜੇ ਕਿਸਾਨ ਪਰਵਾਰ ਦੇ ਪੰਜ ਮੈਂਬਰ ਵੀ ਹੋਏ ਤਾਂ ਹਰ ਜੀਅ ਵਾਸਤੇ ਸਿਰਫ ਤਿੰਨ ਰੁਪਏ ਬੱਤੀ ਪੈਸੇ ਰੋਜ਼ਾਨਾ ਬਣਦੇ ਹਨ, ਏਨੇ ਪੈਸੇ ਉਹ ਕਿੱਥੇ ਸੰਭਾਲਣਗੇ!
ਕੁੰਭ ਦਾ ਮੇਲਾ ਛੇ ਸਾਲਾਂ ਬਾਅਦ ਆਉਂਦਾ ਹੈ। ਪਿਛਲੀ ਵਾਰ ਕੁੰਭ ਮੇਲੇ ਮੌਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਪਦਵੀ ਦਿਵਾਉਣ ਲਈ ਜਿਹੜੇ ਸਾਧਾਂ-ਸੰਤਾਂ ਨੇ ਉਸ ਦੇ ਮੂੰਹੋਂ ਰਾਮ ਮੰਦਰ ਬਣਾਏ ਜਾਣ ਦੀ ਗੱਲ ਸੁਣ ਕੇ ਸਾਰੇ ਦੇਸ਼ ਦੀ ਜਨਤਾ ਨੂੰ ਇਹ ਉਪਦੇਸ਼ ਦਿੱਤੇ ਸਨ ਕਿ ਰਾਮ ਮੰਦਰ ਚਾਹੀਦਾ ਹੈ ਤਾਂ ਮੋਦੀ ਦੇ ਮਗਰ ਵੋਟਾਂ ਪਾ ਦਿਓ, ਉਨ੍ਹਾਂ ਦੀਆਂ ਅੱਖਾਂ ਅੱਗੋਂ ਜਾਲ਼ਾ ਵੀ ਲੱਥ ਗਿਆ ਹੈ। ਇਸ ਵਾਰ ਕੁੰਭ ਨਹੀਂ, ਅਰਧ ਕੁੰਭ ਚੱਲਦਾ ਪਿਆ ਹੈ ਅਤੇ ਇਸ ਵਿੱਚ ਮੁੜ ਕੇ ਮੋਦੀ ਦੀ ਜਿੱਤ ਲਈ ਹਮਾਇਤ ਮੰਗਣ ਵਾਸਤੇ ਹੋਰਨਾਂ ਦੇ ਨਾਲ ਆਰ ਐੱਸ ਐੱਸ ਦਾ ਮੁਖੀ ਮੋਹਣ ਭਾਗਵਤ ਓਥੇ ਖੁਦ ਵੀ ਡੇਰਾ ਲਾ ਕੇ ਬੈਠਾ ਹੋਇਆਾ ਹੈ। ਸਾਧੂ ਕਹਿੰਦੇ ਹਨ ਕਿ ਪਹਿਲਾਂ ਮੰਦਰ ਦੇ ਮਾਮਲੇ ਵਿੱਚ ਅੱਜ ਤੱਕ ਕੀਤੀ ਕਾਰਵਾਈ ਬਾਰੇ ਦੱਸੋ ਤਾਂ ਅਗਲੀ ਗੱਲ ਕਰਾਂਗੇ। ਸੰਘ ਦੇ ਮੁਖੀ ਨੇ ਆਪਣੇ ਚਾਟੜਿਆਂ ਦੇ ਰਾਹੀਂ ਸਾਧਾਂ ਨੂੰ ਖੂੰਜੇ ਲਵਾ ਕੇ ਨਰਿੰਦਰ ਮੋਦੀ ਲਈ ਮਦਦ ਦਾ ਮਤਾ ਪਾਸ ਕਰਵਾ ਲਿਆ ਹੈ। ਇਹ ਹਾਲਤ ਪੈਦਾ ਹੋਣਾ ਦੱਸਦਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਆਮ ਲੋਕਾਂ ਦੇ ਨਾਲ ਹੀ ਉਸ ਭਗਵਾਨ ਰਾਮ ਨਾਲ ਵੀ ਚੁਸਤੀ ਖੇਡ ਗਿਆ ਹੈ, ਜਿਸ ਨੂੰ ਸਮੱਰਪਤ ਹੋਣ ਦੇ ਦਾਅਵੇ ਨਾਲ ਪਹਿਲਾਂ ਮੁੱਖ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ ਸੀ। ਸੰਘ ਪਰਵਾਰ ਫਿਰ ਵੀ ਉਸ ਦੇ ਨਾਲ ਹੈ।
ਸਮਝਣ ਦੀ ਗੱਲ ਸਿਰਫ ਇਹ ਨਹੀਂ ਕਿ ਮੋਦੀ ਨੇ ਲੋਕਾਂ ਨੂੰ ਵੱਧ ਬੁੱਧੂ ਬਣਾਇਆ ਜਾਂ ਭਗਵਾਨ ਰਾਮ ਨਾਲ ਚੁਸਤੀ ਖੇਡੀ, ਸਗੋਂ ਨਰਿੰਦਰ ਮੋਦੀ ਦਾ ਉਹ ਬੀਤਿਆ ਪਿਛੋਕੜ ਹੈ, ਜਿਹੜਾ ਦੱਸਦਾ ਹੈ ਕਿ ਆਪਣੇ ਨਿਸ਼ਾਨੇ ਦੀ ਪੂਰਤੀ ਦੇ ਲਈ ਇਹ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਗੁਜਰਾਤ ਵਿੱਚ ਹੋੲੈ ਮੁਸਲਿਮ ਵਿਰੋਧੀ ਦੰਗੇ ਤੇ ਉਨ੍ਹਾਂ ਦੰਗਿਆਂ ਦੇ ਦੌਰਾਨ ਨਰਿੰਦਰ ਮੋਦੀ ਦੀ ਸ਼ੱਕੀ ਭੂਮਿਕਾ ਅਜੇ ਤੱਕ ਵੀ ਸ਼ੱਕ ਤੋਂ ਪਰੇ ਨਹੀਂ ਹੋ ਸਕੀ। ਉਹ ਇਸ ਦੇਸ਼ ਵਿੱਚ ਪਹਿਲਾ ਮੁੱਖ ਮੰਤਰੀ ਸੀ, ਜਿਸ ਨੇ ਆਪਣੀ ਹਿੰਡ ਪੁਗਾਉਣ ਲਈ ਮੌਕੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਪ੍ਰੈੱਸ ਕਾਨਫਰੰਸ ਵਿੱਚ ਏਦਾਂ ਟੋਕਿਆ ਸੀ ਕਿ ਸਿਰਫ ਪੱਤਰਕਾਰ ਹੀ ਹੈਰਾਨ ਨਹੀਂ ਸੀ ਹੋਏ, ਪ੍ਰਧਾਨ ਮੰਤਰੀ ਵਾਜਪਾਈ ਦੇ ਦੰਦ ਵੀ ਜੁੜੇ ਦੇ ਜੁੜੇ ਰਹਿ ਗਏ ਸਨ। ਫਿਰ ਉਹ ਪ੍ਰਧਾਨ ਮੰਤਰੀ ਵੀ ਬੇਗਾਨੀ ਧਿਰ ਦਾ ਨਹੀਂ, ਨਰਿੰਦਰ ਮੋਦੀ ਦੀ ਆਪਣੀ ਭਾਰਤੀ ਜਨਤਾ ਪਾਰਟੀ ਦਾ ਸਰਬ ਪ੍ਰਵਾਨਤ ਆਗੂ ਸੀ ਤੇ ਸਾਰੀ ਪਾਰਟੀ ਮੋਦੀ ਦੇ ਸਾਹਮਣੇ ਨੀਂਵੀਂ ਪਾ ਕੇ ਰਹਿ ਗਈ ਸੀ।
ਸਾਰੇ ਜਾਣਦੇ ਹਨ ਕਿ ਆਰ ਐੱਸ ਐੱਸ ਇੱਕ ਤਰ੍ਹਾਂ ਮੋਦੀ ਦੀ ਪਾਰਟੀ ਭਾਜਪਾ ਦੀ ਮਾਂ ਹੈ ਤੇ ਕੋਈ ਵੱਡੇ ਤੋਂ ਵੱਡਾ ਆਗੂ ਵੀ ਅੱਜ ਤੱਕ ਉਸ ਅੱਗੇ ਸਿਰ ਨਹੀਂ ਸੀ ਚੁੱਕ ਸਕਿਆ। ਜਦੋਂ ਮੋਦੀ ਦੇ ਜਵਾਨੀ ਵੇਲੇ ਦੇ ਸ਼ਰੀਕ ਸੰਜੇ ਜੋਸ਼ੀ ਵਾਲਾ ਮੁੱਦਾ ਆਇਆ ਤੇ ਮੋਦੀ ਨੇ ਇਹ ਮੰਗ ਰੱਖ ਦਿੱਤੀ ਕਿ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢੋ, ਵਰਨਾ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਤਾਂ ਨਾਗਪੁਰ ਬੈਠੀ ਆਰ ਐੱਸ ਐੱਸ ਲੀਡਰਸ਼ਿਪ ਵੀ ਝੁਕ ਗਈ ਸੀ। ਮੋਦੀ ਨੇ ਮੁੰਬਈ ਵਾਲੇ ਜਲਸੇ ਵਿੱਚ ਜਾਣ ਤੋਂ ਨਾਂਹ ਕੀਤੀ ਤੇ ਜਦੋਂ ਤੱਕ ਸੰਜੇ ਜੋਸ਼ੀ ਦੇ ਪਾਰਟੀ ਛੱਡਣ ਦਾ ਐਲਾਨ ਨਹੀਂ ਸੀ ਹੋਇਆ, ਫੋਨ ਵੀ ਨਹੀਂ ਸੀ ਚੁੱਕ ਰਿਹਾ ਤੇ ਜਦੋਂ ਇਹ ਐਲਾਨ ਹੋ ਗਿਆ, ਮੋਦੀ ਨੇ ਹੈਲੀਕਾਪਟਰ ਫੜਿਆ ਤੇ ਦੋ ਘੰਟਿਆਂ ਵਿੱਚ ਮੁੰਬਈ ਪਹੁੰਚ ਕੇ ਸਿੱਧਾ ਹੀ ਸਟੇਜ ਉੱਤੇ ਜਾ ਚੜ੍ਹਿਆ ਸੀ। ਉਹ ਸਥਿਤੀ ਅੱਜ ਵੀ ਕਾਇਮ ਹੈ। ਕੋਈ ਨਿਤਿਨ ਗਡਕਰੀ ਬੋਲਦਾ ਹੈ ਤਾਂ ਲੋਕ ਆਖੀ ਜਾ ਰਹੇ ਹਨ ਕਿ ਨਾਗਪੁਰ ਵਾਲਿਆਂ ਦਾ ਬੁਲਾਇਆ ਬੋਲਦਾ ਹੈ। ਜਿਸ ਦਿਨ ਉਸ ਬਾਰੇ ਮੋਦੀ ਨੇ ਜ਼ਿਦ ਫੜੀ, ਗਡਕਰੀ ਨੂੰ ਵੀ ਆਰ ਐੱਸ ਐੱਸ ਅਤੇ ਭਾਜਪਾ ਨੂੰ ਕੱਢਣਾ ਪੈ ਜਾਣਾ ਹੈ ਤੇ ਉਸ ਨੂੰ ਕੱਢਣ ਦਾ ਐਲਾਨ ਕਰਨ ਦੀ ਥਾਂ ਉਸ ਨੂੰ ਖੁਦ ਛੱਡਣ ਦਾ ਐਲਾਨ ਕਰਨ ਲਈ ਮਜਬੂਰ ਕੀਤਾ ਜਾਣਾ ਹੈ। ਮੋਦੀ ਵੱਡਾ ਅਤੇ ਆਰ ਐੱਸ ਐੱਸ ਵੀ ਬੌਣਾ ਹੋ ਗਿਆ ਹੈ।
ਇਸ ਵਕਤ ਜਦੋਂ ਲੋਕ ਸਭਾ ਚੋਣਾਂ ਦੀ ਧਮਕ ਪੈਣੀ ਸ਼ੁਰੂ ਹੋ ਗਈ ਹੈ, ਭਾਰਤ ਦੇ ਲੋਕ ਆਪਣੇ ਦੇਸ਼ ਦੇ ਭਵਿੱਖ ਦਾ ਨਕਸ਼ਾ ਸਮਝਣ ਦੇ ਯਤਨ ਕਰਦੇ ਪਏ ਹਨ। ਕਿਹੜੀ ਪਾਰਟੀ ਜਿੱਤ ਸਕਦੀ ਤੇ ਕੌਣ ਹਾਰ ਸਕਦੀ ਹੈ, ਇਸ ਸੰਬੰਧ ਵਿੱਚ ਸੂਝਵਾਨ ਨਾਗਰਿਕ ਆਪਣੇ ਸਿਰਾਂ ਨਾਲ ਸੋਚ ਰਹੇ ਹਨ। ਸੋਚ ਦਾ ਵੱਡਾ ਵਿਸ਼ਾ ਨਰਿੰਦਰ ਮੋਦੀ ਹੈ। ਕਾਰਨ ਇਸ ਦਾ ਇਹ ਨਹੀਂ ਕਿ ਨਰਿੰਦਰ ਮੋਦੀ ਫਿਰ ਪ੍ਰਧਾਨ ਮੰਤਰੀ ਬਣੇ ਜਾਂ ਨਹੀਂ, ਸਗੋਂ ਇਹ ਹੋ ਗਿਆ ਹੈ ਕਿ ਜੇ ਉਹ ਐਤਕੀਂ ਜਿੱਤੇਗਾ ਤਾਂ ਭਾਰਤ ਦਾ ਤੇ ਇਸ ਦੀ ਧਰਮ ਨਿਰਪੱਖ ਦਿੱਖ ਦਾ ਕੀ ਬਣੇਗਾ? ਪਿਛਲੇ ਪੰਜ ਸਾਲਾਂ ਵਿੱਚ ਗਊ ਦਾ ਨਾਂਅ ਵਰਤ ਕੇ ਕਿੰਨੇ ਲੋਕਾਂ ਨੂੰ ਇਹ ਦੋਸ਼ ਲਾ ਕੇ ਮਾਰਿਆ ਗਿਆ ਹੈ ਕਿ ਉਹ ਗਾਂ ਦਾ ਮਾਸ ਖਾਣ ਵਾਲੇ ਹਨ ਤੇ ਇਹ ਕਦੀ ਵੇਖਿਆ ਨਹੀਂ ਗਿਆ ਕਿ ਮੰਡੀ ਤੋਂ ਉਹ ਲੋਕ ਦੁਧਾਰੂ ਗਾਂ ਪਰਵਾਰ ਦੀ ਦੁੱਧ ਦੀ ਲੋੜ ਪੂਰੀ ਕਰਨ ਲਈ ਲਿਆ ਰਹੇ ਹਨ। ਜਦੋਂ ਇਹ ਸਾਰਾ ਕੁਝ ਵਾਪਰਦਾ ਹੈ ਤਾਂ ਨਰਿੰਦਰ ਮੋਦੀ ਬੋਲਦੇ ਨਹੀਂ, ਪਰ ਜਦੋਂ ਸਭ ਕੁਝ ਹੋ ਚੁੱਕਾ ਹੁੰਦਾ ਹੈ, ਫਿਰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਇਹ ਕਹਿ ਦੇਂਦੇ ਹਨ ਕਿ ਏਦਾਂ ਦਾ ਕੰਮ ਕਰਨ ਵਾਲੇ ਸਾਡੇ ਬੰਦੇ ਨਹੀਂ, ਇਹ ਸਮਾਜ ਵਿਰੋਧੀ ਅਨਸਰ ਹਨ। ਨਾਲ ਆਰ ਐੱਸ ਐੱਸ ਦੇ ਬੁਲਾਰੇ ਮੀਡੀਆਂ ਸਾਹਮਣੇ ਉਨ੍ਹਾਂ ਬੰਦਿਆਂ ਦਾ ਬਚਾਅ ਕਰਦੇ ਸੁਣ ਰਹੇ ਹੁੰਦੇ ਹਨ ਅਤੇ ਹੇਠਾਂ ਇਹ ਸਿਗਨਲ ਚਲਾ ਜਾਂਦਾ ਹੈ ਕਿ ਇਸ਼ਾਰਾ ਕਰ ਕੇ ਕੰਮ ਕਰਵਾਇਆ ਵੀ ਜਾਂਦਾ ਹੈ, ਗੁਜਰਾਤ ਦੇ ਦੰਗਿਆਂ ਵਾਂਗ ਆਪਣੇ ਸਿਰ ਗੱਲ ਵੀ ਕਦੇ ਨਹੀਂ ਪੈਣ ਦਿੱਤੀ ਜਾਂਦੀ ਤੇ ਦੋਸ਼ੀਆਂ ਦਾ ਬਚਾਅ ਵੀ ਕੀਤਾ ਜਾਂਦਾ ਹੈ।
ਜਿਹੜੀ ਸਰਕਾਰ ਨੇ ਪੰਜ ਸਾਲ ਇਸ ਤਰ੍ਹਾਂ ਦੇ ਕਈ ਰੰਗ ਵਿਖਾਏ ਹੋਏ ਹਨ, ਅਗਲੀ ਪਾਰਲੀਮੈਂਟ ਚੋਣ ਦੇ ਦੌਰਾਨ ਉਹ ਦੋਬਾਰਾ ਜਿੱਤ ਗਈ ਤਾਂ ਕੀ ਬਣੇਗਾ, ਜਿਹੜੇ ਲੋਕ ਇਹ ਚਿੰਤਾ ਕਰ ਰਹੇ ਹਨ, ਐਵੇਂ ਤਾਂ ਨਹੀਂ ਕਰਦੇ ਪਏ।
03 Feb. 2019