ਕੁਦਰਤੀ ਨਜਾਰਿਆਂ ਦੀ ਆਸ਼ਕ, ਹੋਣਹਾਰ ਕਲਮ - ਤਜਿੰਦਰ ਕੌਰ ਮਿੱਠੂ - ਪ੍ਰੀਤਮ ਲੁਧਿਆਣਵੀ
ਆਮ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਕਲਮਕਾਰ ਬਸ ਫੋਕੀ ਸ਼ੁਹਰਤ ਵੱਲ ਹੀ ਭੱਜਦੇ ਹਨ। ਇਹ ਨਹੀ ਦੇਖਦੇ ਕਿ ਉਨ੍ਹਾਂ ਦੀ ਕਲਮ ਸਾਹਿਤ ਅਤੇ ਸਮਾਜ ਵਾਸਤੇ ਸੁਨੇਹਾ ਕੀ ਛੱਡ ਰਹੀ ਹੈ। ਉਨ੍ਹਾਂ ਦਾ ਤਾਂ ਬਸ ਇਕੋ-ਇਕ ਨਿਸ਼ਾਨਾ ਹੁੰਦਾ ਹੈ ਕਿ ਲੱਗੀ ਦੌੜ ਵਿਚ ਅੱਗੇ ਕਿਵੇਂ ਨਿਕਲਿਆ ਜਾਵੇ। ਪਰ, ਇਸ ਦੇ ਉਲਟ ਕੁਝ ਇਕ ਵਿਰਲੀਆਂ ਐਸੀਆਂ ਹੋਣਹਾਰ ਕਲਮਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਦਾ ਲੱਗੀ ਦੌੜ ਨਾਲ ਕੋਈ ਵਾਸਤਾ ਨਹੀ, ਬਲਕਿ ਉਨ੍ਹਾਂ ਦੀ ਸੋਚ ਤਾਂ ਸਮਾਜ ਅਤੇ ਸਾਹਿਤ ਲਈ ਕੁਝ ਕਰ ਗੁਜਰਨ ਦੀ ਹੁੰਦੀ ਹੈ। ਅਜਿਹੀਆਂ ਨਿਵੇਕਲੀ ਅਤੇ ਅਗਾਂਹ-ਵਧੂ ਸੋਚ ਦੀਆਂ ਮਾਲਕਣ ਕਲਮਾਂ ਵਿਚੋਂ ਇਕ ਕਲਮ ਦਾ ਨਾਂਓਂ ਹੈ- ਤੇਜਿੰਦਰ ਕੌਰ ਮਿੱਠੂ। ਉਹ ਤੇਜਿੰਦਰ, ਜਿਹੜੀ ਕਿ ਕੁਦਰਤ ਦੀ ਅਤੇ ਉਸ ਦੀ ਖੂਬਸੂਰਤ ਰਚਨਾ ਦੀ ਆਸ਼ਕ ਹੈ। ਉਹ ਮਨੁੱਖਾਂ ਦੀਆਂ ਗੱਲਾਂ ਘੱਟ ਕਰਦੀ ਹੈ ਅਤੇ ਕੁਦਰਤੀ ਨਜਾਰਿਆਂ ਦੀਆਂ ਜਿਆਦਾ। ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਦੇ ਵਿਸ਼ੇ ਰੁੱਖ, ਪਾਣੀ, ਹਵਾ, ਪੰਛੀ, ਤਿੱਤਲੀਆਂ, ਭੰਵਰੇ, ਫੁੱਲ, ਅੰਬਰ, ਸੂਰਜ, ਚੰਦ, ਤਾਰੇ, ਕਲ-ਕਲ ਵਗਦੇ ਝਰਨੇ, ਨਦੀਆਂ-ਦਰਿਆਵਾਂ ਅਤੇ ਸਮੁੰਦਰ ਆਦਿ ਦੇ ਦੁਆਲੇ ਹੀ ਘੁੰਮਦੇ ਹਨ।
ਜੇਕਰ ਇਹ ਮੁਟਿਆਰ ਮਨੁੱਖ-ਜਾਤੀ ਦੀ ਗੱਲ ਕਰਦੀ ਹੈ ਤਾਂ ਭਰੂਣ-ਹੱਤਿਆ, ਧੀਆਂ-ਭੈਣਾਂ ਉਤੇ ਹੋ ਰਹੇ ਜੁਲਮ, ਵਤਨ ਤੋਂ ਦੂਰ ਪ੍ਰਦੇਸ ਗਏ ਪੰਜਾਬੀਆਂ ਦੇ ਦਰਦ ਅਤੇ ਕਿਸਾਨ-ਹੱਤਿਆਵਾਂ ਵਰਗੇ ਦਰਦਨਾਕ ਸੀਨ ਹੀ ਉਸ ਦੀ ਕਲਮ ਦੀ ਨੋਕ ਉਤੇ ਆਉਂਦੇ ਹਨ। ਇਸ ਤੋਂ ਇਲਾਵਾ ਉਹ ਜਿਥੇ ਆਪਣੇ ਵਿਹਲੇ ਸਮੇ ਵਿਚ ਲੜਕੀਆਂ ਨੂੰ ਮੁਫਤ ਪੜ੍ਹਾਉਂਦੀ ਹੈ, ਉਥੇ ਲੋੜਵੰਦਾਂ ਨੂੰ ਕਈ ਬਾਰ ਉਹ ਕੋਟੀਆਂ ਅਤੇ ਕੰਬਲ ਆਦਿ ਵੰਡਣ ਦੀ ਸੇਵਾ ਵੀ ਕਰ ਚੁਕੀ ਹੈ। ਇੱਥੇ ਹੀ ਬਸ ਨਹੀ, ਉਹ ਅੱਖਾਂ ਅਤੇ ਦੰਦਾਂ ਦਾ ਫ੍ਰੀ ਮੈਡੀਕਲ-ਕੈਂਪ ਲਗਾਉਣ ਦੇ ਨਾਲ-ਨਾਲ ਬਜੁਰਗਾਂ ਨੂੰ ਮੁਫਤ ਦਵਾਈਆਂ ਵੰਡਣ ਆਦਿ ਵਰਗੇ ਕਾਰਜਾਂ ਦੁਆਰਾ ਵੀ ਆਪਣੇ ਮਨ ਨੂੰ ਰੂਹਾਨੀ ਖੁਸ਼ੀ ਪ੍ਰਾਪਤ ਕਰਦੀ ਹੈ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਮਿੱਠੂ ਨੇ ਕਿਹਾ, 'ਬ੍ਰਹਮਾ ਜੀ ਦੀ ਰਚਾਈ ਖੂਬਸੂਰਤ ਕੁਦਰਤ ਅਤੇ ਉਸ ਦੇ ਖੂਬਸੂਰਤ ਨਜਾਰਿਆਂ ਅੰਦਰ ਖੁਦਾ ਦਾ ਨਿਵਾਸ ਹੈ। ਦੁਨੀਆਂ ਭਰ ਦੀਆਂ ਖੁਸ਼ੀਆਂ, ਬਰਕਤਾਂ ਅਤੇ ਧਨ-ਦੌਲਤਾਂ ਦੇ ਦਰਸ਼ਨ-ਦੀਦਾਰੇ ਕੁਦਰਤ ਦੀ ਬੁੱਕਲ ਵਿਚੋਂ ਹੀ ਹੋ ਜਾਂਦੇ ਹਨ। ਬਸ, ਦੇਖਣ-ਪਰਖਣ ਵਾਲੀ ਅੱਖ ਹੋਣੀ ਚਾਹੀਦੀ ਹੈ।'
ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਪੱਡੇ ਬੇਟ ਦੀ ਵਸਨੀਕ, ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਸਪੁੱਤਰੀ ਤੇਜਿੰਦਰ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕੁਦਰਤੀ ਨਜਾਰਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਚੇਟਕ ਲੱਗ ਗਈ ਸੀ। ਇਨ੍ਹਾਂ ਨਜਾਰਿਆਂ ਨੂੰ ਗਹਿਰਾਈ ਨਾਲ ਤੱਕਦੇ-ਤੱਕਦਿਆਂ ਉਸ ਨੂੰ ਪਤਾ ਹੀ ਨਹੀ ਲੱਗਾ ਕਲਮ-ਬੱਧ ਕਰਨ ਲਈ ਉਸ ਦੀ ਕਲਮ ਆਪ-ਮੁਹਾਰੇ ਕਦੋਂ ਚੱਲ ਪਈ। ਨਤੀਜਨ ਉਸ ਦੀਆਂ ਅਨੇਕਾਂ ਰਚਨਾਵਾਂ, 'ਪੰਜਾਬੀ ਇੰਨ ਹਾਲੈਂਡ', 'ਜੱਗ-ਬਾਣੀ', 'ਅਜੀਤ', 'ਚੜ੍ਹਦੀ ਕਲਾ', 'ਆਸ਼ਿਆਨਾ', 'ਦੇਸ਼-ਦੁਆਬਾ', 'ਟਾਈਮਜ ਆਫ ਪੰਜਾਬ', 'ਸਕਾਈ ਹਾਕ', ਪੰਜ ਆਬੀ ਸੱਥ', 'ਸਕੇਪ ਪੰਜਾਬ', 'ਨਿਰਪੱਖ ਅਵਾਜ', 'ਪੰਜਾਬ ਕੋ-ਆਪਰੇਸ਼ਨ', 'ਪੰਜਾਬੀ ਸੱਚ ਕਹੂੰ ਆਦਿ ਦੇ ਨਾਲ-ਨਾਲ 'ਫਿਲਮੀ ਫੋਕਸ', 'ਅਦਬੀ ਸਾਂਝ' ਅਤੇ 'ਸੰਗੀਤ ਦਰਪਨ' ਆਦਿ ਮੈਗਜੀਨਾਂ ਦਾ ਸ਼ਿੰਗਾਰ ਬਣੀਆਂ। ਵਧਦੇ ਕਦਮੀਂ ਉਹ ਆਲ-ਇੰਡੀਆ ਰੇਡੀਓ ਸਟੇਸ਼ਨ, ਜਲੰਧਰ ਤੋਂ ਵੀ ਆਪਣੀਆਂ ਲਿਖੀਆਂ ਰਚਨਾਵਾਂ ਬੋਲਣ ਦਾ ਸੁਭਾਗ ਹਾਸਲ ਕਰ ਚੁੱਕੀ ਹੈ।
ਮਨਿੰਦਰ (ਭੈਣ) ਅਤੇ ਸੰਨੀ-ਗਿੰਨੀ ਮੋਰੀਆ ਭਰਾਵਾਂ ਦੀ ਲਾਡਲੀ ਭੈਣ ਮਿੱਠੂ ਬੜੇ ਮਾਣ ਨਾਲ ਕਹਿੰਦੀ ਹੈ, 'ਮੈਂ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਸਲਾਹਕਾਰ ਹਾਂ। ਮੈਂ ਜਦੋਂ ਤੋਂ ਇਸ ਸੰਸਥਾ ਨਾਲ ਜੁੜੀ ਹਾਂ, ਮੇਰੀ ਕਲਮ ਵਿਚ ਲਗਾਤਾਰ ਨਿਖਾਰ ਆਇਆ ਹੈ ਅਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ, ਇਸ ਸੰਸਥਾ ਪਾਸੋਂ। ਇਸ ਤੋਂ ਇਲਾਵਾ ਹਰਜੋਤ ਸੰਧੂ ਅਤੇ ਸਤਿੰਦਰ ਸਿੰਘ ਰਾਜਾ ਸਮੇਤ ਵੱਖ-ਵੱਖ ਅਖਬਾਰਾਂ-ਮੈਗਜੀਨਾਂ ਦੇ ਹੋਰ ਸੰਪਾਦਕਾਂ ਦੀ ਵੀ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀਆਂ ਰਚਨਾਵਾਂ ਛਾਪ ਕੇ ਮੇਰੀ ਹੌਸਲਾ-ਅਫਜਾਈ ਕੀਤੀ।'
ਸਾਹਿਤ ਅਤੇ ਕੁਦਰਤ ਨਾਲ ਅਟੁੱਟ ਰਿਸ਼ਤਾ ਗੰਢਕੇ ਓਸ ਮਾਲਕ ਦੀਆਂ ਅਪਾਰ ਬਖਸ਼ਿਸਾਂ ਹਾਸਲ ਕਰ ਰਹੀ, ਨਿਵੇਕਲੀ ਕਲਮ ਦੀ ਮਾਲਕਣ, ਹਸੂ-ਹਸੂ ਕਰਦੇ ਚਿਹਰੇ ਵਾਲੀ ਇਸ ਮੁਟਿਆਰ ਦੇ ਕਦਮਾਂ 'ਚ ਓਹ ਪਰਵਰਦਗਾਰ ਹੋਰ ਵੀ ਬੱਲ ਬਖਸ਼ੇ, ਤਾਂ ਕਿ ਇਹ ਆਪਣੇ ਮਿਸ਼ਨ ਵਿਚ ਸਫਲ ਪੁਲਾਂਘਾਂ ਪੁੱਟਦੀ ਨਿਰੰਤਰ ਅਤੇ ਨਿਰਵਿਘਨ ਤੁਰੀ ਰਵ੍ਹੇ, ਦਿਲੀ ਦੁਆਵਾਂ ਅਤੇ ਜੋਦੜੀਆਂ ਹਨ, ਮੇਰੀਆਂ।
- ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
02 Feb. 2019